Articles

ਓਲੰਪਿਕ੍ਸ ਅਪਡੇਟ: ਟੋਕਿਓ ਓਲੰਪਿਕ੍ਸ ਦਾ ਦੂਜਾ ਦਿਨ ਵੀ ਭਾਰਤੀ ਧੀਆਂ ਦੇ ਨਾਮ !!

ਲੇਖਕ: ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਜੀ. ਐਚ. ਜੀ ਖਾਲਸਾ ਕਾਲਜ, ਗੁਰੂਸਰ ਸੁਧਾਰ

ਟੋਕਿਓ ਓਲੰਪਿਕ੍ਸ ਦਾ ਦੂਜਾ ਦਿਨ ਵੀ ਭਾਰਤੀ ਧੀਆਂ ਦੇ ਨਾਮ ਰਿਹਾ। ਸ਼ੂਟਿੰਗ ਤੋਂ ਨਿਰਾਸ਼ਾਜਨਕ ਖ਼ਬਰਾਂ ਮਿਲਣ ਤੋਂ ਬਾਅਦ ਅੱਜ ਟੇਬਲ ਟੈਨਿਸ, ਬਾਕਸਿੰਗ, ਬੈਡਮਿੰਟਨ ਅਤੇ ਵਾਟਰ ਸਪੋਰਟਸ ਵਿਚ ਖੁਸ਼ਖਬਰੀ ਮਿਲੀ। ਟੇਬਲ ਟੈਨਿਸ ਦੇ ਦੂਜੇ ਗੇੜ ਦੀ ਸ਼ੁਰੂਆਤ ਵਿੱਚ ਪਿੱਛੇ ਰਹਿ ਰਹੀ ਮਨੀਕਾ ਬੱਤਰਾ ਨੇ ਅਗਲੇ ਗੇੜ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਮੈਚ 4-3 ਨਾਲ ਜਿੱਤ ਲਿਆ। ਹੁਣ ਤੀਸਰਾ ਰਾਊਂਡ ਮਨਿਕਾ ਦੇ ਨਿਸ਼ਾਨੇ ‘ਤੇ ਹੋਵੇਗਾ। ਜੇ ਉਹ ਇਸ ਵਿਚ ਵੀ ਜਿੱਤਦੇ ਹਨ, ਤਾਂ ਉਨ੍ਹਾਂ ਲਈ ਸੈਮੀਫਾਈਨਲ ਦਾ ਰਸਤਾ ਸਾਫ਼ ਹੋ ਜਾਵੇਗਾ। ਮਨੀਕਾ ਜਿਸ ਤਰ੍ਹਾਂ ਦੀ ਖੇਡ ਦਿਖਾ ਰਹੀ ਹੈ ਉਸਨੇ ਦੇਸ਼ ਵਾਸੀਆਂ ਲਈ ਤਗਮੇ ਦੀ ਉਮੀਦ ਵਧਾ ਦਿੱਤੀ ਹੈ। ਮੁੱਕੇਬਾਜੀ ਵਿੱਚ ਐਮ.ਸੀ ਮੈਰੀਕਾਮ ਨੇ ਟੋਕਿਓ ਓਲੰਪਿਕਸ ਵਿੱਚ 51 ਕਿੱਲੋ ਬਾਕਸਿੰਗ ਸ਼੍ਰੇਣੀ ਦੇ ਉਦਘਾਟਨੀ ਰਾਊਂਡ ਵਿੱਚ ਡੋਮਿਨਿਕਨ ਰੀਪਬਲਿਕ ਦੀ ਮਿਗੁਲੀਨਾ ਹਰਨਾਡੇਜ਼ ਗਾਰਸੀਆ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਵਿਸ਼ਵ ਚੈਂਪੀਅਨ ਪੀ.ਵੀ ਸਿੰਧੂ ਨੇ ਟੋਕਿਓ ਓਲੰਪਿਕ ਬੈਡਮਿੰਟਨ ਮਹਿਲਾ ਸਿੰਗਲਜ਼ ਵਿੱਚ ਆਸਾਨ ਜਿੱਤਹਾਸਿਲ ਕੀਤੀ। ਉਸਨੇ ਸ਼ੁਰੂਆਤੀ ਮੈਚ ਵਿੱਚ ਇਜ਼ਰਾਈਲ ਦੀ ਕਸੇਨੀਆ ਪੋਲੀਕਾਰਪੋਵਾ ਨੂੰ ਹਰਾਇਆ।

ਸ਼ੂਟਿੰਗ: ਨਿਸ਼ਾਨੇਬਾਜ਼ਾਂ ਦਾ ਮਾੜਾ ਪ੍ਰਦਰਸ਼ਨ ਲਗਾਤਾਰ ਦੂਜੇ ਦਿਨ ਜਾਰੀ ਰਿਹਾ। ਮਨੂੰ ਭਾਕਰ ਅਤੇ ਯਾਸਸਵਿਨੀ ਸਿੰਘ ਦੇਸਵਾਲ ਟੋਕਿਓ ਓਲੰਪਿਕ ਵਿੱਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਅਸਫਲ ਰਹੇ। ਮਨੂੰ ਭਾਕਰ ਨੇ 575/600 ਅੰਕ ਲੈ ਕੇ 12 ਵਾਂ ਸਥਾਨ ਹਾਸਲ ਕੀਤਾ। ਫਾਈਨਲ ਵਿੱਚ ਪਹੁੰਚਣ ਲਈ, ਮਨੂੰ ਨੂੰ ਚੋਟੀ ਦੇ 8 ਵਿੱਚ ਸ਼ਾਮਿਲ ਹੋਣਾ ਪੈਣਾ ਸੀ। ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਤੋਂ ਮੈਡਲ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਉਹ ਉਥੇ ਨਹੀਂ ਪਹੁੰਚ ਸਕੀ। ਮਨੂੰ ਦੀ ਪਿਸਤੌਲ ਨੇ ਵੀ ਇਸ ਮਹੱਤਵਪੂਰਨ ਮੈਚ ਵਿਚ ਸਮਰਥਨ ਨਹੀਂ ਦਿੱਤਾ। ਦੂਜੇ ਗੇੜ ਦੇ ਮੱਧ ਵਿਚ, ਮਨੂੰ ਦੇ ਪਿਸਤੌਲ ਦੇ ਇਲੈਕਟ੍ਰਾਨਿਕ ਟਰਿੱਗਰ ਵਿਚ ਇਕ ਸਰਕਟ ਖਰਾਬੀ ਹੋਈ ਜਿਸ ਨਾਲ ਉਹਨਾਂ ਦੀ ਇਕਾਗਰਤਾ ਭੰਗ ਹੋ ਗਈ। ਯਸ਼ਾਸਵਿਨੀ ਸਿੰਘ ਦੇਸਵਾਲ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ।ਦੇਸਵਾਲ 574 ਦੇ ਸਕੋਰ ਨਾਲ 13 ਵੇਂ ਸਥਾਨ ‘ਤੇ ਰਿਹਾ। ਚੀਨ ਦੀ ਜਿਆਨ ਰੈਂਸ਼ਿੰਗ ਚੋਟੀ ‘ਤੇ ਸੀ, ਉਸਨੇ 587 ਅੰਕ ਪ੍ਰਾਪਤ ਕੀਤੇ। ਇਸ ਦੇ ਨਾਲ ਹੀ ਗ੍ਰੀਸ ਦੀ ਅੰਨਾ ਕੋਰੱਕਕੀ ਦੂਜੇ ਅਤੇ ਰੂਸੀ ਓਲੰਪਿਕ ਕਮੇਟੀ ਦੀ ਬੀਏ ਵਿਟਾਲੀਨਾ ਤੀਜੇ ਸਥਾਨ ‘ਤੇ ਰਹੀ।

ਮਰਦਾਂ ਦੇ 10 ਮੀ. ਏਅਰ ਰਾਇਫਲ ਮੁਕਾਬਲੇ ਵਿਚ ਦੀਪਕ ਕੁਮਾਰ ਅਤੇ ਦਿਵਯਾਂਸ਼ ਸਿੰਘ ਪੰਵਾਰ ਵੀ ਕੁਆਲਿਫ਼ਾਈ ਦੌਰ ਤੋਂ ਬਾਹਰ ਹੋ ਗਏ। ਦੋਵੇਂ ਸ਼ੂਟਰ ਟਾਪ -20 ਵਿਚ ਜਗ੍ਹਾ ਨਹੀਂ ਬਣਾ ਸਕੇ।

ਭਾਰਤੀ ਸਕੀਟ ਸ਼ੂਟਰ ਅੰਗਦ ਵੀਰ ਸਿੰਘ ਬਾਜਵਾ ਅਤੇ ਮਾਈਰਾਜ ਅਹਿਮਦ ਖ਼ਾਨ ਨੇ ਪੁਰਸ਼ਾਂ ਦੇ ਸਕੀਟ ਸ਼ੂਟਿੰਗ ਵਿਚ ਆਪਣੇ ਚਾਹੁਣ ਵਾਲਿਆਂ ਨੂੰ ਨਾ ਉਮੀਦ ਕੀਤਾ। ਟੋਕਿਓ 2020 ਓਲੰਪਿਕਸ ਵਿਚ ਈਵੈਂਟ ਦੇ ਪਹਿਲੇ ਦਿਨ ਕੁਆਲੀਫਾਈ ਰਾਉਂਡ ਵਿਚੋਂ ਬਾਹਰ ਹੋ ਗਏ।

ਟੇਬਲ ਟੈਨਿਸ: ਭਾਰਤੀ ਸਟਾਰ ਮਨਿਕਾ ਬਤਰਾ ਨੇ ਆਪਣੀ ਸਰਵਸ਼੍ਰੇਸ਼ਠ ਖੇਡ ਦਾ ਪ੍ਰਦਰਸ਼ਨ ਕਰਦਿਆਂ ਟੋਕਿਓ ਓਲੰਪਿਕ ਦੇ ਟੇਬਲ ਟੈਨਿਸ ਮਹਿਲਾ ਸਿੰਗਲਜ਼ ਮੁਕਾਬਲੇ ਦੇ ਤੀਜੇ ਗੇੜ ਵਿੱਚ ਪ੍ਰਵੇਸ਼ ਕਰ ਲਿਆ ਹੈ। ਉਸਨੇ  ਸਖਤ ਮੈਚ ਵਿਚ ਯੂਕਰੇਨ ਦੀ ਮਾਰਗਰੇਟਾ ਪੇਸੋਤਸਕਾ ਨੂੰ 4-3 ਨਾਲ ਹਰਾਇਆ। ਮਨਿਕਾ ਬੱਤਰਾ ਨੂੰ ਪਹਿਲੇ ਦੋ ਸੈੱਟਾਂ ਦੌਰਾਨ ਕੁਝ ਮੁਸ਼ਕਲ ਆਈ ਪਰ 57 ਮਿੰਟ ਦੇ ਇਸ ਮੈਚ ਵਿਚ ਆਖ਼ਿਰੀ ਉਸਨੇ 20 ਵੇਂ ਰੈਂਕ ਦੀ ਯੂਕਰੇਨ ਦੀ ਖਿਡਾਰਨ ਨੂੰ ਹਰਾ ਦਿੱਤਾ। 7 ਸੈੱਟਾਂ ਤੱਕ ਚੱਲੇ ਇਸ ਮੈਚ ਵਿਚ ਸਕੋਰ 4-11, 4-11, 11-7, 12-10, 8-11 11-5 ਅਤੇ 11-7 ਰਿਹਾ। ਪਹਿਲੇ ਸੈੱਟਾਂ ਵਿਚ ਮਨੀਕਾ ਨੇ ਦਬਾਅ ਦੇ ਬਾਵਜੂਦ, ਲੰਮੀਆਂ ਰੈਲੀਆਂ ਖੇਡੀਆਂ ਅਤੇ ਆਪਣੀ ਸ਼ਾਟ ‘ਤੇ ਸ਼ਾਨਦਾਰ ਨਿਯੰਤਰਣ ਬਣਾਈ ਰੱਖਿਆ। ਮਨੀਕਾ ਨੂੰ ਸ਼ੁਰੂ ਵਿਚ ਆਪਣੀ ਗਤੀ ਲੱਭਣ ਵਿਚ ਮੁਸ਼ਕਲ ਆਈ ਅਤੇ ਯੂਕ੍ਰੇਨੀਅਨ ਨੇ ਆਸਾਨੀ ਨਾਲ ਪਹਿਲੇ ਦੋ ਸੈੱਟ ਜਿੱਤੇ, ਪਰ ਮਨੀਕਾ ਨੇ ਆਪਣੀ ਰਣਨੀਤੀ ਬਦਲਦਿਆਂ ਲੰਮੀ ਰੈਲੀਆਂ ਅਤੇ ਫੋਰਹੈਂਡ ਹਿੱਟ ਨਾਲ ਮੈਚ ਜਿੱਤ ਲਿਆ। ਮਨੀਕਾ ਬੱਤਰਾ ਇਸ ਮੈਚ ਵਿਚ ਆਪਣੇ ਕੋਚ ਤੋਂ ਬਿਨਾਂ ਉਤਰੀ ਸੀ। ਉਸ ਦੇ ਨਿੱਜੀ ਕੋਚ ਨੂੰ ਸਟੇਡੀਅਮ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ ਅਤੇ ਇਸ ਭਾਰਤੀ ਖਿਡਾਰਨ ਨੇ ਰਾਸ਼ਟਰੀ ਕੋਚ ਸੌਮਿਆਦੀਪ ਰਾਏ ਦੀਆਂ ਸੇਵਾਵਾਂ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਵਿੱਚ ਪੁਰਸ਼ ਸਿੰਗਲ ਦੇ ਦੂਸਰੇ ਗੇੜ ਵਿੱਚ ਭਾਰਤ ਦੇ ਗਿਆਨਸੇਰਣ ਸਾਥੀਆਨ ਨੂੰ ਹਾਂਗ ਕਾਂਗ ਦੇ ਲਾਮ ਸਿਉ ਹਾਂਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।

ਪਹਿਲੇ ਗੇੜ ਵਿੱਚ ਪਿੱਛੇ ਰਿਹ ਜਾਣ ਤੋਂ ਬਾਅਦ, ਸਾਥੀਆਨ ਨੇ ਅਗਲੇ ਸੈੱਟ ਵਿੱਚ ਵਾਪਸੀ ਕੀਤੀ ਪਰ ਉਹ ਇਸ ਗਤੀ ਨੂੰ ਕਾਇਮ ਨਹੀਂ ਰੱਖ ਸਕਿਆ। ਲਾਮ ਸਿਉ ਹਾਂਗ ਨੇ ਉਨ੍ਹਾਂ ਨੂੰ ਸੱਤ ਸੈੱਟਾਂ ਦੇ ਮੁਕਾਬਲੇ ਵਿੱਚ ਕੜੀ ਟੱਕਰ ਦਿੰਦੀਆਂ ਹਰਾਇਆ।

ਮੁੱਕੇਬਾਜ਼ੀ: ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐਮ.ਸੀ ਮੈਰੀਕਾਮ ਨੇ ਟੋਕਿਓ ਓਲੰਪਿਕਸ ਵਿੱਚ 51 ਕਿੱਲੋ ਬਾਕਸਿੰਗ ਸ਼੍ਰੇਣੀ ਦੇ ਉਦਘਾਟਨੀ ਰਾਊਂਡ ਵਿੱਚ ਡੋਮਿਨਿਕਨ ਰੀਪਬਲਿਕ ਦੀ ਮਿਗੁਲੀਨਾ ਹਰਨਾਡੇਜ਼ ਗਾਰਸੀਆ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਲੰਡਨ ਓਲੰਪਿਕ 2012 ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਮੈਰੀਕਾਮ ਨੇ ਆਪਣੇ ਤੋਂ 15 ਸਾਲ ਜੂਨੀਅਰ ਅਤੇ ਪੈਨ ਅਮੈਰੀਕਨ ਖੇਡਾਂ ਦੇ ਕਾਂਸੀ ਤਗਮਾ ਜੇਤੂ ਨੂੰ 4-1 ਨਾਲ ਹਰਾਇਆ। ਇਹ ਮੈਚ ਸ਼ੁਰੂ ਤੋਂ ਬਹੁਤ ਹੀ ਰੋਮਾਂਚਕ ਸੀ, ਜਿਸ ਵਿੱਚ ਮੈਰੀਕਾਮ ਨੇ ਆਪਣੇ ਅਨੁਭਵ ਦਾ ਫ਼ਾਇਦਾ ਚੁੱਕਦੇ ਹੋਏ ਡਿਫੈਂਸਿਵ ਤਕਨੀਕ ਰਾਹੀਂ ਗਾਰਸੀਆ ਨੂੰ ਹਰਾਇਆ। ਪਹਿਲੇ ਗੇੜ ਵਿੱਚ, ਮੈਰੀਕਾਮ ਨੇ ਆਪਣੇ ਵਿਰੋਧੀ ਨੂੰ ਪਰਖਣ ਲਈ ਸਮਾਂ ਕੱਡਿਆ, ਹਾਲਾਂਕਿ ਗਾਰਸੀਆ ਨੇ ਦੂਜੇ ਦੌਰ ਵਿੱਚ ਕੁਝ ਮਜ਼ਬੂਤ ​​ਪੰਚਾਂ ਨਾਲ ਅੰਕ ਇਕੱਤਰ ਕੀਤੇ ਪਰ ਤਜਰਬੇਕਾਰ ਮੁੱਕੇਬਾਜ਼ ਨੇ ਤੀਜੇ ਗੇੜ ਵਿੱਚ ਅਟੈਕਿੰਗ ਗੇਮ ਦਿਖਾਈ। ਮੈਰੀਕਾਮ ਨੇ ਆਪਣੇ ਸ਼ਕਤੀਸ਼ਾਲੀ ‘ਸੱਜੇ ਹੁੱਕ’ ਨਾਲ ਪੂਰੇ ਮੈਚ ‘ਤੇ ਦਬਦਬਾ ਬਣਾਇਆ। ਉਸਨੇ ਗਾਰਸੀਆ ਨੂੰ ਆਪਣੇ ਵੱਲ ਵਧਣ ਲਈ ਵੀ ਉਤਸ਼ਾਹਤ ਕੀਤਾ ਤਾਂ ਜੋ ਉਸਨੂੰ ਸਹੀ ਸਹੀ ਪੰਚ ਮਾਰਨ ਲਈ ਜਗ੍ਹਾ ਮਿਲੇ। ਡੋਮਿਨਿਕਨ ਰੀਪਬਲਿਕ ਦੀ ਮੁੱਕੇਬਾਜ਼ ਮਿਗੁਲੀਨਾ ਹਰਨਾਡੇਜ਼ ਗਾਰਸੀਆ ਨੇ ਸਖਤ ਚੁਣੌਤੀ ਪੇਸ਼ ਕੀਤੀ ਪਰ ਉਹ ਪੰਚਾਂ ਨੂੰ ਸਹੀ ਤਰ੍ਹਾਂ ਨਹੀਂ ਮਾਰ ਸਕੀ। ਚਾਰ ਬੱਚਿਆਂ ਦੀ ਮਾਂ ਮੈਰੀਕਾਮ ਹੁਣ ਅਗਲੇ ਗੇੜ ਵਿੱਚ ਕੋਲੰਬੀਆ ਦੀ ਤੀਜੀ ਰੈਂਕਿੰਗ ਵਾਲੀ ਇੰਗਰਿਟ ਵਾਲੈਂਸੀਆ ਨਾਲ ਮੁਕਾਬਲਾ ਕਰੇਗੀ, ਜੋ ਕਿ 2016 ਰੀਓ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜੇਤੂ ਹੈ।

ਮਰਦਾਂ ਦੇ ਵਰਗ ਵਿਚ ਭਾਰਤ ਦੇ ਦਿੱਗਜ ਮੁੱਕੇਬਾਜ਼ ਵਿਕਾਸ ਕ੍ਰਿਸ਼ਨ (69 ਕਿਲੋਗ੍ਰਾਮ) ਦੀ ਮੁਹਿੰਮ ਟੋਕਿਓ ਓਲੰਪਿਕ -2020 ਵਿੱਚ ਖਤਮ ਹੋ ਗਈ। ਉਸ ਨੂੰ ਆਪਣੇ ਪਹਿਲੇ ਹੀ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਵਿਕਾਸ ਕ੍ਰਿਸ਼ਨ ਦੀ ਹਾਰ ਦਾ ਕਾਰਨ ਉਸਦੇ ਮੋਢੇ ਦੀ ਸੱਟ ਨੂੰ ਦੱਸਿਆ ਗਿਆ ਹੈ ਜਿਸ ਕਾਰਨ ਉਹ ਵਿਰੋਧੀ ਮੁੱਕੇਬਾਜ਼’ ਤੇ ਹਮਲਾ ਕਰਨ ‘ਚ ਅਸਫਲ ਰਿਹਾ।

ਟੈਨਿਸ: ਟੋਕਿਓ ਓਲੰਪਿਕਸ ਵਿੱਚ ਮਹਿਲਾ ਡਬਲਜ਼ ਟੈਨਿਸ ਮੈਚ ਵਿੱਚ ਸਾਨੀਆ ਮਿਰਜ਼ਾ ਅਤੇ ਅੰਕਿਤਾ ਰੈਨਾ ਦੀ ਜੋੜੀ ਦੀ ਕਰਾਰੀ ਹਾਰ ਮਿਲੀ ਹੈ। ਸਾਨੀਆ ਮਿਰਜ਼ਾ ਅਤੇ ਅੰਕਿਤਾ ਰੈਨਾ ਨੇ ਯੂਕ੍ਰੇਨ ਦੀ ਲਿਊਡਮੀਲਾ ਕਿਚੇਨੋਕ ਅਤੇ ਨਦੀਆ ਕਿਚੇਨੋਕ ਤੋਂ 6-0, 6-7, 8-10 ਨਾਲ ਹਾਰ ਗਈ।

ਬੈਡਮਿੰਟਨ: ਵਿਸ਼ਵ ਚੈਂਪੀਅਨ ਪੀ.ਵੀ ਸਿੰਧੂ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਟੋਕਿਓ ਓਲੰਪਿਕ ਬੈਡਮਿੰਟਨ ਮਹਿਲਾ ਸਿੰਗਲਜ਼ ਵਿੱਚ ਆਸਾਨ ਜਿੱਤ ਨਾਲ ਕੀਤੀ। ਉਸਨੇ ਸ਼ੁਰੂਆਤੀ ਮੈਚ ਵਿੱਚ ਇਜ਼ਰਾਈਲ ਦੀ ਕਸੇਨੀਆ ਪੋਲੀਕਾਰਪੋਵਾ ਨੂੰ ਹਰਾਇਆ। ਰੀਓ ਓਲੰਪਿਕ ਵਿਚ ਚਾਂਦੀ ਦਾ ਤਗਮਾ ਜੇਤੂ ਪੀਵੀ ਸਿੰਧੂ ਨੇ 58 ਵੇਂ ਰੈਂਕਿੰਗ ਵਾਲੇ ਇਜ਼ਰਾਈਲੀ ਕਸੇਨੀਆ ਪੋਲੀਕਾਰਪੋਵਾ ਖਿਲਾਫ ਕੇਵਲ 28 ਮਿੰਟ ਵਿੱਚ 21-7, 21-10 ਦੇ ਫ਼ਰਕ ਨਾਲ ਮੈਚ ਜਿੱਤ ਲਿਆ।

ਵਿਸ਼ਵ ਦੀ 7 ਵੇਂ ਨੰਬਰ ਦੀ ਸਿੰਧੂ ਦਾ ਸਾਹਮਣਾ ਹੁਣ ਹਾਂਗ ਕਾਂਗ ਦੀ ਚਿਉਂਗ ਇੰਗਨ ਯੀ ਨਾਲ ਹੋਵੇਗਾ, ਜੋ ਵਿਸ਼ਵ ਰੈਂਕਿੰਗ ਵਿੱਚ 34 ਵੇਂ ਨੰਬਰ ’ਤੇ ਹੈ।

ਵਾਟਰ ਸਪੋਰਟਸ: ਭਾਰਤ ਦੇ ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਨੇ ਪੁਰਸ਼ਾਂ ਦੇ ਲਾਈਟ ਵੇਟ ਡਬਲ ਸੱਕਲ ਮੁਕਾਬਲੇ ਦੇ ਰਿਪਕੇਜ ਗੇੜ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ ਟੋਕਿਓ ਓਲੰਪਿਕ ਦੇ ਸੈਮੀਫਾਈਨਲ ਵਿੱਚ ਥਾਂ ਬਣਾਈ। ਭਾਰਤੀ ਜੋੜੀ ਨੇ 6:51.36 ਸੈਕੰਡ ਦਾ ਸਮਾਂ ਕੱਢਿਆ। ਅਰਜੁਨ ਬੋਅਰ ਦੀ ਭੂਮਿਕਾ ਵਿਚ ਸਨ ਅਤੇ ਅਰਵਿੰਦ ਸਟ੍ਰੋਕ ਦੀ ਭੂਮਿਕਾ ਵਿਚ ਸਨ। ਜੋੜੀ, ਸ਼ੁਰੂਆਤੀ 1000 ਮੀਟਰ ਲਈ ਚੌਥਾ ਚੱਲ ਰਹੀ ਸੀ , ਪਰ ਬਾਅਦ ਵਿਚ ਤੀਸਰੇ ਸਥਾਨ ਤੇ ਪਹੁੰਚਣ ਲਈ ਰਫਤਾਰ ਉਹਨਾਂ ਨੇ ਅਣਥੱਕ ਮਿਹਨਤ ਕੀਤੀ।

ਟੋਕਿਓ ਓਲੰਪਿਕ ਵਿੱਚ ਸੇਲਿੰਗ ਦੇ ਮੁਕਾਬਲੇ ਨੂੰ ਮੁਲਤਵੀ ਕਰ ਦਿੱਤਾ ਗਿਆ। ਨੇਥਰਾ ਕੁਮਾਨਨ ਨੂੰ ਦੋ ਰੇਸਾਂ ਦੇ ਬਾਅਦ 27 ਵੇਂ ਸਥਾਨ ‘ਤੇ ਰੱਖਿਆ ਗਿਆ ਸੀ, ਜਦੋਂ ਕਿ ਐਨੋਸ਼ੀਮਾ ਯਾਟ ਹਾਰਬਰ ਵਿਖੇ ਖਰਾਬ ਮੌਸਮ ਦੀ ਪਹਿਲੀ ਦੌੜ ਦੇ ਬਾਅਦ ਵਿਸ਼ਨੂੰ ਸਾਰਾਵਾਨਨ 14 ਵੇਂ ਨੰਬਰ’ ਤੇ ਸੀ।

ਤੈਰਾਕੀ: ਟੋਕਿਓ ਓਲੰਪਿਕ ਵਿੱਚ ਭਾਰਤੀ ਤੈਰਾਕ ਸ੍ਰੀ ਹਰੀ ਨਟਰਾਜ ਅਤੇ ਮਾਨਾ ਪਟੇਲ ਮੁਕਾਬਲੇ ਤੋਂ ਬਾਹਰ ਹੋ ਗਏ, ਜਦੋਂ ਦੋਵੇਂ ਨੌਜਵਾਨ ਤੈਰਾਕ ਐਤਵਾਰ ਨੂੰ ਆਪੋ ਆਪਣੇ ਮੁਕਾਬਲਿਆਂ ਦੇ ਸੈਮੀਫਾਈਨਲ ਵਿੱਚ ਕੁਆਲੀਫਾਈ ਕਰਨ ਵਿੱਚ ਅਸਫਲ ਰਹੇ। ਇਹ ਦੋਵਾਂ ਨੇ ਓਲੰਪਿਕ ਵਿੱਚ ਸ਼ੁਰੂਆਤ ਕਰਦਿਆਂ, 100 ਮੀਟਰ ਬੈਕਸਟ੍ਰੋਕ ਈਵੈਂਟਾਂ ਵਿੱਚ ਆਪਣੇ ਨਿੱਜੀ ਬੈਸਟਾਂ ਨਾਲ ਮੈਚ ਕਰਨ ਵਿੱਚ ਵੀ ਅਸਫਲ ਰਹੇ।

ਹਾਕੀ: ਭਾਰਤੀ ਹਾਕੀ ਟੀਮ ਨੂੰ ਅੱਜ ਓਲੰਪਿਕ ਦੇ ਤੀਜੇ ਦਿਨ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਦੇ ਪਹਿਲੇ ਨੰਬਰ ਦੇ ਆਸਟਰੇਲੀਆ ਨੇ ਅੱਠ ਵਾਰ ਦੀ ਚੈਂਪੀਅਨ ਭਾਰਤ ਨੂੰ 7-1 ਨਾਲ ਹਰਾਇਆ। ਛੇ ਪੈਨਲਟੀ ਕਾਰਨਰ ਪ੍ਰਾਪਤ ਕਰਨ ਦੇ ਬਾਵਜੂਦ, ਭਾਰਤ ਇਕ ਵੀ ਮੌਕੇ ਨੂੰ ਗੋਲ ਵਿਚ ਨਹੀਂ ਬਦਲ ਸਕਿਆ। ਪੂਲ ‘ਏ’ ਦੇ ਮੈਚਾਂ ਵਿੱਚ ਭਾਰਤ ਦੀ ਪਹਿਲੀ ਹਾਰ ਹੈ। ਮਨਪ੍ਰੀਤ ਸਿੰਘ ਦੀ ਟੀਮ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਨਿਉਜ਼ੀਲੈਂਡ ਨੂੰ 3-2 ਨਾਲ ਹਰਾ ਕੇ ਕੀਤੀ। ਪਹਿਲੇ ਕੁਆਰਟਰ ਦੇ ਕੁਝ ਪਲਾਂ ਨੂੰ ਛੱਡ ਕੇ, ਭਾਰਤ ਕਦੇ ਵੀ ਆਸਟਰੇਲੀਆ ‘ਤੇ ਕਬਜ਼ਾ ਨਹੀਂ ਕਰ ਸਕਿਆ। ਆਸਟਰੇਲੀਆ ਨੇ ਪਹਿਲੇ ਕੁਆਰਟਰ ਵਿੱਚ ਇੱਕ ਗੋਲ ਕੀਤਾ, ਪਰ ਪਹਿਲੇ ਅੱਧ ਦੇ ਦੂਜੇ ਕੁਆਟਰ ਵਿੱਚ, ਉਨ੍ਹਾਂ ਨੇ ਬਹੁਤ ਹਮਲਾਵਰ ਹਾਕੀ ਖੇਡੀ ਅਤੇ ਵੇਖਦਿਆਂ ਹੀ ਵੇਖਦਿਆਂ ਸਕੋਰ 4-0 ਕਰ ਦਿੱਤਾ। ਆਸਟਰੇਲੀਆ ਨੇ ਤੀਜੇ ਕੁਆਰਟਰ ਵਿਚ ਦੋ ਹੋਰ ਗੋਲ ਕੀਤੇ, ਹਾਲਾਂਕਿ ਭਾਰਤ ਵੀ ਦਿਲਪ੍ਰੀਤ ਦੀ ਇੱਕ ਡਿਫਲੈਕਸ਼ਨ ਰਾਹੀਂ ਇਕ ਗੇਂਦ ਨੂੰ ਜਾਲ ਵਿਚ ਪਾਉਣ ਵਿਚ ਕਾਮਯਾਬ ਰਿਹਾ।

ਭਾਰਤੀ ਪ੍ਰਸ਼ੰਸਕਾਂ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਨ੍ਹਾਂ ਕੋਲ ਅਜੇ ਤਿੰਨ ਮੈਚ ਬਾਕੀ ਹਨ। ਮੰਗਲਵਾਰ ਸਵੇਰੇ 6.30 ਵਜੇ ਸਪੇਨ ਨਾਲ ਟੱਕਰ ਹੋਣ ਵਾਲੀ ਹੈ, ਫਿਰ ਜਾਪਾਨ ਅਤੇ ਆਖ਼ਰੀ ਅਰਜਨਟੀਨਾ ਨੂੰ ਆਪਣੀ ਤਾਕਤ ਦਿਖਾਉਣੀ ਪਏਗੀ।

ਓਲੰਪਿਕ੍ਸ ਵਿਚ ਆਸਟ੍ਰੇਲੀਆ:

ਮਹਿਲਾ ਹਾਕੀ – ਆਸਟ੍ਰੇਲੀਆ ਨੇ ਸਪੇਨ ‘ਤੇ ਜਿੱਤ ਦਰਜ ਕੀਤੀ।

ਸਾੱਫਟਬਾਲ- ਅਮਰੀਕਾ ਨੇ ਆਸਟਰੇਲੀਆ ਨੂੰ ਇਕ ਰੋਮਾਂਚਕ ਮੈਚ  ਵਿਚ ਹਰਾਇਆ।

ਤੈਰਾਕੀ – ਬ੍ਰੈਂਡਨ ਸਮਿਥ ਨੇ 400 ਮੀਟਰ ਦੇ ਵਿਅਕਤੀਗਤ ਮੈਡਲ ਵਿਚ ਕਾਂਸੀ ਦਾ ਤਗਮਾ ਜਿੱਤਿਆ।

ਤੈਰਾਕੀ – ਜੈਕ ਮੈਕਲੌਫਲਿਨ ਨੇ 400 ਮੀਟਰ ਫ੍ਰੀਸਟਾਈਲ ਫਾਈਨਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ।

ਤੈਰਾਕੀ – ਔਰਤਾਂ ਦੀ 4×100 ਮੀਟਰ ਫ੍ਰੀ ਸਟਾਈਲ ਰਿਲੇਅ ਟੀਮ ਨੇ ਸੋਨ ਜਿੱਤਿਆ।

ਵਾਟਰ ਪੋਲੋ (ਪੁਰਸ਼ਾਂ) – ਮੋਂਟੇਨੇਗਰੋ ਤੋਂ ਆਸਟਰੇਲੀਆ 15-10 ਦੇ ਫ਼ਰਕ ਨਾਲ ਹਾਰਿਆ ।

ਬਾਸਕਿਟਬਾਲ (ਪੁਰਸ਼ਾਂ) – ਆਸਟਰੇਲੀਆ ਨੇ ਨਾਈਜੀਰੀਆ ਨੂੰ 84-67 ਨਾਲ ਹਰਾਇਆ।

ਹਾਕੀ (ਪੁਰਸ਼ਾਂ) – ਆਸਟਰੇਲੀਆ ਨੇ ਭਾਰਤ ਨੂੰ 7-1 ਨਾਲ ਹਰਾਇਆ।

ਫੁਟਬਾਲ (ਪੁਰਸ਼ਾਂ) – ਸਪੇਨ ਨੇ ਆਸਟਰੇਲੀਆ ਨੂੰ 1-0 ਨਾਲ ਹਰਾਇਆ।

 

ਮੈਡਲ ਟੈੱਲੀ: ਅੱਜ ਦੂਸਰੇ ਦਿਨ ਦੇ ਮੁਕਾਬਲੇ ਖ਼ਤਮ ਹੋਣ ਤੱਕ ਚੀਨ 6 ਗੋਲਡ 1 ਸਿਲਵਰ ਤੇ ਚਾਰ ਬਰੋਂਜ ਮੈਡਲ ਜਿੱਤ ਕੇ ਪਹਿਲੇ ਨੰਬਰ ਤੇ ਸੀ।

ਆਸਟ੍ਰੇਲੀਆ ਸੋਨੇ ਚਾਂਦੀ ਅਤੇ ਕਾਂਸੇ ਦਾ ਇੱਕ ਇੱਕ ਤਗਮਾ ਜਿੱਤ ਕੇ 7ਵੇਂ ਨੰਬਰ ਤੇ ਰਿਹਾ। 130 ਕਰੋੜ ਦੀ ਅਬਾਦੀ ਵਾਲਾ ਦੇਸ਼ ਭਾਰਤ ਮੀਰਾ ਬਾਈ ਚਾਨੁ ਦੇ ਜਿੱਤੇ ਚਾਂਦੀ ਦੇ ਤਗਮੇ ਨਾਲ ਕੱਲ ਦੇ 7ਵੇਂ ਸਥਾਨ  ਤੋਂ ਖਿਸਕ ਕੇ 24ਵੇਂ ਸਥਾਨ ਤੇ ਚਲਿਆ ਗਿਆ।

26 ਜੁਲਾਈ ਨੂੰ ਹੋਣ ਵਾਲੇ ਮੁਕਾਬਲਿਆ ਵਿੱਚ ਭਾਰਤ ਵੱਖ ਵੱਖ ਖੇਡਾਂ ਦੇ 15 ਵਿਅਕਤੀਗਤ ਇਵੇੰਟਾ ਵਿੱਚ ਭਾਗ ਲਵੇਗਾ ਅਤੇ ਟੀਮ ਗੇਮ ਵਿੱਚ ਮਹਿਲਾ ਹਾਕੀ ਜਰਮਨ ਨਾਲ ਭੀੜੇਗੀ ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin