ਇਹ ਗੱਲ ਸੰਨ 1965 ਦੀ ਹੈ। ਜਦੋਂ ਮੈ ਦੂਸਰੀ ਕਲਾਸ ਵਿੱਚ ਪੜਦਾ ਸੀ। ਹਿੰਦ ਤੇ ਪਾਕਿ ਦੀ ਲੜਾਈ ਲੱਗੀ ਸੀ। ਟੈਂਕਾ ਅਤੇ ਗੋਲਿਆ ਦੀ ਬੰਬਾਰਮੈਂਟ ਹੋ ਰਹੀ ਸੀ। ਮੈਂ ਉਦੋਂ ਛੋਟਾ ਹੋਣ ਕਰ ਕੇ ਸਮਝ ਨਹੀਂ ਸਕਿਆ ਕੇ ਇਹ ਕੀ ਹੋ ਰਿਹਾ ਹੈ। ਸਕੂਲ ਵਿੱਚ ਮਾਸਟਰ ਜੀ ਨੇ ਸਾਨੂੰ ਬੱਚਿਆ ਨੂੰ ਇਕੱਠਿਆਂ ਕਰ ਕੇ ਸਮਝਾਇਆ ਕੇ ਜੰਗ ਲੱਗੀ ਹੈ। ਇਸ ਕਰ ਕੇ ਬਾਹਰ ਗਰਾਉਡ ਵਿੱਚ ਮੋਰਚੇ ਪੁੱਟੇ ਹਨ। ਜਦੋ ਵੀ ਸਕੂਲ ਦੀ ਘੰਟੀ ਵੱਜੇ ਤੁਸੀ ਕੰਨਾ ਦੇ ਵਿੱਚ ਰੂ ਲੈਕੇ ਮੂਧੇ ਪਾਸੇ ਮੋਰਚੇ ਵਿੱਚ ਲੇਟ ਜਾਣਾ ਹੈ। ਤਾਂ ਜੋ ਦੁਸ਼ਮਨ ਵੱਲੋਂ ਹੋੰਏ ਹਮਲੇ ਤੋਂ ਬਚਿਆ ਜਾ ਸਕੇ।ਅਸੀਂ ਜਦੋਂ ਵੀ ਘੰਟੀ ਵੱਜਦੀ ਮੋਰਚਿਆਂ ਚ ਲੇਟ ਜਾਂਦੇ ਦੁਬਾਰਾ ਜਦ ਫਿਰ ਘੰਟੀ ਵੱਜਦੀ ਕਲਾਸਾਂ ਚ ਆ ਜਾਂਦੇ।
ਜਿਸ ਦਿਨ ਜੰਗਬੰਦੀ ਹੋਈ ਸਾਡਾ ਸਾਰਾ ਪਰਵਾਰ ਕੋਠੇ ਦੇ ਉੱਪਰ ਪਰਾਲ਼ੀ ਪਾਕੇ ਬੈਠਾ ਰਿਹਾ ਸੀ ਤੇ ਸਹਿਮਿਆ ਪਿਆ ਸੀ। ਸਵੇਰ ਹੋਣ ਤੇ ਮੈਂ ਛੱਪੜ ਕੰਢੇ ਜੰਗਲ਼ ਪਾਣੀ ਕਰਣ ਗਿਆ ਤਾਂ ਮੈਨੂੰ 8 ਰੂਪੇ ਦੇ ਇੱਕ ਇੱਕ ਦੇ ਨੋਟ ਖੜਕਦੇ ਹੋਏ ਲੱਭੇ। ਮੈ ਆਪਣੀ ਟੈਰਾਲੀਨ ਦੀ ਕਮੀਜ ਵਿੱਚ ਇਕੱਠੇ ਕਰ ਕੇ ਪਾ ਲਏ। ਮੈ ਘਰ ਆਕੇ ਆਪਣੇ ਭਾਪਾ ਜੀ ਨੂੰ ਦੇ ਦਿੱਤੇ ਤੇ ਭਾਪਾ ਜੀ ਨੂੰ ਦੱਸ ਦਿੱਤਾ ਕੇ ਮੈਨੂੰ ਇਹ ਪੈਸੇ ਛੱਪੜ ਕੰਢੇ ਤੋ ਮਿਲੇ ਹਨ। ਮੇਰੇ ਭਾਪਾ ਜੀ ਜੋ ਹਿੱਕਮਤ ਦਾ ਕੰਮ ਕਰਦੇ ਸੀ, ਨੂੰ ਸਮਝਣ ਵਿੱਚ ਜ਼ਰਾ ਵੀ ਦੇਰੀ ਨਹੀਂ ਲੱਗੀ। ਉਨਾ ਸਮਝਿਆ ਜਿਸ ਦੇ ਪੈਸੇ ਗਵਾਚੇ ਹਨ ਉਹ ਜ਼ਰੂਰ ਲੱਭ ਰਿਹਾ ਹੋਵੇਗਾ। ਉਹ ਬਾਹਰ ਥੜੇ ‘ਤੇ ਆ ਗਏ। ਜਿੱਥੇ ਪਿੰਡ ਦਾ ਲਾਂਘਾ ਸੀ। ਸਾਡੇ ਪਿੰਡ ਦਾ ਕਿਸਾਨ ਜੋ ਜਿਨਸ ਵੇਚ ਕੇ ਆਇਆ ਸੀ। ਜਿਸ ਦੇ ਜਿਨਸ ਦੇ ਵੱਟੇ ਹੋਏ ਪੈਸੇ ਗੁਵਾਚੇ ਸਨ। ਘਬਰਾਇਆ ਹੋਇਆ ਬਾਰ-ਬਾਰ ਚੱਕਰ ਲਗਾ ਰਿਹਾ ਸੀ।ਭਾਪਾ ਜੀ ਨੇ ਉਸ ਨੂੰ ਪੁੱਛਿਆਂ ਕੇ ਚੈਚਲ ਸਿੰਘਾਂ ਤੂੰ ਕਿਉਂ ਘਬਰਾਇਆ ਹੈ। ਮੇਰੇ ਭਾਪਾ ਜੀ ਨੂੰ ਕਹਿੰਦਾ ਬਾਬਾ ਜੀ ਮੇਰੇ ਪੈਸੇ ਅੱਠ ਰੂਪੇ ਕਿਤੇ ਡਿੱਗ ਪਏ ਹਨ। ਘਰ ਵਾਲੀ ਨੇ ਬੂਹਾ ਬੰਦ ਕਰ ਦਿੱਤਾ ਹੈ। ਉਨਾਂ ਚਿਰ ਬੂਹਾ ਨਹੀਂ ਖੋਹਲਣਾ ਜਿੰਨਾ ਚਿਰ ਪੈਸੇ ਲੈ ਕੇ ਨਹੀਂ ਆਉਦਾ। ਮੇਰੇ ਭਾਪਾ ਜੀ ਨੇ ਸਾਰੀ ਗੱਲ ਦੱਸ ਉਸ ਨੂੰ ਪੈਸੇ ਦੇ ਦਿੱਤੇ। ਉਸ ਦਿਨ ਹਿੰਦ ਦੀ ਪਾਕਿ ਤੇ ਜਿੱਤ ਦੀ ਖ਼ੁਸ਼ੀ ਤਾ ਚੈਚਲ ਸਿੰਘ ਨੂੰ ਹੋਈ ਸੀ ਉਸ ਤੋ ਵੱਧ ਉਸ ਨੂੰ ਪੈਸੇ ਮਿਲਨ ਦੀ ਹੋਈ ਸੀ। ਇਸ ਲੜਾਈ ਦੇ ਵਿੱਚ ਸਾਡੇ ਪਿੰਡ ਦਾ ਮੁੰਡਾ ਸ਼ਹੀਦ ਹੋਇਆ ਸੀ। ਸਾਰਾ ਪਿੰਡ ਜਦੋਂ ਉਸ ਦੀ ਲੋਥ ਘਰ ਆਈ ਸੀ ਉਨਾਂ ਦੇ ਘਰ ਢੁੱਕਿਆ ਸੀ। ਜਿਸ ਤਰਾਂ ਸ਼ਹੀਦ ਦੀ ਮਾਤਾ ਵਰਲਾਪ ਕਰ ਰਹੀ ਸੀ ਤੇ ਬਹੋਸ਼ ਹੋਕੇ ਡਿੱਗ ਗਈ ਸੀ ਸਾਰਾ ਪਿੰਡ ਉਸ ਸ਼ਹੀਦ ਦੇ ਸ਼ਹੀਦ ਹੋਣ ਤੇ ਅੱਥਰੂ ਵਹਾ ਰਿਹਾ ਸੀ।
ਲੜਾਈ ਦਾ ਉਨਾਂ ਲੋਕਾ ਤੋ ਪੁੱਛੋ ਜਿੰਨਾ ਨੇ ਆਪਣੇ ਪਿੰਡੇ ਤੇ ਸੱਭ ਕੁੱਛ ਹੰਡਾਇਆ ਹੈ। ਆਉਣ ਵਾਲੀਆ ਪੀੜੀਆ ਉਨਾ ਤੋ ਸਬਕ ਸਿੱਖਣ ਤਾਂ ਜੋ ਇਹ ਇਤਹਾਸ ਦੁਬਾਰਾ ਕਦੀ ਵੀ ਦੁਹਰਾਇਆ ਨਾ ਜਾ ਸਕੇ। ਲੜਾਈਆ ਦਾ ਸੱਭ ਤੋ ਜਿਆਦਾ ਨੁਕਸਾਨ ਪੰਜਾਬ ਦਾ ਹੀ ਹੋਇਆ ਹੈ।ਸਾਡੇ ਗੁਰੂਆ ਨੇ ਸਮੁੱਚੀ ਕੋਮ,ਸਮਾਜ ਨੂੰ ਫਿਰਕੂ ਭਾਵਨਾ ਤੋਂ ਉੱਪਰ ਉਠ ਕੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ। ਪੰਜਾਬ ਅਤੇ ਪੂਰੇ ਮੁਲਕ ਵਿੱਚ ਫਿਰਕੂ ਭਾਵਨਾਂ ਤੋ ਉੱਪਰ ਉਠ ਕੇ ਅਮਨ ਸ਼ਾਂਤੀ ਬਹਾਲ ਕੀਤੀ ਜਾਣੀ ਚਾਹੀਦੀ ਹੈ।
– ਗੁਰਮੀਤ ਸਿੰਘ ਵੇਰਕਾ