ਕਿਸੇ ਦਾਰਸ਼ਨਿਕ ਨੇ ਕਿਹਾ ਹੈ,” ਮਨੁੱਖ ਕੋਲ ਜਿਊਣ ਲਈ ਇੱਕ ਜਿੰਦਗੀ ਹੈ । ” ਉਸਨੇ ਇਹ ਦੇਖਣਾ ਹੈ ਕਿ ਉਸਨੂੰ ਕਿਵੇ ਜਿਊਣਾ ਹੈ? ਇਸਦੇ ਨਾਲ ਇੱਕ ਸਵਾਲ ਹੋਰ ਪੈਦਾ ਹੁੰਦਾ ਹੈ ਕਿ ਮਨੁੱਖ ਨੇ ਇਸ ਜੀਵਨ ਵਿੱਚ ਹਾਸਿਲ ਕੀ ਕੀਤਾ? ਮੇਰੇ ਅਨੁਸਾਰ ਮਨੁੱਖੀ ਜਿੰਦਗੀ ਦਾ ਹਾਸਿਲ ਇਹ ਹੈ ਕਿ ਮਨੁੱਖ ਨੇ ਜਿੰਦਗੀ ਨੂੰ ਕਿਵੇਂ ਜੀਵਿਆ। ਸਾਡਾ ਧਰਤੀ ਤੇ ਆਉਣਾ ਤਾਂ ਹੀ ਸਾਰਥਿਕ ਹੈ ਜੇਕਰ ਅਸੀ ਉਸ ਸਮੇਂ ਦੌਰਾਨ ਵੱਧ ਤੋਂ ਵੱਧ ਉਹ ਕਾਰ ਵਿਹਾਰ ਕਰੀਏ ਜਿੰਨ੍ਹਾਂ ਨਾਲ ਸਾਡੀ ਸ਼ਖਸੀਅਤ ਵਿੱਚ ਵੀ ਨਿਖਾਰ ਆਵੇ ਅਤੇ ਸਮਾਜ ਦਾ ਵੀ ਭਲਾ ਹੋਵੇ। ਪੁਰਾਣੇ ਸਮਿਆਂ ਵਿੱਚ ਇੱਕ ਅਖਾਣ ਵਰਤਿਆ ਜਾਂਦਾ ਸੀ ਕਿ ‘ਕਿਰਤ ਵਿੱਚ ਸਦਾ ਬਰਕਤਾਂ ਨੇ। ‘ਭਾਵ ਕਿਰਤ ਮਨੁੱਖ ਨੂੰ ਆਰਥਿਕ ਪੱਖੋਂ ਹੀ ਨਹੀਂ, ਸ਼ਰੀਰਕ ਅਤੇ ਮਾਨਸਿਕ ਪੱਖੋਂ ਵੀ ਸਿਹਤਮੰਦ ਬਣਾਉਂਦੀ ਹੈ। ਕਿਰਤ ਬਾਰੇ ਕਾਰਲ ਮਾਰਕਸ ਨੇ ਲਿਖਿਆ ਹੈ ਕਿ ” ਕਿਰਤ ਉਹ ਪ੍ਰਕਿਰਿਆ ਹੈ ਜਿਸ ਵਿੱਚ ਮਨੁੱਖ ਅਤੇ ਪ੍ਰਕਿਰਤੀ ਦੋਵੇਂ ਸ਼ਾਮਿਲ ਹੁੰਦੇ ਹਨ।
ਅਸੀਂ ਪੰਜਾਬ ਦੇ ਲੋਕ ਜੇ ਕਿਸੇ ਮਹਾਨ ਸ਼ਖਸੀਅਤ ਨੂੰ ਸਭ ਤੋਂ ਵੱਧ ਮਾਣ ਦਿੰਦੇ ਹਾਂ ਤਾਂ ਉਹ ਹਨ ਗੁਰੂ ਨਾਨਕ ਦੇਵ ਜੀ। ਉਹਨਾਂ ਦਾ ਪਹਿਲਾ ਉਪਦੇਸ਼ ਹੀ ਕਿਰਤ ਕਰੋ ਦਾ ਹੈ। ਉਹਨਾਂ ਗੁਰਬਾਣੀ ਦੀਆਂ ਕਈ ਪੰਗਤੀਆਂ ਵਿੱਚ ਕਿਰਤ ਕਰਨ ਦੀ ਮਹਾਨਤਾ ਦਾ ਜ਼ਿਕਰ ਕੀਤਾ ਹੈ
ਜਿਹੜੇ ਸਮਾਜਾਂ ਵਿੱਚ ਬਹੁਗਿਣਤੀ ਲੋਕ ਕਿਰਤ ਨਾਲ ਜੁੜੇ ਹੁੰਦੇ ਹਨ, ਉੱਥੇ ਲੋਕਾਂ ਵਿੱਚ ਚੰਗੀਆਂ ਨੈਤਿਕ ਕਦਰਾਂ ਕੀਮਤਾਂ ਦਾ ਸੰਚਾਰ ਹੁੰਦਾ ਹੈ। ਇਸਦਾ ਪ੍ਰਭਾਵ ਅਗਲੀਆਂ ਪੀੜ੍ਹੀਆਂ ਤਕ ਵੀ ਰਹਿੰਦਾ ਹੈ। ਅੱਜ ਲੋਕ ਵੱਡੀ ਗਿਣਤੀ ਵਿੱਚ ਮਾਨਸਿਕ ਤਨਾਵਾਂ ਦਾ ਸ਼ਿਕਾਰ ਹਨ। ਕੋਈ ਸਮਾਂ ਸੀ ਜਦੋਂ ਸਮਾਜ ਵਿੱਚ ਮਰਦ ਮਿਲ ਕੇ ਖੇਤੀ ਕਰਦੇ ਸਨ ਅਤੇ ਔਰਤਾਂ ਕਈ ਤਰ੍ਹਾਂ ਦੇ ਕੰਮ ਕਰਦੀਆਂ ਸਨ। ਪਰ ਅੱਜ ਕਿਰਤ ਨਾਲ ਜੁੜੀਆਂ ਸਾਝਾਂ ਲਗਪਗ ਖਤਮ ਹੋ ਗਈਆਂ ਹਨ। ਚੀਨੀ ਦਾਰਸ਼ਨਿਕ ਕਨਫਿਊਸ਼ੀਅਸ਼ ਦਾ ਕਹਿਣਾ ਹੈ ਕਿ ਧਰਮ ਅਤੇ ਸਿੱਖਿਆ ਗ੍ਰਹਿਣ ਕਰਨ ਨਾਲ ਕੋਈ ਪੂਰਨ ਮਨੁੱਖ ਨਹੀਂ ਬਣ ਜਾਂਦਾ, ਇਸ ਲਈ ਉਸਦਾ ਕਿਰਤ ਨਾਲ ਜੁੜਨਾ ਬਹੁਤ ਜਰੂਰੀ ਹੈ। ਭਾਵ ਕਿਰਤ ਮਨੁੱਖ ਨੂੰ ਪੂਰਨ ਮਨੁੱਖ ਬਣਾਉਣ ਵਿੱਚ ਵੱਡਾ ਰੋਲ ਅਦਾ ਕਰਦੀ ਹੈ । ਅੱਜ ਸਾਡੇ ਦੇਸ਼ ਦੇ ਨੌਜਵਾਨ ਵੱਡੀਆਂ ਰਕਮਾਂ ਖਰਚ ਕੇ ਵਿਕਸਿਤ ਦੇਸ਼ਾਂ ਵਿੱਚ ਜਾਣ ਨੂੰ ਬੇਤਾਬ ਹਨ। ਉੱਥੇ ਸਾਡੇ ਨਾਲੋਂ ਕੀ ਵੱਖਰਾ ਹੈ? ਇਸਦਾ ਉੱਤਰ ਇਹ ਹੈ ਕਿ ਉੱਥੇ ਕਿਰਤ ਨੂੰ ਸਨਮਾਨ ਮਿਲਦਾ ਹੈ। ਔਖੇ ਭਾਰੇ ਕੰਮ ਕਰਨ ਵਾਲਿਆਂ ਨੂੰ ਵੱਧ ਮਾਣ ਅਤੇ ਮੁਆਵਜ਼ਾ ਮਿਲਦਾ ਹੈ। ਇੱਕ ਪ੍ਰੋਫੈਸਰ ਨਾਲੋਂ ਟਰੱਕ ਡਰਾਈਵਰ ਨੂੰ ਵੱਧ ਇਵਜ਼ਾਨਾ ਮਿਲਦਾ ਹੈ। ਪਰ ਸਾਡੇ ਦੇਸ਼ ਵਿੱਚ ਔਖੇ ਭਾਰੇ ਕੰਮ ਵਾਲਿਆਂ ਨੂੰ ਵੱਧ ਮਾਣ ਅਤੇ ਮੁਆਵਜ਼ਾ ਤਾਂ ਕੀ ਮਿਲਣਾ, ਉਲਟਾ ਉਸਨੂੰ ਨੀਵਾਂ ਸਮਝਿਆ ਜਾਂਦਾ ਹੈ ।
ਹਰ ਦੇਸ਼ ਦੀ ਪ੍ਰਸ਼ਾਸਨਿਕ ਵਿਵਸਥਾ ਚੰਗੇ ਮਾੜੇ ਸਮਾਜਾਂ ਦੀ ਸਿਰਜਣਾ ਕਰਦੀ ਹੈ। ਅੱਜ ਜੇਕਰ ਸਾਡੇ ਸਮਾਜ ਦੀ ਬਹੁਗਿਣਤੀ ਕਿਰਤ ਵਿਹੂਣੀ ਹੋ ਗਈ ਹੈ ਤਾਂ ਉਸਦਾ ਕਾਰਨ ਇਹ ਕਿ ਜਿਸ ਤਰ੍ਹਾਂ ਲੋਕਾਂ ਲਈ ਕਿਰਤ ਦੇ ਵਸੀਲੇ ਪੈਦਾ ਕੀਤੇ ਜਾਣੇ ਸਨ ਨਹੀਂ ਕੀਤੇ ਗਏ। ਅੱਜਕੱਲ੍ਹ ਇਲੈਕਟ੍ਰਿਕ ਅਤੇ ਸ਼ੋਸ਼ਲ ਮੀਡੀਆ ਤੇ ਇੱਕ ਪ੍ਰਚਾਰ ਬੜੇ ਜ਼ੋਰ ਸ਼ੋਰ ਨਾਲ ਹੁੰਦਾ ਹੈ ਕਿ ਚੀਨੀ ਸਮਾਨ ਦਾ ਬਾਈਕਾਟ ਕੀਤਾ ਜਾਵੇ। ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਚੀਨ ਵਰਗਾ ਮੁਲਕ ਆਪਣੇ ਦੇਸ਼ ਦੀ ਵੱਡੀ ਆਬਾਦੀ ਨੂੰ ਵੱਖ ਵੱਖ ਕੰਮਾਂ ਨਾਲ ਜੋੜ ਕੇ ਆਲਮੀ ਬਾਜ਼ਾਰ ਤੇ ਕਾਬਜ਼ ਹੋ ਸਕਦਾ ਹੈ ਤਾਂ ਅਸੀਂ ਭਾਰਤ ਕਿਉਂ ਨਹੀਂ? ਪਰ ਸਾਡੇ ਮੁਲਕ ਵਿੱਚ ਲੋਕਾਂ ਨੂੰ ਧਰਮ ਕਰਮ, ਜਾਤਾਂ ਪਾਤਾਂ ਅਤੇ ਰਾਜਨੀਤੀ ਦੀਆਂ ਕੋਝੀਆਂ ਚਾਲਾਂ ਵਿੱਚ ਉਲਝਾਇਆ ਜਾ ਰਿਹਾ ਹੈ। ਸਾਡੇ ਲੋਕਾਂ ਨੂੰ ਕਿਰਤ ਲਈ ਤਿਆਰ ਹੀ ਨਹੀਂ ਕੀਤਾ ਜਾ ਰਿਹਾ।
ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਵੱਖ ਵੱਖ ਅਦਾਰਿਆਂ ਵਿੱਚ ਹੁੰਦੀ ਕਿਰਤ ਦੀ ਲੁੱਟ ਨੂੰ ਰੋਕਣ ਵਿੱਚ ਸਕਾਰਾਤਮਕ ਭੂਮਿਕਾ ਨਿਭਾਵੇ। ਪਰ, ਇੱਥੇ ਸਾਡੇ ਮੁਲਕ ਵਿੱਚ ਇਸ ਤੋਂ ਉਲਟ ਹੋ ਰਿਹਾ ਹੈ, ਪੜ੍ਹੇ ਲਿਖੇ ਨੋਜਵਾਨਾਂ ਨੂੰ ਪਹਿਲਾਂ ਤਾਂ ਸਰਕਾਰੀ ਨੌਕਰੀ ਮਿਲਦੀ ਨਹੀਂ, ਜੇਕਰ ਮਿਲਦੀ ਵੀ ਹੈ ਤਾਂ ਕਈ ਸਾਲ ਨਿੱਜੀ ਅਦਾਰਿਆਂ ਦੀ ਤਰ੍ਹਾਂ 10,000 , 15,000 ਤਨਖਾਹ ਮੁਹੱਈਆ ਕਰਵਾਈ ਜਾਂਦੀ ਹੈ। ਸਰਕਾਰਾਂ ਨੂੰ ਇਸ ਗੱਲ ਵੱਲ ਖਾਸ ਧਿਆਨ ਦੇਣ ਦੀ ਜਰੂਰਤ ਹੈ ਕਿ ਜੇਕਰ ਬੇਰੁਜ਼ਗਾਰੀ ਤੋ ਸਤਾਏ ਨੋਜਵਾਨ ਨਸ਼ਿਆ ਦੀ ਦਲਦਲ ਵਿੱਚ ਜਾਂ ਗਲਤ ਸੰਗਤ ਦੇ ਆਦੀ ਹੁੰਦੇ ਹਨ ਤਾਂ ਇਸਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
ਕਿਰਤ ਜਿੰਦਗੀ ਦਾ ਸਭ ਤੋਂ ਮਹੱਤਵਪੂਰਣ ਹਿੱਸਾ ਹੈ, ਜਿੰਨੀ ਦੇਰ ਕਿਰਤ ਸਾਡਾ ਵਿਹਾਰ ਨਹੀਂ ਬਣਦੀ ਅਸੀਂ ਠੀਕ ਅਰਥਾਂ ਵਿੱਚ ਤਰੱਕੀ ਨਹੀਂ ਕਰ ਸਕਦੇ। ਕਿਰਤ ਕਰਨ ਤੋਂ ਬਿਨਾਂ ਕੋਈ ਵੀ ਮਨੁੱਖ ਜਿੰਦਗੀ ਦੇ ਅਰਥ ਨਹੀਂ ਜਾਣ ਸਕਦਾ ਅਤੇ ਨਾ ਹੀ ਜਿੰਦਗੀ ਨਾਲ ਮੁਹੱਬਤ ਕਰ ਸਕਦਾ ਹੈ। ਆਪਣੇ ਮਨਫ਼ੀ ਹੋ ਰਹੇ ਕਿਰਤੀ ਸੱਭਿਆਚਾਰ ਨੂੰ ਬਚਾਉਣਾ ਜਿੱਥੇ ਸਾਡੀ ਜਰੂਰਤ ਹੈ ਉਥੇ ਸਾਡੀ ਜਿੰਮੇਵਾਰੀ ਵੀ ਹੈ ਕਿਉਂਕਿ ਅਸੀਂ ਮਿਹਨਤੀ ਅਤੇ ਉੱਦਮੀ ਲੋਕਾਂ ਦੇ ਵਾਰਿਸ ਹਾਂ ਨਾ ਕਿ ਜਾਹਿਲ ਅਤੇ ਆਲਸੀ ਲੋਕਾਂ ਦੇ।