Articles

ਨਵੀਂ ਜਿੰਦਗੀ

ਲੇਖਕ: ਗੁਰਜੀਤ ਕੌਰ “ਮੋਗਾ”

ਮੈਂ ਆਪਣੇ ਮਾਪਿਆਂ ਦੀ ਦੂਸਰੀ ਸੰਤਾਨ ਸੀ ਮੇਰੇ ਤੋਂ ਵੱਡੀ ਮੇਰੀ ਇੱਕ ਭੈਣ ਸੀ । ਜਦੋਂ ਮੇਰਾ ਜਨਮ ਹੋਣ ਵਾਲਾ ਹੋਇਆ ਤਾਂ ਮੇਰੇ ਪਾਪਾ ਤੇ ਦਾਦੀ ਨੇ ਜੋਤਸ਼ੀਆਂ, ਸਿਆਣਿਆ ਕੋਲ ਜਾ ਕੇ ਬਹੁਤ ਉਪਾਅ ਕਰਵਾਏ ਤਾਂ ਕਿ ਸਾਡੇ ਘਰ ਦੂਸਰੀ ਔਲਾਦ ਲੜਕਾ ਪੈਦਾ ਹੋਵੇ । ਉਨਾਂ ਨੂੰ  ਜੋਤਸ਼ੀਆਂ ਤੇ ਪੂਰਾ ਭਰੋਸਾ ਬੱਝ ਗਿਆ। ਚੰਗਾ ਪੈਸਾ ਲੁੱਟਾ ਕੇ ਉਹ ਦੋਵੇਂ ਪੂਰੇ ਖੁਸ਼ ਸਨ ਪੂਰੇ ਨੌ ਮਹੀਨੇ ਮੇਰੀ ਦਾਦੀ ਤੇ ਪਾਪਾ ਜੋਤਸ਼ੀ ਦੇ ਦਸੱਣ ਮੁਤਾਬਿਕ ਨਵੇਂ-ਨਵੇਂ ਢੌਂਗ ਕਰਦੇ ਰਹੇ ਤੇ ਮਾਂ ਦੀ ਵੀ ਚੰਗੀ ਖਾਤਿਰਦਾਰੀ ਹੁੰਦੀ ਰਹੀ। ਮੈਂ ਹਰ ਰੋਜ ਉਨਾਂ ਦੀਆਂ ਗੱਲ਼ਾਂ ਸੁਣਦੇ ਰਹਿਣਾ । ਮੇਰੇ ਨਵੇਂ ਨਵੇਂ ਨਾਅ ਰਖਣ ਦੀਆਂ ਸਕੀਮਾਂ ਬਣਦੀਆਂ ਰਹਿੰਦੀਆਂ। ਮੈਂ ਉਨਾਂ ਦਾਂ ਮਿੱਠੀਆਂ ਮਿੱਠੀਆਂ ਗੱਲਾਂ ਸੁਣ ਕੇ ਖੁਸ਼ ਹੁੰਦੇ ਰਹਿਣਾ । ਜਦੋਂ ਮਾਂ ਹਸਪਤਾਲ ਵਿੱਚ ਦਾਖਲ ਹੋਈ ਤਾਂ ਪਾਪਾ ਤੇ ਦਾਦੀ ਵੀ ਪੂਰੇ ਉਤਸੁਕਤ ਸਨ ਕਿਉਂਕਿ ਉਨਾਂ ਨੂੰ ਬਹੁਤ ਵੱਡੀ ਖੁਸ਼ੀ ਦੀ ਖਬਰ ਸੁਨਣ ਵਾਲੀ ਸੀ ਜਦੋਂ ਮੇਰੀ ਪਹਿਲੀ ਕਿਲਕਾਰੀ ਦੀ ਅਵਾਜ ਉਨਾਂ ਦੇ ਕੰਨੀ ਪਈ ਤਾਂ ਉਹ ਬਾਹਰ ਬੈਠੇ ਬਹੁਤ ਖੁਸ਼ ਹੋ ਗਏ ਤੇ ਦਿਲੋਂ ਪਾਪਾ ਹੁਰੀਂ ਜੋਤਸ਼ੀਆਂ ਦਾ ਧੰਨਵਾਦ ਕਰਨ ਲੱਗੇ । ਤਰਾਂ ਤਰਾਂ ਦੇ ਉਪਾਅ ਕਰਕੇ ਉਨਾਂ ਦੀ ਉਮੀਦ ਪੂਰੀ ਪ੍ਰਪੱਕ ਸੀ । ਨਰਸ ਨੇ ਦਾਦੀ ਨੂੰ ਕੋਲ ਬੁਲਾਇਆ ਤੇ ਮੈਨੂੰ ਤੌਲੀਏ ਵਿੱਚ ਲਪੇਟ ਕੇ ਦਾਦੀ ਨੂੰ ਫੜਾਉਂਦਿਆਂ ਕਿਹਾ ਕਿ ‘’ਲਉ ਜੀ ਲੜਕੀ ਹੋਈ ਹੈ’’ ਮੇਰੀ ਦਾਦੀ ਨੇ ਮੱਥਾ ਇਕੱਠਾ ਕਰਦਿਆਂ ਕਿਹਾ ‘’ਆਹ ਫੇਰ ਪੱਥਰ ਮਾਰਿਆ ਰੱਬ ਨੇ ਸਾਡੇ ਅਸੀਂ ਕੀ ਕਰਨਾ ਸੀ ਇਹ‘’ ਮੇਰੀ ਵੱਡੀ ਭੈਣ ਖੇਡਦੀ-ਖੇਡਦੀ ਮੇਰੀ ਦਾਦੀ ਕੋਲ ਆ ਕੇ ਕਹਿੰਦੀ ‘’ਕਾਕਾ ਵੇਖਣਾ ਹੈ ਮੈਂ’’ ਦਾਦੀ ਨੇ ਉਸਨੂੰ ਪਰਾਂ ਧੱਕਾ ਦੇ ਕੇ ਕਿਹਾ ‘’ਤੇਰੇ ਵਰਗਾ ਈ ਐ ਪੱਥਰ।” ਸਾਡੇ ਪਰਿਵਾਰ ਵਿੱਚ ਸੋਗ ਪੈ ਗਿਆ। ਪਾਪਾ ਤਾਂ ਮੈਨੂੰ ਵੇਖਣ ਵੀ ਨਹੀਂ ਆਏ । ਮਾਂ ਦਰਦ ਨਾਲ ਕਰਾਹ ਰਹੀ ਸੀ ਪਰ ਉਸਦੀ ਕਿਸਨੇ ਬਾਤ ਨਾ ਪੁੱਛੀ । ਮੈਨੂੰ ਮਾਂ ਦੇ ਨਾਲ ਲਿਟਾ ਦਿੱਤਾ, ਜਦੋਂ ਮਾਂ ਨੇ ਮੇਰੇ ਮੂੰਹ ਤੇ ਹੱਥ ਫੇਰਿਆ ਤਾਂ ਮੈਨੂੰ ਆਪਣਾ-ਪਣ ਮਹਿਸੂਸ ਹੋਇਆ । ਮਾਂ ਦੇ ਹੱਥਾਂ ਦੇ ਸਪਰਸ਼ ਨੇ ਕੁਝ ਪਲਾਂ ਲਈ ਮੈਨੂੰ ਸਵਰਗ ਦਾ ਅਹਿਸਾਸ ਕਰਵਾਇਆ। ਦੂਜੇ ਪਰਿਵਾਰ ਦੀਆਂ ਤਿੱਖੀਆਂ ਗੱਲਾਂ ਸੁਣਕੇ ਮੇਰਾ ਮਾਂ ਦੀ ਬੁੱਕਲ ਵਿਚ ਸਮਾ ਜਾਣ ਨੂੰ ਦਿਲ ਕਰਦਾ ਸੀ।
ਮਾਂ ਦਾ ਪਤਾ ਲੈਣ ਆਉਣ ਵਾਲੇ ਰਿਸ਼ਤੇਦਾਰ, ਸੱਜਣ ਮਿੱਤਰ ਮੇਰੇ ਜਨਮ ਦਾ ਅਫਸੋਸ ਵੀ ਜ਼ਾਹਿਰ ਕਰ ਜਾਂਦੇ। ਮੈਂ ਸਭ ਕੁਝ ਚੁੱਪ-ਚਾਪ ਸੁਣਦੀ ਰਹੀ।
