Travel

ਮੇਰੀ ਐਮਸਟਰਡਮ ਯਾਤਰਾ

ਪਿਛਲੀਆਂ ਗਰਮੀਆਂ ਵਿੱਚ ਮੈਨੂੰ ਕੰਮ ਦੇ ਸਿਲਸਿਲੇ ਵਿੱਚ ਐਮਸਟਰਡਮ (ਹਾਲੈਂਡ) ਜਾਣ ਦਾ ਮੌਕਾ ਮਿਲਿਆ। ਯੂਰੌਪ ਦਾ ਇਹ ਖ਼ੂਬਸੂਰਤ ਸ਼ਹਿਰ ਬਹੁਤ ਹੀ ਸਲੀਕੇ ਨਾਲ ਸੰਭਾਲਿਆ ਹੋਇਆ ਹੈ। ਇਹ ਬਹੁਤ ਹੀ ਸਾਫ਼ ਸੁਥਰਾ ਹੈ। ਇਸ ਸ਼ਹਿਰ ਵਿੱਚ ਨਹਿਰਾਂ ਦਾ ਇੱਕ ਤਰ੍ਹਾਂ ਦਾ ਜਾਲ ਵਿਛਿਆ ਹੋਇਆ ਹੈ। ਇੱਥੋਂ ਦੇ ਅਜਾਇਬਘਰ, ਕੌਫੀ ਹਾਊਸ, ਬੱਸਾਂ, ਟਰਾਮਾਂ ਅਤੇ ਰੇਲਾਂ, ਪਣ-ਚੱਕੀਆਂ ਸੰਸਾਰ ਪ੍ਰਸਿੱਧ ਹਨ। ਮੇਰੇ ਵਾਸਤੇ ਇਹ ਬਹੁਤ ਹੀ ਭਾਵੁਕ ਅਨੁਭਵ ਸੀ ਕਿਉਂਕਿ ਇਹ ਸ਼ਹਿਰ ਮੇਰੇ ਪ੍ਰੇਰਨਾ ਸਰੋਤ ਚਿੱਤਰਕਾਰ ਵਾਨ ਗੌਗ ਅਤੇ ਲੇਖਿਕਾ ਐਨ ਫਰੈਂਕ ਦਾ ਸ਼ਹਿਰ ਹੈ। ਇੱਥੋਂ ਦੇ ਸੰਸਾਰ ਪ੍ਰਸਿੱਧ ਅਜਾਇਬਘਰ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਪ੍ਰਸਿੱਧ ਵਾਨ ਗੌਗ ਮਿਊਜ਼ੀਅਮ ਅਤੇ ਐਨ ਫਰੈਂਕ ਦਾ ਘਰ ਹੈ! ਇਨ੍ਹਾਂ ਨੂੰ ਵੇਖਣ ਵਾਸਤੇ ਹਰ ਸਮੇਂ ਕਿਲੋਮੀਟਰ ਤੋਂ ਵੀ ਲੰਮੀਆਂ ਕਤਾਰਾਂ ਲੱਗੀਆਂ ਰਹਿੰਦੀਆਂ ਹਨ ਅਤੇ ਦੋ-ਤਿੰਨ ਘੰਟੇ ਇੰਤਜ਼ਾਰ ਕਰਨਾ ਪੈਂਦਾ ਹੈ। ਇੰਟਰਨੈੱਟ ਰਾਹੀਂ ਟਿਕਟ ਖ਼ਰੀਦਣ ਨਾਲ ਬਹੁਤ ਸਮਾਂ ਬਚ ਜਾਂਦਾ ਹੈ। ਸ਼ਹਿਰ ਦਾ ਮੋਟੋ ‘ਮੈਂ ਐਮਸਟਰਡਮ’ (Amsterdam) ਹੈ। ਇਸ ਨੂੰ ਵੇਖ ਕੇ ਇਸ ਸ਼ਹਿਰ ਦਾ ਕਲਾ ਨਾਲ ਸਬੰਧ ਪ੍ਰਤੱਖ ਨਜ਼ਰ ਆਉਂਦਾ ਹੈ। ਇਸ ਸ਼ਹਿਰ ਨੂੰ ਯੂਰੌਪ ਵਿੱਚ ਵਾਤਾਵਰਣ ਦੀ ਸੁਰੱਖਿਆ ਅਤੇ ਸੰਭਾਲ ਨੂੰ ਪ੍ਰਮੁੱਖ ਰੱਖਦਿਆਂ ਵੀ ਵਪਾਰ ਦਾ ਕੇਂਦਰ ਹੋਣ ਦਾ ਮਾਣ ਹਾਸਲ ਹੈ। ਇੱਥੋਂ ਦੇ ਲੋਕ ਵੱਖ ਵੱਖ ਜਾਤਾਂ ਅਤੇ ਧਰਮਾਂ ਦੇ ਹੋਣ ਦੇ ਬਾਵਜੂਦ ਧਰਮ ਨਿਰਪੱਖ ਹਨ।
ਮੇਰੇ ਕੋਲ ਘੁੰਮਣ ਲਈ ਸਿਰਫ਼ ਦੋ ਦਿਨ ਹੀ ਸਨ। ਸ਼ੁੱਕਰਵਾਰ ਸ਼ਾਮ ਨੂੰ ਅਸੀਂ ਰੇਲ ਗੱਡੀ ਰਾਹੀਂ ਸ਼ਹਿਰ ਦੇ ਸੈਂਟਰਲ ਸਟੇਸ਼ਨ ਪਹੁੰਚੇ। ਸਤਾਰਵੀਂ ਸਦੀ ਵਿੱਚ ਬਣਿਆ ਇਹ ਸਟੇਸ਼ਨ ਆਪਣੇ ਆਪ ਵਿੱਚ ਇੱਕ ਇਤਿਹਾਸਕ ਸਥਾਨ ਹੈ। ਸਟੇਸ਼ਨ ਤੋਂ ਬਾਹਰ ਨਿਕਲਦਿਆਂਂ ਸ਼ਹਿਰ ਵਿਖਾਈ ਦਿੰਦਾ ਹੈ। ਇਹ ਆਧੁਨਿਕ ਡੱਚ ਭਵਨ ਨਿਰਮਾਣ ਕਲਾ ਦਾ ਨਮੂਨਾ ਹੈ। ਸੱਜੇ ਪਾਸੇ ਵਿਕਟੋਰੀਆ ਹੋਟਲ, ਵਿਚਕਾਰ ਕੇਂਦਰੀ ਨਹਿਰ ਅਤੇ ਟਰਾਮ ਲਾਈਨ, ਸਾਈਕਲਾਂ ਲਈ ਵੱਖਰੀ ਸੜਕ, ਮੁੱਖ ਸੜਕ ਅਤੇ ਖੱਬੇ ਪਾਸੇ ਪੁਰਾਣੀ ਚਰਚ ਨਜ਼ਰ ਆਉਂਦੀ ਹੈ। ਹਰ ਪਾਸੇ ਸਾਈਕਲ ਹੀ ਸਾਈਕਲ ਦਿਖਾਈ ਦਿੰਦੇ ਹਨ। ਇਹ ਲੋਕਾਂ ਵਾਸਤੇ ਆਵਾਜਾਈ ਦਾ ਮੁੱਖ ਮਨਪਸੰਦ ਸਾਧਨ ਹੈ ਕਿਉਂਕਿ ਉਹ ਆਪਣੇ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਰੱਖਣਾ ਚਾਹੁੰਦੇ ਹਨ। ਇੱਕੋ ਜਗ੍ਹਾ ਹਜ਼ਾਰਾਂ ਸਾਈਕਲ ਦੇਖ ਕੇ ਮਨੁੱਖ ਇਹ ਸੋਚਣ ਲੱਗਦਾ ਹੈ ਕਿ ਸਾਈਕਲ ਦਾ ਮਾਲਕ ਵਾਪਸ ਆਪਣਾ ਸਾਈਕਲ ਲੈਣ ਆਉਂਦਾ ਹੋਵੇਗਾ ਤਾਂ ਉਹ ਆਪਣਾ ਸਾਈਕਲ ਕਿਵੇਂ ਲੱਭਦਾ ਹੋਵੇਗਾ?
ਅਸੀਂ ਨਹਿਰਾਂ ਦਾ ਜਾਲ, ਉਨ੍ਹਾਂ ਅੰਦਰ ਵੱਖ ਵੱਖ ਤਰ੍ਹਾਂ ਦੇ ਰੰਗ-ਬਿਰੰਗੇ ਖ਼ੂਬਸੂਰਤ ਸ਼ਿਕਾਰੇ (ਬੋਟ ਹਾਊਸ) ਅਤੇ ਕਿਨਾਰੇ ਉੱਤੇ ਛੋਟੇ-ਵੱਡੇ ਇੱਕ ਕਤਾਰ ਵਿੱਚ ਉਸਾਰੇ ਹੋਏ ਦਿਲਖਿੱਚਵੇਂ ਮਕਾਨ ਦੇਖਦੇ ਹੋਏ ਪੂਰੇ ਡਾਊਨ ਟਾਊਨ ਦਾ ਚੱਕਰ ਲਗਾਇਆ। ਨਹਿਰ ਕਿਨਾਰੇ ਬਾਹਰ ਖੁੱਲ੍ਹੀ ਫਿਜ਼ਾ ਵਿੱਚ ਬੈਠ ਕੇ ਬਹੁਤ ਹੀ ਸੁਆਦੀ ਇਟਾਲੀਅਨ ਖਾਣੇ ਦਾ ਆਨੰਦ ਮਾਣਿਆ। ਸਾਈਕਲ ’ਤੇ ਜਾਂਦੇ ਲੋਕਾਂ ਦਾ ਸਾਈਕਲ ਚਲਾਉਣ ਦਾ ਅਭਿਆਸ ਦੇਖ ਕੇ ਬਹੁਤ ਹੈਰਾਨੀ ਹੁੰਦੀ ਹੈ ਕਿ ਕਿਸ ਤਰ੍ਹਾਂ ਤੇਜ਼ੀ ਨਾਲ ਸਾਈਕਲ ਚਲਾਉਂਦੇ ਹੋਏ ਉਹ ਰਾਹਗੀਰਾਂ ਦੀ ਭੀੜ ਵਿੱਚੋਂ ਬੜੀ ਸਫ਼ਾਈ ਨਾਲ ਨਿਕਲਦੇ ਹਨ। ਮੈਂ ਕਿਤੇ ਵੀ ਕੋਈ ਸਾਈਕਲ ਸਵਾਰ ਡਿੱਗਦਾ ਨਹੀਂ ਵੇਖਿਆ। ਸਾਈਕਲ ਵੀ ਵੱਖ ਵੱਖ ਤਰ੍ਹਾਂ ਦੇ ਸਨ- ਕੈਰੀਅਰ ਅਤੇ ਬਿਨਾਂ ਕੈਰੀਅਰ ਤੋਂ, ਤਿੰਨ ਪਹੀਆਂ ਵਾਲੇ ਅਤੇ ਟੋਕਰੀਆਂ ਵਾਲੇ। ਟੋਕਰੀਆਂ ਵਾਲੇ ਸਾਈਕਲ ਬਹੁਤ ਸੋਹਣੇ ਸਨ। ਇਹ ਟੋਕਰੀਆਂ ਹਿੰਦੁਸਤਾਨ ਦੇ ਸਾਈਕਲਾਂ ਤੋਂ ਵੱਖਰੀ ਕਿਸਮ ਦੀਆਂ ਸਨ। ਮੋਪਡਾਂ ਅਤੇ ਸਕੂਟਰ ਵੀ ਨਜ਼ਰ ਆ ਰਹੇ ਸਨ।
ਅਗਲੀ ਸਵੇਰ ਸ਼ਨਿੱਚਰਵਾਰ ਨੂੰ ਅਸੀਂ ਟਰਾਮ ਲੈ ਕੇ ਮਿਊਜ਼ੀਅਮ ਸਕੁਏਅਰ ਪਹੁੰਚੇ। ਇੱਥੇ ਹਰ ਤਰ੍ਹਾਂ ਦੇ ਮਿਊਜ਼ੀਅਮ ਹਨ। ਰਾਈਕ ਮਿਊਜ਼ੀਅਮ (ਇਹ ਸਟੇਟ ਮਿਊਜ਼ੀਅਮ ਹੈ ਜੋ ਦੁਨੀਆਂ ਦੇ ਸਭ ਤੋਂ ਵੱਡੇ ਅਜਾਇਬਘਰਾਂ ਵਿੱਚੋਂ ਇੱਕ ਹੈ) ਵਿੱਚ ਮੱਧ ਕਾਲ ਤੋਂ ਲੈ ਕੇ ਆਧੁਨਿਕ ਯੁੱਗ ਦੀਆਂ ਕਲਾਕ੍ਰਿਤਾਂ ਸੁਸ਼ੋਭਿਤ ਹਨ! ਇਨ੍ਹਾਂ ਵਿੱਚ ਵਰਮੀਰ (ਦੋਧਣ ਪੇਂਟਿੰਗ), ਸਟੀਨ (ਖ਼ੁਸ਼ ਪਰਿਵਾਰ), ਰੈਮਬਰਾਂਟ (ਇੱਕ ਜੋੜੇ ਦੀ ਤਸਵੀਰ), ਵਾਨ ਗੌਗ (ਸਵੈ-ਚਿੱਤਰ) ਆਦਿ ਦੇ ਚਿੱਤਰ ਸ਼ਾਮਲ ਹਨ। ਅਜਾਇਬਘਰ ਵਿੱਚ 1885 ਵਿੱਚ ਬਣੀ ਇੱਕ ਵਿਸ਼ਾਲ ਲਾਇਬ੍ਰੇਰੀ ਵੀ ਹੈ। ਇਸ ਵਿੱਚ 45,000 ਤੋਂ ਵੱਧ ਕਿਤਾਬਾਂ ਸੰਭਾਲੀਆਂ ਹੋਈਆਂ ਦੇਖ ਕੇ ਦਰਸ਼ਕ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ। ਇੱਕ ਸੈਕਸ਼ਨ ਹਿੰਦੋਸਤਾਨ ਬਾਰੇ ਵੀ ਹੈ ਜਿੱਥੇ ਹਿੰਦੋਸਤਾਨ ਦੇ ਕਲਾਕਾਰਾਂ ਦੀਆਂ ਕਲਾਕ੍ਰਿਤਾਂ ਪ੍ਰਦਰਸ਼ਿਤ ਹਨ। ਕਲਾਕਾਰ ਸੁਬੋਧ ਗੁਪਤਾ ਦੁਆਰਾ ਬਣਾਇਆ ਪਿੱਤਲ ਦਾ ਪੂਰੇ ਆਕਾਰ ਦਾ ਪ੍ਰਿਆ ਸਕੂਟਰ ਮੈਨੂੰ ਬਹੁਤ ਹੀ ਆਕਰਸ਼ਕ ਲੱਗਿਆ ਕਿਉਂ ਜੋ ਇਸ ਨੂੰ ਵੇਖ ਕੇ ਬਚਪਨ ਅਤੇ ਆਪਣੇ ਸਕੂਟਰ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਅਸੀਂ ਸਵੈ-ਸੇਧ ਦੇਣ ਵਾਲਾ ਰਿਕਾਰਡ ਹੋਇਆ (Self-guided) ਟੂਰ ਲਿਆ ਜੋ ਦਰਸ਼ਕ ਨੂੰ ਅਜਾਇਬਘਰ ਦੇ ਹਰ ਕਮਰੇ ਵਿੱਚ ਜਾਣ ਲਈ ਰਸਤਾ ਦੱਸਦਾ ਹੈ ਅਤੇ ਉਸ ਕਮਰੇ ਦੀਆਂ ਮੁੱਖ ਕਲਾਕ੍ਰਿਤਾਂ ਬਾਰੇ ਜਾਣਕਾਰੀ ਦਿੰਦਾ ਹੈ। ਇਹ ਟੂਰ ਬਹੁਤ ਹੀ ਵਿਲੱਖਣ ਅਤੇ ਜਾਣਕਾਰੀ ਭਰਪੂਰ ਹੈ।
ਇਸ ਮਗਰੋਂ ਅਸੀਂ ਗੁੰਤਰ ਵੈਨ ਹੇਗਨ ਦੁਆਰਾ ‘ਸਰੀਰਾਂ ਦੇ ਸੰਸਾਰ’ ਨਾਂ ਦੀ ਪ੍ਰਦਰਸ਼ਨੀ ਦੇਖਣ ਪਹੁੰਚੇ। ਮਰਨ ਉਪਰੰਤ ਲੋਕਾਂ ਦੁਆਰਾ ਦਾਨ ਕੀਤੇ ਹੋਏ ਮ੍ਰਿਤਕ ਸਰੀਰਾਂ ਨੂੰ ਪਲਾਸਟੀਨੇਸ਼ਨ (Plastination) ਤਕਨੀਕ ਨਾਲ ਸਜਾ ਕੇ ਮਨੁੱਖੀ ਸਰੀਰਾਂ ਦਾ ਅਦਭੁੱਤ ਸੰਸਾਰ ਸਿਰਜਿਆ ਗਿਆ ਹੈ ਜਿਸ ਨੂੰ ‘ਪ੍ਰੋਜੈਕਟ ਖ਼ੁਸ਼ੀ’ ਦਾ ਨਾਂ ਦਿੱਤਾ ਗਿਆ ਹੈ। ਇਸ ਵਿੱਚ ਮਨੁੱਖੀ ਸਰੀਰਾਂ ਅਤੇ ਜਿਊਣ ਦੇ ਸਬੰਧ ਨੂੰ ਬੜੇ ਖ਼ੂਬਸੂਰਤ ਅਤੇ ਅਨੋਖੇ ਤਰੀਕੇ ਨਾਲ ਦਰਸਾਇਆ ਗਿਆ ਹੈ। ਛੇ ਮੰਜ਼ਿਲਾਂ ਵਾਲ਼ੀ ਪ੍ਰਦਰਸ਼ਨੀ ਵਿੱਚ ਸਭ ਤੋਂ ਉਪਰਲੀ ਮੰਜ਼ਿਲ ’ਤੇ ਦਿਮਾਗ਼ ਤੋਂ ਸ਼ੁਰੂ ਹੋ ਕੇ ਮਨੁੱਖੀ ਸਰੀਰ ਦੇ ਭਿੰਨ ਭਿੰਨ ਅੰਗ ਸਜਾ ਕੇ ਉਨ੍ਹਾਂ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ ਹੈ। ਹਰ ਅੰਗ ਨਾਲ ਜੁੜੀ ਇੱਕ ਕਹਾਣੀ, ਤੱਥਾਂ ਅਤੇ ਜੀਵਨ ਦੀ ਸਚਾਈ ਨੂੰ ਰੌਚਿਕ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਪ੍ਰਦਰਸ਼ਨੀ ਦਾ ਇੱਕ ਮੁੱਖ ਮੰਤਵ ਸਿਗਰਟ ਪੀਣ ਵਾਲਿਆਂ ਦੇ ਅਲੱਗ ਅਲੱਗ ਕਿਸਮ ਦੇ ਫੇਫੜੇ ਅਤੇ ਹੋਰ ਅੰਗ ਪੇਸ਼ ਕਰਨਾ ਵੀ ਜਾਪਦਾ ਹੈ। ਸਿਗਰਟ ਪੀਣ ਵਾਲਿਆਂ ਦੇ ਕਾਲੇ ਹੋ ਚੁੱਕੇ ਫੇਫੜੇ ਦੇਖ ਕੇ ਕੋਈ ਵੀ ਸਮਝਦਾਰ ਮਨੁੱਖ ਸਿਗਰਟ ਪੀਣ ਬਾਰੇ ਸੋਚ ਵੀ ਨਹੀਂ ਸਕਦਾ। ਉਨ੍ਹਾਂ ਫੇਫੜਿਆਂ ਦੀ ਦਸ਼ਾ ਦੇਖ ਕੇ ਦਰਸ਼ਕ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ ਅਤੇ ਉਸ ਨੂੰ ਸਿਗਰਟ ਪੀਣ ਦੇ ਨੁਕਸਾਨ ਪ੍ਰਤੱਖ ਨਜ਼ਰ ਆਉਂਦੇ ਹਨ। ਪ੍ਰਦਰਸ਼ਨੀ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਖਾਣ ਪੀਣ ਉੱਤੇ ਸਭ ਤੋਂ ਜ਼ਿਆਦਾ ਖ਼ਰਚ ਕਿਹੜਾ ਦੇਸ਼ ਕਰਦਾ ਹੈ। ਇਹ ਮੁਲਕ ਬੇਸ਼ੱਕ ਅਮਰੀਕਾ ਹੈ! ਸਭ ਤੋਂ ਘੱਟ ਖ਼ਰਚ ਭਾਰਤ ਵਿੱਚ ਹੁੰਦਾ ਹੈ। ਯੂਰੌਪ, ਜਾਪਾਨ ਅਤੇ ਆਸਟਰੇਲੀਆ ਵਿੱਚ ਵਿਚਾਲੇ ਆਉਂਦੇ ਹਨ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਹਿੰਦੁਸਤਾਨ ਵਿੱਚ ਰਹਿਣੀ-ਬਹਿਣੀ ਬਹੁਤ ਆਸਾਨ ਹੈ।
ਅਗਲਾ ਦਿਨ (ਐਤਵਾਰ) ਬਹੁਤ ਹੀ ਅਹਿਮ ਸੀ ਕਿਉਂਕਿ ਅਸੀਂ ਐਨ ਫਰੈਂਕ ਮਿਊਜ਼ੀਅਮ ਵੇਖਣ ਜਾਣਾ ਸੀ। ਉਸ ਤੋਂ ਪਹਿਲਾਂ ਮੈਂ ਉੱਥੋਂ ਦੇ ਸਥਾਨਕ ਗੁਰਦੁਆਰੇ ਵਿੱਚ ਨਤਮਸਤਕ ਹੋਣ ਵਾਸਤੇ ਗਿਆ। ਪੰਜਾਬੀਆਂ ਨੇ ਹਰ ਦੇਸ਼ ਵਿੱਚ ਮੱਲਾਂ ਮਾਰੀਆਂ ਹੋਈਆਂ ਹਨ ਅਤੇ ਗੁਰੂਘਰ ਸਥਾਪਿਤ ਕੀਤੇ ਹੋਏ ਹਨ। ਹੌਲੈਂਡ ਵਿੱਚ ਵੀ ਨੌਂ ਗੁਰਦੁਆਰੇ ਹਨ। ਭਾਰਤੀ ਭਾਈਚਾਰਾ ਵੀ ਬਹੁਤ ਹੈ ਖ਼ਾਸ ਤੌਰ ’ਤੇ ਸੌਫਟਵੇਅਰ ਇੰਜਨੀਅਰ। ਇਨ੍ਹਾਂ ਦਾ ਲੋਕ ਬਹੁਤ ਸਤਿਕਾਰ ਕਰਦੇ ਹਨ। ਇਸ ਨਾਲ ਕਿਸੇ ਵੀ ਹਿੰਦੁਸਤਾਨੀ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਸਥਾਨਕ ਬੱਸਾਂ ਵਿੱਚ ਮੈਨੂੰ ਸਿੱਖ ਅਤੇ ਪੰਜਾਬੀ ਵੀ ਨਜ਼ਰ ਆਏ। ਇੱਕ ਰੈਸਤਰਾਂ ਵਿੱਚ ਲਹਿੰਦੇ (ਪਾਕਿਸਤਾਨੀ) ਅਤੇ ਚੜ੍ਹਦੇ (ਭਾਰਤੀ) ਪੰਜਾਬ ਦੇ ਲੋਕ ਇਕੱਠੇ ਕੰਮ ਕਰ ਰਹੇ ਸਨ। ਹਿੰਦੁਸਤਾਨੀ ਕੰਪਨੀਆਂ ਅਤੇ ਇੰਜਨੀਅਰਾਂ ਦੀ ਮਦਦ ਨਾਲ ਐਮਸਟਰਡਮ ਕੰਪਿਊਟਰ, ਵਾਤਾਵਰਣ ਅਤੇ ਹੋਰ ਖੇਤਰਾਂ ਵਿੱਚ ਬਹੁਤ ਤਰੱਕੀ ਕਰ ਰਿਹਾ ਹੈ।
ਅਸੀਂ ਸ਼ਹਿਰ ਦੇ ਕੇਂਦਰੀ ਹਿੱਸੇ ਦਾ ਸੁੰਦਰ ਚਹਿਲ ਪਹਿਲ ਵਾਲਾ ਨਜ਼ਾਰਾ ਦੇਖਦੇ ਹੋਏ ਦੁਪਹਿਰ ਨੂੰ ਕਿਸ਼ਤੀ ਵਿੱਚ ਸੈਰ ਕਰਨ ਨਿਕਲੇ। ਐਮਸਟਰਡਮ ਵਿੱਚ ਹਰ ਪਾਸੇ ਨਹਿਰਾਂ ਦਾ ਜਾਲ ਵਿਛਿਆ ਹੋਇਆ ਹੈ ਜੋ ਸਤਾਰਵੀਂ ਸਦੀ ਵਿੱਚ ਸੁਰੱਖਿਆ, ਪਾਣੀ ਦੇ ਪ੍ਰਬੰਧ ਤੇ ਵਸਤਾਂ ਦੀ ਢੋਅ-ਢੁਆਈ ਵਾਸਤੇ ਬਣਾਈਆਂ ਗਈਆਂ ਸਨ। ਉਨ੍ਹਾਂ ਨਹਿਰਾਂ ਵਿੱਚ ਕਿਸ਼ਤੀ ਦੀ ਸੈਰ ਬਹੁਤ ਹੀ ਦਿਲਚਸਪ ਤੇ ਜਾਣਕਾਰੀ ਭਰਪੂਰ ਹੁੰਦੀ ਹੈ। ਰੰਗ ਬਿਰੰਗੇ ਤਰ੍ਹਾਂ ਤਰ੍ਹਾਂ ਦੇ ਖ਼ੂਬਸੂਰਤ ਸ਼ਿਕਾਰੇ (Boat Houses) ਅਤੇ ਸ਼ਹਿਰ ਦੀਆਂ ਹੋਰ ਅਹਿਮ ਤੇ ਦਿਲਚਸਪ ਥਾਵਾਂ ਵੇਖਣ ਨੂੰ ਮਿਲਦੀਆਂ ਹਨ।
ਉਸ ਤੋਂ ਬਾਅਦ ਅਸੀਂ ਐਨ ਫਰੈਂਕ ਦਾ ਘਰ ਵੇਖਣ ਗਏ। ਐਨ ਫਰੈਂਕ ਇੱਕ ਯਹੂਦੀ ਕੁੜੀ ਸੀ ਜੋ ਆਪਣੇ ਪਰਿਵਾਰ ਨਾਲ ਤਕਰੀਬਨ ਦੋ ਸਾਲ ਇਸ ਘਰ ਦੀ ਮਮਟੀ ਵਿੱਚ, ਨਾਜ਼ੀ ਸਰਕਾਰ ਤੋਂ ਬਚਣ ਲਈ, ਰਹੀ ਸੀ। ਅੰਤ ਉਹ ਸਭ ਫੜੇ ਗਏ ਅਤੇ ਤਸੀਹਾ ਕੈਂਪਾਂ ਵਿੱਚ ਕੈਦ ਕਰ ਦਿੱਤੇ ਗਏ ਜਿੱਥੇ ਉਸ ਦੀ ਮੌਤ ਹੋ ਗਈ। ਐਨ ਫਰੈਂਕ ਇੱਕ ਮਸ਼ਹੂਰ ਲੇਖਕ ਬਣਨਾ ਚਾਹੁੰਦੀ ਸੀ। ਉਨ੍ਹਾਂ ਦੋ ਸਾਲਾਂ 1942 ਤੋਂ 1944 ਦੌਰਾਨ ਉਸ ਨੇ ਆਪਣੀ ਡਾਇਰੀ ਅਤੇ ਹੋਰ ਕਿਤਾਬਾਂ ਵੀ ਲਿਖੀਆਂ। ਸਾਰੇ ਪਰਿਵਾਰ ਵਿੱਚੋਂ ਸਿਰਫ਼ ਉਸ ਦਾ ਪਿਤਾ ਓਟੋ ਫਰੈਂਕ ਹੀ ਬਚ ਸਕਿਆ। ਜਦੋਂ ਉਸ ਨੂੰ ਆਪਣੀ ਧੀ ਦੀ ਡਾਇਰੀ ਮਿਲੀ ਤਾਂ ਉਸ ਨੇ ਉਸ ਨੂੰ ਪ੍ਰਕਾਸ਼ਿਤ ਕਰਵਾਇਆ। ਐਨ ਫਰੈਂਕ ਆਪਣੀ ਡਾਇਰੀ ਕਰਕੇ ਮਰਨ ਉਪਰੰਤ ਰਾਤੋ-ਰਾਤ ਸੰਸਾਰ ਪ੍ਰਸਿੱਧ ਲੇਖਿਕਾ ਬਣ ਗਈ।
ਉਸ ਦਾ ਘਰ ਹੁਣ ਇੱਕ ਅਜਿਹਾ ਅਜਾਇਬਘਰ ਹੈ ਜਿਸ ਦੀ ਆਪਣੀ ਇੱਕ ਕਹਾਣੀ ਹੈ। ਉੱਥੇ ਜੋ ਕੁਝ ਵੀ ਵਾਪਰਿਆ, ਉਹ ਦਰਸ਼ਕ ਨੂੰ ਜ਼ਾਤੀ ਤੌਰ ’ਤੇ ਜਾਣਨ ਦਾ ਮੌਕਾ ਮਿਲਦਾ ਹੈ। ਲੁਕਣ ਵਾਲਾ ਗੁਪਤ ਕਮਰਾ ਆਪਣੇ ਮੁੱਢਲੇ ਰੂਪ ਵਿੱਚ ਹੀ ਸੰਭਾਲਿਆ ਗਿਆ ਹੈ ਅਤੇ ਉਸ ਨੂੰ ਛਿਪਾਉਣ ਵਾਸਤੇ ਵਰਤੀ ਜਾਂਦੀ ਕਿਤਾਬਾਂ ਦੀ ਸ਼ੈਲਫ ਵੀ ਉਂਜ ਹੀ ਰੱਖੀ ਹੋਈ ਹੈ। ਐਨ ਫਰੈਂਕ ਦੀ ਅਸਲੀ ਡਾਇਰੀ ਅਤੇ ਹੋਰ ਯਾਦਗਾਰਾਂ ਵੀ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਐਨ ਫਰੈਂਕ ਅਤੇ ਹੋਰਾਂ ਦੀ ਕਹਾਣੀ ਉਸ ਦੀ ਡਾਇਰੀ ਵਿੱਚੋਂ ਲਈਆਂ ਗਈਆਂ ਵੱਖ ਵੱਖ ਪੰਕਤੀਆਂ ਨਾਲ ਦਰਸਾਈ ਗਈ ਹੈ। ਅੰਤ ਵਿੱਚ ਐਨ ਫਰੈਂਕ ਦੇ ਜੀਵਨ ਤੇ ਉਸ ਬਾਰੇ ਹੋਰ ਸ਼ਖ਼ਸੀਅਤਾਂ ਦੇ ਵਿਚਾਰ ਦਰਸਾਉਂਦੀ ਇੱਕ ਫ਼ਿਲਮ ਵੀ ਦਿਖਾਈ ਜਾਂਦੀ ਹੈ। ਇੱਕ ਜਗ੍ਹਾ ਇੱਕ ਪੁਸਤਕ ਵਿੱਚ ਦੂਜੇ ਮਹਾਂਯੁੱਧ ਵਿੱਚ ਤਸੀਹਾ ਕੈਂਪਾਂ ਵਿੱਚ ਮਾਰੇ ਗਏ ਲੱਖ ਤੋਂ ਵੀ ਉੱਪਰ ਲੋਕਾਂ ਦੇ ਨਾਂ ਅੰਕਿਤ ਕੀਤੇ ਗਏ ਹਨ। ਐਨ ਫਰੈਂਕ ਦਾ ਘਰ ਦੇਖ ਕੇ ਅਸੀਂ ਬਾਹਰ ਨਿਕਲੇ ਤਾਂ ਬੂੰਦਾ-ਬਾਂਦੀ ਹੋ ਰਹੀ ਸੀ। ਅਸੀਂ ਖ਼ੁਸ਼ਕਿਸਮਤ ਸਾਂ ਕਿ ਪੂਰੇ ਦੋ ਦਿਨ ਮੀਂਹ ਨਹੀਂ ਪਿਆ ਸੀ। ਦਰਅਸਲ, ਇੱਥੇ ਕਦੇ ਵੀ ਮੀਂਹ ਪੈ ਸਕਦਾ ਹੈ। ਠੰਢੀਆਂ ਤੇਜ਼ ਹਵਾਵਾਂ ਤਾਂ ਅਕਸਰ ਚੱਲਦੀਆਂ ਹਨ। ਕਹਿੰਦੇ ਹਨ ਜਦੋਂ ਹਵਾਵਾਂ ਨਹੀਂ ਚੱਲਦੀਆਂ ਤਾਂ ਮੀਂਹ ਪੈਂਦਾ ਹੈ। ਪਾਸ ਲਿਆ ਹੋਣ ਕਰਕੇ ਅਸੀਂ ਕੇਂਦਰੀ ਸਟੇਸ਼ਨ ਜਾਣ ਲਈ ਮੁੜ ਟਰਾਮ ’ਤੇ ਚੜ੍ਹ ਗਏ। ਐਮਸਟਰਡਮ ਘੁੰਮਣ ਲਈ ਇੱਕ ਜਾਂ ਦੋ ਦਿਨ ਦਾ ਪਾਸ ਲੈ ਲੈਣਾ ਚਾਹੀਦਾ ਹੈ ਜੋ ਰੇਲ, ਟਰਾਮ ਅਤੇ ਬੱਸ ਵਿੱਚ ਹਰ ਜਗ੍ਹਾ ਚੱਲਦਾ ਹੈ। ਇਸ ਸਫ਼ਰ ਦੀਆਂ ਹੁਸੀਨ ਯਾਦਾਂ ਸਦਾ ਲਈ ਮੇਰੇ ਦਿਲ ਵਿੱਚ ਵਸ ਗਈਆਂ ਹਨ।

-ਅਮਨਦੀਪ ਸਿੰਘ

Related posts

Emirates Illuminates Skies with Diwali Celebrations Onboard and in Lounges

admin

‘ਗਊ ਸੈਰ-ਸਪਾਟਾ’ ਰਾਹੀਂ ਯੂਪੀ ਵਿੱਚ ਪੇਂਡੂ ਅਰਥਵਿਵਸਥਾ ਨੂੰ ਹੁਲਾਰਾ ਮਿਲੇਗਾ

admin

Northern Councils Call On Residents To Share Transport Struggles !

admin