Articles

ਭਾਰਤ ਦੀ ਸਭ ਤੋਂ ਮਹਾਨ ਮਹਿਲਾ ਚਿੱਤਰਕਾਰ, ਅੰਮ੍ਰਿਤਾ ਸ਼ੇਰਗਿੱਲ

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

13 ਜੁਲਾਈ 2021 ਨੂੰ ਅੰਮ੍ਰਿਤਾ ਸ਼ੇਰਗਿੱਲ ਵੱਲੋਂ 1938 ਵਿੱਚ ਬਣਾਈ ਪੇਟਿੰਗ ‘ਇਨ ਦਾ ਲੇਡੀਜ਼ ਇਨਕਲੋਜ਼ਰ’ 37.8 ਕਰੋੜ ਵਿੱਚ ਨਿਲਾਮ ਹੋ ਕੇ ਸੰਸਾਰ ਦੀ ਸਭ ਤੋਂ ਮਹਿੰਗੀ ਵਿਕਣ ਵਾਲੀ ਦੂਸਰੇ ਨੰਬਰ ਦੀ ਕਲਾਕ੍ਰਿਤ ਬਣ ਗਈ ਹੈ। ਇਸ ਤੋਂ ਪਹਿਲਾਂ 8 ਅਕਤੂਬਰ 2015 ਨੂੰ ਅੰਮ੍ਰਿਤਾ ਸ਼ੇਰਗਿੱਲ ਦੀ ਖੁਦ ਦੀ ਬਣਾਈ ਗਈ ਪੇਂਟਿੰਗ ਲੰਡਨ ਦੇ ਸੋਥਬੀ ਨਿਲਾਮ ਘਰ ਵਿੱਚ 17 ਕਰੋੜ ਰੁ. ਦੀ ਵਿਕੀ ਹੈ। ਮਾਰਚ 2015 ਵਿੱਚ ਵੀ ਉਸ ਵੱਲੋਂ ਬਣਾਈ ਗਈ ਇੱਕ ਤਸਵੀਰ ਨਿਊਯਾਰਕ ਵਿੱਚ 29 ਕਰੋੜ ਰੁ. ਵਿੱਚ ਵਿਕੀ ਸੀ। ਇਹ ਕਿਸੇ ਵੀ ਭਾਰਤੀ ਔਰਤ ਚਿੱਤਰਕਾਰ ਦੀ ਪੇਟਿੰਗ ਦੀ ਕੀਮਤ ਦਾ ਇੱਕ ਰਿਕਾਰਡ ਹੈ। ਅੰਮ੍ਰਿਤਾ ਦੀ ਮੌਤ ਹੋਈ ਨੂੰ 80 ਸਾਲ ਹੋ ਚੁੱਕੇ ਹਨ, ਪਰ ਉਸ ਦੀ ਪ੍ਰਸਿੱਧੀ ਨੂੰ ਕੋਈ ਮਹਿਲਾ ਚਿੱਤਰਕਾਰ ਪਾਰ ਨਹੀਂ ਕਰ ਸਕੀ। ਉਸ ਦਾ ਜਨਮ ਹੰਗਰੀ ਦੀ ਰਾਜਧਾਨੀ ਬੁੱਡਾਪੇਸਟ ਵਿੱਚ 30 ਜਨਵਰੀ 1913 ਨੂੰ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਉਮਰਾਉ ਸਿੰਘ ਸ਼ੇਰਗਿੱਲ ਮਜੀਠੀਆ ਅਤੇ ਮਾਤਾ ਦਾ ਨਾਮ ਮੈਰੀ ਐਂਤੀਉਨੇਤ ਗੌਟਜ਼ਮਾਨ ਸੀ ਜੋ ਹੰਗੇਰੀਅਨ ਯਹੂਦੀ ਮੂਲ ਦੀ ਸੀ। ਮੈਰੀ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਰਾਜਕੁਮਾਰੀ ਬੰਬਾ ਸਦਰਲੈਂਡ ਦੀ ਸਾਥਣ ਦੇ ਰੂਪ ਵਿੱਚ ਭਾਰਤ ਆਈ ਸੀ। ਅੰਮ੍ਰਿਤਾ ਸ਼ੇਰਗਿੱਲ ਦੋ ਭੈਣਾਂ ਸਨ, ਛੋਟੀ ਭੈਣ ਦਾ ਨਾਮ ਇੰਦਰਾ ਸੁੰਦਰਮ ਹੈ। ਉਸ ਦਾ ਬੇਟਾ ਵਿਵਿਅਨ ਸੁੰਦਰਮ ਵੀ ਬਹੁਤ ਮਸ਼ਹੂਰ ਪੇਂਟਰ ਹੈ। ਅੰਮ੍ਰਿਤਾ ਦਾ ਬਚਪਨ ਬੁੱਡਾਪੇਸਟ ਵਿੱਚ ਬੀਤਿਆ ਸੀ। ਉਹ ਪੰਜ ਸਾਲ ਦੀ ਉਮਰ ਵਿੱਚ ਹੀ ਪੇਟਿੰਗ ਕਰਨ ਲੱਗ ਪਈ ਸੀ। ਉਸ ਦਾ ਮਾਮਾ ਐਰਵਿਨ ਬਾਕਟੇ ਉਸ ਦਾ ਸਭ ਤੋਂ ਵੱਡਾ ਆਲੋਚਕ ਸੀ ਜਿਸ ਨੇ ਉਸ ਦੀ ਕਲਾ ਨੂੰ ਬਹੁਤ ਨਿਖਾਰਿਆ।
1921 ਵਿੱਚ ਉਸ ਦਾ ਪਰਿਵਾਰ ਭਾਰਤ ਆ ਗਿਆ ਅਤੇ ਸ਼ਿਮਲਾ ਰਹਿਣ ਲੱਗ ਪਿਆ। ਉਸ ਨੇ ਪਿਆਨੋ ਅਤੇ ਵਾਇਲਨ ਵਜਾਉਣੀ ਸਿੱਖਣੀ ਸ਼ੁਰੂ ਕਰ ਦਿੱਤੀ। ਨੌਂ ਸਾਲ ਦੀ ਉਮਰ ਵਿੱਚ ਹੀ ਉਹ ਆਪਣੀ ਭੈਣ ਇੰਦਰਾ ਨਾਲ ਮਿਲ ਕੇ ਸ਼ਿਮਲਾ ਦੇ ਮਸ਼ਹੂਰ ਗੇਟੀ ਥੀਏਟਰ ਵਿੱਚ ਕਨਸਰਟ ਕਰਨ ਅਤੇ ਡਰਾਮਿਆਂ ਵਿੱਚ ਹਿੱਸਾ ਲੈਣ ਲੱਗ ਪਈ ਤੇ ਦਸ ਸਾਲ ਦੀ ਉਮਰ ਵਿੱਚ ਹੀ ਉਸ ਨੇ ਪੇਟਿੰਗ ਕਰਨੀ ਸ਼ੁਰੂ ਕਰ ਦਿੱਤੀ। 1924 ਵਿੱਚ ਮੈਰੀ ਅੰਮ੍ਰਿਤਾ ਨੂੰ ਇਟਲੀ ਲੈ ਗਈ ਅਤੇ ਫਲੋਰੈਂਸ ਦੇ ਇੱਕ ਆਰਟ ਸਕੂਲ ਸਾਂਤਾ ਐਨੂਜ਼ਿਆਟਾ ਵਿੱਚ ਦਾਖਲ ਕਰਵਾ ਦਿੱਤਾ ਜਿਥੇ ਉਸ ਨੂੰ ਮਹਾਨ ਇਟਾਲੀਅਨ ਪੇਂਟਰਾਂ ਨੂੰ ਮਿਲਣ ਦਾ ਮੌਕਾ ਮਿਲਿਆ। ਪਰ ਅੰਮ੍ਰਿਤਾ ਦਾ ਉਥੇ ਦਿਲ ਨਾ ਲੱਗਾ ਤੇ ਉਹ ਭਾਰਤ ਪਰਤ ਆਈ ਤੇ 1923 ਵਿੱਚ ਆਪਣੀ ਮਾਤਾ ਨਾਲ ਪੈਰਿਸ ਚਲੀ ਗਈ। ਉਸ ਨੇ ਗਰੈਂਡ ਚਾਉਮੀਰੀ, ਲੂਜ਼ੀਅਨ ਸਾਈਮਨ ਅਤੇ ਈਕੋਲ ਦੈਸ ਬੀਉਕਜ਼ ਆਰਟ ਵਰਗੀਆਂ ਵੱਕਾਰੀ ਕਲਾ ਸੰਸਥਾਵਾਂ ਵਿੱਚ ਟਰੇਨਿੰਗ ਲਈ। ਉਸ ਨੇ ਪੀਅਰੀ ਵਾਲੈਂਟ, ਪਾਲ ਸੇਜ਼ਾਨੇ, ਪਾਲ ਗਾਉਗੁਨ ਅਤੇ ਲੂਜ਼ੀਅਨ ਸਾਈਮਨ ਵਰਗੇ ਮਹਾਨ ਟੀਚਰਾਂ ਕੋਲੋਂ ਗਿਆਨ ਹਾਸਲ ਕੀਤਾ। ਉਸ ਦੇ ਸ਼ੁਰੂਆਤੀ ਚਿੱਤਰਾਂ ‘ਤੇ ਯੂਰਪੀ ਪ੍ਰਭਾਵ ਪ੍ਰਤੱਖ ਹੈ। 1932 ਵਿੱਚ ਉਸ ਨੇ ਪੇਟਿੰਗ ਯੰਗ ਗਰਲਜ਼ ਤਿਆਰ ਕੀਤੀ ਜੋ ਬਹੁਤ ਮਸ਼ਹੂਰ ਹੋਈ। ਉਹ 1933 ਵਿੱਚ ਕਲਾ ਦੇ ਮਹਾਨ ਸੰਸਥਾਨ ਗਰੈਂਡ ਸੈਲੋਨ ਦੀ ਸਭ ਤੋਂ ਛੋਟੀ ਉਮਰ ਦੀ ਅਤੇ ਪਹਿਲੀ ਏਸ਼ੀਅਨ ਐਸੋਸੀਏਟ ਚੁਣੀ ਗਈ।
1934 ਵਿੱਚ ਜਦੋਂ ਉਹ ਯੂਰਪ ਵਿੱਚ ਸੀ ਤਾਂ ਉਸ ਦਾ ਦਿਲ ਉਸ ਨੂੰ ਭਾਰਤ ਪਰਤਣ ਲਈ ਖਿੱਚਣ ਲੱਗਾ। ਉਸ ਨੂੰ ਮਹਿਸੂਸ ਹੁੰਦਾ ਸੀ ਕਿ ਉਸ ਦੀ ਕਿਸਮਤ ਭਾਰਤ ਨਾਲ ਹੀ ਜੁੜੀ ਹੋਈ ਹੈ। ਉਹ ਜਲਦੀ ਹੀ ਭਾਰਤ ਪਰਤ ਆਈ। 1936 ਵਿੱਚ ਇੱਕ ਆਰਟ ਕੁਲੈਕਟਰ ਅਤੇ ਆਲੋਚਕ ਕਾਰਲ ਖਡਾਲਵਾਲਾ ਨੇ ਉਸ ਨੂੰ ਸਮਝਾਇਆ ਕਿ ਉਸ ਨੂੰ ਭਾਰਤੀ ਸ਼ੈਲੀ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਭਾਰਤੀ ਕਲਾ ਦਾ ਖੇਤਰ ਬਹੁਤ ਹੀ ਵਿਸ਼ਾਲ ਅਤੇ ਪੁਰਾਤਨ ਹੈ। ਇਹ ਗੱਲ ਉਸ ਦੇ ਦਿਲ ਵਿੱਚ ਘਰ ਕਰ ਗਈ ਤੇ ਉਹ ਭਾਰਤੀ ਕਲਾ ਵੱਲ ਮੁੜ ਗਈ। ਉਸ ਨੇ ਭਾਰਤੀ ਕਲਾ ਦੀਆਂ ਪੁਰਾਤਨ ਪ੍ਰੰਪਰਾਵਾਂ ਖੋਜਣ ਦਾ ਕਾਰਜ ਸ਼ੁਰੂ ਕਰ ਦਿੱਤਾ ਜੋ ਸਾਰੀ ਉਮਰ ਜਾਰੀ ਰਿਹਾ। ਉਹ ਮੁਗਲਈ, ਪਹਾੜੀ ਅਤੇ ਅਜੰਤਾ ਚਿੱਤਰ ਕਲਾ ਤੋਂ ਬਹੁਤ ਪ੍ਰਭਾਵਿਤ ਹੋਈ। 