Articles

1947 ਵਿੱਚ ਵਾਪਰੀ ਗਦਰ ਫਿਲਮ ਵਰਗੀ ਅਸਲੀ ਪ੍ਰੇਮ ਕਹਾਣੀ !

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਭਾਰਤ ਪਾਕ ਵੰਡ ਦੀ ਤਰਾਸਦੀ ਨੂੰ ਦਰਸਾਉਂਦੀ ਸੰਨੀ ਦਿਉਲ ਦੀ ਫਿਲਮ ਗਦਰ ਸਾਰੇ ਭਾਰਤ ਵਿੱਚ ਸੁਪਰ ਹਿੱਟ ਹੋਈ ਸੀ। ਇਸ ਫਿਲਮ ਨਾਲ ਮਿਲਦੀ ਜੁਲਦੀ ਇੱਕ ਅਸਲ ਪ੍ਰੇਮ ਕਹਾਣੀ 1947 ਵਿੱਚ ਸੱਚਮੁੱਚ ਅੰਮ੍ਰਿਤਸਰ ਵਿਖੇ ਵਾਪਰੀ ਸੀ। ਅੰਮ੍ਰਿਤਸਰ ਹਾਲ ਬਜ਼ਾਰ ਦੇ ਨਜ਼ਦੀਕ ਇੱਕ ਬਜ਼ਾਰ ਵਿੱਚ ਕੱਪੜੇ ਸਿਉਣ ਦੀ ਬਹੁਤ ਮਸ਼ਹੂਰ ਦੁਕਾਨ ਕਰੋੜ ਟੇਲਰਜ਼ (ਨਾਮ ਬਦਲਿਆ ਹੋਇਆ) ਅੱਜ ਵੀ ਮੌਜੂਦ ਹੈ। ਇਹ ਦੁਕਾਨ ਕਰੋੜ ਸਿੰਘ (ਨਾਮ ਬਦਲਿਆ ਹੋਇਆ) ਨਾਮਕ ਦਰਜ਼ੀ ਦੇ ਬਾਪ ਨੇ ਅਜ਼ਾਦੀ ਤੋਂ ਪਹਿਲਾਂ ਸ਼ੁਰੂ ਕੀਤੀ ਸੀ ਤੇ ਅੱਜ ਕਲ੍ਹ ਇਸ ਨੂੰ ਕਰੋੜ ਸਿੰਘ ਦੇ ਪੁੱਤ ਪੋਤਰੇ ਸਫਲਤਾ ਨਾਲ ਚਲਾ ਰਹੇ ਹਨ। 1947 ਤੋਂ ਦੋ ਤਿੰਨ ਸਾਲ ਪਹਿਲਾਂ ਕਰੋੜ ਸਿੰਘ ਦਾ ਇੱਕ ਮੁਸਲਿਮ ਪਰਿਵਾਰ ਦੀ ਲੜਕੀ ਸਲਮਾ (ਨਾਮ ਬਦਲਿਆ ਹੋਇਆ) ਨਾਲ ਇਸ਼ਕ ਪੇਚਾ ਪੈ ਗਿਆ। ਜਦੋਂ ਸਲਮਾ ਅਤੇ ਕਰੋੜ ਸਿੰਘ ਦੇ ਪਰਿਵਾਰ ਨੂੰ ਇਸ ਪ੍ਰੇਮ ਕਹਾਣੀ ਬਾਰੇ ਪਤਾ ਚੱਲਿਆ ਤਾਂ ਘਰਾਂ ਵਿੱਚ ਪੁਆੜਾ ਪੈ ਗਿਆ। ਕਰੋੜ ਸਿੰਘ ਦਾ ਪਿਤਾ ਕੱਟੜ ਆਰੀਆ ਸਮਾਜੀ ਸੀ ਤੇ ਲੜਕੀ ਦਾ ਪਿਤਾ ਵੀ ਮੁਸਲਿਮ ਲੀਗ ਨਾਲ ਜੁੜਿਆ ਹੋਇਆ ਸੀ। ਦੋਵਾਂ ਧਿਰਾਂ ਵਿੱਚ ਜੰਮ ਕੇ ਲੜਾਈ ਝਗੜਾ ਹੋਇਆ ਤੇ ਸ਼ਹਿਰ ਵਿੱਚ ਫਿਰਕੂ ਦੰਗੇ ਭੜਕ ਪੈਣ ਦਾ ਖਤਰਾ ਪੈਦਾ ਹੋ ਗਿਆ। ਸਲਮਾ ਦੀ ਵੀ ਰੱਜ ਕੇ ਮਾਰ ਕੁਟਾਈ ਕੀਤੀ ਗਈ। ਜਦੋਂ ਕਿਸੇ ਪਾਸੇ ਵਾਹ ਨਾ ਚੱਲੀ ਤਾਂ ਮਜ਼ਬੂਰ ਹੋ ਕੇ ਕਰੋੜ ਸਿੰਘ ਸਲਮਾ ਨੂੰ ਲੈ ਕੇ ਸ਼ਹਿਰ ਤੋਂ ਫਰਾਰ ਹੋ ਗਿਆ। ਜਦੋਂ ਕਾਫੀ ਭਾਲ ਕਰਨ ‘ਤੇ ਵੀ ਸਲਮਾ ਨਾ ਲੱਭੀ ਤਾਂ ਉਸ ਦੇ ਪਰਿਵਾਰ ਵਾਲੇ ਸਬਰ ਦਾ ਘੁੱਟ ਭਰ ਕੇ ਰਹਿ ਗਏ ਪਰ ਉਨ੍ਹਾਂ ਦੇ ਦਿਲ ਵਿੱਚ ਬਦਲਾ ਲੈਣ ਦੀ ਅੱਗ ਹਮੇਸ਼ਾਂ ਭਖਦੀ ਰਹੀ।
15 ਅਗਸਤ 1947 ਨੂੰ ਦੇਸ਼ ਅਜ਼ਾਦ ਹੋ ਗਿਆ ਤੇ ਪੰਜਾਬ ਸਮੇਤ ਸਾਰੇ ਦੇਸ਼ ਵਿੱਚ ਭਿਆਨਕ ਫਿਰਕੂ ਹਿੰਸਾ ਭੜਕ ਉੱਠੀ। ਬਾਕੀ ਲੋਕਾਂ ਵਾਂਗ ਸਲਮਾ ਦਾ ਪਰਿਵਾਰ ਵੀ ਜਾਨ ਬਚਾ ਕੇ ਪਾਕਿਸਤਾਨ ਪਹੁੰਚ ਗਿਆ ਤੇ ਉਨ੍ਹਾਂ ਨੂੰ ਲਾਹੌਰ ਦੇ ਨਜ਼ਦੀਕ ਕਿਸੇ ਪਿੰਡ ਵਿੱਚ ਕੁਝ ਜ਼ਮੀਨ ਅਲਾਟ ਹੋ ਗਈ। ਉਨ੍ਹਾਂ ਦੇ ਜਾਣ ਤੋਂ ਮਹੀਨੇ ਕੁ ਬਾਅਦ ਕਰੋੜ ਸਿੰਘ ਨੇ ਵੀ ਆਣ ਸਿਰੀ ਕੱਢੀ ਕਿਉਂਕਿ ਹੁਣ ਉਸ ਨੂੰ ਸਲਮਾ ਦੇ ਪਰਿਵਾਰ ਦਾ ਡਰ ਖਤਮ ਹੋ ਚੁੱਕਾ ਸੀ। ਜਦੋਂ ਉਹ ਘਰ ਪਹੁੰਚਿਆ ਤਾਂ ਸਲਮਾ ਦੀ ਕੁੱਛੜ ਚਾਰ ਕੁ ਮਹੀਨੇ ਦਾ ਲੜਕਾ ਵੇਖ ਕੇ ਕਰੋੜ ਸਿੰਘ ਦਾ ਪਰਿਵਾਰ ਖੁਸ਼ ਹੋ ਗਿਆ। ਕਰੋੜ ਸਿੰਘ ਦਾ ਪਿਉ ਮਹੀਨਾ ਕੁ ਤਾਂ ਦੁਖੀ ਰਿਹਾ ਪਰ ਔਲਾਦ ਆਖਰ ਔਲਾਦ ਹੁੰਦੀ ਹੈ ਤੇ ਕਰੋੜ ਸਿੰਘ ਉਸ ਦੀ ਇੱਕਲੌਤੀ ਸੰਤਾਨ ਸੀ। ਆਖਰ ਉਸ ਨੇ ਵੀ ਕਰੋੜ ਸਿੰਘ ਦੀ ਪਤਨੀ ਨੂੰ ਆਪਣੀ ਨੂੰਹ ਸਵੀਕਾਰ ਕਰ ਲਿਆ। ਪਰ ਕੁਦਰਤ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। ਕਰੋੜ ਸਿੰਘ ਅਤੇ ਸਲਮਾ ਲਈ ਮੁਸੀਬਤ ਅਜੇ ਖਤਮ ਨਹੀਂ ਸੀ ਹੋਈ। ਵੰਡ ਤੋਂ ਡੇਢ ਦੋ ਮਹੀਨੇ ਬਾਅਦ ਭਾਰਤ ਪਾਕਿ ਵਿੱਚ ਸਮਝੌਤਾ ਹੋ ਗਿਆ ਕਿ ਦੰਗਿਆਂ ਦੌਰਾਨ ਅਗਵਾ ਕੀਤੀਆਂ ਗਈਆਂ ਔਰਤਾਂ ਆਪੋ ਆਪਣੇ ਦੇਸ਼ਾਂ ਨੂੰ ਵਾਪਸ ਭੇਜੀਆਂ ਜਾਣ। ਦੋਵਾਂ ਦੇਸ਼ਾਂ ਦੀ ਫੌਜ ਅਜਿਹੀਆਂ ਔਰਤਾਂ ਨੂੰ ਲੱਭ ਕੇ ਸਰਹੱਦਾਂ ਤੋਂ ਪਾਰ ਭੇਜਣ ਲੱਗੀ। ਕਰੋੜ ਸਿੰਘ ਦੇ ਸਹੁਰਿਆਂ ਵੀ ਨੂੰ ਕਿਸੇ ਤਰਾਂ ਪਤਾ ਲੱਗ ਗਿਆ ਕਿ ਸਲਮਾ ਅੰਮ੍ਰਿਤਸਰ ਵਾਪਸ ਆ ਗਈ ਹੈ। ਉਨ੍ਹਾਂ ਨੇ ਪਾਕਿਸਤਾਨ ਵਿੱਚ ਸਬੰਧਿਤ ਮਹਿਕਮੇ ਨੂੰ ਸ਼ਿਕਾਇਤ ਕਰ ਦਿੱਤੀ ਕਿ ਉਨ੍ਹਾਂ ਦੀ ਲੜਕੀ ਵੀ ਅਗਵਾ ਕਰ ਕੇ ਜਬਰਦਸਤੀ ਫਲਾਣੇ ਥਾਂ ‘ਤੇ ਰੱਖੀ ਹੋਈ ਹੈ। ਇੱਕ ਦਿਨ ਤੜਕੇ ਹੀ ਭਾਰਤੀ ਫੌਜ ਦੀ ਇੱਕ ਟੁਕੜੀ ਪੁਲਿਸ ਸਮੇਤ ਕਰੋੜ ਸਿੰਘ ਦੇ ਘਰ ਆਣ ਧਮਕੀ। ਸਲਮਾ ਨੇ ਬਥੇਰੀ ਹਾਲ ਪਾਹਰਿਆ ਮਚਾਈ ਕਿ ਉਸ ਦੀ ਸ਼ਾਦੀ ਤਾਂ ਉਸ ਦੀ ਮਰਜ਼ੀ ਨਾਲ ਵੰਡ ਤੋਂ ਕਈ ਸਾਲ ਪਹਿਲਾਂ ਹੀ ਹੋ ਗਈ ਸੀ ਤੇ ਉਹ ਹੁਣ ਪਾਕਿਸਤਾਨ ਨਹੀਂ ਜਾਣਾ ਚਾਹੁੰਦੀ। ਪਰ ਹੁਕਮ ਦੀ ਬੱਝ੍ਹੀ ਫੌਜ ਨੇ ਉਸ ਦੀ ਕੋਈ ਗੱਲ ਨਾ ਸੁਣੀ ਤੇ ਉਸ ਨੂੰ ਧੂਹ ਕੇ ਟਰੱਕ ਵਿੱਚ ਸੁੱਟ ਦਿੱਤਾ ਗਿਆ। ਉਸ ਦਾ ਬੇਟਾ ਕਰੋੜ ਸਿੰਘ ਕੋਲ ਹੀ ਰਹਿ ਗਿਆ।
ਕਰੋੜ ਸਿੰਘ ਸਦਮੇ ਨਾਲ ਇੱਕ ਤਰਾਂ ਨਾਲ ਪਾਗਲ ਜਿਹਾ ਹੋ ਗਿਆ। ਕੁਝ ਦਿਨਾਂ ਬਾਅਦ ਉਸ ਨੇ ਸੁਰਤ ਸੰਭਲੀ ਤਾਂ ਉਹ ਥਾਣਾ ਲੋਪੋਕੇ (ਹੁਣ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ) ਦੇ ਪਿੰਡ ਮਾਨਾਂਵਾਲੇ ਦੇ ਆਪਣੇ ਗੂੜ੍ਹੇ ਯਾਰ ਬਾਬੇ ਸੁੱਖਾ ਸਿੰਘ ਕੋਲ ਪਹੁੰਚ ਗਿਆ ਤੇ ਆਪਣੀ ਦਰਦ ਕਹਾਣੀ ਸੁਣਾਈ। ਉਸ ਨੇ ਰੋਂਦੇ ਹੋਏ ਸੁੱਖਾ ਸਿੰਘ ਦੇ ਗਲ ਲੱਗ ਕੇ ਦੱਸਿਆ ਕਿ ਜੇ ਉਸ ਨੂੰ ਸਲਮਾ ਨਾ ਮਿਲੀ ਤਾਂ ਉਹ ਖੁਦਕੁਸ਼ੀ ਕਰ ਲਵੇਗਾ। ਸੁੱਖਾ ਸਿੰਘ ਨੇ ਉਸ ਨੂੰ ਹੌਂਸਲਾ ਬੰਨ੍ਹਾਇਆ ਕਿ ਘਬਰਾ ਨਾ, ਤੇਰਾ ਕੋਈ ਹੀਲਾ ਵਸੀਲਾ ਕਰਦੇ ਹਾਂ। ਸੁੱਖਾ ਸਿੰਘ ਸਮੱਗਲਿੰਗ ਕਰਦਾ ਸੀ ਤੇ ਉਸ ਦਾ ਪਾਕਿਸਤਾਨ ਵਿੱਚ ਆਮ ਹੀ ਆਉਣ ਜਾਣ ਸੀ। ਉਸ ਨੇ ਆਪਣੇ ਸਾਥੀ ਪਾਕਿਸਤਾਨੀ ਸਮੱਗਲਰਾਂ ਰਾਹੀਂ ਦਸ ਕੁ ਦਿਨਾਂ ਵਿੱਚ ਹੀ ਸੂਹ ਕੱਢ ਲਈ ਕਿ ਸਲਮਾ ਦੇ ਪੇਕੇ ਕਿਸ ਪਿੰਡ ਵਿੱਚ ਬੈਠੇ ਹਨ। ਉਹ ਪਿੰਡ ਭਾਰਤ ਪਾਕਿ ਸਰੱਹਦ ਦੇ ਨਜ਼ਦੀਕ ਹੀ ਸੀ। ਇੱਕ ਰਾਤ ਸੁੱਖਾ ਸਿੰਘ ਕਰੋੜ ਸਿੰਘ ਨੂੰ ਲੈ ਕੇ ਬਾਰਡਰ ਟੱਪ ਗਿਆ ਤੇ ਉਸ ਨੂੰ ਸਲਮਾ ਦੇ ਪਿੰਡ ਦੇ ਨਜ਼ਦੀਕ ਰਹਿਣ ਵਾਲੇ ਆਪਣੇ ਇੱਕ ਬਹੁਤ ਹੀ ਵਿਸ਼ਵਾਸ਼ਪਾਤਰ ਸਾਥੀ ਦੇ ਹਵਾਲੇ ਕਰ ਆਇਆ। ਕਰੋੜ ਸਿੰਘ ਨੇ ਮੁਸਲਮਾਨਾਂ ਵਰਗਾ ਭੇਸ ਬਣਾ ਲਿਆ ਤੇ ਚੂੜੀਆਂ ਵੇਚਣ ਵਾਲਾ ਬਣ ਕੇ ਸਲਮਾ ਦੇ ਪਿੰਡ ਵਿੱਚ ਘੁੰਮਣ ਲੱਗਾ। ਸਲਮਾ ਦੇ ਪਰਿਵਾਰ ਦੇ ਖਾਬੋ-ਖਿਆਲ ਵਿੱਚ ਵੀ ਨਹੀਂ ਸੀ ਕਿ ਕਰੋੜ ਸਿੰਘ ਪਾਕਿਸਤਾਨ ਆਉਣ ਦੀ ਹਿੰਮਤ ਵੀ ਕਰ ਸਕਦਾ ਹੈ। ਇਸ ਕਾਰਨ ਸਲਮਾ ‘ਤੇ ਹੁਣ ਕੋਈ ਪਹਿਰਾ ਨਹੀਂ ਸੀ ਤੇ ਉਸ ਦੀ ਦੂਸਰੀ ਸ਼ਾਦੀ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਕਰੋੜ ਸਿੰਘ ਦੀ ਜਲਦੀ ਹੀ ਚੂੜੀਆਂ ਚੜ੍ਹਾਉਣ ਦੇ ਬਹਾਨੇ ਸਲਮਾ ਨਾਲ ਮੁਲਾਕਾਤ ਹੋ ਗਈ ਤੇ ਦੋਵਾਂ ਨੇ ਫਰਾਰ ਹੋਣ ਦਾ ਪ੍ਰੋਗਰਾਮ ਪੱਕਾ ਕਰ ਲਿਆ। ਦੋ ਤਿੰਨ ਦਿਨ ਬਾਅਦ ਹੀ ਇੱਕ ਰਾਤ ਨੂੰ ਸਲਮਾ ਕਰੋੜ ਸਿੰਘ ਨਾਲ ਫਰਾਰ ਹੋ ਗਈ। ਸੁੱਖਾ ਸਿੰਘ ਦਾ ਸਾਥੀ ਘੋੜੀਆਂ ਲੈ ਕੇ ਪਿੰਡ ਦੇ ਬਾਹਰ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਸਿਰਫ ਡੇਢ ਕੁ ਘੰਟੇ ਵਿੱਚ ਹੀ ਉਹ ਬਾਰਡਰ ਟੱਪ ਕੇ ਭਾਰਤ ਵਾਲੇ ਪਾਸੇ ਆ ਗਏ ਤੇ ਅਟਾਰੀ ਤੋਂ ਟਾਂਗਾ ਲੈ ਕੇ ਅੰਮ੍ਰਿਤਸਰ ਪਹੁੰਚ ਗਏ। ਇਸ ਤੋਂ ਬਾਅਦ ਸਲਮਾ ਦੇ ਪਰਿਵਾਰ ਨੇ ਉਨ੍ਹਾਂ ਦਾ ਖਹਿੜਾ ਛੱਡ ਦਿੱਤਾ। ਦੋਵਾਂ ਨੇ ਪਿਆਰ ਭਰੀ ਭਰਪੂਰ ਜ਼ਿੰਦਗੀ ਬਤੀਤ ਕੀਤੀ ਤੇ ਕਈ ਪੁੱਤ ਪੋਤਰਿਆਂ ਦੇ ਭਰੇ ਪੂਰੇ ਪਰਿਵਾਰ ਨੂੰ ਛੱਡ ਕੇ ਰੱਬ ਨੂੰ ਪਿਆਰੇ ਹੋਏ।
ਜਦੋਂ ਗਦਰ ਫਿਲਮ ਆਈ ਸੀ ਤਾਂ ਕਈ ਮਖੌਲੀਏ ਯਾਰ ਬੇਲੀ ਉਸ ਦੇ ਪੁੱਤ ਪੋਤਰਿਆਂ ਨੂੰ ਮਜ਼ਾਕ ਕਰਦੇ ਹੁੰਦੇ ਸੀ ਕਿ ਤੁਸੀਂ ਫਿਲਮ ਦੇ ਡਾਇਰੈਕਟਰ ‘ਤੇ ਕੇਸ ਕਰ ਦਿਉ, ਕਿਉਂਕਿ ਉਸ ਨੇ ਤੁਹਾਡੇ ਬਜ਼ੁਰਗ ਦੀ ਇਸ਼ਕ ਕਹਾਣੀ ਚੋਰੀ ਕੀਤੀ ਹੈ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin