Articles

“ਬਹੁਤ ਲੁੱਟੇ ਗਏ, ਬੱਸ ਹੁਣ ਹੋਰ ਲੁੱਟ ਬਰਦਾਸ਼ਤ ਨਹੀਂ”

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਪੰਜਾਬ ਦੀਆ ਵਿਧਾਨ ਸਭਾ ਚੋਣਾਂ ਜਿਓਂ ਜਿਓਂ ਕੁਰੀਬ ਆ ਰਹੀਆ ਹਨ, ਤਿਓਂ ਤਿਓਂ ਪੰਜਾਬ ਵਿੱਚਲੀਆ ਸਮੂਹ ਰਾਜਨੀਤਕ ਪਾਰਟੀਆਂ ਵੱਲੋਂ ਸਿਆਸੀ ਸਰਗਰਮੀਆਂ ਤੇਜ਼ ਕੀਤੀਆ ਜਾ ਰਹੀਆਂ ਹਨ । ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿਚ ਪਿਛਲੀਆਂ ਚੋਣਾਂ ਦੌਰਾਨ ਕੀਤੇ ਵਾਅਦਿਆ ‘ਤੇ ਮਿੱਟੀ ਪਾਉਣ ਲਈ ਅਤੇ ਲੋਕਾਂ ਨੂੰ ਇਕ ਵਾਰ ਫੇਰ ਮੂਰਖ ਬਣਾਉਣ ਵਾਸਤੇ ਆਪਸੀ ਕੁਕੜਖੋਹੀ ਵਾਲੇ ਹਾਈ ਫ਼ਾਈਲ ਡਰਾਮੇ ਵਿੱਚੋਂ ਨਵਜੋਤ ਸਿੰਘ ਸਿੱਧੂ ਨੂੰ ਪਪਟ ਵਜੋੰ ਮੂਹਰੇ ਲਿਆਂਦਾ ਹੈ ਤੇ ਕੈਪਟਨ ਨੂੰ ਪਿੱਛੇ ਧੱਕਿਆ ਹੈ। ਇਥੇ ਇਹ ਜਿਕਰ ਕਰਦੇ ਜਾਈਏ ਕਿ ਇਹਨੀਂ ਦਿਨੀਂ ਇਹ ਪਾਰਟੀ ਪਿਛਲੀਆਂ ਚੋਣਾਂ ਦੌਰਾਨ ਕੀਤੇ ਚੋਣ ਮਨੋਰਥ ਵਾਅਦਿਆ ਨੂੰ ਪੂਰਾ ਨਾ ਕਰ ਸਕਣ ਕਰਕੇ ਜਿੱਥੇ ਪਾਰਟੀ ਦੀ ਅੰਦਰੂਨੀ ਫੁੱਟ ਦੀ ਸ਼ਿਕਾਰ ਹੈ, ਉੱਥੇ ਵਿਰੋਧੀ ਸਿਆਸੀ ਧਿਰਾਂ ਦੀ ਤਿੱਖੀ ਅਲੋਚਨਾ ਤੇ ਆਮ ਲੋਕਾਂ ਦੇ ਗੁੱਸੇ ਦੀ ਵੀ ਸ਼ਿਕਾਰ ਹੈ।
ਆਮ ਆਦਮੀ ਪਾਰਟੀ ਨੇ ਪੰਜਾਬ ਦੇ ਬਾਕੀ ਸਭ ਮੁਦਿਆ ‘ਤੇ ਚੁੱਪ ਧਾਰਕੇ ਸਿਰਫ ਤਿੰਨ ਕੁ ਮੁੱਦਿਆਂ ਨੂੰ ਉਭਾਰਨਾ ਤੇ ਪ੍ਰਚਾਰਨਾ ਸ਼ੁਰੂ ਕੀਤਾ ਹੋਇਆ ਹੈ, ਜਿਹਨਾਂ ‘ਚੋਂ ਪਹਿਲਾ ਇਹ ਹੈ ਕਿ ਪੰਜਾਬ ਚ ਆਮ ਆਦਮੀ ਦੀ ਸਰਕਾਰ ਬਣਨ ‘ਤੇ ਮੁੱਖ ਮੰਤਰੀ ਦਾ ਚੇਹਰਾ ਕੋਈ ਸਿੱਖ ਹੋਵੇਗਾ, ਦੂਜਾ, ਪੰਜਾਬ ਵਿੱਚ ਵੀ ਦਿੱਲੀ ਵਾਲਾ ਮਾਡਲ ਲਾਗੂ ਕੀਤਾ ਜਾਵੇਗਾ ਅਤੇ ਤੀਜਾ, ਪੰਜਾਬ ਚ ਤਿੰਨ ਸੌ ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ, ਪਰ ਜੇਕਰ ਤਿੰਨ ਸੌ ਤੋ ਇਕ ਵੀ ਯੂਨਿਟ ਵੱਧ ਵਰਤਿਆਂ ਗਿਆ ਤਾਂ ਤਿੰਨ ਸੌ ਇਕ ਯੂਨਿਟ ਦਾ ਪੂਰਾ ਬਿੱਲ ਵਸੀਲਿਆਂ ਜਾਵੇਗਾ । ਦਿੱਲੀ ਤੇ ਪੰਜਾਬ ਦੀਆ ਸਮੱਸਿਆਵਾਂ ਵਿੱਚ ਬਹੁਤ ਅੰਤਰ ਹੈ ਸੋ ਦਿੱਲੀ ਵਾਲਾ ਮਾਡਲ ਪੰਜਾਬ ਚ ਲਾਗੂ ਕਰਨਾ ਇਕ ਜੁਮਲੇ ਤੋ ਵੱਧ ਕੁੱਜ ਵੀ ਨਹੀਂ ।
ਜਿਥੋਂ ਤੱਕ ਗੱਲ ਸ਼ਰੋਮਣੀ ਅਕਾਲੀ ਦਲ ਦੀ ਹੈ, ਇਸ ਪਾਰਟੀ ਦੀ ਹਾਲਤ ਇਹ ਹੈ ਕਿ ਨਾ ਹੀ ਇਹ ਹੁਣ “ਸ਼ਰੋਮਣੀ” ਰਿਹਾ ਨਾ ਹੀ “ਅਕਾਲੀ” ਤੇ ਨਾ ਹੀ “ਦਲ” । ਇਸ ਦਲ ਦਲ ਚ ਫਸੀ ਪਾਰਟੀ ਦਾ ਪ੍ਰਧਾਨ ਅੱਜ ਕੱਲ ਮੀਡੀਏ ਚ ਕਰੋੜਾਂ ਦੇ ਇਸ਼ਤਿਹਾਰ ਦੇ ਕੇ ਕਹਿੰਦਾ ਆਮ ਹੀ ਸੁਣਿਆ ਜਾ ਰਿਹਾ ਹੈ ਕਿ “ਜੋ ਕਿਹਾ, ਉਹ ਕੀਤਾ”, ਪਰ ਪੰਜਾਬ ਦੇ ਲੋਕਾਂ ਨੂੰ ਉਸ ਦਾ ਤੱਕ ਇਹ ਪਤਾ ਨਹੀਂ ਲੱਗਾ ਰਿਹਾ ਕਿ ਉਸ ਨੇ ਅੱਜ ਤੱਕ ਕਿਹਾ ਕੀ ਤੇ ਕੀਤਾ ਕੀ ਹੈ ? ਸਾਨੂੰ ਯਾਦ ਹੈ ਕਿ ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਣ, ਪਾਣੀ ਚ ਬੱਸਾਂ ਚਲਾਉਣ, ਲੁਧਿਆਣੇ ਚ ਮੈਟਰੋ ਚਲਾਉਣ, ਬਠਿੰਡੇ ਚ ਕਿ੍ਰਕਟ ਦਾ ਮੈਦਾਨ ਬਣਾਉਣ, ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਆਦਿ ਵਰਗੇ ਵੱਡੇ ਗੱਪ ਸ਼ਾਇਦ ਇਸੇ ਨੇ ਹੀ ਮਾਰੇ ਸਨ ।
ਰਹੀ ਗੱਲ ਬਸਪਾ ਦੀ ਤਾਂ ਇਸ ਪਾਰਟੀ ਦਾ ਪੰਜਾਬ ਵਿਚ ਵੈਸੇ ਕਾਮਰੇਡਾਂ ਵਾਲਾ ਹਾਲ ਹੈ, ਭਾਵ ਕੋਈ ਜਨਅਧਾਰ ਨਹੀਂ ਹੈ । ਹੁਣ ਖੱਖੜੀਆਂ ਕਰੇਲੇ ਹੋਏ ਅਕਾਲੀਦਲ ਦੀ ਉਂਗਲ ਫੜਕੇ ਇਹ ਪਾਰਟੀ ਜਿਥੇ ਆਪਣੀ ਖ਼ੁਸ਼ੀ ਹੋਈ ਸ਼ਾਖ਼ ਬਹਾਲ ਕਰਨ ਦੀ ਤਾਕ ਚ ਹੈ ਉੱਥੇ ਅਕਾਲੀ ਵੀ ਇਸ ਦੇ ਹਾਥੀ ‘ਤੇ ਅਸਵਾਰ ਹੋ ਕੇ ਦਲਿਤ ਵੋਟ ਆਪਣੇ ਖਾਤੇ ਚ ਕੈਸ਼ ਕਰਨ ਦੀ ਤਾਕ ਚ ਹੈ ।
ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਇਹ ਸਭ ਸਿਆਸੀ ਉਕਤ ਪਾਰਟੀਆਂ, ਆਟਾ, ਦਾਲ ਤੇ ਬਿਜਲੀ ਮੁਫ਼ਤ ਦੇਣ ਦੇ ਵੱਡੇ ਵੱਡੇ ਵਾਅਦੇ ਕਰਨ ਦੇ ਨਾਲ ਨਾਲ ਜਾਤ ਪਾਤ ਤੇ ਧਰਮ ਦਾ ਪੱਤਾ ਇਕ ਵਾਰ ਫੇਰ ਖੇਡ ਰਹੀਆਂ ਹਨ ।
ਨੋਟ ਕਰਨ ਵਾਲੀ ਗੱਲ ਇਹ ਵੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਵੱਡੇ ਵੱਡੇ ਲਾਲਚ ਦੇ ਕੇ ਇਕ ਵਾਰ ਫਿਰ ਬਿਲਕੁਲ ਉਸੇ ਤਰਾਂ ਭਰਮਾਇਆ ਦਾ ਰਿਹਾ ਹੈ ਜਿਵੇਂ ਮੱਛੀ ਨੂੰ ਫੜਨ ਵਾਸਤੇ ਕੁੰਡੀ ਨੂੰ ਆਟਾ ਤੇ ਚੂਹੇ ਜਾਂ ਕਿਸੇ ਪੰਛੀ ਨੂੰ ਫੜਨ ਵਾਸਤੇ ਪਿੰਜਰੇ ਚ ਰੋਟੀ ਜਾਂ ਦਾਣੇ ਰੱਖੇ ਜਾਂਦੇ ਹਨ । ਇਕ ਵਾਰ ਮੱਛੀ ਕੁੰਡੀ ਚ ਫਸ ਜਾਵੇ ਤੇ ਚੂਹਾ ਜਾਂ ਪੰਛੀ ਪਿੰਜਰੇ ਚ, ਉਸ ਤੋਂ ਬਾਅਦ ਉਹਨਾ ਨਾਲ ਕੀ ਹੁੰਦਾ ਵਾਪਰਦਾ ਹੈ, ਪੰਜਾਬ ਵਾਸੀਆਂ ਨਾਲ ਵੀ ਅੱਜ ਤੱਕ ਇਹ ਸਿਆਸੀ ਲੋਕ ਇਨਬਿਨ ਇਸੇ ਤਰਾਂ ਕਰਦੇ ਆਏ ਹਨ ਤੇ ਅਗਲੇ ਪੰਜ ਸਾਲ ਫਿਰ ਲੋਕ ਖਜਾਨੇ ਦੀ ਲੁੱਟ ਤੇ ਹੱਕ ਮੰਗਦੇ ਲੋਕਾਂ ਦੀ ਕੁੱਟ ਪੂਰੀ ਨਿਰਦੈਤਾ ਨਾਲ ਚਲਦੀ ਰਹੀ ਹੈ ।
ਹੁਣ ਸੁਣਿਆ ਇਹ ਵੀ ਜਾ ਰਿਹਾ ਹੈ ਕਿ ਪੰਜਾਬ ਵਿਚਲੀਆਂ ਦੋ ਪਰੰਪਰਾਗਤ ਸਿਆਸੀ ਪਾਰਟੀਆਂ, ਜਿਹਨਾਂ ਨੂੰ ਨੀਲੇ ਚਿੱਟੇ ਵੀ ਕਿਹਾ ਜਾਂਦਾ ਹੈ, ਅੱਜ ਤੱਕ ਆਪਸ ਵਿੱਚ ਰਲਕੇ ਸਿਆਸੀ ਨੂਰਾ ਕੁਸ਼ਤੀ ਹੀ ਖੇਡਦੀਆਂ ਰਹੀਆ ਹਨ, ਦੋਹਾਂ ‘ਚੋਂ ਜੋ ਪਾਰਟੀ ਸੱਤਾ ਚ ਆ ਜਾਂਦੀ ਹੈ, ਉਹ ਪੰਜਾਬ ਚ ਫੈਲੇ ਵੱਖ ਵੱਖ ਤਰਾਂ ਦੇ ਮਾਫੀਏ ਤੋ 75 ਫੀਸਦੀ ਤੇ ਹਾਰਨ ਵਾਲੀ ਪਾਰਟੀ 25 ਫੀਸਦੀ ਗੁੰਡਾ ਟੈਕਸ ਵਸੂਲਦੀ ਹੈ । ਹੁਣ ਇਸ ਦਾ ਅਸਲ ਸੱਚ ਕੀ ਹੈ ਇਹ ਤਾਂ ਨਵਜੋਤ ਸਿੰਘ ਸਿੱਧੂ ਵਰਗੇ ਹੀ ਦੱਸ ਸਕਦੇ ਹਨ ।
ਵਿਚਲੀ ਗੱਲ ਇਹ ਵੀ ਹੈ ਕਿ ਇਹਨਾ ਉਕਤ ਸਿਆਸੀ ਪਾਰਟੀਆਂ ਚੋ ਇਕ ਵੀ ਪਾਰਟੀ ਇਹ ਅਵਾਜ ਨਹੀਂ ਉਠਾਉਂਦੀ ਕਿ ਦੂਜੇ ਰਾਜਾਂ ਨੂੰ ਦਿੱਤੇ ਜਾ ਰਹੇ ਪੰਜਾਬ ਦੇ ਪਾਣੀਆਂ ਦਾ ਪੈਸਾ ਵਸੀਲਿਆਂ ਜਾਵੇਗਾ, ਪੰਜਾਬੀ ਬੋਲੀ ਦਾ ਵਿਕਾਸ ਕੀਤਾ ਜਾਵੇਗਾ, ਪੰਜਾਬ ਵਿੱਚ ਸੱਨਅਤੀ ਵਿਕਾਸ ਕਰਕੇ ਹਰ ਘਰ ਚ ਰੁਜ਼ਗਾਰ ਮੁਹੱਈਆ ਕੀਤਾ ਜਾਵੇਗਾ, ਕਰਮਚਾਰੀਆਂ ਦੀਆ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ, ਉਹਨਾਂ ਦੀਆ ਤਨਖਾਹਾਂ ਮਿਥੇ ਸਮੇਂ ‘ਤੇ ਦਿੱਤੀਆਂ ਜਾਣਗੀਆਂ, ਰੁਜ਼ਗਾਰ ਤੇ ਬੇਰੁਜ਼ਗਾਰਾੀ ਭੱਤੇ ਸੰਬੰਧੀ ਗਰੰਟੀ ਦਿੱਤੀ ਜਾਵੇਗੀ, ਹਰ ਬਜ਼ੁਰਗ ਨੂੰ ਪੈਨਸ਼ਨ ਦਾ ਬੰਦੋਵਾਸਤ ਕੀਤਾ ਜਾਵੇਗਾ ਆਦਿ, ਪਰ ਅਫ਼ਸੋਸ ਕਿ ਪੰਜਾਬ ਵਿੱਚ ਰਾਜਨੀਤੀ ਜਾਂ ਤਾਂ ਲੋਕਾਂ ਨੂੰ ਸਬਜਬਾਗ ਦਿਖਾ ਕੇ ਵੱਡੇ ਵੱਡੇ ਲਾਲਚ ਦੇ ਕੇ ਕੀਤੀ ਜਾ ਰਹੀ ਹੈ ਜਾਂ ਫਿਰ ਜਾਤ ਪਾਤ ਤੇ ਧਰਮ ਨੂੰ ਮੁੱਖ ਰੱਖਕੇ ਕੀਤੀ ਜਾ ਰਹੀ ਹੈ । ਸਿਤਮ ਜਰੀਫੀ ਇਹ ਵੀ ਹੈ ਕਿ ਲੋਕ ਵਾਰ ਵਾਰ ਇਹਨਾਂ ਦੇ ਝਾਂਸਿਆ ਫਸਦੇ ਵੀ ਰਹੇ ਹਨ । ਇਸ ਵਿਚ ਕੋਈ ਸ਼ੱਕ ਨਹੀ ਕਿ ਸ਼ੋਸ਼ਲ ਮੀਡੀਏ ਨੇ ਲੋਕਾਂ ਨੂੰ ਬਹੁਤ ਹੱਦ ਤੱਕ ਜਾਗਰੂਕ ਵੀ ਕੀਤਾ ਹੈ, ਪਰ ਤਦ ਵੀ ਅਜੇ ਇਹ ਕਹਿਣਾ ਬਹੁਤ ਜਲਦਬਾਜੀ ਹੋਵੇਗਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਚ ਲੋਕ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਿੰਨੀ ਕੁ ਸੂਝ ਬੂਝ ਤੇ ਸਮਝਦਾਰੀ ਨਾਲ ਕਰਦੇ ਹਨ !
ਆਖਿਰ ਚ ਏਹੀ ਕਹਾਂਗਾ ਕਿ ਪੰਜਾਬ ਇਸ ਵੇਲੇ ਬਹੁਤ ਹੀ ਨਾਜੁਕ ਦੌਰ ਵਿਚੋਂ ਗੁਜਰ ਰਿਹਾ ਹੈ । ਪੰਜਾਬ ਦੀਆ ਮੌਜੂਦਾ ਸਿਆਸੀ ਪਾਰਟੀਆਂ ਨੇ ਪੰਜਾਬ ਨੂੰ ਤਬਾਹੀ ਦੇ ਦਹਾਨੇ ‘ਤੇ ਪਹੁੰਚਾ ਦਿੱਤਾ ਹੈ । ਇਹ ਹੁਣ ਪੰਜਾਬ ਦੇ ਆਮ ਲੋਕਾਂ ਦਾ ਫਰਜ ਬਣਦਾ ਹੈ ਕਿ ਉਹ ਜਾਗਣ ਤੇ ਆਪਣੀਆਂ ਜਮੀਰਾ ਨੁੰ ਹਾਜਰ ਨਾਜਰ ਰੱਖਕੇ ਅਗਾਮੀ ਵਿਧਾਨ ਸਭਾ ਚੋਣਾ ਸੰਬੰਧੀ ਬਹੁਤ ਹੀ ਸੂਝ ਤੇ ਸੰਜੀਦਗੀ ਨਾਲ ਫੈਸਲੇ ਲੈਣ । ਬਹੁਤ ਚੰਗਾ ਹੋਵੇਗਾ, ਜੇਕਰ ਉਮੀਦਵਾਰਾਂ ਤੇ ਸਿਆਸੀ ਪਾਰਟੀਆ ਨੂੰ ਸਾਹਮਣਿਓ ਸਵਾਲ ਪੁੱਛੇ ਜਾਣ, ਆਹਮੋ ਸਾਹਮਣੇ ਡਿਬੇਟ ਰੱਖੇ ਜਾਣ, ਉਮੀਦਵਾਰਾਂ ਤੇ ਪਾਰਟੀਆ ਦਾ ਪਿਛਲਾ ਸਮੁੱਚਾ ਲੇਖਾ ਜੋਖਾ ਕੀਤਾ ਜਾਵੇ, ਵੋਟ ਪਾਉਣ ਤੋਂ ਪਹਿਲਾਂ ਉਹਨਾ ਦਾ ਤੇ ਉਹਨਾਂ ਦੇ ਚੋਣ ਮਨੋਰਥ ਪੱਤਰ ਦਾ ਤਸਦੀਕ ਸ਼ੁਦਾ ਹਲਫੀਆ ਬਿਆਨ ਲਿਆ ਜਾਵੇ ਤਾਂ ਕਿ ਐਲਾਨਾ ਤੇ ਬਿਆਨਾ ਦੇ ਮਗਰੋ ਪੂਰੇ ਨਾ ਕਰਨ ਦੀ ਸੂਰਤ ਚ ਸੰਬੰਧਿਤ ਪਾਰਟੀਆਂ ਤੇ ਉਮੀਦਵਾਰਾਂ ‘ਤੇ ਕਾਨੂੰਨ ਦਾ ਡੰਡਾ ਚਲਾਇਆ ਜਾ ਸਕੇ । ਪੰਜਾਬ ਵਾਸੀ ਇਕ ਗੱਲ ਹੁਣ ਜਿੰਨੀ ਜਲਦੀ ਸਮਝ ਲੈਣ ਉਸੇ ਚ ਭਲਾਈ ਹੈ ਕਿ “ਬਹੁਤ ਲੁੱਟੇ ਗਏ, ਬਸ ਹੁਣ ਹੋਰ ਲੁੱਟ ਬਰਦਾਸ਼ਤ ਨਹੀਂ ।” ਜਦੋ ਇਹ ਉਕਤ ਨੁਕਤਾ ਪੰਜਾਬ ਵਾਸੀਆਂ ਦੇ ਸਮਝ ਪੈ ਗਿਆ ਤਾਂ ਫਿਰ ਪੰਜਾਬ ਦੀ ਵਿਗੜੀ ਤੇ ਪੂਰੀ ਤਰਾਂ ਉਲਝੀ ਤਾਣੀ ਦੇ ਸੁਲਝ ਜਾਣ ਦੀ ਆਸ ਦੀ ਕਿਰਨ ਨਜਰ ਆਉਣ ਲੱਗ ਪਵੇਗੀ ਤੇ ਜੇਕਰ ਧਰਮਾ, ਜਾਤਾਂ ਤੇ ਲਾਲਚਾਂ ਵਾਲੀ ਗੰਦੀ ਸਿਆਸਤ ਚ ਉਲਝੇ ਰਹੇ ਤਾਂ ਫਿਰ ਪੰਜਾਬ ਤੇ ਪੰਜਾਬ ਚ ਵਸਦੇ ਲੋਕਾਂ ਦਾ ਬਚ ਸਕਣਾ ਬਹੁਤ ਮੁਸ਼ਕਲ ਹੋਵੇਗਾ । ਸੋ ਇਹ ਵੇਲਾ ਪੰਦਾਬੀਆਂ ਦੇ ਸੰਭਲ ਜਾਣ ਦਾ ਹੈ, ਕਿਉਂਕਿ ਇਸ ਵੇਲੇ ਹੋਰ ਦੇਰੀ ਦੀ ਰਤੀ ਮਾਤਰ ਵੀ ਗੁੰਜਾਇਸ਼ ਬਾਕੀ ਨਹੀ ਰਹੀ।

Related posts

Multicultural Youth Awards 2025: A Celebration of Australia’s Young Multicultural !

admin

The New Zealand Housing Survey Finds Kiwis Want More Housing Options and Housing Mobility !

admin

ਬਿਹਾਰ ਵਿਧਾਨ ਸਭਾ ਚੋਣਾਂ 6 ਤੇ 11 ਨਵੰਬਰ ਨੂੰ : ਸਿਆਸੀ ਪਾਰਟੀਆਂ ਵਲੋਂ ਕਮਰਕੱਸੇ !

admin