1937 ਵਿੱਚ ਉਸ ਨੇ ਅਜੰਤਾ ਦੀਆਂ ਗੁਫਾਵਾਂ ਅਤੇ ਦੱਖਣੀ ਭਾਰਤ ਦਾ ਦੌਰਾ ਕੀਤਾ। ਉਸ ਨੇ ਦੱੱਖਣ ਭਾਰਤੀ ਜੀਵਨ ਬਾਰੇ ਮਸ਼ਹੂਰ ਤਿੰਨ ਚਿੱਤਰ ਤਿਆਰ ਕੀਤੇ। ਇਹਨਾਂ ਚਿੱਤਰਾਂ ਵਿੱਚ ਉਸ ਦੀ ਰੰਗਾਂ ਬਾਰੇ ਸੂਝ ਬੂਝ ਉਜਾਗਰ ਹੁੰਦੀ ਹੈ। ਉਸ ਨੇ ਪਹਿਲੀ ਵਾਰ ਭਾਰਤੀ ਸਮਾਜ ਦੀ ਰੰਗੀਨੀ ਅਤੇ ਅਮੀਰੀ ਪੇਸ਼ ਕੀਤੀ, ਨਹੀਂ ਤਾਂ ਪਹਿਲਾਂ ਭਾਰਤੀਆਂ ਨੂੰ ਹਮੇਸ਼ਾਂ ਭੁੱਖੇ ਨੰਗੇ ਰੂਪ ਵਿੱਚ ਹੀ ਵਿਖਾਇਆ ਜਾਂਦਾ ਸੀ। ਉਸ ਦਾ ਯੂਰਪੀਨ ਕਲਾ ਤੋਂ ਭਾਰਤੀ ਕਲਾ ਵੱਲ ਬਦਲਾਉ ਪੂਰਾ ਹੋ ਗਿਆ ਤੇ ਉਹ ਹਮੇਸ਼ਾਂ ਲਈ ਭਾਰਤੀ ਰੰਗ ਵਿੱਚ ਰੰਗੀ ਗਈ। ਉਸ ਨੇ ਲਿਖਿਆ, ਭਾਰਤ ਮੇਰੇ ਲਈ ਉਹ ਹੈ ਜੋ ਯੂਰਪ ਪਿਕਾਸੋ, ਮਾਟੀਜ਼ ਅਤੇ ਬਰਾਕ ਵਾਸਤੇ ਹੈ। ਮੈਂ ਸਿਰਫ ਭਾਰਤ ਵਿੱਚ ਅਤੇ ਭਾਰਤ ਲਈ ਹੀ ਪੇਂਟ ਕਰ ਸਕਦੀ ਹਾਂ।
ਅੰਮ੍ਰਿਤਾ ਨੇ 1938 ਵਿੱਚ ਹੰਗਰੀ ਨਿਵਾਸੀ ਡਾ. ਵਿਕਟਰ ਇਗਾਨ ਨਾਲ ਵਿਆਹ ਕਰਵਾ ਲਿਆ। ਉਹ ਆਪਣੇ ਪਤੀ ਸਮੇਤ ਭਾਰਤ ਆ ਕੇ ਆਪਣੇ ਪੁਸ਼ਤੈਨੀ ਮਕਾਨ ਸਰਾਇਆ, ਗੋਰਖਪੁਰ, ਯੂ.ਪੀ. ਰਹਿਣ ਲੱਗ ਪਈ। ਇਥੇ ਆ ਕੇ ੳਸ ਨੇ ਸ਼ੁੱਧ ਭਾਰਤੀ ਪੇਂਟਿੰਗ ਸ਼ੁਰੂ ਕੀਤੀ। ਉਸ ਦੀਆਂ ਪੇਂਟਿੰਗਾਂ ‘ਤੇ ਰਵਿੰਦਰ ਨਾਥ ਟੈਗੋਰ ਅਤੇ ਅਬਾਨਿੰਦਰਨਾਥ ਦਾ ਬਹੁਤ ਪ੍ਰਭਾਵ ਸੀ। ਸਰਾਇਆ ਰਹਿੰਦੇ ਸਮੇਂ ਉਸ ਨੇ ਭਾਰਤੀ ਪੇਂਡੂ ਕਲਚਰ ਬਾਰੇ ਬਿਹਤਰੀਨ ਪੇਂਟਿੰਗਾਂ ਤਿਆਰ ਕੀਤੀਆਂ। ਭਾਵੇਂ ਉਹ ਬਹੁਤ ਮਸ਼ਹੂਰ ਸੀ, ਫਿਰ ਵੀ ਉਸ ਦੀਆਂ ਪੇਂਟਿੰਗਾਂ ਨੂੰ ਜਿਆਦਾ ਖਰੀਦਾਰ ਨਾ ਮਿਲੇ। ਹੈਦਰਾਬਾਦ ਦੇ ਨਵਾਬ ਅਤੇ ਮੈਸੂਰ ਦੇ ਮਹਾਰਾਜਾ ਨੇ ਉਸ ਦੀਆਂ ਪੇਂਟਿੰਗਾਂ ਖਰੀਦਣ ਤੋਂ ਇਨਕਾਰ ਕਰ ਦਿੱਤਾ। ਅੰਮ੍ਰਿਤਾ ਦਾ ਪਰਿਵਾਰ ਅੰਗਰੇਜ਼ਾਂ ਦਾ ਹਮਾਇਤੀ ਸੀ ਪਰ ਉਹ ਕਾਂਗਰਸ ਦੀ ਹਮਾਇਤ ਕਰਦੀ ਸੀ। ਉਹ ਗਰੀਬਾਂ ਅਤੇ ਸਾਧਨਹੀਨਾਂ ਦੀ ਬਹੁਤ ਵੱਡੀ ਹਮਦਰਦ ਸੀ ਤੇ ਮਹਾਤਮਾ ਗਾਂਧੀ ਦੀ ਜੀਵਾਨ ਸ਼ੈਲੀ ਤੋਂ ਬਹੁਤ ਪ੍ਰਭਾਵਿਤ ਸੀ। ਜਵਾਹਰ ਲਾਲ ਨਹਿਰੂ ਉਸ ਦੇ ਨਿਜੀ ਦੋਸਤ ਸਨ ਤੇ ਕਈ ਵਾਰ ਗੋਰਖਪੁਰ ਉਸ ਦੇ ਘਰ ਆਏ ਸਨ। 1941 ਵਿੱਚ ਅੰਮ੍ਰਿਤਾ ਪਤੀ ਸਮੇਤ ਲਾਹੌਰ ਸ਼ਿਫਟ ਕਰ ਗਈ। ਲਾਹੌਰ ਉਸ ਵੇਲੇ ਪੰਜਾਬ ਦੀ ਸਾਂਸਕ੍ਰਿਤਕ ਅਤੇ ਰਾਜਨੀਤਕ ਰਾਜਧਾਨੀ ਸੀ। ਉਸ ਨੇ 23, ਗੰਗਾ ਰਾਮ ਮੈਨਸ਼ਨ, ਮਾਲ ਰੋਡ ਵਿੱਚ ਆਪਣਾ ਘਰ ਅਤੇ ਸਟੂਡਿਊ ਬਣਾਇਆ।
ਨਵੰਬਰ 1941 ਵਿੱਚ ਉਸ ਨੇ ਲਾਹੌਰ ਵਿੱਚ ਆਪਣੀਆਂ ਪੇਂਟਿੰਗਾਂ ਦੀ ਪਹਿਲੀ ਪ੍ਰਦਰਸ਼ਨੀ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਲੋਕਾਂ ਵਿੱਚ ਉਸ ਦੀ ਪ੍ਰਦਰਸ਼ਨੀ ਪ੍ਰਤੀ ਭਾਰੀ ਉਤਸ਼ਾਹ ਸੀ। ਪਰ ਕੁਦਰਤ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। ਸ਼ੋਅ ਤੋਂ ਕੁਝ ਦਿਨ ਪਹਿਲਾਂ ਹੀ ਉਹ ਬੁਰੀ ਤਰਾਂ ਬਿਮਾਰ ਪੈ ਗਈ ਤੇ 6 ਦਸੰਬਰ 1941 ਨੂੰ 28 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦੇ ਕਾਰਨ ਕਦੇ ਵੀ ਪੂਰੀ ਤਰਾਂ ਪਤਾ ਨਹੀਂ ਚੱਲ ਸਕੇ। ਉਸ ਦੀ ਮਾਤਾ ਨੇ ਇਲਜ਼ਾਮ ਲਗਾਇਆ ਕਿ ੳਸ ਦੇ ਪਤੀ ਵਿਕਟਰ ਨੇ ਉਸ ਦੀ ਹੱਤਿਆ ਕੀਤੀ ਹੈ। ਕੁਦਰਤੀ ਉਸ ਦੀ ਮੌਤ ਵਾਲੇ ਦਿਨ ਇੰਗਲੈਂਡ ਨੇ ਹੰਗਰੀ ਦੇ ਖਿਲਾਫ ਯੁੱਧ ਦਾ ਐਲਾਨ ਕਰ ਦਿੱਤਾ ਤੇ ਕੁਝ ਦਿਨਾਂ ਬਾਅਦ ਵਿਕਟਰ ਨੂੰ ਦੇਸ਼ ਧ੍ਰੋਹ ਅਧੀਨ ਜੇਲ੍ਹ ਭੇਜ ਦਿੱਤਾ ਗਿਆ। 7 ਦਸੰਬਰ 1941 ਨੂੰ ਲਾਹੌਰ ਵਿੱਚ ਅੰਮ੍ਰਿਤਾ ਸ਼ੇਰਗਿੱਲ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਅੰਮ੍ਰਿਤਾ ਸ਼ੇਰਗਿੱਲ ਨੂੰ ਸਨਮਾਨ ਦੇਣ ਲਈ ਭਾਰਤ ਸਰਕਾਰ ਨੇ ਉਸ ਦੀਆਂ ਕ੍ਰਿਤਾਂ ਨੂੰ ਕੌਮੀ ਧਰੋਹਰ ਐਲਾਇਆ ਹੋਇਆ ਹੈ। ਉਸ ਵੱਲੋਂ ਬਣਾਏ 190 ਦੇ ਕਰੀਬ ਚਿੱਤਰਾਂ ਵਿੱਚੋਂ ਜਿਆਦਾਤਰ ਨੈਸ਼ਨਲ ਗੈਲਰੀ ਆਫ ਮਾਡਰਨ ਆਰਟ ਨਵੀਂ ਦਿੱਲੀ ਵਿੱਚ ਪ੍ਰਦਰਸ਼ਿਤ ਹਨ। ਉਸ ਦੀ ਪੇਂਟਿੰਗ ‘ਪਹਾੜੀ ਔਰਤਾਂ’ ‘ਤੇ ਡਾਕ ਵਿਭਾਗ ਨੇ ਡਾਕ ਟਿਕਟ ਜਾਰੀ ਕੀਤੀ ਹੈ। ਉਸ ਦੇ ਨਾਮ ‘ਤੇ ਨਵੀਂ ਦਿੱਲੀ ਵਿੱਚ ਅੰਮ੍ਰਿਤਾ ਸ਼ੇਰਗਿੱਲ ਮਾਰਗ ਬਣਿਆ ਹੋਇਆ ਹੈ ਤੇ ਉਸ ਦੇ ਜੀਵਨ ‘ਤੇ ਅਨੇਕਾਂ ਡਾਕੂਮੈਂਟਰੀਆਂ, ਫਿਲਮਾਂ, ਨਾਵਲ, ਕਹਾਣੀਆਂ ਅਤੇ ਲੇਖ ਲਿਖੇ ਜਾ ਚੁੱਕੇ ਹਨ। 2006 ਵਿੱਚ ਉਸ ਦੀ ਪੇਂਟਿੰਗ ‘ਵਿਲੇਜ਼ ਸੀਨ’ 7 ਕਰੋੜ ਦੀ ਵਿਕੀ ਸੀ ਜੋ ਉਸ ਵੇਲੇ ਕਿਸੇ ਵੀ ਭਾਰਤੀ ਪੇਂਟਿੰਗ ਦੇ ਵਿਕਣ ਦਾ ਰਿਕਾਰਡ ਸੀ। ਉਸ ਦੀ ਜੀਵਨ ਕਹਾਣੀ ਆਉਣ ਵਾਲੇ ਕਲਾਕਾਰਾਂ ਲਈ ਹਮੇਸ਼ਾਂ ਵਾਸਤੇ ਇੱਕ ਮਿਸਾਲ ਬਣੀ ਰਹੇਗੀ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin