Articles

ਅਧਿਆਪਕ ਤੋਂ ਬਲਾਕ ਸਿੱਖਿਆ ਅਧਿਕਾਰੀ ਤੱਕ ਦਾ ਸਫਰ ਤਹਿ ਕਰਨ ਵਾਲਾ : ਸ਼੍ਰ. ਜੋਗਿੰਦਰ ਸਿੰਘ

ਲੇਖਕ: ਮੇਜਰ ਸਿੰਘ ਨਾਭਾ

ਰਾਸ਼ਟਰ ਨਿਰਮਾਤਾ ਕਹਾਉਣ ਵਾਲੇ ਅਧਿਆਪਕ ਦਾ ਸਨਮਾਨ ਸਮਾਜ ਅੰਦਰ ਭਾਵੇਂ ਘੱਟਿਆ ਹੈ ਪਰ ਫਿਰ ਵੀ ਕਈ ਇਨਸਾਨਾਂ ਅੰਦਰ ਐਸੇ ਗੁਣ ਹੁੰਦੇ ਹਨ ਕਿ ਉਨ੍ਹਾਂ ਦਾ ਹਰ ਕੋਈ ਸਤਿਕਾਰ ਕਰਦਾ ਹੈ ।ਇਹੋ ਜਿਹਾ ਹੀ ਇਨਸਾਨ ਹੈ ਸ੍ਰ. ਜੋਗਿੰਦਰ ਸਿੰਘ ਜੋ ਸਿੱਖਿਆ ਖੇਤਰ ਵਿੱਚ ਵਿਲੱਖਣ ਸੇਵਾ ਨਿਭਾ ਚੁੱਕਿਆ ਹੈ। ਉਨ੍ਹਾਂ ਦਾ ਜਨਮ ਅਮਲੋਹ ਨੇੜਲੇ ਪਿੰਡ ਟਿੱਬੀ ਵਿਖੇ ਪਿਤਾ ਸ਼੍ਰ. ਕਰਨੈਲ ਸਿੰਘ ਦੇ ਘਰ ਮਾਤਾ ਸ਼੍ਰੀਮਤੀ ਜਸਵੰਤ ਕੌਰ ਦੀ ਕੁੱਖੋਂ 2 ਮਈ 1963 ਨੂੰ ਹੋਇਆ।ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਹਾਈ ਸਕੂਲ ਟਿੱਬੀ ਜਿਲ੍ਹਾ ਪਟਿਆਲਾ (ਹੁਣ ਫਤਿਹਗੜ੍ਹ ਸਾਹਿਬ) ਤੋਂ ਪ੍ਰਾਪਤ ਕੀਤੀ ।ਉਨ੍ਹਾਂ ਨੇ ਫਰਵਰੀ 1978 ਵਿੱਚ ਹੋਈ ਬੋਰਡ ਦੀ ਮਿਡਲ ਪ੍ਰੀਖਿਆ ‘ਚੋਂ ਮੈਰਿਟ ਵਿੱਚ ਆ ਕੇ ਸਕੂਲ਼ ਅਤੇ ਮਾਪਿਆਂ ਦਾ ਨਾਂ ਉੱਚਾ ਕੀਤਾ ਅਤੇ ਉਨ੍ਹਾਂ ਨੂੰ ਮੈਰਿਟ ਵਜ਼ੀਫਾ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਹੋਇਆ ।ਉਨ੍ਹਾਂ ਨੇ ਪਿੰਡ ਦੇ ਹੀ ਸਕੂਲ਼ ਤੋਂ ਮਾਰਚ 1980 ਵਿੱਚ ਮੈਟ੍ਰਿਕ ਦੀ ਪ੍ਰੀਖਿਆ ਚੰਗੇ ਅੰਕ ਪ੍ਰਾਪਤ ਕਰਕੇ ਪਾਸ ਕਰ ਲਈ।ਪੜ੍ਹਾਈ ਦੌਰਾਨ ਉਨ੍ਹਾਂ ਨੇ ਕਦੇ ਵੀ ਟਿਊਸ਼ਨ ਦਾ ਸਹਾਰਾ ਨਹੀਂ ਲਿਆ।ਘਰੇਲੂ ਆਰਥਿਕ ਤੰਗੀਆਂ ਅਤੇ ਮਜਬੂਰੀਆਂ ਕਰਕੇ ਘਰ ਦੀ ਦਸ਼ਾ ਕੋਈ ਬਹੁਤੀ ਵਧੀਆ ਨਾ ਹੋਣ ਕਰਕੇ ਉਨ੍ਹਾਂ ਨੇ ਕੋਈ ਥੌੜੇ ਸਮੇਂ ਦਾ ਕੋਰਸ ਕਰਕੇ ਨੌਕਰੀ ਤੇ ਲੱਗਣ ਨੂੰ ਪਹਿਲ ਦਿੱਤੀ।ਇਸ ਉਪਰੰਤ ਉਨ੍ਹਾਂ ਨੇ ਆਪਣਾ ਅਧਿਆਪਕ ਬਣਨ ਦਾ ਸੁਪਨਾ ਲਿਆ, ਜਿਸ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਨਾਭਾ ਦੀ ਜੇ.ਬੀ.ਟੀ. ਸੰਸਥਾ ਤੋਂ ਦੋ ਸਾਲਾ ਜੇ.ਬੀ.ਟੀ. ਦੀ ਟ੍ਰੇਨਿੰਗ 1982 ਵਿੱਚ ਕਰ ਲਈ ।ਸਿੱਖਿਆ ਵਿਭਾਗ ਵਲੋਂ ਉਨ੍ਹਾਂ ਦੀ ਬਤੌਰ ਜੇ.ਬੀ.ਟੀ. ਅਧਿਆਪਕ ਐਡਹਾਕ ਨਿਯੁਕਤੀ ਹੋਣ ਉਪਰੰਤ ਉਨ੍ਹਾਂ ਨੇ 4 ਜਨਵਰੀ 1984 ਨੂੰ ਬਲਾਕ ਸਮਾਨਾ-1 ਵਿੱਚ ਪਹਿਲੀ ਹਾਜ਼ਰੀ ਦੇ ਕੇ ਸੇਵਾ ਆਰੰਭੀ ਅਤੇ 1 ਅਪ੍ਰੈਲ 1985 ਨੂੰ ਬਲਾਕ ਸਮਾਨਾ-1 ਵਿੱਚ ਰੈਗੂਲਰ ਹੋਣ ਉਪਰੰਤ ਉਨ੍ਹਾਂ ਨੇ ਆਪਣੀ ਬਦਲੀ 1 ਅਕਤੂਬਰ 1987 ਨੂੰ ਬਲਾਕ ਭਾਦਸੋਂ-1 (ਨਾਭਾ) ਦੇ ਸ.ਪ੍ਰ.ਸ. ਜੱਸੋਮਾਜਰਾ ਵਿਖੇ ਕਰਵਾ ਲਈ।ਉਨ੍ਹਾਂ ਦਾ ਵਿਆਹ ਪਿੰਡ ਚੌਂਦਾ (ਸੰਗਰੂਰ) ਦੇ ਸ਼੍ਰ. ਛੱਜੂ ਸਿੰਘ ਦੀ ਪੁੱਤਰੀ ਸੁਖਵਿੰਦਰ ਕੌਰ ਨਾਲ 15 ਜੂਨ 1986 ਨੂੰ ਹੋ ਗਿਆ।ਸ਼੍ਰ. ਜੋਗਿੰਦਰ ਸਿੰਘ ਨੇ ਉਚੇਰੀ ਸਿੱਖਿਆ ਦੇ ਆਧਾਰ ਤੇ ਸਿੱਧੀ ਭਰਤੀ ਰਾਹੀਂ ਹੈਡ ਟੀਚਰ ਦੀ ਨਿਯੁਕਤੀ ਹੋਣ ਉਪਰੰਤ ਸ.ਪ੍ਰ.ਸ. ਬੌੜਾਂ ਖੁਰਦ (ਬਲਾਕ ਭਾਦਸੋਂ-1) ਵਿਖੇ 20 ਨਵੰਬਰ 2001 ਨੂੰ ਹਾਜ਼ਰੀ ਦਿੱਤੀ।ਉਨ੍ਹਾਂ ਨੇ ਹਰ ਥਾਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਦੇ ਨਾਲ-ਨਾਲ ਬੱਚਿਆਂ ਲਈ ਲੌੜੀਂਦੀਆਂ ਚੀਜ਼ਾਂ ਜਿਵੇਂ ਕਿ ਵਰਦੀਆਂ,ਕਾਪੀਆਂ ਆਦਿ ਲੋਕਾਂ ਨਾਲ ਵਧੀਆ ਤਾਲਮੇਲ ਹੋਣ ਕਰਕੇ ਦਿਵਾਉਂਦੇ ਰਹੇ। ਉਨ੍ਹਾਂ ਦੇ ਸਕੂਲ ਦੇ ਬੱਚੇ ਖੇਡਾਂ ਅਤੇ ਵਿਦਿਅਕ ਮੁਕਾਬਲਿਆਂ ਆਦਿ ਵਿੱਚ ਸਟੇਟ ਪੱਧਰ ਤੱਕ ਦੇ ਮੁਕਾਬਲਿਆਂ’ਚ ਭਾਗ ਲੈ ਕੇ ਸਕੂਲ ਦਾ ਨਾਂ ਉੱਚਾ ਕਰਦੇ ਰਹੇ ਹਨ ।ਉਨ੍ਹਾਂ ਦੇ ਆਪਣੇ ਸਟਾਫ ਮੈਂਬਰਾਂ ਨਾਲ ਹਮੇਸ਼ਾਂ ਪਰਿਵਾਰਕ ਰਿਸਤੇ ਵਾਂਗ ਸੰਬੰਧ ਰਹੇ ਹਨ।ਉਹ ਇਸੇ ਬਲਾਕ ਵਿੱਚ ਪਦ-ਉਨਤ ਹੋਣ ਉਪਰੰਤ ਬਤੌਰ ਸੈਂਟਰ ਹੈਡ ਟੀਚਰ 30 ਨਵੰਬਰ 2010 ਨੂੰ ਤੈਨਾਤ ਹੋ ਕੇ ਆਪਣੀ ਡਿਊਟੀ ਨੂੰ ਬੜੇ ਉਤਸ਼ਾਹ ਅਤੇ ਲਗਨ ਨਾਲ ਨਿਭਾਉਂਦੇ ਰਹੇ।ਸਰਵ ਸਿੱਖਿਆ ਅਭਿਆਨ ਮੁਹਿੰਮ ਤਹਿਤ ਡਾਈਟ ਨਾਭਾ ਵਿਖੇ ਲੱਗਦੇ ਅਧਿਆਪਕ ਸੈਮੀਨਾਰਾਂ ਵਿੱਚ ਬਤੌਰ ਰਿਸੋਰਸ ਪਰਸਨ ਸਫਲਤਾਪੂਰਵਕ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਦੀ ਡਿਊਟੀ ਤਾਂ ਨਿਭਾਉਂਦੇ ਰਹੇ,ਸਗੋਂ ਅਧਿਆਪਕਾਂ ਦੇ ਮਨਾਂ ਦੇ ਸ਼ੰਕਿਆਂ ਦਾ ਨਿਵਾਰਣ ਵੀ ਕਰਦੇ ਰਹੇ। ਸ.ਪ੍ਰ.ਸ. ਸੌਜਾ ਬਲਾਕ ਭਾਦਸੋਂ-1 (ਨਾਭਾ) ਤੋਂ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪਦ-ਉਨਤ 26 ਅਗਸਤ 2016 ਨੂੰ ਹੋਣ ਉਪਰੰਤ ਦਫਤਰ ਜਿਲ੍ਹਾ ਸਿੱਖਿਆ ਦਫਤਰ (ਐ.ਸਿ.) ਪਟਿਆਲਾ ਵਿਖੇ 29 ਅਗਸਤ 2016 ਨੂੰ ਹਾਜ਼ਰ ਹੋਏ ਅਤੇ 1 ਸਤੰਬਰ 2016 ਨੂੰ ਸਟੇਸ਼ਨ ਅਲਾਟ ਹੋਣ ਉਪਰੰਤ ਉਨ੍ਹਾਂ ਨੇ ਸਮਾਨਾ ਬਲਾਕ-2 ਦੇ ਦਫਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਵਿਖੇ ਬਤੌਰ ਬੀ.ਪੀ.ਈ.ੳ. ਹਾਜ਼ਰ ਹੋ ਕੇ ਦਫਤਰ ਦਾ ਕਾਰਜ-ਭਾਰ ਸੰਭਾਲ ਕੇ ਆਪਣੀਆਂ ਸੇਵਾਵਾਂ ਬਤੌਰ ਬਲਾਕ ਸਿੱਖਿਆ ਅਫਸਰ ਨਿਭਾਉਣੀਆਂ ਆਰੰਭ ਕਰ ਦਿੱਤੀਆਂ।ਸਿੱਖਿਆ ਵਿਭਾਗ ਨੇ ਇਨ੍ਹਾਂ ਦੀ ਕਾਬਲੀਅਤ ਨੂੰ ਦੇਖਦੇ ਹੋਏ ਕਈ ਬਲਾਕਾਂ ਜਿਵੇਂ ਬਲਾਕ ਭੁਨਰਹੇੜੀ-1,ਬਲਾਕ ਸਮਾਨਾ-1 ਐਟ ਪਾਤੜਾਂ ,ਬਲਾਕ ਭੁਨਰਹੇੜੀ-2 ਐਟ ਸਨੌਰ ਅਤੇ ਦੇਵੀਗੜ੍ਹ ਦਾ ਵਾਧੂ ਚਾਰਜ ਵੀ ਦੇ ਦਿੱਤਾ, ਜਿਥੇ ਉਨ੍ਹਾਂ ਨੇ ਆਪਣੇ ਬਲਾਕ ਦੇ ਨਾਲੋ ਨਾਲ ਵਾਧੂ ਬਲਾਕਾਂ ‘ਚ ਵੀ ਮਿਸਾਲੀ ਕੰਮ ਕਰਕੇ ਨਾਮਣਾ ਖੱਟਿਆ।
ਉਹ ਚੌਥਾ ਦਰਜਾ ਕਰਮਚਾਰੀਆਂ ਨੂੰ ਬਰਾਬਰ ਸਮਝਦੇ ਰਹੇ ਹਨ। ਸਕਾਰਾਤਮਿਕ ਅਤੇ ਉਸਾਰੂ ਸੋਚ ਦੇ ਧਾਰਨੀ ਸ਼੍ਰ. ਜੋਗਿੰਦਰ ਸਿੰਘ ਨੇ ਆਪਣੇ ਅਧੀਨ ਕਰਮਚਾਰੀਆਂ ਨੂੰ ਆਪਣੇ ਅਹੁੱਦੇ ਕਰਕੇ ਅਧੀਨਗੀ ਦਾ ਅਹਿਸਾਸ ਕਦੇ ਨਹੀਂ ਕਰਵਾਇਆ।ਜੇਕਰ ਦਫਤਰ ਵਿੱਚ ਅਣਜਾਨੇ ਵਿੱਚ ਕਿਸੇ ਕਰਮਚਾਰੀ ਤੋਂ ਕਿਸੇ ਕੰਮ ਵਿੱਚ ਕੋਈ ਊਣਤਾਈ ਰਹਿ ਜਾਂਦੀ ਜਾਂ ਕਿਸੇ ਪੱਤਰ ਦਾ ਸਮੇਂ ਸਿਰ ਕਿਸੇ ਕਾਰਨ ਨਿਪਟਾਰਾ ਨਾ ਹੋਣ ਦੀ ਸੰਭਾਵਨਾ ਹੁੰਦੀ ਤਾਂ ਉਨ੍ਹਾਂ ਹਾਲਾਤਾਂ ਵਿੱਚ ਉਹ ਆਪਣੀ ਸਿਆਣਪ ਅਤੇ ਤਜਰਬੇ ਦੀ ਵਰਤੋਂ ਕਰਦੇ ਹੋਏ ਸਟਾਫ ਦੇ ਨਾਲ ਲੱਗ ਕੇ ਅਗਵਾਈ ਦਿੰਦੇ ਹੋਏ ਕੰਮ ਦਾ ਨਿਪਟਾਰਾ ਕਰਾਉਂਦੇ ਰਹੇ।ਉਹ ਖੁਦ ਕਲੈਰੀਕਲ ਕੰਮ ਦੇ ਮਾਹਿਰ ਹੋਣ ਕਾਰਨ ਆਪ ਕੰਮ ਕਰਨ ਤੌ ਵੀ ਕਦੇ ਨਹੀਂ ਝਿਜਕੇ। ਇਸ ਤਰ੍ਹਾਂ ਆਪਣੇ ਦਫਤਰ ਦੇ ਸਟਾਫ ਲਈ ਕੁਝ ਨਾ ਕੁਝ ਨਵਾਂ ਸਿੱਖਣ ਲਈ ਉਹ ਪ੍ਰੇਰਨਾ ਸ੍ਰੋਤ ਬਣੇ ਰਹੇ।ਉਹ ਆਪਣੀ ਵਧੀਆ ਕਾਰਜਗੁਜਾਰੀ ਅਤੇ ਤਜਰਬੇ ਕਾਰਨ ਫਾਈਲਾਂ ਦਾ ਨਿਪਟਾਰਾ ਸਰਕਾਰ ਦੀਆਂ ਹਦਾਇਤਾਂ / ਰੂਲਾਂ ਅਨੁਸਾਰ ਕਰਨ ਨੂੰ ਪਹਿਲ ਦੇਣ ਕਰਕੇ ਉਨ੍ਹਾਂ ਦੀ ਉੱਚ ਅਧਿਕਾਰੀਆਂ ਵਲੋਂ ਸਰਾਹਨਾ ਕੀਤੀ ਜਾਂਦੀ ਰਹੀ ਹੈ।ਉਹ ਜਦੋਂ ਵੀ ਸਕੂਲਾਂ ਦੀ ਵਿਜ਼ਟ ਕਰਨ ਗਏ ਤਾਂ ਅਫਸਰਾਂ ਵਾਂਗ ਹਊਆ ਬਣ ਕੇ ਨਹੀਂ ਗਏ ਸਗੋਂ ਅਧਿਆਪਕਾਂ ਦੀਆਂ ਸਮਸਿਆਵਾਂ ਨੂੰ ਹੱਲ ਕਰਨ ਦੇ ਨਾਲ ਆਪਣੀ ਡਿਊਟੀ ਨਿਭਾਉਂਦੇ ਹੋਏ ਪ੍ਰੇਰਨਾ ਅਤੇ ਉਤਸ਼ਾਹ ਵੀ ਦੇ ਕੇ ਆਉਂਦੇ।ਇਹੀ ਕਾਰਨ ਹੈ ਕਿ ਬਲਾਕ ਸਮਾਨਾ-2 ਦੇ ਕੰਮਾਂ ‘ਚ ਮਿਸ਼ਾਲੀ ਸੁਧਾਰ ਹੋਣ ਕਰਕੇ ਅਧਿਆਪਕਾਂ ਅੰਦਰ ਉਨ੍ਹਾਂ ਦੀ ਹਰਮਨਪਿਆਰਤਾ ਵਧੀ।ਸ੍ਰ. ਜੋਗਿੰਦਰ ਸਿੰਘ ਵਲੋਂ ਵੱਖ-ਵੱਖ ਅਹੁਦਿਆਂ ਤੇ ਲੱਗ ਭੱਗ ਸਾਢੇ 37 ਸਾਲ ਸੇਵਾ ਕਰਨ ੳਪੁਰੰਤ 31 ਮਈ 2021 ਨੂੰ ਸੇਵਾ ਮੁਕਤੀ ਸਮੇਂ ਉਨ੍ਹਾਂ ਦੀਆਂ ਵਧੀਆਂ ਸੇਵਾਵਾਂ ਅਤੇ ਇਮਾਨਦਾਰ ਅਫਸਰ ਵਜੋਂ ਬਲਾਕ ਸਮਾਨਾ-2 ਦੇ ਅਧਿਆਪਕਾਂ ਅਤੇ ਦਫਤਰੀ ਸਟਾਫ ਵਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਕਰਕੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ । ਸਿੱਖਿਆ ਬਲਾਕ ਭਾਦਸੋਂ ਅਤੇ ਹੋਰ ਬਲਾਕਾਂ ਦੇ ਅਧਿਆਪਕ ਆਪਣੇ ਗੁੰਝਲਦਾਰ ਮਸਲਿਆਂ ਲਈ ਇਨ੍ਹਾਂ ਨੂੰ ਮਿਲਣ ਆਉਂਦੇ ਰਹਿੰਦੇ ਹਨ ਜੋ ਉਨ੍ਹਾਂ ਦੇ ਦਫਤਰੀ ਕੰਮਾਂ ‘ਚ ਨਿਪੁੰਨਤਾ ਦੀ ਹਾਮੀ ਭਰਦੇ ਹਨ।
ਉਹ ਸਮਾਜ ਸੇਵਾ ਨੂੰ ਸਮਰਪਿਤ, ਮਿੱਠ-ਬੋਲੜੇ, ਹਲੀਮੀ ਦੇ ਪ੍ਰਤੀਕ, ਸਮੇਂ ਦੇ ਪਾਬੰਦ,ਦੂਜਿਆਂ ਦੇ ਦੁੱਖ ਸੁੱਖ ਦੇ ਭਾਈਵਾਲ,ਕੁਸ਼ਲ ਅਣਥੱਕ ਪ੍ਰਬੰਧਕ ਅਤੇ ਮਿਲਣਸਾਰ ਸੁਭਾਅ ਵਾਲੇ ਇਨਸਾਨ ਹਨ।ਇੱਕ ਨੇਕ ਵਿਲੱਖਣ ਸਖਸ਼ੀਅਤ ਹੋਣ ਦੇ ਨਾਤੇ ਉਹ ਅਧਿਆਪਕ, ਵਿਦਿਆਰਥੀ ਅਤੇ ਸਮਾਜ ਲਈ ਰੋਲ ਮਾਡਲ ਹਨ।ਆਪਣੀ ਸਰਵਿਸ ਦੇ ਦੌਰਾਨ ਹੀ ਪ੍ਰਭਾਕਰ ਅਤੇ ਐਮ.ਏ.( ਲੋਕ ਪ੍ਰਸਾਸ਼ਨ ) ਤੱਕ ਦੀ ਉਚੇਰੀ ਪੜ੍ਹਾਈ ਕਰਨ ਦੀ ਲਗਨ ਤੋਂ ਸਹਿਜੇ ਹੀ ਉਨ੍ਹਾਂ ਦੇ ਅੰਦਰਲੇ ਗੂੜ ਗਿਆਨ ਦਾ ਪਤਾ ਲਗਦਾ ਹੈ।ਸਿੱਖਿਆ ਖੇਤਰ ਵਿੱਚ ਨਿਭਾਈਆਂ ਵਿਲੱਖਣ ਸੇਵਾਵਾਂ ਕਾਰਣ ਉਨ੍ਹਾਂ ਨੂੰ ਸਿੱਖਿਆ ਵਿਭਾਗ ਦੇ ਸਟੇਟ, ਜਿਲ੍ਹਾ ਅਤੇ ਹੋਰ ਅਧਿਕਾਰੀਆਂ ਵਲੋਂ ਸਮੇਂ-ਸਮੇਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ।ਸ਼੍ਰ. ਜੋਗਿੰਦਰ ਸਿੰਘ ਆਪਣੀ ਸੁਪਤਨੀ ਸ਼੍ਰੀਮਤੀ ਸੁਖਵਿੰਦਰ ਕੌਰ, ਬੇਟੇ ਸਿਮਰਨਜੀਤ ਸਿੰਘ (ਐਮ.ਏ.,ਬੀ.ਐਡ.,ਪੀ.ਜੀ.ਡੀ.ਸੀ.ਏ.) ਜੋ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਿਹਾ ਹੈ, ਨਾਲ ਨਾਭਾ ਵਿਖੇ ਸ਼ਾਦਗੀ ਨਾਲ ਰਹਿ ਰਹੇ ਹਨ।ਉਨ੍ਹਾਂ ਦੀ ਬੇਟੀ ਹਰਮਨਜੋਤ ਕੌਰ (ਐਮ.ਏ.,ਬੀ.ਐਡ.,ਯੂ.ਜੀ.ਸੀ.ਨੈੱਟ) ਅਸਿਸਟੈਂਟ ਪ੍ਰੋਫੈਸਰ (ਮਾਨਤਾ ਪ੍ਰਾਪਤ ਕਾਲਜ), ਪਟਿਆਲਾ ਦੇ ਸ਼੍ਰ. ਸਿਮਰਨਜੀਤ ਸਿੰਘ ਅਸਿਸਟੈਂਟ ਮਨੈਜਰ ਐਸ.ਬੀ.ਆਈ. ਨਾਲ ਵਿਆਹ ਉਪਰੰਤ ਆਪਣੇ ਬੱਚਿਆਂ ਬੇਟੀ ਸਹਿਜਨੂਰ ਕੌਰ ਅਤੇ ਬੇਟੇ ਗੁਰਤਾਜਵੀਰ ਨਾਲ ਰਹਿ ਰਹੀ ਹੈ। ਪਰਮਾਤਮਾ ਉਨ੍ਹਾਂ ਨੂੰ ਹਮੇਸ਼ਾਂ ਚੜ੍ਹਦੀਕਲਾ,ਤੰਦਰੁਸਤੀ ਅਤੇ ਸਮਾਜ ਦੀ ਹੋਰ ਵਧੇਰੇ ਸੇਵਾ ਕਰਨ ਦਾ ਬਲ ਬਖਸ਼ੇ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਡਿਜੀਟਲ ਚੀਜ਼ਾਂ ਦੀ ਜਿਆਦਾ ਵਰਤੋਂ ਬੱਚਿਆਂ ਦੇ ਪ੍ਰਦਰਸ਼ਨ ‘ਤੇ ਮਾੜਾ ਪ੍ਰਭਾਵ ਪਾਉਂਦੀ ਹੈ !

admin

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ !

admin