ਅਗਲੀ ਸਵੇਰ ਵੱਡੀ ਡਾਕਟਰ ਮਾਂ ਨੂੰ ਚੈਕ ਕਰਨ ਲਈ ਆਈ। ਉਸਨੇ ਮੈਨੂੰ ਚੁੱਕਿਆ ਤੇ ਦਾਦੀ ਕੋਲ ਕਰਦਿਆਂ ਕਿਹਾ “ਮਾਂ ਜੀ ਤੁਹਾਡੀ ਪੋਤੀ ਦੇਖੋ ਕਿੰਨੀ ਸੋਹਣੀ ਏਂ ਚੁਸਕੀਆਂ ਲੈ-ਲੈ ਕੇ ਚਮਚ ਨਾਲ ਦੁੱਧ ਪੀ ਰਹੀ ਐ ਆਪਣੀ ਮਾਂ ਕੋਲੋਂ।”
ਦਾਦੀ ਤਾਂ ਪਹਿਲਾਂ ਹੀ ਭਰੀ ਪੀਤੀ ਪਈ ਸੀ ਪਰ ਕਸੂਰ ਮੇਰੀ ਦਾਦੀ ਦਾ ਨਹੀਂ ਹੈ ਇਹਦੇ ਲਈ ਸਾਡਾ ਸਮਾਜ ਜ਼ਿੰਮੇਵਾਰ ਹੈ ਜੋ ਧੀਆਂ ਨਾਲੋਂ ਵਧ ਕੇ ਪੁੱਤਰ ਮੋਹ ਵਿੱਚ ਫਸਿਆ ਹੈ। ਪੁੱਤਰ ਦੇ ਜਨਮ ਨਾਲ ਹੀ ਪਰਿਵਾਰ ਪੂਰਾ ਗਿਣਿਆ ਜਾਂਦਾ ਹੈ।
ਦਾਦੀ ਨਰਸ ਦੇ ਸਾਹਮਣੇ ਭਾਵਕ ਹੋ ਕੇ ਬੋਲੀ “ਮੇਰਾ ਕੱਲਾ-ਕੱਲਾ ਪੁੱਤ ਸੀ ਰੱਬ ਇਸਦੇ ਘਰ ਬੂਟਾ ਲਾ ਦਿੰਦਾ ਚੰਗੀ ਚੀਜ਼ ਦੇ ਕੇ, ਮੈਂ ਵੀ ਪੋਤੇ ਦਾ ਮੂੰਹ ਵੇਖ ਲੈਂਦੀ।”
ਅੱਛਾ ਬੀਬੀ ਜੀ ਤੁਸੀਂ ਭਾਵਕ ਨਾ ਹੋਵੋ ਜੇ ਤੁਹਾਡੀ ਸਹਿਮਤੀ ਹੋਵੇ ਤਾਂ ਅਹਿਮਦਾਬਾਦ ਤੋਂ ਇਕ ਜੋੜੇ ਨੇ ਸਾਡੇ ਹਸਪਤਾਲ ਵਿੱਚ ਰਜਿਸਟਰ ਕਰਵਾਇਆ ਹੈ ਉਨਾਂ ਨੂੰ ਬੱਚਾ ਚਾਹੀਦੈ, ਜੇ ਤੁਸੀਂ ਕਹੋ ਤਾਂ ਆਪਾਂ ਹੁਣੇ ਹੀ ਗੱਲ਼ ਕਰ ਲੈਨੇ ਆ ’’ਵੱਡੀ ਡਾਕਟਰ ਨੇ ਕਿਹਾ …ਦਾਦੀ ਨੇ ਪਾਪਾ ਨਾਲ ਸਲਾਹ ਕਰਕੇ ਝੱਟ ਹਾਮੀ ਭਰ ਦਿੱਤੀ ।” ਮੇਰੀ ਮਾਂ ਨੇ ਬਹੁਤ ਵਾਸਤਾ ਪਾਇਆ ਮੈਂ ਆਪਣੀ ਬੱਚੀ ਨਹੀਂ ਦੇਣੀ ਪਰ ਉਸਦੀ ਕਿਸੇ ਨੇ ਇੱਕ ਨਾ ਸੁਣੀ ।
ਅਗਲੇ ਦਿਨ ਅਹਿਮਾਬਾਦ ਤੋਂ ਇੱਕ ਅਮੀਰ ਜੋੜਾ ਜਹਾਜ ‘ਤੇ ਆਇਆ ਮੈਨੂੰ ਲੈਣ ਲਈ । ਮੇਰੀ ਮਾਂ ਦੀ ਮਮਤਾ ਡਰ ਦੇ ਸਾਏ ਹੇਠ ਦਬ ਕੇ ਹੰਝੂਆ ਦਾ ਰੂਪ ਲੈ ਗਈ ਉਸਨੇ ਮੈਨੂੰ ਘੁੱਟ ਕੇ ਸੀਨੇ ਨਾਲ ਲਾਇਆ ਤੇ ਵਾਰ-ਵਾਰ ਮੇਰਾ ਮੱਥਾ ਚੁੰਮਦੀ ਰਹੀ । ਮੈਂ ਮਾਂ ਦੇ ਮੂੰਹ ਵੱਲ ਤਕਿਆ …ਮਜਬੂਰੀ ਵਸ ਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਤੇ ਬੁੱਲ ਘੁਟਦੀ ਰਹਿ ਗਈ ਕੁੱਝ ਬੋਲ ਨਾ ਪਾਈ । ਉਸਦੀ ਆਤਮਾ ਦੀ ਮੋਹ ਭਿੱਜੀ ਆਵਾਜ਼ ਮੇਰੇ ਕੰਨੀ ਪਈ ‘’ਮੇਰੀ ਬੱਚੀ ਸੁਖੀ ਰਹੇ…’’ ਮੇਰੀ ਨਵੀਂ ਮੰਮੀ ਤੇ ਡੈਡੀ ਦਾ ਚਾਅ ਨਹੀਂ ਸੀ ਚੁਕਿਆ ਜਾਂਦਾ ਉਹ ਮੈਨੂੰ ਘੁੱਟ-ਘੁੱਟ ਕੇ ਹਿੱਕ ਨਾਲ ਲਾ ਰਹੇ ਸਨ ਉਨਾਂ ਨੇ ਮਹਿੰਗੀਆਂ ਫਰਾਕਾਂ ਤੇ ਮਹਿੰਗੇ ਤੋਹਫ਼ੇ ਦੇ ਕੇ ਮੇਰਾ ਸੁਆਗਤ ਕੀਤਾ । ਮੈਂ ਫਿਰ ਆਪਣੀ ਜਾਈ ਵੱਲ ਦੇਖਿਆ ਤਾਂ ਉਹ ਅੱਖਾਂ ਬੰਦ ਕਰਕੇ ਸਦਾ ਦੀ ਨੀਂਦ ਸੌਂ ਗਈ…ਹੁਣ ਮੈਂ ਨਵੀਂ ਮਾਂ ਨਾਲ ਜਹਾਜ ਰਾਹੀਂ ਅਹਿਮਾਬਾਦ ਆ ਗਈ । ਹੁਣ ਮੈਨੂੰ ਨੱਕ-ਬੁੱਲ ਨਹੀਂ ਰਜਵਾਂ ਪਿਆਰ ਮਿਲਦਾ ਹੈ ਤੇ ਮੈਂ ਅਮੀਰ ਘਰ ਦੀ ਇਕਲੌਤੀ ਸੰਤਾਨ ਹਾਂ ਇਹ ਸੀ ਮੇਰੀ ਨਵੀਂ ਜਿੰਦਗੀ ਦੀ ਸ਼ੁਰੂਆਤ…।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin