Articles

ਓਲੰਪਿਕ੍ਸ ਚੌਥਾ ਦਿਨ: ਬਾਕਸਿੰਗ ਲੇਜੇਂਡ ਮੁਹੰਮਦ ਅਲੀ ਨੂੰ ਆਪਣਾ ਆਦਰਸ਼ ਮੰਨਣ ਵਾਲੀ ਲਵਲੀਨਾ ਮੈਡਲ ਤੋਂ ਇੱਕ ਕਦਮ ਦੂਰ!

ਲੇਖਕ: ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਜੀ. ਐਚ. ਜੀ ਖਾਲਸਾ ਕਾਲਜ, ਗੁਰੂਸਰ ਸੁਧਾਰ

ਟੋਕਿਓ ਓਲੰਪਿਕ ਵਿੱਚ 27 ਜੁਲਾਈ ਦਾ ਦਿਨ ਭਾਰਤ ਲਈ ਮਿਲੇਆ ਜੁਲਿਆ ਰਿਹਾ। ਭਾਰਤੀ ਨਿਸ਼ਾਨੇਬਾਜ਼ਾਂ ਨੇ ਖੇਡ ਪ੍ਰੇਮੀਆਂ ਨੂੰ ਇੱਕ ਵਾਰ ਫ਼ੇਰ ਨਿਰਾਸ਼ ਕੀਤਾ ਹੈ। ਟੇਬਲ ਟੈਨਿਸ ਵਿੱਚ ਵੀ ਭਾਰਤ ਦੀ ਉਮੀਦ ਤੇ ਪਾਣੀ ਫਿਰ ਗਿਆ ਹੈ। ਦੂਜੇ ਪਾਸੇ ਹਾਕੀ ਅਤੇ ਮੁੱਕੇਬਾਜ਼ੀ ਵਿੱਚ ਭਾਰਤੀ ਖਿਡਾਰੀਆਂ ਨੇ ਦੇਸ਼ ਨੂੰ ਕੁਝ ਹੋਰ ਤਗਮਿਆਂ ਦੀ ਉਮੀਦ ਜਗਾਈ ਹੈ।

ਸਭ ਤੋਂ ਪਹਿਲਾਂ ਭਾਰਤ ਦੀ ਹਾਕੀ ਅਤੇ ਮੁੱਕੇਬਾਜ਼ੀ ਵਿੱਚ ਹੋਈ ਜਿੱਤ ਦੀ ਚਰਚਾ ਕਰਦੇ ਹਾਂ।

ਹਾਕੀ: ਭਾਰਤੀ ਪੁਰਸ਼ ਹਾਕੀ ਟੀਮ ਨੇ ਸਪੇਨ ਵਿਰੁੱਧ ਆਪਣੀ ਦੂਜੀ ਜਿੱਤ ਹਾਸਲ ਕੀਤੀ। ਹਾਕੀ ਟੀਮ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ, ਮੁੜ ਤੋਂ ਤਗਮੇ ਦੀ ਉਮੀਦ ਬੱਝੀ ਹੈ। ਭਾਰਤ ਨੇ ਸਪੇਨ ਨੂੰ 3-0 ਨਾਲ ਹਰਾਇਆ, ਇਸਦੇ ਨਾਲ ਹੀ ਭਾਰਤ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੀ ਉਮੀਦ ਵੱਧ ਗਈ ਹੈ। ਇਸ ਤੋਂ ਪਹਿਲੇ ਮੈਚ ਵਿੱਚ ਆਸਟਰੇਲੀਆ ਕੋਲੋਂ 1-7 ਨਾਲ ਹਾਰਨ ਤੋਂ ਬਾਅਦ ਭਾਰਤ ਨੇ ਵਿਸ਼ਵ ਦੇ 9 ਵੇਂ ਨੰਬਰ ਦੇ ਸਪੇਨ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਿਮਰਨਜੀਤ ਸਿੰਘ ਦੇ 14 ਵੇਂ ਮਿੰਟ ਅਤੇ ਡ੍ਰੈਗਫਲਿੱਕਰ ਰੁਪਿੰਦਰ ਪਾਲ ਸਿੰਘ ਦੇ 15 ਵੇਂ ਅਤੇ 51ਵੇਂ ਮਿੰਟ ਵਿੱਚ ਕੀਤੇ ਗੋਲਾਂ ਸਦਕਾ ਭਾਰਤ ਨੂੰ ‘ਪੂਲ ਏ’ ਦੇ ਤੀਜੇ ਮੈਚ ਵਿੱਚ ਜਿੱਤ ਮਿਲੀ। ਵਿਸ਼ਵ ਦੇ ਚੌਥੇ ਨੰਬਰ ਦੀ ਟੀਮ ਭਾਰਤ ਨੇ ਇਸ ਤੋਂ ਪਹਿਲਾਂ ਆਪਣੇ ਸ਼ੁਰੂਆਤੀ ਮੈਚ’ ਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ।

ਮੁੱਕੇਬਾਜ਼ੀ: ਭਾਰਤੀ ਮੁੱਕੇਬਾਜ਼  ਲਵਲੀਨਾ ਬੋਰਗੋਹੇਨ ਨੇ 69 ਕਿਲੋਗ੍ਰਾਮ ਵਰਗ ਵਿੱਚ ਜਰਮਨੀ ਦੀ ਅਪੇਟਜ਼ ਨੇਡਿਨ ਨੂੰ ਹਰਾਇਆ। ਲਵਲੀਨਾ ਆਖਰੀ ਅੱਠ ਵਿੱਚ ਪਹੁੰਚ ਗਈ ਹੈ ਅਤੇ ਮੈਡਲ ਤੋਂ ਇੱਕ ਕਦਮ ਦੂਰ ਹੈ। ਲਵਲੀਨਾ ਬੋਰਗੋਹੇਨ ਸਿਰਫ 24 ਸਾਲਾਂ ਦੀ ਹੈ। ਉਸਨੇ ਆਸਾਮ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਓਲੰਪਿਕ ਤੱਕ ਦਾ ਸਫ਼ਰ ਕੀਤਾ ਹੈ। ਲਵਲੀਨਾ ਬੋਰਗੋਹੇਨ ਸਰੂਪਥਰ ਵਿਧਾਨ ਸਭਾ ਦੇ ਇੱਕ ਛੋਟੇ ਜਿਹੇ ਪਿੰਡ, ਬਾਰੋਮੁਖੀਆ ਦੀ ਹੈ, ਜੋ ਅਸਾਮ ਦੇ ਗੋਲਾਘਾਟ ਜ਼ਿਲ੍ਹੇ ਵਿੱਚ ਪੈਂਦੀ ਹੈ। ਉਸ ਦੇ ਪਿੰਡ ਦੀ ਆਬਾਦੀ ਸਿਰਫ 2 ਹਜ਼ਾਰ ਹੈ। ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ, ਲਵਲੀਨਾ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਅਸਾਮ ਦੀ ਪਹਿਲੀ ਮੁੱਕੇਬਾਜ਼ ਹੈ। 1.77 ਮੀਟਰ ਲੰਬੀ ਲੋਵਲੀਨਾ ਬੋਰਗੋਹੇਨ ਟੋਕਯੋ ਓਲੰਪਿਕਸ ਵਿੱਚ ਲਵਲੀਨਾ ਵਿਸ਼ਵ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ।

ਨਿਸ਼ਾਨੇਬਾਜ਼ੀ: ਟੋਕਿਓ ਓਲੰਪਿਕ -2020 ਦੇ ਚੌਥੇ ਦਿਨ ਭਾਰਤੀ ਨਿਸ਼ਾਨੇਬਾਜ਼ ਇਕ ਵਾਰ ਫਿਰ ਫਲਾਪ ਹੋ ਗਏ ਹਨ। ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਸੌਰਭ ਚੌਧਰੀ ਦੀ ਜੋੜੀ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਨੌਜਵਾਨ ਜੋੜੀ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਦੇ ਦੂਜੇ ਪੜਾਅ ਵਿੱਚ ਪਹੁੰਚੀ, ਪਰ ਇੱਥੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਇਸ ਤਰ੍ਹਾਂ ਓਹ ਮੈਡਲ ਦੇ ਦੌੜ ਤੋਂ ਬਾਹਰ ਹੋ ਗਈ। ਸੌਰਭ ਨੇ ਪਹਿਲੇ ਪੜਾਅ ਵਿਚ 296 ਅਤੇ ਮਨੂ ਨੇ 286 ਸਕੋਰ ਬਣਾਏ। ਪਹਿਲਾ ਪੜਾਅ ਜਿੱਤਣ ਤੋਂ ਬਾਅਦ ਇਹ ਜੋੜੀ ਦੂਜੇ ਪੜਾਅ ਵਿੱਚ ਚੋਟੀ ਦੀਆਂ 8 ਟੀਮਾਂ ਨਾਲ ਭਿੜੀ। ਪਰ ਆਪਣੇ ਪਹਿਲੇ ਪੜਾਅ ‘ਤੇ ਚੋਟੀ’ ਤੇ ਰਹਿਣ ਵਾਲੀ ਮਨੂ-ਸੌਰਭ ਦੀ ਜੋੜੀ ਦੂਜੇ ਰਾਊਂਡ ਵਿਚ 7ਵੇਂ ਨੰਬਰ ‘ਤੇ ਖ਼ਿਸਕ ਗਈ, ਜਿਸ ਕਰਕੇ ਓਹ ਮੁਕਾਬਲੇ ਤੋਂ ਬਾਹਰ ਹੋ ਗਈ।

ਸ਼ੂਟਿੰਗ ਦੇ 10 ਮੀਟਰ ਪਿਸਟਲ ਮੁਕਾਬਲੇ ਵਿਚ ਦੂਸਰੀ ਭਾਰਤੀ ਟੀਮ ਅਭਿਸ਼ੇਕ ਵਰਮਾ ਅਤੇ ਯਾਸਸਵਿਨੀ ਸਿੰਘ ਦੇਸਵਾਲ ਪਹਿਲੇ ਕੁਆਲੀਫਿਕੇਸ਼ਨ ਰਾਊਂਡ ਨੂੰ ਹੀ ਪਾਰ ਕਰਨ ਵਿਚ ਅਸਫਲ ਰਹੀ। ਇਹ ਜੋੜੀ 564 ਅੰਕ ਨਾਲ 17ਵੇਂ ਨੰਬਰ ਤੇ ਰਹੀ।

ਐਲਵੇਨਿਲ ਵਾਲਾਰੀਵਨ ਅਤੇ ਦਿਵਯਾਂਸ਼ ਸਿੰਘ ਪੰਵਾਰ, ਅੰਜੁਮ ਮੋਦਗਿਲ ਅਤੇ ਦੀਪਕ ਕੁਮਾਰ ਦੀ ਜੋੜੀ 10 ਮੀਟਰ ਏਅਰ ਰਾਈਫਲ ਮਿਕਸਡ ਈਵੈਂਟ ਵਿਚ ਹਾਰ ਗਈ ਹੈ। ਦਿਵਯਾਂਸ਼-ਇਲਾਵੇਨੀਲ ਦੀ ਜੋੜੀ 626.5 ਦੇ ਸਕੋਰ ਨਾਲ 12 ਵੇਂ ਸਥਾਨ ‘ਤੇ ਰਹੀ ਜਦੋਂਕਿ ਅੰਜੁਮ-ਦੀਪਕ ਦੀ ਜੋੜੀ 623.8 ਦੇ ਸਕੋਰ ਨਾਲ 18 ਵੇਂ ਸਥਾਨ’ ਤੇ ਰਹੀ। ਅਗਲੇ ਗੇੜ ਵਿੱਚ ਜਾਣ ਲਈ ਇਹਨਾਂ ਨੂੰ ਅੱਠਵੇਂ ਨੰਬਰ ਤੇ ਆਉਣਾ ਜ਼ਰੂਰੀ ਸੀ।

ਟੇਬਲ ਟੈਨਿਸ: ਟੇਬਲ ਟੈਨਿਸ ਦੇ ਪੁਰਸ਼ ਵਰਗ ਵਿੱਚ ਸ਼ਰਥ ਕਮਲ 1-4 ਨਾਲ ਹਾਰ ਗਿਆ ਜਿਸ ਨਾਲ ਟੇਬਲ ਟੈਨਿਸ ਵਿਚ ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਮਹਾਨ ਖਿਡਾਰੀ ਸ਼ਰਥ ਕਮਲ ਪੁਰਸ਼ ਸਿੰਗਲਜ਼ ਦੇ ਤੀਜੇ ਟੂਰ ਮੈਚ ਵਿੱਚ ਹਾਰ ਗਿਆ ਹੈ। ਚੀਨ ਦੇ ਮਾ ਲੋਂਗ ਨੇ ਉਨ੍ਹਾਂ ਨੂੰ 4-1 ਨਾਲ ਹਰਾਇਆ। ਇਹ ਮੈਚ 46 ਮਿੰਟ ਚੱਲਿਆ। ਕਮਲ ਸਿਰਫ ਦੂਸਰਾ ਸੈੱਟ ਜਿੱਤਣ ਵਿਚ ਕਾਮਯਾਬ ਰਿਹਾ। ਉਸਨੇ ਇਹ ਸੈੱਟ 11-8 ਨਾਲ ਜਿੱਤੀਆ। ਮਾ ਲੋਂਗ ਨੇ ਪਹਿਲਾ, ਤੀਜਾ, ਚੌਥਾ ਅਤੇ ਪੰਜਵਾਂ ਸੈੱਟ ਜਿੱਤੇ ਜਿਨ੍ਹਾਂ ਵਿੱਚ ਸਕੋਰ 11-7, 13-11, 11-4 ਅਤੇ 11-4 ਰਿਹਾ।

ਸੇਲਿੰਗ: ਸੇਲਿੰਗ ਵਿਚ ਭਾਰਤ ਦਾ ਵਿਸ਼ਨੂੰ ਸਾਰਾਵਾਨਨ ਪਰਸਨ ਨੇ ਡਿੰਗੀ – ਲੇਜ਼ਰ ਈਵੈਂਟ 6 ਦੀ ਰੇਸ ਵਿਚ 12 ਵਾਂ ਸਥਾਨ ਪ੍ਰਾਪਤ ਕੀਤਾ। ਇਹ ਕੁਲ ਮਿਲਾ ਕੇ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ। ਇਸਦੇ ਨਾਲ, ਉਸ ਨੂੰ ਸਮੁੱਚੀ ਰੈਂਕਿੰਗ ਵਿੱਚ 22 ਵਾਂ ਸਥਾਨ ਮਿਲਿਆ।

ਸੇਲਿੰਗ ਦੇ ਇੱਕ ਹੋਰ ਮੁਕਾਬਲੇ ਵਿੱਚ ਵਰੁਣ ਠੱਕਰ ਅਤੇ ਕੇ.ਸੀ. ਗਣਪਤੀ ਨੇ ਅੱਜ ਨਵੀਂ ਮੁਹਿੰਮ ਦੀ ਸ਼ੁਰੂਆਤ ਕੀਤੀ। ਅੱਜ ਪੁਰਸ਼ਾਂ ਦੀ ਦੋ ਮੈਂਬਰੀ ਸਕਿਫ 49-ਅਰ ਕਲਾਸ  ਸ਼ੁਰੂ ਹੋ ਗਈ ਹੈ। ਦੋਵੇਂ ਪਹਿਲੀ ਰੇਸ ਵਿਚ 18 ਵੇਂ ਸਥਾਨ ‘ਤੇ ਰਹੇ। ਅੱਜ ਹੋਣ ਵਾਲੀ ਅਗਲੀ ਰੇਸ ਨੂੰ  ਮੌਸਮੀ ਕਾਰਨਾ ਕਰਕੇ ਅੱਗੇ ਮੁਲਤਵੀ ਕਰ ਦਿੱਤਾ ਗਿਆ ਹੈ।

ਸੇਲਿੰਗ ਵਿਚ ਔਰਤਾਂ ਲਈ ਲੇਜ਼ਰ ਰੇਡਿਅਲ ਸ਼੍ਰੇਣੀ ਵਿਚ ਨੇਤਰਾ ਕੁਮਾਨਨ 33 ਵੇਂ ਸਥਾਨ ‘ਤੇ ਰਹੀ ਹੈ।

ਓਲਿੰਪਿਕ ਵਿੱਚ ਆਸਟ੍ਰੇਲੀਆ:

  • ਟੋਕਿਓ 2020 ਵਿਚ ਆਸਟਰੇਲੀਆ ਦੀ ਕੈਲੀ ਮੈਕਕੌਨ ਨੇ ਮਹਿਲਾਵਾਂ ਦੀ 100 ਮੀਟਰ ਬੈਕਸਟ੍ਰੋਕ ਵਿਚ ਤੈਰਾਕੀ ਸੋਨ ਤਮਗਾ ਜਿੱਤਿਆ ਅਤੇ 57.47 ਸੈਕਿੰਡ ਦਾ ਨਵਾਂ ਓਲੰਪਿਕ ਰਿਕਾਰਡ ਵੀ ਬਣਾਇਆ।
  • ਪੁਰਸ਼ਾਂ ਦਾ 100 ਮੀਟਰ ਦਾ ਬੈਕਸਟ੍ਰੋਕ ਫਾਈਨਲ ਵਿੱਚ ਮਿਚ ਲਾਰਕਿਨ 7 ਵਾਂ ਰਿਹਾ ।
  • ਪੁਰਸ਼ਾਂ ਦਾ ਸਰਫਿੰਗ ਸੈਮੀਫਾਈਨਲ – ਓਨਨ ਰਾਈਟ ਹਾਰ ਗਿਆ।
  • ਔਰਤਾਂ ਦੇ ਕੈਨੋਇੰਗ ਵਿੱਚ ਜੇਸਿਕਾ ਫੌਕਸ ਨੇ ਕਾਂਸੇ ਦਾ ਤਗਮਾ ਜਿੱਤਿਆ।
  • ਪੁਰਸ਼ਾਂ ਦੇ ਸਰਫਿੰਗ ਵਿੱਚ ਓਵੇਨ ਰਾਈਟ ਨੇ ਕਾਂਸੀ ਦਾ ਤਗਮਾ ਜਿੱਤਿਆ।
  • ਮਹਿਲਾ ਫੁਟਬਾਲ ਗਰੁੱਪ ਜੀ – ਆਸਟਰੇਲੀਆ ਨੇ ਅਮਰੀਕਾ ਨਾਲ 0-0 ਨਾਲ ਡਰਾਅ ਖੇਡਿਆ ।
  • ਔਰਤਾਂ ਦੀ ਬਾਸਕਟਬਾਲ ਟੀਮ ਬੈਲਜੀਅਮ ਤੋਂ 85-70 ਨਾਲ ਹਾਰੀ।
  • ਪੁਰਸ਼ਾਂ ਦੀ ਰਗਬੀ ਵਿੱਚ ਫਿਜੀ ਨੇ ਆਸਟਰੇਲੀਆ ਨੂੰ 19-0 ਨਾਲ ਹਰਾਇਆ।
  • ਪੁਰਸ਼ਾਂ ਦਾ ਵਾਟਰ ਪੋਲੋ ਵਿੱਚ ਆਸਟ੍ਰੇਲੀਆ ਨੇ ਕ੍ਰੋਏਸ਼ੀਆ ਨੂੰ 11-8 ਨਾਲ ਹਰਾਇਆ।
  • ਮਰਦਾਂ ਦੀ ਹਾਕੀ ਵਿੱਚ ਅਰਜਨਟੀਨਾ ਆਸਟ੍ਰੇਲੀਆ ਤੋਂ 5-2 ਨਾਲ ਹਾਰਿਆ।

ਮੈਡਲ ਟੈਲੀ :

ਅੱਜ ਤੀਸਰੇ ਦਿਨ ਦੇ ਮੁਕਾਬਲੇ ਖ਼ਤਮ ਹੋਣ ਤੱਕ ਜਾਪਾਨ 10 ਗੋਲਡ 3 ਸਿਲਵਰ ਤੇ 5 ਬਰੋਂਜ ਮੈਡਲ ਜਿੱਤ ਕੇ ਪਹਿਲੇ ਨੰਬਰ ਤੇ ਸੀ।

ਆਸਟ੍ਰੇਲੀਆ 3 ਸੋਨੇ ਦੇ, 1 ਚਾਂਦੀ ਦਾ ਅਤੇ 5 ਕਾਂਸੇ ਦੇ ਤਗਮੇ ਜਿੱਤ ਕੇ 7ਵੇਂ ਨੰਬਰ ਤੇ ਰਿਹਾ। 130 ਕਰੋੜ ਦੀ ਅਬਾਦੀ ਵਾਲਾ ਦੇਸ਼ ਭਾਰਤ ਮੀਰਾ ਬਾਈ ਚਾਨੁ ਦੇ ਜਿੱਤੇ ਇੱਕ ਮਾਤਰ ਚਾਂਦੀ ਦੇ ਤਗਮੇ ਨਾਲ 39ਵੇਂ ਸਥਾਨ ਤੇ ਚਲਿਆ ਗਿਆ।

28 ਜੁਲਾਈ ਨੂੰ ਹੋਣ ਵਾਲੇ ਮੁਕਾਬਲਿਆਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਗ੍ਰੇਟ ਬ੍ਰਿਟੇਨ ਨਾਲ ਭੀੜੇਗੀ। ਇਸ ਤੋਂ ਇਲਾਵਾ ਪੀ. ਵੀ ਸਿੰਧੂ ਬੈਡਮਿੰਟਨ, ਤਰੁਨਦੀਪ ਰਾਏ, ਪ੍ਰਵੀਨ ਅਤੇ ਦੀਪਿਕਾ ਕੁਮਾਰੀ ਆਰਚਰੀ, ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਰੋਇੰਗ, ਗਣਪਤੀ ਤੇ ਵਰੁਣ ਠੱਕਰ ਸੇਲਿੰਗ ਅਤੇ ਮੁੱਕੇਬਾਜ਼ੀ ਵਿੱਚ ਪੂਜਾ ਰਾਣੀ ਦਾ ਮੁਕਾਬਲਾ ਦੇਖਣ ਨੂੰ ਮਿਲੇਗਾ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin