Culture Articles

ਸਾਉਣ ਮਹੀਨੇ ਦੇ ਖੀਰ-ਪੂੜੇ…

ਲੇਖਕ: ਗੁਰਜੀਤ ਕੌਰ “ਮੋਗਾ”

ਪੁਰਾਣੇ ਸਮਿਆਂ ਤੋਂ ਸਾਡੇ ਦੇਸ਼ ਦਾ ਸੱਭਿਆਚਾਰ ਅਮੀਰ ਮੰਨਿਆ ਜਾਂਦਾ ਹੈ। ਹਰ ਕੋਈ ਸਾਡੇ ਅਮੀਰ ਵਿਰਸੇ ਤੋਂ ਪ੍ਰਭਾਵਤ ਹੈ। ਤਕਰੀਬਨ ਹਰ ਦੇਸੀ ਮਹੀਨੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਸੱਭਿਆਚਾਰ ਦੀ ਸਾਂਝ ਹੈ।

ਉਹ ਚਾਹੇ ਤਿਓਹਾਰ ਹੋਣ ਮੇਲੇ ਜਾਂ ਪਕਵਾਨ, ਸਰਦੀਆਂ ਦੇ ਮੌਸਮ ਵਿੱਚ  ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ  ਸਾਉਣ ਦੇ ਮਹੀਨੇ ਦੇ ਖੀਰ ਪੂੜੇ ਸਾਡੇ ਪ੍ਰਸਿੱਧ ਪਕਵਾਨ ਹਨ। ਸਾਉਣ ਮਹੀਨੇ ਦੇ ਚੜ੍ਹਦਿਆਂ ਹੀ ਹਰ ਬੱਚੇ, ਬੁੱਢੇ, ਜਵਾਨ ਸਭ ਨੂੰ ਬੜੀ ਬੇਸਬਰੀ ਨਾਲ ਮੋਹਲੇਧਾਰ ਵਰਖਾ ਦਾ ਇੰਤਜ਼ਾਰ ਹੁੰਦਾ ਹੈ। ਅਸਮਾਨ ਵਿਚ ਛਾਈਆਂ ਕਾਲੀਆਂ ਘਟਾਵਾਂ ਜਦੋਂ ਆਪਣੇ ਜੋਬਨ ਤੇ ਹੁੰਦੀਆਂ ਹਨ। ਸਾਰੇ ਪਾਸੇ ਜਲ ਥਲ ਹੋ ਜਾਂਦੀ ਹੈ। ਧਰਤੀ ਦਾ ਹਰੇਕ ਜੀਵ ਅਨੰਦਿਤ ਹੋ ਉੱਠਦਾ ਹੈ। ਇਹ ਗਰਮੀ ਤੋਂ ਨਿਜਾਤ ਮਿਲਣ ਦਾ ਸਭ ਤੋਂ ਉੱਤਮ ਮਹੀਨਾ ਮੰਨਿਆ ਜਾਂਦਾ ਹੈ।
ਪੁਰਾਣੇ ਸਮਿਆਂ ਵਿੱਚ ਸਾਉਣ ਮਹੀਨੇ ਵਿੱਚ ਘਰਾਂ ਵਿੱਚ ਤੇਲ ਸਾੜਨਾ ਸ਼ੁਭ ਮੰਨਿਆ ਜਾਂਦਾ ਸੀ। ਜਿਸ ਦਿਨ ਵੀ ਖੁੱਲ੍ਹ ਕੇ ਬਾਰਸ਼ ਹੁੰਦੀ ਹਰ ਘਰ ਵਿੱਚ ਖੀਰ, ਪੂੜੇ, ਗੁਲਗਲੇ ਆਦਿ ਬਣਾਏ ਜਾਂਦੇ ਸਨ। ਘਰਾਂ ਦੀਆਂ ਸਿਆਣੀ ਉਮਰ ਦੀਆਂ ਸੁਆਣੀਆਂ ਖੀਰ ਪੂੜੇ ਆਦਿ ਬਣਾਉਣ ਦਾ ਆਹਰ ਕਰਨ ਲੱਗ ਜਾਂਦੀਆਂ ਸਨ। ਪੂੜੇ ਬਣਾਉਣੇ ਵੀ ਇੱਕ ਕਲਾ ਹੈ। ਇਹ ਵੀ ਮਾਹਿਰ ਔਰਤ ਹੀ ਬਣਾ ਸਕਦੀ ਹੈ।ਅੱਧਾ ਕਿਲੋ ਗੁੜ ਭਿਓਂ ਕੇ ਉਸ ਵਿੱਚ ਕਿੱਲੋ ਆਟਾ ਪਾ ਕੇ ਪਤਲਾ ਘੋਲ ਤਿਆਰ ਕੀਤਾ ਜਾਂਦਾ ਹੈ। ਫਿਰ ਲੋਹੇ ਦੇ ਸਾਫ਼ ਤਵੇ ਤੇ ਸਰ੍ਹੋਂ ਦਾ ਤੇਲ ਲਗਾ ਕੇ ਕੜਛੀ  ਨਾਲ ਉਸ ਉੱਪਰ ਘੋਲ ਪਾਇਆ ਜਾਂਦਾ ਹੈ ਤੇ ਪਿੱਪਲ ਦੇ ਪੱਤੇ ਨਾਲ ਉਸ ਨੂੰ ਤਵੇ ਤੇ ਵਿਛਾਇਆ ਜਾਂਦਾ ਹੈ ਫਿਰ ਕਰਦ ਜਾਂ ਖੁਰਚਣੇ ਦੀ ਮਦਦ ਨਾਲ ਇਸ ਨੂੰ ਤਵੇ ਤੋਂ ਚੁੱਕਿਆ ਜਾਂਦਾ ਹੈ। ਦੋਨੋਂ ਪਾਸੋ ਸੇਕ ਕੇ ਪੂੜਾ ਤਿਆਰ ਕੀਤਾ ਜਾਂਦਾ ਹੈ ਗੁੜ ਤੇ ਤੇਲ ਦੀ ਮਹਿਕ  ਪੂਰੇ ਚੌਗਿਰਦੇ ਨੂੰ ਮਹਿਕਾ ਦਿੰਦੀ ਹੈ। ਫ਼ਿਜ਼ਾਵਾਂ ਵਿੱਚ ਘੁਲੀ ਮਹਿਕ ਪੂਰੇ ਵਾਤਾਵਰਨ ਨੂੰ ਸੁਗੰਧਿਤ ਕਰ ਦਿੰਦੀ ਹੈ ਬੱਚੇ ,ਬੁੱਢੇ, ਜਵਾਨ ਸਭ ਰਲ ਮਿਲ ਕੇ ਖ਼ੁਸ਼ੀ ਦੇ ਚਾਅ ਨਾਲ ਖੀਰ ਪੂੜੇ ਖਾਣ ਦਾ ਆਨੰਦ ਮਾਣਦੇ ਹਨ। ਪਹਿਲੇ ਸਮਿਆਂ ਵਿੱਚ ਪਿੰਡਾਂ ਥਾਵਾਂ ਵਿੱਚ ਆਪਸੀ ਭਾਈਚਾਰਕ ਸਾਂਝ ਹੁੰਦੀ ਸੀ। ਖੀਰ ਪੂੜਿਆਂ ਦਾ ਆਦਾਨ ਪ੍ਰਦਾਨ ਵੀ ਗਲੀ ਗੁਆਂਢ ਕੀਤਾ ਜਾਂਦਾ ਸੀ ਘਰ ਦੀਆਂ ਸੁਆਣੀਆਂ ਸਾਰਾ ਸਾਰਾ ਦਿਨ ਚੁੱਲ੍ਹੇ ਅੱਗੇ  ਗੁਜ਼ਾਰ ਦਿੰਦੀਆਂ ਸਨ। ਤਨ, ਮਨ ਨਾਲ ਖਿੜੇ ਮੱਥੇ ਤਿਆਰ ਕੀਤੀ ਚੀਜ਼ ਵੀ ਅੰਤਾਂ ਦੀ ਸੁਆਦਲੀ ਹੁੰਦੀ ਸੀ। ਇੱਕ ਘਰ ਬਣਦੀ ਚੀਜ਼ ਦੀ ਮਹਿਕ ਕੰਧਾਂ ਕੌਲੇ ਟੱਪ ਕੇ ਗਲੀ ਗੁਆਂਢ ਵੀ ਦਸਤਕ ਦੇਂਦੀ ਤੇ ਖੁਸ਼ਬੂਆਂ ਖਿਲਾਰ ਦੀ ਤਾਂ ਸਾਰੇ ਖੀਰ ਪੂੜੇ ਖਾਣ ਲਈ ਉਤਾਵਲੇ ਹੋ ਜਾਂਦੇ। ਚੀਜ਼ਾਂ ਦਾ  ਲੈਣ ਦੇਣ ਭਾਈਚਾਰਕ ਸਾਂਝ ਨੂੰ ਹੋਰ ਵੀ ਗੂੜ੍ਹਾ ਕਰਦਾ ਸੀ। ਦਿਨ ਵੇਲੇ ਦੇ ਖਾਧੇ ਖੀਰ ਪੂੜੇ ਰਾਤ ਤਕ ਭੁੱਖ ਨਹੀਂ ਸਨ ਲੱਗਣ ਦਿੰਦੇ। ਘਰਾਂ ਵਿੱਚ ਸਰ੍ਹੋਂ ਦੀ  ਘਾਣੀ ਕਢਵਾ ਕੇ ਸ਼ੁੱਧ ਤੇ ਸਾਫ਼ ਤੇਲ ਵਰਤਿਆ ਜਾਂਦਾ ਸੀ ਪਿੰਡਾਂ ਥਾਵਾਂ ਵਿੱਚ ਗੁੜ ਤਿਆਰ ਕਰਨ ਲਈ ਕੁਲਹਾੜੇ ਲੱਗੇ ਹੁੰਦੇ ਸਨ। ਹੱਥੀਂ ਤਿਆਰ ਕੀਤਾ ਗੁੜ ਵੀ ਘਰਾਂ ਚ ਆਮ ਹੁੰਦਾ ਸੀ ਮਿਲਾਵਟ ਰਹਿਤ ਚੀਜ਼ਾਂ ਮਿਲਦੀਆਂ ਸਨ ਜੋ ਕਿ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੀਆਂ ਸਨ।
ਪ੍ਰੰਤੂ ਅਜੋਕੇ ਸਮੇਂ ਵਿੱਚ ਹਰ ਚੀਜ਼ ਮਿਲਾਵਟੀ ਹੋ ਗਈ ਹੈ। ਚੰਦ ਪੈਸਿਆਂ ਖਾਤਰ ਮਨੁੱਖੀ ਜਾਨਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਮਿਲਾਵਟੀ ਚੀਜ਼ਾਂ ਖਾਣ ਨਾਲ ਨਵੀਂਆਂ ਨਵੀਆਂ ਬੀਮਾਰੀਆਂ ਜਨਮ ਲੈ ਰਹੀਆਂ ਹਨ। ਪਰ ਅਫ਼ਸੋਸ ਇਹ ਗੋਰਖ ਧੰਦਾ ਰਲੀ ਭੁਗਤ ਨਾਲ ਚੱਲ ਰਿਹਾ ਹੈ। ਦੂਜੇ ਪਾਸੇ ਸਾਡੀ ਅੱਜ ਦੀ ਪੀੜ੍ਹੀ ਬਰਗਰ, ਪੀਜ਼ੇ, ਜੰਕ ਫੂਡ, ਮੈਗੀ ਵਰਗੀਆਂ ਚੀਜ਼ਾਂ ਖਾਣ ਨੂੰ ਪਹਿਲ ਦਿੰਦੀ ਹੈ ਜੋ ਸਿਹਤ ਲਈ ਅਤਿ ਘਾਤਿਕ ਸਿੱਧ ਹੋ ਰਹੀਆਂ ਹਨ। ਆਓ ਫਿਰ ਤੋਂ ਘਰਾਂ ਵਿੱਚ ਤਿਆਰ ਕੀਤੀਆਂ ਸਾਫ ਸੁਥਰੀਆਂ ਵਸਤੂਆਂ ਖਾਣ ਨੂੰ ਤਰਜੀਹ ਦਈਏ ਤੇ ਅਲੋਪ ਹੋ ਰਹੇ ਵਿਰਾਸਤੀ ਖਾਣੇ ਨੂੰ ਰਸੋਈ ਦਾ ਸ਼ਿੰਗਾਰ ਬਣਾਈਏ…।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin