Articles

ਜੜ ਸੱਭਿਅਤਾ ਅਤੇ ਸੱਭਿਆਚਾਰ ਮਨੁੱਖੀ ਸ਼ਾਂਤੀ ਅਤੇ ਸਰਵਗੁਣ ਉੱਨਤੀ ਲਈ ਧਰਾਤਲ ਹਨ

ਲੇਖਕ: ਅਮਰ ਗਰਗ ਕਲਮਦਾਨ, ਧੂਰੀ

ਮਨੁੱਖ ਦੀ ਪ੍ਰਕ੍ਰਿਤੀ ਨਾਲ਼ ਸਾਂਝ, ਪਦਾਰਥ ਦਾ ਲੋੜ ਅਤੇ ਉਸਦੀ ਸੁਚੱਜੀ ਵਰਤੋਂ, ਸੂਖਮ ਕਲਾਵਾਂ ਨਾਲ਼ ਮਨ ਦੀ ਤ੍ਰਿਪਤੀ, ਮਨ ਦੇ ਚਾਵਾਂ ਦੀ ਪੂਰਤੀ, ਉਤਪਾਦਨ ਦੇ ਸਾਧਨਾਂ ਦੀ ਸੁਚੱਜੀ ਵਰਤੋਂ ਸੱਚੀ ਕਿਰਤ ਅਤੇ ਵਿਗਿਆਨਕ ਸੋਚ ਵਿੱਚੋਂ ਸੱਭਿਅਤਾ ਅਤੇ ਸੱਭਿਆਚਾਰ ਪੈਦਾ ਹੁੰਦੇ ਹਨ।

ਜਦੋਂ ਮਨੁੱਖ ਆਦਿ ਮਾਨਵ ਦੇ ਰੂਪ ਵਿੱਚ ਸੀ, ਉਦੋਂ ਹੀ ਇਸਨੇ ਟੋਲੀਆਂ ਬਣਾ ਕੇ ਰਹਿਣ ਵਿੱਚ ਆਪਣਾ ਹਿੱਤ ਸਮਝ ਲਿਆ ਸੀ। ਇੱਕ ਖਾਸ ਭਗੋਲਿਕ ਖਿੱਤੇ ਵਿੱਚ ਰਹਿਣ ਵਾਲੀਆਂ ਮਨੁੱਖੀ ਟੋਲੀਆਂ ਦੇ ਆਪਸੀ ਮਿਲਵਰਤਨ ਨਾਲ਼ ਇੱਕ ਸਮਾਜ ਹੋਂਦ ਵਿੱਚ ਆਇਆ। ਜਦੋਂ ਇੱਕ ਵੱਡੇ ਮਨੁੱਖੀ ਸਮਾਜ ਵਿੱਚ, ਜਿਹੜਾ ਵੱਖ-ਵੱਖ ਭਗੋਲਿਕ ਖੰਡਾਂ ਵਿੱਚ ਫੈਲਿਆ ਹੋਇਆ ਸੀ, ਗੁਣਾਂ ਅਤੇ ਵਿਸਵਾਸ਼ਾਂ ਦੀ ਸਾਂਝ ਪੈਦਾ ਹੋਈ ਤਾਂ ਸੱਭਿਅਤਾ ਨੇ ਜਨਮ ਲਿਆ । ਸਮੁੱਚੀ ਧਰਤੀ ਉੱਪਰ ਕੁਝ ਗਿਣੀਆਂ-ਚੁਣੀਆਂ ਸੱਭਿਅਤਾਵਾਂ ਜਿਨ੍ਹਾਂ ਵਿੱਚ ਸਿੰਧ ਘਾਟੀ, ਵੈਦਿਕ, ਚੀਨੀ, ਮੈਸੋਪੋਟਾਮੀਆਂ, ਮਿਸਰ, ਰੋਮਨ, ਗਰੀਕ ਅਤੇ ਮਾਇਆ ਆਦਿ ਸੱਭਿਅਤਾਵਾਂ  ਨੇ ਜਨਮ ਲਿਆ। ਬਹੁਤ ਹੀ ਹੈਰਾਨੀ ਵਾਲੀ ਗੱਲ ਹੈ, ਸਾਰੀਆਂ ਪ੍ਰਾਚੀਨ ਸੱਭਿਆਤਾਵਾਂ ਭਾਵੇਂ ਉਹ ਧਰਤੀ ਦੇ ਕਿਸੇ ਵੀ ਕੋਨੇ ਉੱਪਰ ਪੈਦਾ ਹੋਈਆਂ ਹੋਣ, ਉਨ੍ਹਾਂ ਦੇ ਅਧਾਰਭੂਤ ਗੁਣ ਅਤੇ ਵਿਸਵਾਸ਼ ਮਿਲਦੇ-ਜੁਲਦੇ ਸਨ।

ਪ੍ਰਾਚੀਨ ਆਦਿ ਮਨੁੱਖ ਨੇ ਆਪਣੇ ਜੀਵਨ ਲਈ ਜਿਹੜੀਆਂ ਕੁਦਰਤੀ ਵਸਤੂਆਂ ਦੀ ਲੋੜ ਸਮਝੀ, ਉਸਨੇ ਉਨ੍ਹਾਂ ਦੀ ਹੀ ਮਾਨਤਾ ਅਤੇ ਪੂਜਾ ਕੀਤੀ ਅਤੇ ਉਹਨਾ ਨੂੰ ਹੀ ਆਪਣਾ ਈਸ਼ਟ ਮੰਨ ਲਿਆ। ਇਹਨਾ ਕੁਦਰਤੀ ਵਸਤਾਂ ਵਿੱਚ ਪਾਣੀ, ਸੂਰਜ (ਅੱਗ), ਧਰਤੀ, ਹਵਾ, ਜੰਗਲੀ ਜੀਵ ਜੰਤੂ ਅਤੇ ਪੇੜ ਪੌਦੇ ਸਨ। ਇਸਦੇ ਨਾਲ ਹੀ ਪ੍ਰਾਚੀਨ ਆਦਿ –ਮਾਨਵ ਨੇ ਜੀਵਨ ਨੂੰ ਰਸ ਮਈ ਬਣਾਉਣ ਲਈ ਕੋਮਲ ਤੱਤਾਂ ਜਿਨ੍ਹਾਂ ਵਿੱਚ ਸੰਗੀਤ, ਚਿੱਤਰਕਾਰੀ ਅਤੇ ਬੋਲੀ ਭਾਸ਼ਾ ਦੀ ਖੋਜ ਕੀਤੀ। ਇੱਕ ਹੋਰ ਹੈਰਾਨੀ ਵਾਲੀ ਗੱਲ ਹੈ ਕਿ ਧਰਤੀ ਦੇ ਵੱਖ-ਵੱਖ ਕੋਨਿਆਂ ਵਿੱਚ ਆਦਿ ਮਾਨਵ ਵੱਲੋਂ ਨਿਰਮਤ ਗੁਫਾ ਚਿੱਤਰਕਾਰੀ ਮਿਲਦੀ ਹੈ। ਇਨ੍ਹਾਂ ਸਾਰੇ ਗੁਫਾ ਚਿੱਤਰਾਂ ਵਿੱਚ ਪ੍ਰਾਕ੍ਰਿਤਕ ਤੱਤਾਂ ਦੀ ਮਾਨਤਾ ਨੂੰ ਦਰਸਾਇਆ ਗਿਆ ਹੈ, ਜਿਹੜੀ ਕਿ ਇੱਕ ਵੱਡੀ ਸਮਾਨਤਾ ਹੈ। ਆਲਟਾਮੀਰਾ ਗੁਫਾ ਚਿੱਤਰਕਾਰੀ ਸਪੇਨ ਵਿੱਚ, ਮੈਂਗੂਰਾ ਗੁਫਾ ਚਿੱਤਰਕਾਰੀ ਬੁਲਗਾਰੀਆ ਵਿੱਚ, ਮਾਨੋਸ ਗੁਫਾ ਚਿੱਤਰਕਾਰੀ ਅਰਜਨਟਾਈਨਾ ਵਿੱਚ, ਲਾਸ ਗਾਲ ਗੁਫਾ ਚਿੱਤਰਕਾਰੀ ਸੋਮਾਲੀਆ ਚ ਅਤੇ ਭੀਮ-ਬੇਟਕਾ ਗੁਫਾ ਚਿੱਤਰਕਾਰੀ ਭਾਰਤ ਵਿੱਚ ਮਿਲਦੀ ਹੈ। ਇਹ ਗੁਫਾ ਚਿੱਤਰਕਾਰੀ 10000-20000 ਸਾਲ ਪੁਰਾਣੀ ਦੱਸੀ ਜਾਂਦੀ ਹੈ। ਆਦਿ ਮਾਨਵ ਤੋਂ ਇਹ ਕਲਾ ਧਰਤੀ ਉੱਪਰ ਉਸਰੀਆਂ ਸੱਭਿਆਤਾਵਾਂ ਵਿੱਚ ਵਧੇਰੇ ਪ੍ਰਫੁੱਲਤ ਹੋਈ ।

ਜਿਵੇਂ ਪਾਣੀ ਪਹਾੜਾਂ ਤੋਂ ਥੱਲੇ ਵੱਲ ਡਿੱਗਦਾ ਹੈ, ਇੱਕ ਲੰਬਾ ਪੈਂਡਾ ਤੈਅ ਕਰਕੇ ਸਮੁੰਦਰ ਵਿੱਚ ਇੱਕ ਸਥਿਰ ਅਤੇ ਸਮਤਲ ਜਗ੍ਹਾ ਬਣਾ ਲੈਂਦਾ ਹੈ, ਇਸੇ ਤਰਾਂ ਮਨੁੱਖੀ ਸੱਭਿਆਤਾਵਾਂ ਨੇ ਅਜਿਹੇ ਗੁਣਾਂ ਅਤੇ ਵਿਸਵਾਸ਼ਾਂ ਨੂੰ ਧਾਰਨ ਕੀਤਾ ਜਿਨ੍ਹਾਂ ਨਾਲ਼ ਉਨ੍ਹਾਂ ਵਿੱਚ ਵੱਧ ਤੋਂ ਵੱਧ ਸਮਾਜਿਕ ਸਥਿਰਤਾ ਦੀ ਸਥਿਤੀ ਬਣੀ ਰਹੇ। ਸੱਭਿਆਤਾਵਾਂ ਦੇ ਵਿਵਹਾਰ, ਗੁਣਾਂ ਜਾ ਵਿਸਵਾਸ਼ਾਂ ਵਿੱਚ ਕਿਤੇ ਵੀ ਨਿਰਾਕਾਰ ਈਸ਼ਵਰ ਦੀ ਮਾਨਤਾ ਲਈ ਕੋਈ ਥਾਂ ਨਹੀਂ ਸੀ।

ਜੇਕਰ ਸਭ ਤੋਂ ਪ੍ਰਾਚੀਨ ਸਿੰਧ ਘਾਟੀ ਸੱਭਿਅਤਾ ਦੀ ਗੱਲ ਕਰੀਏ ਤਾਂ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਦੇ ਵਿਸਵਾਸ਼ਾਂ ਵਿੱਚ ਪ੍ਰਕ੍ਰਿਤੀ ਦੇ ਤੱਤਾਂ ਦੀ ਪੂਜਾ, ਦੇਵੀ ਮਾਂ ਦੀ ਪੂਜਾ, ਪਿੱਪਲ ਦੀ ਪੂਜਾ, ਪਸ਼ੂਆਂ ਦੀ ਪੂਜਾ, ਸੱਪ ਅਤੇ ਮਗਰਮੱਛ ਦੀ ਪੂਜਾ, ਸਵਾਸਤਿਕ ਦੀ ਪੂਜਾ, ਲਿੰਗ ਅਤੇ ਯੋਨੀ ਦੇ ਸੁਮੇਲ ਚਿੰਨ੍ਹ ਦੀ ਪੂਜਾ ਪ੍ਰਮੁੱਖ ਸਨ। ਆਪਣੇ ਮ੍ਰਿਤਕਾਂ ਦਾ ਸੰਸਕਾਰ ਵੀ ਉਹ ਤਿੰਨ ਵਿਧੀਆਂ ਨਾਲ਼ ਕਰ ਲੈਂਦੇ ਸਨ। ਜਿਹੜੇ ਲੋਕ ਰੇਗੀਸਤਾਨ ਵਿੱਚ ਰਹਿੰਦੇ ਸਨ, ਉਹ ਆਪਣੇ ਮ੍ਰਿਤਕਾਂ ਨੂੰ ਰੇਤ ਵਿੱਚ ਦਬਾ ਦਿੰਦੇ ਸਨ, ਜਿਹੜੇ ਲੋਕ ਜੰਗਲ ਦੇ ਨੇੜੇ ਰਹਿੰਦੇ ਸਨ, ਉਹ ਆਪਣੇ ਮ੍ਰਿਤਕਾਂ ਨੂੰ ਅਗਨ ਭੇਂਟ ਕਰ ਦਿੰਦੇ ਸਨ ਅਤੇ ਜਿਹੜੇ ਲੋਕ ਸਮੁੰਦਰ ਕੋਲ ਰਹਿੰਦੇ ਸਨ, ਉਹ ਆਪਣੇ ਮ੍ਰਿਤਕਾਂ ਨੂੰ ਜਲ ਪ੍ਰਵਾਹ ਕਰ ਦਿੰਦੇ ਸਨ। ਸੰਸਕਾਰ ਦੀਆਂ ਤਿੰਨੇ ਵਿਧੀਆਂ ਅਪਣਾਉਣ ਪਿੱਛੇ ਵੱਡਾ ਕਾਰਨ ਆਲੇ-ਦੁਆਲੇ ਨਾਲ਼ ਪੂਰਨ ਅਨੁਕੂਲਤਾ ਬਣਾਉਣ ਦੀ ਸੋਚ ਸੀ।

ਸਿੰਧ ਘਾਟੀ ਸੱਭਿਅਤਾ ਦਾ ਭਾਵੇਂ ਪਤਨ ਹੋ ਚੁੱਕਾ ਹੈ, ਪਰ ਉਸਦੇ ਵਿਸਵਾਸ਼ਾਂ ਅਤੇ ਗੁਣਾਂ ਦਾ ਪਤਨ ਨਹੀਂ ਹੋਇਆ। ਇਸੇ ਧਰਤੀ ਉੱਪਰ ਸਿੰਧ ਘਾਟੀ ਸੱਭਿਅਤਾ ਤੋਂ ਬਾਅਦ ਜਨਮੀ ਵੈਦਿਕ ਸੱਭਿਅਤਾ ਨੇ ਨਾ ਕੇਵਲ ਸਿੰਧ ਘਾਟੀ ਸੱਭਿਅਤਾ ਦੇ ਗੁਣਾਂ ਅਤੇ ਵਿਸਵਾਸ਼ਾਂ ਨੂੰ ਅਪਣਾਇਆ ਸਗੋਂ ਇਹਨਾਂ ਗੁਣਾਂ ਅਤੇ ਵਿਸਵਾਸ਼ਾਂ ਨੂੰ ਗ੍ਰੰਥਾਂ ਵਿੱਚ ਕਲਮਵੱਧ ਕੀਤਾ ਅਤੇ ਸਦੈਵੀ ਜਿਉਂਦੇ ਬਣਾ ਦਿੱਤਾ।

ਅੱਜ ਭਾਰਤ ਦੀ ਧਰਤੀ ਉੱਪਰ ਵਿਕਸਤ ਹੋਏ ਸਾਰੇ ਸੱਭਿਆਚਾਰ ਸਿੰਧ ਘਾਟੀ ਸੱਭਿਅਤਾ ਦੇ ਗੁਣਾਂ ਅਤੇ ਵਿਸਵਾਸ਼ਾਂ ਨਾਲ਼ ਪੂਰੀ ਤਰਾਂ “ਔਤਪ੍ਰੋਤ ਹਨ। ਕਈ ਵਿਦਵਾਨਾਂ ਦਾ ਮੱਤ ਹੈ ਕਿ ਸੱਭਿਆਚਾਰ , ਸੱਭਿਅਤਾ ਨਾਲੋਂ ਪ੍ਰਾਚੀਨ ਹੁੰਦੇ ਹਨ। ਨਿਚੋੜ ਸਹੀ ਹੋਵੇ ਤਾਂ ਇਸ ਗੱਲ ਨਾਲ਼ ਵੀ ਕੋਈ ਫਰਕ ਨਹੀਂ ਪੈਂਦਾ। ਜਿੱਥੇ ਵੀ ਸੱਭਿਅਤਾ ਅਤੇ ਸੱਭਿਆਚਾਰ ਰਹਿਣਗੇ ਜੁੜਕੇ ਹੀ ਰਹਿਣਗੇ। ਜੇ ਸੱਭਿਅਤਾ ਮਰੇਗੀ, ਤਾਂ ਸੱਭਿਆਚਾਰ ਵੀ ਮਰੇਗਾ। ਸੱਭਿਅਤਾ ਅਤੇ ਸੱਭਿਆਚਾਰ ਵਿੱਚ ਬੁਨਿਆਦੀ ਅੰਤਰ ਨੂੰ ਸਮਝਦੇ ਹੋਏ, ਇਸਦੇ ਇਕਮਿਕ ਹੋਣ ਦੀ ਪੁਸ਼ਟੀ ਵੀ ਹੁੰਦੀ ਹੈ:-

  • ਸੱਭਿਅਤਾ, ਗੋਣ ਰੂਪ ਵਿੱਚ ਵਿਰਾਜਮਾਨ ਹੁੰਦੀ ਹੈ ਅਤੇ ਬਹੁਤ ਸਾਰੇ ਸੱਭਿਆਚਾਰਾਂ ਦੀ ਜਨਨੀ ਹੁੰਦੀ ਹੈ। ਜਦੋਂ ਕਿ    ਸੱਭਿਆਚਾਰ ਜੀਵੰਤ ਹੁੰਦਾ ਹੈ ਅਤੇ ਇੱਕ ਵਿਸ਼ੇਸ਼ ਭੂਗੋਲਿਕ ਇਕਾਈ ਵਿੱਚ ਵਧਦਾ ਫੁਲਦਾ ਹੈ।
  • ਸੱਭਿਅਤਾ ਬਹੁਤ ਵੱਡੇ ਖੇਤਰ, ਵੱਖਰੇ-ਵੱਖਰੇ ਭੁਗੋਲਿਕ ਖੰਡਾਂ ਜਿਹਨਾਂ ਦੀਆਂ ਵੱਖ-ਵੱਖ ਬੋਲੀਆਂ – ਭਾਸ਼ਾਵਾਂ ਵਿਕਸਤ ਹੋ ਜਾਂਦੀਆਂ ਹਨ, ਵਿੱਚ ਵਿਰਾਜਮਾਨ ਹੋ ਸਕਦੀ ਹੈ। ਜਦੋਂ ਕਿ ਸੱਭਿਆਚਾਰ ਇੱਕ ਹੀ ਭੁਗੋਲਿਕ ਖੰਡ ਵਿੱਚ ਵਿਰਾਜਮਾਨ ਹੁੰਦਾ ਹੈ ਅਤੇ ਇੱਕ ਬੋਲੀ-ਭਾਸ਼ਾ ਨਾਲ਼ ਜੁੜਿਆ ਹੁੰਦਾ ਹੈ।
  • ਸੱਭਿਅਤਾ ਇੱਕ ਸੂਤਰ ਹੈ ਅਤੇ ਸੱਭਿਆਚਾਰ ਉਸ ਸੂਤਰ ਨੂੰ ਲੋਕਾਂ ਦੇ ਜੀਵਨ ਵਿੱਚ ਢਾਲਦਾ ਹੈ।

ਉਦਾਹਰਨ – ਸੱਭਿਅਤਾ ਨੇ ਅਗਨੀ ਨੂੰ ਦੇਵਤਾ ਦੀ ਮਾਨਤਾ ਦੇ ਦਿੱਤੀ ਤਾਂ ਭਾਰਤ ਦੇ ਸਾਰੇ ਸੱਭਿਆਚਾਰਾਂ ਨੇ ਅਗਨੀ ਦੀ ਦੇਵਤਾ ਦੇ ਰੂਪ ਵਿੱਚ ਪੂਜਾ ਕੀਤੀ, ਜੀਵਨ ਵਿੱਚ ਸਭ ਤੋਂ ਮਹੱਤਵਪੂਰਨ ਵਿਆਹ ਬੰਧਨ, ਅਗਨੀ ਦੇ ਇਰਦ-ਗਿਰਦ ਸੱਤ ਫੇਰੇ ਲੈ ਕੇ ਸੰਪੂਰਨ ਹੋਣ ਦੀ ਰਸਮ ਚਲਾਈ। ਇਸਤੋਂ ਇਲਾਵਾ ਸਾਰੇ ਹੀ ਸੱਭਿਆਚਾਰਾਂ ਵਿੱਚ ਮ੍ਰਿਤ ਸ਼ਰੀਰ ਨੂੰ ਅਗਨ ਭੇਂਟ ਕਰਨ ਦੀ ਸਭ ਤੋਂ ਉੱਤਮ ਵਿਧੀ ਮੌਜੂਦ ਹੈ। ਪੰਜਾਬ ਦੀ ਧਰਤੀ ਉੱਪਰ ਲੋਹੜੀ ਦੇ ਤਿਉਹਾਰ ਵੇਲੇ ਅਗਨੀ ਦੀ ਪੂਜਾ ਕੀਤੀ ਜਾਂਦੀ ਹੈ।

ਇੱਕ ਹੋਰ ਖੂਬਸੂਰਤ ਉਦਾਹਰਨ ਪੇਸ਼ ਹੈ : ਸੱਭਿਅਤਾ ਨੇ ਦੱਸ ਦਿਤਾ ਧਰਤੀ ਮਾਂ ਹੈ, ਪੂਜਣ ਯੋਗ ਹੈ, ਜਨਮਦਾਤੀ ਹੈ। ਭਾਰਤ ਦੇ ਹਰ ਇੱਕ ਸੱਭਿਆਚਾਰ ਵਿੱਚ ਧਰਤੀ ਨੂੰ ਮਾਂ ਮੰਨਦੇ ਹੋਏ, ਸ਼ਬਦਾਂ ਜਾਂ ਗੀਤਾਂ ਦੀ ਰਚਨਾ ਹੋਈ। ਪੰਜਾਬ ਦੀ ਧਰਤੀ ਉੱਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ “ਮਾਤਾ ਧਰਤ ਮਹਤ”, ਸ਼ਬਦ ਦੀ ਰਚਨਾ ਕੀਤੀ, ਅਤੇ ਬੰਗਲ ਵਿੱਚ ਵੰਦੇ ਮਾਤਰਮ ਗੀਤ ਦੀ ਰਚਨਾ ਹੋਈ, ਦੋਵਾਂ ਦਾ ਅਰਥ ਇੱਕ ਹੈ। ਪੰਜਾਬ ਵਿੱਚ ਮਿੱਟੀ ਕੱਢਣ ਦੀ ਪ੍ਰਥਾ ਵੀ ਧਰਤੀ ਪੂਜਨ ਦੀ ਹੀ ਇੱਕ ਰਸਮ ਹੈ।

ਇਸੇ ਤਰਾਂ ਸੱਭਿਅਤਾ ਨੇ ਕਹਿ ਦਿੱਤਾ, ਜਲ ਜੀਵਨ ਤੱਤ ਹੈ, ਇਸਨੂੰ ਦੇਵਤਾ ਦੀ ਉਪਾਧੀ ਦਿੱਤੀ ਗਈ, ਤਾਂ ਵੱਖ-ਵੱਖ ਸੱਭਿਆਚਾਰਾਂ ਵਿੱਚ ਜਲ ਜੀਵਨ ਤੱਤ ਦੀ ਵੱਖ-ਵੱਖ ਰੂਪਾਂ ਵਿੱਚ ਪੂਜਾ ਦਾ ਚਲਣ ਸ਼ੁਰੂ ਹੋਇਆ, ਜਿਵੇਂ ਨਦੀਆਂ ਦੇ ਕੰਢਿਆਂ ਤੇ ਮੇਲੇ ਅਤੇ ਉਹਨਾਂ ਵਿੱਚ ਪਵਿੱਤਰ ਇਸ਼ਨਾਨ, ਤਲਾਬਾਂ ਵਿੱਚ ਪਵਿੱਤਰ ਇਸ਼ਨਾਨ, ਕੁੰਭ ਦੇ ਮੇਲੇ ਅਤੇ ਖੂਹਾਂ ਨੂੰ ਦੇਵਤਾ ਮੰਨ ਕੇ ਮੱਥਾ ਟੇਕਣਾ ਆਦਿ।

ਇਸੇ ਤਰਾਂ ਸੱਭਿਅਤਾ ਨੇ ਕਿਹਾ, ਸੂਰਜ ਦੇਵਤਾ ਹੈ, ਪਾਲਣਹਾਰ ਹੈ। ਵੱਖ-ਵੱਖ ਸੱਭਿਆਚਾਰਾਂ ਨੇ ਆਪਣੇ-ਆਪਣੇ ਤਰੀਕੇ ਨਾਲ਼ ਸੂਰਜ ਪੂਜਾ ਦੇ ਤਿਉਹਾਰ ਬਣਾਏ, ਬਿਹਾਰ ਵਿੱਚ ਛਟ ਪੂਜਾ, ਪੰਜਾਬ ਵਿੱਚ ਸਵੇਰੇ ਉੱਠ ਕੇ ਸੂਰਜ ਨੂੰ ਪਾਣੀ ਦੇਣਾ ਜਾਂ ਮੱਥਾ ਟੇਕਣਾ ਅਤੇ ਬਹੁਤ ਸਾਰੀਆਂ ਥਾਵਾਂ ਤੇ ਸੂਰਜ ਦੇਵਤਾ ਨੂੰ ਸਮਰਪਿਤ ਕਲਾਤਮਕ ਮੰਦਰਾਂ ਦੀ ਸਥਾਪਨਾ ਹੋਈ।

ਸੱਭਿਅਤਾ ਨੇ ਦੇਵੀ ਮਾਂ ਨੂੰ ਜਨਨੀ ਅਤੇ ਆਦਿ ਸ਼ਕਤੀ ਦੀ ਉਪਾਧੀ ਦਿੱਤੀ। ਲਗਭਗ ਸਾਰੇ ਹੀ ਸੱਭਿਆਚਾਰਾਂ ਵਿੱਚ ਦੇਵੀ ਮਾਂ ਦੀ ਮਾਨਤਾ ਵਿੱਚ ਮੇਲੇ ਲੱਗਦੇ ਹਨ। ਬੰਗਾਲ ਵਿੱਚ ਦੁਰਗਾ ਮਾਤਾ ਅਤੇ ਪੰਜਾਬ ਵਿੱਚ ਸਾਂਝੀ ਦੇਵੀ ਦੀ ਮਾਨਤਾ ਹੈ। ਪੰਜਾਬ ਵਿੱਚ ਸ਼ੀਤਲਾ ਮਾਤਾ ਨੂੰ ਸਮਰਪਿਤ ਬਾਸੜ੍ਹੀਏ ਮੇਲੇ ਵੀ ਇਸੇ ਵੰਨਗੀ ਦੇ ਹਨ।

ਵੈਦਿਕ ਸੱਭਿਅਤਾ ਨੇ ਪ੍ਰਕ੍ਰਿਤੀ ਦੇ ਪੰਜ ਮੂਲ ਤੱਤਾਂ ਜਿਨ੍ਹਾਂ ਵਿੱਚ ਅਗਨੀ [ਸੂਰਜ], ਧਰਤੀ, ਜਲ, ਹਵਾ ਅਤੇ ਆਕਾਸ਼ ਦੇ ਸੁਮੇਲ ਨਾਲ਼ ਜੀਵਨ ਦੀ ਉਤਪਤੀ ਦਾ ਵਿਗਿਆਨਿਕ ਸਿਧਾਂਤ ਗ੍ਰੰਥਾਂ ਵਿੱਚ ਕਲਮਵੱਧ ਕਰ ਦਿੱਤਾ। ਭਾਰਤ ਦੇ ਸਾਰੇ ਹੀ ਸੱਭਿਆਚਾਰਾਂ ਵਿੱਚ ਜੀਵਨ ਦੇ ਇਹਨਾਂ ਮੂਲ ਤੱਤਾਂ ਦੀ ਮਾਨਤਾ ਅਤੇ ਪੂਜਾ ਪੱਦਤੀਆਂ ਪ੍ਰਚਲਿਤ ਹਨ। ਜਰਾ ਗੋਰ ਕਰੋ, ਚੰਦਰਮਾ ਉੱਪਰ ਜੀਵਨ ਲਈ ਜਰੂਰੀ ਪੰਜ ਮੂਲ ਤੱਤਾਂ ਵਿੱਚੋਂ ਦੋ ਨਹੀਂ ਹਨ। ਇਸ ਲਈ ਉੱਥੇ ਜੀਵਨ ਦਾ ਕੋਈ ਨਿਸ਼ਾਨ ਨਹੀਂ ਮਿਲਦਾ। ਕਿੰਨਾ ਅਮਰ ਸਿਧਾਂਤ ਹੈ ਇਹ , ਜੋ ਵੈਦਿਕ ਸੱਭਿਅਤਾ ਨੇ ਲੋਕਾਈ ਨੂੰ ਦਿੱਤਾ।

ਅੱਜ ਸੱਭਿਅਤਾ ਅਤੇ ਸੱਭਿਆਚਾਰਾਂ ਨੂੰ ਦੋ ਵੱਡੇ ਖ਼ਤਰੇ ਹਨ। ਪਹਿਲਾਂ ਖਤਰਾ ਤਾਂ ਨਿਰਾਕਾਰ ਈਸ਼ਵਰਵਾਦੀ ਨਿਰਪੇਖ ਸੋਚ ਤੋਂ ਹੈ, ਜਿਹੜੀ ਮਨੁੱਖ ਨੂੰ ਕੁਦਰਤ ਨਾਲੋਂ ਅਤੇ ਉਸਦੀ ਕੁਦਰਤੀ ਸੱਭਿਅਤਾ ਅਤੇ ਸੱਭਿਆਚਾਰ ਨਾਲੋਂ ਤੋੜਦੀ ਹੈ। ਦੂਜਾ ਖ਼ਤਰਾ ਵਧ ਰਹੀ ਪੱਛਮਵਾਦੀ ਪ੍ਰਵਿਰਤੀ ਤੋਂ ਹੈ। ਜੇਕਰ ਪਹਿਲੇ ਖ਼ਤਰੇ ਦੀ ਗੱਲ ਕਰੀਏ ਤਾਂ ਸੰਸਾਰ ਦੇ ਬਹੁਤੇ ਬੁੱਧੀਜੀਵੀ ਅਤੇ ਚਿੰਤਕ ਇਸ ਖਤਰੇ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ। ਇੱਥੋਂ ਤੱਕ ਕਿ ਕਾਰਲ ਮਾਰਕਸ ਵੀ ਇਸ ਖਤਰੇ ਤੋਂ ਅਨਜਾਨ ਹੀ ਰਿਹਾ, ਜਦੋਂ ਕਿ ਨਿਰਾਕਾਰ ਈਸ਼ਵਰਵਾਦੀ ਸੋਚ, ਸੱਭਿਅਤਾ ਅਤੇ ਸੱਭਿਆਚਾਰਾਂ ਦੀ ਹੋਂਦ ਲਈ ਸਭ ਤੋਂ ਵੱਡਾ ਖ਼ਤਰਾ ਹੈ। ਹਾਂ ਕੁਝ ਬੁੱਧੀ ਜੀਵੀਆਂ ਅਤੇ ਰਿਸ਼ੀ ਮੁਨੀਆਂ ਦੀਆਂ ਕ੍ਰਿਤਾਂ ਉਪਰੋਕਤ ਈਸ਼ਵਰਵਾਦੀ ਖ਼ਤਰੇ ਦੀ ਤਾਈਦ ਕਰਦੀਆਂ ਹਨ। ਸੀਰੀਆ ਦੇ ਇੱਕ ਸੰਸਾਰ ਪ੍ਰਸਿੱਧ ਚਿੰਤਕ ਅਲੀ ਅਹਿਮਦ ਸਈਦ ਅਦੁਨਿਸ ਦੀ ਇੰਟਰਵਿਊ ਭਾਰਤ ਦੇ ਕੁਝ ਅਖਬਾਰਾਂ ਵਿੱਚ ਛਪੀ ਸੀ। ਜਿਸ ਵਿੱਚ ਉਹਨ੍ਹਾਂ ਨੇ ਨਿਰਾਕਾਰ ਈਸ਼ਵਰ ਦੀ ਨਿਰਪੇਖਿਕ ਸੋਚ ਨੂੰ ਸੱਭਿਆਚਾਰਾਂ ਅਤੇ ਸਮਾਜ ਦੀ ਸਥਿਰਤਾ ਲਈ ਪ੍ਰਮੁੱਖ ਖ਼ਤਰਾ ਦੱਸਿਆ ਹੈ। ਇਸ ਇੰਨਟਵਿਊ ਦੇ ਕੁਝ ਅੰਸ਼ ਪੇਸ਼ ਹਨ :-

ਪ੍ਰਸ਼ਨ : ਕੀ ਇਹਦੇ ਮੂਲ [ਬੁਨਿਆਦ] ਵਿੱਚ ਇੱਕ ਈਸ਼ਵਰਵਾਦ ਦਾ ਫਾਸ਼ੀਵਾਦ ਹੈ।

ਅਦੁਨਿਸ – ਇਹ ਇੱਕ ਈਸ਼ਵਰਵਾਦ ਹੈ ਕੀ । ਇਹੋ ਨਾ ਕਿ ਮੇਰਾ ਪੈਗੰਬਰ ਹੀ ਆਖਰੀ ਪੈਗੰਬਰ ਹੈ। ਜਿੰਨੇ ਵੀ ਇੱਕ ਈਸ਼ਵਰਵਾਦੀ ਧਰਮ ਹਨ, ਉਹ ਇਸੇ ਗੱਲ ਨੂੰ ਦਹੁਰਾਉਂਦੇ ਹਨ, ਦੂਸਰੀ ਗੱਲ ਉਹ ਕਹਿੰਦੇ ਹਨ, ਕਿ ਇਸ ਪੈਗੰਬਰ ਨੇ ਜੋ ਕਹਿ ਦਿੱਤਾ ਹੈ, ਉਹ ਹੀ ਆਖਰੀ ਸੱਤ ਹੈ। ਤੀਸਰੀ ਗੱਲ ਉਹ ਕਹਿੰਦੇ ਹਨ ਕਿ ਮੇਰੇ ਪਿੱਛੋਂ ਹੁਣ ਦੂਸਰਾ ਕੋਈ ਪੈਗੰਬਰ ਨਹੀਂ ਹੋਵੇਗਾ, ਇਹਦਾ ਮਤਲਬ ਇਹ ਹੈ ਕਿ ਹੁਣ ਈਸ਼ਵਰ ਨੇ ਕੁਝ ਵੀ ਨਹੀਂ ਕਹਿਣਾ, ਉਹਨੇ ਆਪਣੇ ਆਖਰੀ ਪੈਗੰਬਰ ਰਾਹੀਂ ਆਪਣੀ ਆਖਰੀ ਗੱਲ ਕਹਿ ਦਿੱਤੀ ਹੈ, ਇਹ ਹੈ ਇੱਕ ਈਸ਼ਵਰਵਾਦ, ਪਰ ਇਹਦਾ ਮਤਲਬ ਇਹ ਵੀ ਹੈ ਕਿ ਹੋਰਾਂ ਦੇ ਵਿਰੁੱਧ ਹਿੰਸਾ ਵੀ ਇੱਕ ਈਸ਼ਵਰਵਾਦ ਦਾ ਅਟੁੱਟਵਾਂ ਅੰਗ ਹੈ। ਇਹੋ ਕਾਰਨ ਹੈ ਕਿ ਭੂ-ਮੱਧ ਖੇਤਰ ਦੇ ਇਲਾਕੇ ਚ ਰਹਿਣ ਵਾਲੇ ਗਰੀਬ ਲੋਕਾਂ ਨੂੰ ਬਸ ਧਾਰਮਿਕ ਯੁੱਧਾਂ ਦੇ ਸਬੰਧ ਵਿੱਚ ਹੀ ਪਤਾ ਹੈ। ਯੁਨਾਨ ਦੇ ਲੋਕਾਂ ਨੂੰ ਆਪਣੇ ਭਗਵਾਨ ਦੀ ਰਾਖੀ ਲਈ ਕਦੇ ਯੁੱਧ ਨਹੀਂ ਕਰਨਾ ਪਿਆ।

ਅਦੁਨਿਸ – ਮੇਰਾ ਮੱਤ ਹੈ, ਮੇਰੀ ਧਾਰਨਾ ਹੈ ਕਿ ਅਰਬ ਦੇਸ਼ਾਂ ਵਿੱਚ ਕਦੇ ਜਮਹੂਰੀਅਤ ਨਹੀਂ ਆਵੇਗੀ, ਇਹ ਉਨ੍ਹਾਂ ਦੀ ਮੂਲ ਭਾਵਨਾ ਦੇ ਹੀ ਵਿਰੁੱਧ ਹੈ। ਜੇ ਅਸੀਂ ਸਮਾਜ ਦੇ ਢਾਂਚੇ ਨੂੰ ਨਹੀਂ ਬਦਲਦੇ ਅਤੇ ਇਹਦੇ ਲਈ ਜੇ ਅਸੀਂ ਪੂਰੀ ਤਰਾਂ ਧਰਮ ਨੂੰ ਸੱਭਿਆਚਾਰਕ, ਰਾਜਨੀਤਿਕ ਅਤੇ ਸਮਾਜਿਕ ਖੇਤਰ ਤੋਂ ਅਲੱਗ ਨਹੀਂ ਕਰਦੇ ਅਸੀਂ ਕਦੇ ਵੀ ਜਮਹੂਰੀਅਤ ਨਹੀਂ ਲਿਆ ਸਕਾਂਗੇ।

ਅੱਜ ਤੋਂ 5000 ਸਾਲ ਪਹਿਲਾਂ ਕਪਿਲ ਮੁਨੀ ਨੇ ਸਾਂਖਯ ਦਰਸ਼ਨ ਦਿੱਤਾ। ਜਿਸ ਵਿੱਚ ਇੱਕ ਈਸ਼ਵਰਵਾਦ ਨੂੰ ਮੁੱਢੋਂ ਰੱਦ ਕੀਤਾ ਗਿਆ ਹੈ। ਸਾਂਖਯ ਦਰਸ਼ਨ ਅਨੁਸਾਰ ਹਰ ਇੱਕ ਕਾਰਜ ਦਾ ਕਾਰਨ ਪਹਿਲਾਂ ਹੀ ਮੌਜੂਦ ਹੁੰਦਾ ਹੈ। ਪੰਜ ਭੂਤ ਤੱਤਾਂ ਦੇ ਅਧਾਰਿਤ ਪ੍ਰਕ੍ਰਿਤੀ ਹੀ ਜਗਤ ਦੀ ਉਤਪਤੀ ਦਾ ਨਿਮਿਤ ਆਧਾਰ ਹੈ। ਸਾਂਖਯ, ਅਧਿਆਤਮਿਕਤਾ ਨੂੰ ਪੂਰੀ ਤਰਾਂ ਰੱਦ ਕਰਦਾ ਹੋਇਆ ਦਿਮਾਗ ਦੇ ਪ੍ਰਕਾਸ਼ ਸਰੂਪ ਨੂੰ ਆਤਮਾ ਦੱਸਦਾ ਹੈ। ਅੱਗੇ ਚੱਲ ਕੇ ਸਾਂਖਯ ਦਾ ਰੁਪਾਂਤਰਨ ਜੈਨ ਅਤੇ ਬੁੱਧ ਧਰਮ ਵਿੱਚ ਹੁੰਦਾ ਹੈ। ਰਿਸ਼ੀ ਚਾਰਵਾਕ ਨੇ ਜੀਵ ਦੀ ਉਤਪੱਤੀ ਚਾਰ ਮੂਲ ਤੱਤਾਂ ਤੋਂ ਹੋਈ ਦੱਸੀ ਹੈ, ਉਹਨਾ ਮੁਤਾਬਿਕ ਅਕਾਸ਼ (ਨਿਰਵਾਤ)ਕੋਈ ਤੱਤ ਨਹੀਂ ਹੈ। ਉਹਨਾ ਦਾ ਕਹਿਣਾ ਇਹ ਸੀ, ਕਿਉਂਕਿ ਅਕਾਸ਼ ਦਾ ਕੋਈ ਭਾਰ ਨਹੀਂ ਹੈ, ਕੋਈ ਅਕਾਰ ਨਹੀਂ ਹੈ, ਇਸ ਲਈ ਈਸ਼ਵਰਵਾਦੀ ਦਿਮਾਗ ਇਸਨੂੰ ਈਸ਼ਵਰ ਦਾ ਰੂਪ ਦੇ ਸਕਦੇ ਹਨ। ਵੈਦਿਕ ਫਿਲਾਸਫੀ ਮੁਤਾਬਿਕ ਨਿਰਵਾਤ ਹੀ ਚਾਰ ਮੂਲ ਤੱਤਾਂ ਦੇ ਮਿਲਣ ਦਾ ਮਾਧਿਅਮ ਤੱਤ ਹੈ, ਇਸ ਲਈ ਇਸਨੂੰ ਜੀਵਨ ਲਈ ਚਾਰ ਮੂਲ ਤੱਤਾਂ ਨਾਲ਼ ਜਰੂਰੀ ਤੱਤ ਮੰਨਿਆ ਗਿਆ ਹੈ।

ਹੁਣ ਮੈਂ ਆਪਣੀ ਕਿਤਾਬ ਪੰਜ ਕੁੱਜਿਆਂ ਚ ਈਸ਼ਵਰ ਦੇ ਨਿਬੰਧ “ਦੋ ਜ ਸਿਧਾਂਤ : ਜੜ ਨਾਲ਼ ਜੁੜਤਾ” ਵਿੱਚੋਂ ਕੁਝ ਪੈਹਰੇ ਦੇ ਰਿਹਾ ਹਾਂ। “ਸੱਭਿਅਤਾ ਅਤੇ ਸੱਭਿਆਚਾਰਾਂ ਦਾ ਪਤਨ, ਸਮਾਜ ਵਿੱਚ ਨੈਤਿਕਤਾ ਦੀ ਅਤੇ ਵਿਦਿਅਕ ਗਿਰਾਵਟ ਉਦੋਂ ਆਉਂਣੀ ਸ਼ੁਰੂ ਹੋਈ ਜਦੋਂ ਇੱਕ ਨਿਰਾਕਾਰ ਅਦਿੱਖ ਅਤੇ ਅਪਾਰ ਸ਼ਕਤੀਆਂ ਨਾਲ਼ ਸਪੰਨ ਈਸ਼ਵਰ ਦਾ ਵਿਚਾਰ ਹੋਂਦ ਵਿੱਚ ਲਿਆਂਦਾ ਗਿਆ। ਸਾਰੇ ਯੂਰਪ ਵਿੱਚ ਚਰਚ ਦੀ ਸੱਤਾ ਕਾਇਮ ਹੋਈ। ਪ੍ਰਗਟਾਵੇ ਦੀ ਆਜ਼ਾਦੀ ਉੱਪਰ ਪੂਰਨ ਪਾਬੰਦੀ ਲਗਾ ਦਿੱਤੀ। ਮਹਾਨ ਵਿਗਿਆਨੀ ਅਤੇ ਚਿੰਤਕ ਜਿਨ੍ਹਾਂ ਵਿੱਚ ਕੌਪਰਨੀਕਸ, ਜਿਉਰਡਾਨੋ ਬਹੁਨੋ, ਮਾਈਕਲ ਸਰਵੀਟਸ ਅਤੇ ਗੈਲਿਲਿਓ ਨੂੰ ਚਰਚ ਦੇ ਹੱਥੋਂ ਭਾਰੀ ਸਜਾਵਾਂ ਸਹਿਣੀਆਂ ਪਈਆਂ। ਨਤੀਜਾ ਸਾਰੇ ਯੂਰਪ ਵਿੱਚ ਚਰਚ ਅਤੇ ਰਾਜ ਦੇ ਇਸ ਅੱਤਿਆਚਾਰ ਨੇ ਲਿਖਾਰੀਆਂ, ਕਲਾਕਾਰਾਂ ਅਤੇ ਵਿਗਿਆਨੀਆਂ ਨੂੰ ਇੱਕ ਮੰਚ ਉੱਪਰ ਇਕੱਠਾ ਕਰ ਦਿੱਤਾ ਅਤੇ ਉਹਨਾ ਨੇ ਆਪਣਾ ਕੰਮ ਛੁਪਕੇ ਪਰ ਪੂਰੀ ਹੱਲਾਸ਼ੇਰੀ ਨਾਲ਼ ਕਰਨਾ ਸ਼ੁਰੂ ਕਰ ਦਿੱਤਾ। ਇਹ ਸਮਾਂ ਪੰਦਰਵੀਂ ਸਦੀ ਦੇ ਮੁੱਢ ਦਾ ਸੀ ਜਦੋਂ ਬੁੱਧੀਜੀਵੀ ਲੋਕਾਂ ਦੇ ਇਸ ਸੰਘਰਸ਼ ਨੇ ਸਾਰੇ ਯੂਰਪ ਵਿੱਚ “ਪੁਨਰ-ਜਾਗਰਣ” ਨੂੰ ਜਨਮ ਦਿੱਤਾ। ਬੁੱਧੀਜੀਵੀਆਂ ਦਾ ਇਹ ਛੁਪਿਆ ਹੋਇਆ ਅੰਦੋਲਨ ਸਤ੍ਹਾ ਉੱਪਰ ਆ ਕੇ ਆਮ ਲੋਕਾਂ ਦਾ ਅੰਦੋਲਨ ਬਣ ਗਿਆ। ਇਸ ਮਹਾਨ ਸਮੇਂ ਨੇ ਯੂਰਪ ਵਿੱਚ ਪ੍ਰਗਟਾਵੇ ਦੀ ਆਜਾਦੀ, ਵਿਗਿਆਨਕ ਸੋਚ ਅਤੇ ਖੋਜਾਂ, ਵਿਦਿਆ ਦਾ ਪ੍ਰਸਾਰ, ਕਲਾ ਅਤੇ ਸਾਹਿਤ ਨੂੰ ਜਨਮ ਦਿੱਤਾ। ਸੱਭਿਅਤਾ ਅਤੇ ਸੱਭਿਆਚਾਰਾਂ ਦੀ ਪੁਨਰ ਸਥਾਪਤੀ ਹੋਈ। ਇਸ “ਪੁਨਰ ਜਾਗਰਣ” ਦੀ ਆਤਮਾ ਰੋਮਨ ਅਤੇ ਯੁਨਾਨ ਦੀਆਂ ਪ੍ਰਾਚੀਨ ਸੱਭਿਆਤਾਵਾਂ ਦੇ ਮੋਢੇ ਤੇ ਚੜ੍ਹਕੇ ਨਵੇਂ ਵਿਚਾਰਾਂ ਨੂੰ ਲੈ ਕੇ ਆਈ ਸੀ।

ਛੇਵੀਂ ਸਦੀ ਵਿੱਚ ਅਰਬ ਦੀ ਧਰਤੀ ਉੱਪਰ ਨੇ ਇੱਕ ਹੋਰ ਅਜਿਹੇ ਈਸ਼ਵਰ ਦੇ ਵਿਚਾਰ ਨੂੰ  ਸਾਹਮਣੇ ਲੈ ਆਂਦਾ ਜੋ ਨਿਰਪੇਖ ਸ਼ਕਤੀ ਦਾ ਮਾਲਕ, ਅਮੂਰਤ, ਨਿਰਾਕਾਰ ਅਤੇ ਪਹਿਲਾਂ ਵਾਲੇ ਨਾਲੋਂ ਕਿਤੇ ਵੱਧ ਸ਼ਕਤੀਸ਼ਾਲੀ ਸੀ। ਇਸਦੇ ਚੇਲਿਆਂ ਨੇ ਸਭ ਤੋਂ ਪਹਿਲਾਂ ਪ੍ਰਾਚੀਨ ਸੱਭਿਅਤਾਵਾਂ ਨੂੰ ਤਹਿਸ-ਨਹਿਸ ਕਰ ਦਿੱਤਾ। ਅਰਬ, ਇਰਾਨ ਅਤੇ ਫੇਰ ਭਾਰਤ ਵਿੱਚ ਕਲਾ ਦੇ ਖਜਾਨੇ ਮੂਰਤੀਆਂ ਅਤੇ ਮੰਦਰਾਂ ਨੂੰ ਤਹਿਸ – ਨਹਿਸ ਕਰ ਦਿੱਤਾ। ਗਿਆਨ ਦੇ ਭੰਡਾਰ ਕਿਤਾਬਾਂ ਅਤੇ ਗ੍ਰੰਥਾਂ ਨੂੰ ਸਾੜ ਦਿੱਤਾ।

ਈਸ਼ਵਰਵਾਦੀ ਤਾਕਤਾਂ ਆਪਣੇ ਚੇਲਿਆਂ ਨੂੰ ਸਿਖਾਉਂਦੀਆਂ ਹਨ ਕਿ ਉਹ ਧਰਤੀ, ਸੂਰਜ, ਪਾਣੀ ਸਮੁੰਦਰ, ਜੀਵ ਜੰਤੂ, ਪੇੜ-ਪੌਦੇ, ਔਰਤ, ਕਲਾ, ਸੰਗੀਤ, ਗਿਆਨ, ਮਾਤ ਭੂਮੀ ਅਤੇ ਆਪਣੀ ਪ੍ਰਾਚੀਨ ਸੰਸਕ੍ਰਿਤੀ ਲਈ ਕੋਈ ਆਦਰ ਸਤਿਕਾਰ ਨਾ ਰੱਖਦੇ ਹੋਏ ਕੇਵਲ ਨਿਰਾਕਾਰ ਸਰਵ-ਸ਼ਕਤੀਮਾਨ ਈਸ਼ਵਰ ਨੂੰ ਹੀ ਆਪਣਾ ਆਦਰ ਸਤਿਕਾਰ ਦੇਣ।

ਪੁਨਰ ਜਾਗਰਣ ਦੀ ਲਹਿਰ ਕਾਰਨ ਯੂਰਪ ਤਾਂ ਸੰਭਲ ਗਿਆ, ਯਹੂਦੀ ਵੀ “ਪੁਨਰ ਜਾਗਰਣ” ਦੀ ਲਹਿਰ ਦੇ ਪ੍ਰਭਾਵ ਹੇਠ ਆ ਗਏ, ਪਰ ਮੱਧ ਏਸ਼ੀਆ ਦੀ ਧਰਤੀ ਉੱਪਰ ਈਸ਼ਵਰਵਾਦੀ ਸੋਚ ਇੰਨੀ ਭਾਰੂ ਹੈ ਕਿ ਉੱਥੇ ਅੱਤਵਾਦ, ਬੋਧਿਕ ਪਤਨ, ਪ੍ਰਗਟਾਵੇ ਦੀ ਆਜ਼ਾਦੀ ਦੀ ਅਣਹੋਂਦ ਧਰਤੀ ਦੀ ਪ੍ਰਾਚੀਨ ਮੈਸੋਪੋਟਾਮੀਆ ਸੱਭਿਅਤਾ ਅਤੇ ਸੱਭਿਆਚਾਰਾਂ ਦਾ ਪਤਨ, ਔਰਤ ਦੀ ਦੁਰਦਸ਼ਾ, ਘਰੇਲੂ ਖਾਨਾ ਜੰਗੀ, ਲੋਕਾਂ ਦਾ ਉਜਾੜਾ, ਕਤਲੇਆਮ ਅਤੇ ਜਮੂਹਰੀਅਤ ਦੀ ਅਣਹੋਂਦ ਆਮ ਦੇਖੀ ਜਾ ਸਕਦੀ ਹੈ।

ਛੇਵੀਂ ਸਦੀ ਵਿੱਚ ਈਸ਼ਵਰਵਾਦੀ ਤਾਕਤਾਂ ਵੱਲੋਂ ਸੱਤਾ ਸੰਭਾਲਦੇ ਹੀ ਸਭ ਤੋਂ ਪਹਿਲਾ ਕੰਮ ਉਹਨਾ ਨੇ ਅਰਬ ਵਿੱਚ ਮੌਜੂਦ ਕਲਾ ਦੇ ਖਜ਼ਾਨੇ ਮੂਰਤੀਆਂ ਅਤੇ ਮੰਦਰਾਂ ਨੂੰ ਢਾਹ ਦਿੱਤਾ, ਉਸਤੋਂ ਬਾਅਦ ਇਹੋ ਕੰਮ ਉਹਨਾ ਨੇ ਇਰਾਨ ਵਿੱਚ ਕੀਤਾ। ਪਾਰਸੀ ਲੋਕ ਜੋ ਆਪਣੀ ਪ੍ਰਾਚੀਨ ਸੰਸਕ੍ਰਿਤੀ ਨਾਲ਼ ਪੂਰੀ ਤਰਾਂ ਜੁੜੇ ਹੋਏ ਸਨ, ਭਾਰਤ ਵੱਲ ਭੱਜ ਆਏ। ਇਹੋ ਈਸ਼ਵਰ ਵਾਦੀ ਤਾਕਤਾਂ ਨੇ ਭਾਰਤ ਤੇ ਕਬਜਾ ਕਰਕੇ ਇੱਥੇ ਕਲਾ ਦੇ ਖਜ਼ਾਨੇ, ਪ੍ਰਾਚੀਨ ਮੰਦਰਾਂ ਨੂੰ ਤਹਿਸ ਨਹਿਸ ਕਰ ਕੀਤਾ, ਗ੍ਰੰਥਾਂ ਨੂੰ ਸਾੜ ਦਿੱਤਾ। ਇਹੋ ਤਾਕਤਾਂ ਕਲਾ ਉੱਪਰ ਆਪਣਾ ਵਾਰ ਨਿਰਾਕਾਰ ਈਸ਼ਵਰ ਦੇ ਨਾਮ ਉੱਪਰ ਹੀ ਕਰਦੀਆਂ ਹਨ।

ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਬੀਹਵੀਂ-ਇਕੱਵੀ ਸਦੀ ਵਿੱਚ ਸਾਡੇ ਕੋਲ ਯੂ.ਐੱਨ.ਓ ਹੈ, ਸ਼ਕਤੀਸ਼ਾਲੀ ਲੋਕਤਾਂਤ੍ਰਿਕ ਦੇਸ਼ ਹਨ, ਫੇਰ ਵੀ ਪੱਛਮੀ ਏਸ਼ੀਆ ਵਿੱਚ ਨਿਰਾਕਾਰ ਈਸ਼ਵਰ ਵਾਦੀ ਤਾਕਤਾਂ ਦਾ ਘਿਨਾਉਣਾ ਚੇਹਰਾ ਅੱਤਵਾਦੀਆਂ ਦੇ ਰੂਪ ਵਿੱਚ ਸਾਹਮਣੇ ਆਇਆ, ਸਭ ਤੋਂ ਪਹਿਲਾੰ ਉਹਨਾਂ ਨੇ ਇਰਾਕ ਦੀ ਮੈਸੋਪੋਟਾਮੀਆਂ (ਸੁਮੇਰੀਅਨ) ਸੱਭਿਅਤਾ ਦੀ ਨਿਸ਼ਾਨੀ ਪ੍ਰਾਚੀਨ ਸ਼ਹਿਰ ਨਿਮਰੁਦ ਵਿਖੇ ਬੇਹੱਦ ਕੀਮਤੀ ਸਾਂਸਕ੍ਰਿਤਕ ਧਰੋਹਰ ਨੂੰ ਢਾਹ ਦਿੱਤਾ, ਦੂਜਾ, ਉਹਨਾ ਨੇ ਸ਼ਾਮ ਦੇਸ਼ ਦੀ ਸਾਂਸਕ੍ਰਿਤਕ ਧਰੋਹਰ ਪਾਮੀਰਾ ਦੇ ਮੰਦਰ ਦੀਆਂ ਪ੍ਰਾਚੀਨ ਮੂਰਤੀਆਂ  ਨੂੰ ਹਥੌੜੇ ਮਾਰ-ਮਾਰ ਕੇ ਢਾਹ ਦਿੱਤਾ। ਅਫਗਾਨੀਸਤਾਨ ਵਿਖੇ ਬਾਮੀਆਨ ਦੇ ਸਥਾਨ ਉੱਪਰ ਪਹਾੜ ਨੂੰ ਕੱਟ ਕੇ ਬਣੀ ਬੁੱਧ ਦੀ ਪ੍ਰਾਚੀਨ ਮੂਰਤੀ ਨੂੰ ਢਾਹ ਦਿੱਤਾ। ਕੋਈ ਵੀ ਕਲਾ ਦੇ ਨਿਸ਼ਾਨੀ ਹੋਵੇ, ਈਸ਼ਵਰ ਵਾਦੀਆਂ ਲਈ ਇਹ ਜਾਨੀ ਦੁਸ਼ਮਣ ਹੁੰਦੀ ਹੈ।”

ਪੂਰੇ ਸੰਸਾਰ ਵਿੱਚ ਇੱਕੋ ਇੱਕ ਸੱਭਿਅਤਾ ਆਪਣੇ ਪ੍ਰਾਚੀਨ ਸਰੂਪ ਵਿੱਚ ਬਚੀ ਹੈ, ਉਹ ਹੈ ਭਾਰਤ ਦੀ ਧਰਤੀ ਉੱਪਰ ਵਿਕਸਤ ਹੋਈ 4000 ਸਾਲ ਪ੍ਰਾਚੀਨ ਵੈਦਿਕ ਸੱਭਿਅਤਾ। ਵੈਦਿਕ ਦਰਸ਼ਨ ਈਸ਼ਵਰ ਦਾ ਸਰੂਪ ਕਣ-ਕਣ ਵਿੱਚ ਦੇਖਦਾ ਹੈ। ਕਣ ਜਾਂ ਪ੍ਰਮਾਣੂ ਪਦਾਰਥ ਦੀ ਸਭ ਤੋਂ ਛੋਟੀ ਸੁਤੰਤਰ ਇਕਾਈ ਹੈ। ਜਿਸਦਾ ਨਿਚੋੜ ਇਹ ਨਿਕਲਦਾ ਹੈ, ਜੜ ਪਦਾਰਥ ਤੋਂ ਬਣੀ ਇਹ ਪ੍ਰਕ੍ਰਿਤੀ ਹੀ ਈਸ਼ਵਰ ਦਾ ਸਰੂਪ ਹੈ। ਪ੍ਰਕ੍ਰਿਤੀ ਹੀ ਜੀਵ ਦੀ ਜਨਨੀ ਹੈ। ਸਤਿੰਦਰ ਨਾਥ ਬੋਸ ਬੰਗਾਲ ਦੇ ਇੱਕ ਅਜਿਹੇ ਵਿਗਿਆਨੀ ਹੋਏ ਹਨ, ਜਿਨ੍ਹਾਂ ਦਾ ਲੋਹਾ ਆਇਨਸਟਾਈਨ ਨੇ ਵੀ ਮੰਨਿਆ ਹੈ। ਦੋਵਾਂ ਨੇ ਇਕੱਠੇ ਕੰਮ ਕਰਨ ਤੋਂ ਬਾਅਦ ਬੋਸ ਆਇਨਸਟਾਈਨ ਕੋਅਡੰਨਸੇਟ ਥਿਉਰੀ ਦਿੱਤੀ। ਬੋਸ ਨੂੰ ਗਾਡ ਪਾਰਟੀਕਲ ਦਾ ਪਿਤਾਮਾ ਕਿਹਾ ਜਾਂਦਾ ਹੈ। ਇਸੇ ਖੋਜ਼ ਦੇ ਆਧਾਰ ਉੱਪਰ 2012 ਵਿੱਚ ਬੋਸੋਨ –ਹਿਗਜ ਪਾਰਟੀਕਲ ਦੀ ਖੋਜ ਹੋਈ, ਜਿਸਨੂੰ ਗਾਡ ਪਾਰਟੀਕਲ ਦਾ ਨਾਮ ਦਿੱਤਾ। ਇਹ ਘਟਨਾ ਵੈਦਿਕ ਦਰਸ਼ਨ ਦਾ ਹੀ ਅਨੁਸਰਨ ਸੀ।

ਜੇਕਰ ਅੱਜ ਭਾਰਤ ਦੀ ਧਰਤੀ ਉੱਪਰ ਵੈਦਿਕ ਸੱਭਿਅਤਾ ਜਿਉਂਦੀ ਜਗਦੀ ਹੈ, ਤਾਂ ਹੀ ਇਸੇ ਧਰਤੀ ਉੱਪਰ ਵੱਖ-ਵੱਖ ਭੁਗੋਲਿਕ ਖੰਡਾਂ ਵਿੱਚ ਉਪਜੇ ਸੱਭਿਆਚਾਰ ਜਿਉਂਦੇ ਜਾਗਦੇ ਹਨ। ਇਸ ਧਰਤੀ ਉੱਪਰ ਉਪਜੇ ਸੱਭਿਆਚਾਰਾਂ ਦੀਆਂ ਆਪਣੀਆਂ ਆਜਾਦ ਭਾਸ਼ਾਵਾਂ ਹਨ ਅਤੇ ਵੱਧ ਫੁੱਲ ਰਹੀਆਂ ਹਨ। ਭਾਰਤ ਲੋਕ ਅੱਜ ਵੀ ਪ੍ਰਾਚੀਨ ਵੈਦਿਕ ਸੱਭਿਅਤਾ ਦੇ ਗੁਣਾਂ ਅਤੇ ਵਿਸਵਾਸਾਂ ਦਾ ਅਨੁਸਰਨ ਕਰਦੇ ਹਨ। ਸਮੁੱਚੇ ਭਾਰਤ ਵਿੱਚ ਪ੍ਰਕ੍ਰਿਤੀ ਦੇ ਮੂਲ ਤੱਤਾਂ ਦੀ ਮਾਨਤਾ ਅਤੇ ਪੂਜ ਵਿਧੀਆਂ ਪ੍ਰਚਲਿਤ ਹਨ। ਭਾਰਤੀ ਲੋਕ ਜਿੰਦਗੀ ਦੇ ਸਭ ਤੋਂ ਮਹੱਤਵਪੂਰਨ ਪੜਾਅ, ਵਿਆਹ ਬੰਧਨ ਉੱਪਰ ਕਿਸੇ ਨਿਰਾਕਾਰ ਈਸ਼ਵਰ ਦੀ ਸਹੁੰ ਨਹੀਂ ਚੁੱਕੀ ਜਾਂਦੀ ਸਗੋਂ ਅਗਨੀ ਜਗਾ ਕੇ ਇਸ ਦੀ ਸਹੁੰ ਚੁੱਕੀ ਜਾਂਦੀ ਹੈ। ਭਾਰਤ ਦੀ ਧਰਤੀ ਉੱਪਰ ਮ੍ਰਿਤ ਸ਼ਰੀਰ ਦੇ ਸੰਸਕਾਰ ਦੀ ਅਤੀ ਉੱਤਮ ਅਗਨ ਭੇਂਟ ਵਿਧੀ  ਮੌਜੂਦ ਹੈ, ਕਿੰਨੀ ਵਿਗਿਆਨਿਕ ਵਿਧੀ ਹੈ ਇਹ, ਅਗਨ ਭੇਂਟ ਨਾਲ਼ ਮ੍ਰਿਤ ਸ਼ਰੀਰ ਵਿੱਚ ਮੌਜੂਦ ਖਤਰਨਾਕ ਵਿਸ਼ਾਣੂ ਅਤੇ ਜੀਵਾਣੂ ਨਸ਼ਟ ਹੋ ਜਾਂਦੇ ਹਨ ਅਤੇ ਸੰਸਕਾਰ ਰਸਮ ਨਾਲ਼ ਕੋਈ ਵਾਧੂ ਜਮੀਨ ਵੀ ਨਹੀਂ ਰੁਕਦੀ। ਭਾਰਤੀ ਲੋਕ ਗਊ ਵੰਸ਼ ਨੂੰ ਪੂਜਣ ਯੋਗ ਮੰਨਦੇ ਹਨ, ਗਊ ਨੂੰ ਮਾਂ ਦੇ ਸਮਾਨ ਮੰਨਦੇ ਹਨ। ਗਊ ਵੰਸ਼ ਮਾਨਵ ਸਮਾਜ ਲਈ ਪੋਸ਼ਨ ਅਤੇ ਆਰਥਿਕਤਾ ਦਾ ਵੱਡਾ ਆਧਾਰ ਹੈ। ਇਹ ਸੰਸਕਾਰ ਸਾਰੇ ਸੱਭਿਆਚਾਰਾਂ ਦਾ ਸਾਂਝਾ ਗੁਣ ਹੈ।

ਧਰਤੀ ਉੱਪਰ ਸਾਰੀਆਂ ਹੀ ਸੱਭਿਅਤਾਵਾਂ ਦਾ ਇੱਕ ਸਾਂਝਾ ਗੁਣ ਰਿਹਾ ਹੈ, ਉਹ ਕੁਦਰਤ ਦੇ ਤੱਤਾਂ ਦੀ ਮਾਨਤਾ ਤੋਂ ਇਲਾਵਾ ਸਮਾਜ ਦੀ ਨਿਰੰਤਰਤਾ ਨੂੰ ਕਾਇਮ ਰੱਖਣ ਲਈ ਯੋਨੀ ਅਤੇ ਲਿੰਗ ਦੇ ਸੁਮੇਲ ਚਿੰਨ੍ਹ ਦੀ ਪੂਜਾ ਕਰਦੀਆਂ ਸਨ। ਜੇਕਰ ਯੋਨੀ ਅਤੇ ਲਿੰਗ ਦੇ ਸੁਮੇਲ ਚਿੰਨ੍ਹ ਦੀ ਮਾਨਤਾ ਦੇ ਇਤਿਹਾਸ ਨੂੰ ਘੋਖਿਆ ਜਾਵੇ ਤਾਂ ਬਹੁਤ ਹੀ ਦਿਲਚਸਪ ਜਾਣਕਾਰੀ ਸਾਹਮਣੇ ਆਉਂਦੀ ਹੈ। ਇਹ ਆਦਿ ਮਾਨਵ ਦੁਆਰਾ ਨਿਰਮਤ ਪਹਿਲੀ ਵਿਗਿਆਨਿਕ ਕਲਾਕ੍ਰਿਤੀ ਸੀ। ਖੋਜ਼ ਤੋਂ ਪਤਾ ਚੱਲਦਾ ਹੈ, ਯੋਨੀ ਅਤੇ ਲਿੰਗ ਦੇ ਸੁਮੇਲ ਚਿੰਨ੍ਹ ਵੈਦਿਕ ਸੱਭਿਅਤਾ ਤੋਂ ਪਹਿਲਾਂ ਵੀ ਮੌਜੂਦ ਸਨ। 5000 ਸਾਲ ਪ੍ਰਾਚੀਨ ਸਿੰਧ ਘਾਟੀ ਸੱਭਿਅਤਾ ਦੇ ਕੇਂਦਰ ਹੜੱਪਾ ਦੀ ਖੁਦਾਈ ਵਿੱਚੋਂ ਯੋਨੀ ਅਤੇ ਲਿੰਗ ਦੇ ਕਈ ਸੁਮੇਲ ਚਿੰਨ੍ਹ ਪ੍ਰਾਪਤ ਹੋਏ ਹਨ। ਪ੍ਰਾਚੀਨ ਸੱਭਿਆਤਾਵਾਂ ਨੇ ਸਮਾਜ ਦੀ ਉਤਪਤੀ ਚ ਨਿਰੰਤਰਤਾ ਬਣਾਉਣ ਲਈ ਅਤੇ ਸੰਭੋਗ ਨੂੰ ਕਾਨੂੰਨੀ ਸਤਿਕਾਰ ਦੇਣ ਲਈ ਯੋਨੀ ਅਤੇ ਲਿੰਗ ਦੀ ਸੁਮੇਲ ਚਿੰਨ੍ਹ ਨੂੰ ਪੂਜਨ ਯੋਗ ਸਥਾਨ ਦਿੱਤਾ।

ਬਹੁਤ ਹੀ ਹੈਰਾਨੀਜਨਕ ਯੋਨੀ ਅਤੇ ਲਿੰਗ ਦੇ ਸੁਮੇਲ ਚਿੰਨ੍ਹ ਧਰਤੀ ਦੀਆਂ ਸਾਰੀਆਂ ਹੀ ਸੱਭਿਅਤਾਵਾਂ ਵਿੱਚ ਮਿਲੇ ਹਨ। ਦੱਖਣੀ ਅਫਰੀਕਾ ਵਿੱਚ 6000 ਸਾਲ ਪੁਰਾਣੀ ਇੱਕ ਗੁਫਾ (ਸੁਦਵਾਲਾ ਕੇਵਜ) ਵਿੱਚ ਯੋਨੀ ਅਤੇ ਲਿੰਗ ਦੇ ਸੁਮੇਲ ਚਿੰਨ੍ਹ ਮਿਲੇ ਹਨ। ਇਥੋਪੀਆ ਵਿੱਚ ਹੋਰਨਡਗਾਡ ਨਾਂ ਦੀਆਂ ਚੱਟਾਨਾਂ ਹਨ, ਜਿੱਥੇ 10000 ਸਾਲ ਪੁਰਾਣੇ ਯੋਨੀ ਅਤੇ ਲਿੰਗ ਦੇ ਸੁਮੇਲ ਚਿੰਨ੍ਹ ਮਿਲੇ ਹਨ। ਉੱਤਰੀ ਅਮਰੀਕਾ ਵਿੱਚ 20000 ਸਾਲ ਪੁਰਾਣਾ ਯੋਨੀ ਅਤੇ ਲਿੰਗ ਦਾ ਸੁਮੇਲ ਚਿੰਨ੍ਹ ਮਿਲਿਆ ਹੈ। ਉੱਤਰੀ ਅਮਰੀਕਾ ਵਿੱਚ ਹੀ ਉਤਾਹ ਜੋਰੇਸਿਕ ਨੈਸ਼ਨਲ ਪਾਰਕ ਵਿੱਚ ਚੱਟਾਨਾਂ ਨੂੰ ਤਰਾਸ਼ ਕੇ ਬਣਾਏ ਹੋਏ 20000 ਸਾਲ ਪੁਰਾਣੇ ਲਿੰਗ ਚਿੰਨ੍ਹ ਮਿਲੇ ਹਨ। ਤੁਰਕੀ ਦੇ ਕੈਪਾਡੋਸੀਆ ਦੇ ਪ੍ਰਾਚੀਨ ਸਥਾਨ ਉੱਪਰ ਸੈਂਕੜਿਆਂ ਦੀ ਗਿਣਤੀ ਵਿੱਚ ਪ੍ਰਾਚੀਨ ਲਿੰਗ ਚਿੰਨ੍ਹ ਮੌਜੂਦ ਹਨ। ਆਇਰਲੈਂਡ, ਰੂਸ, ਜਪਾਨ ਅਤੇ ਦੱਖਣੀ ਪੂਰਬੀ ਸਾਰੇ ਹੀ ਦੇਸ਼ਾਂ ਵਿੱਚ ਪੂਰਵ ਇਤਿਹਾਸਕਾਲ ਦੇ ਯੋਨੀ ਅਤੇ ਲਿੰਗ ਦੇ ਸੁਮੇਲ ਚਿੰਨ੍ਹ ਮਿਲੇ ਹਨ। ਪੱਛਮੀ ਏਸ਼ੀਆ ਦੇ ਦੇਸ਼ ਇਸਰਾਇਲ, ਜਾਰਡਨ, ਸਾਉਦੀ ਅਰਬ, ਇਰਾਕ ਅਤੇ ਇਰਾਨ ਵਿੱਚ ਯੋਨੀ ਅਤੇ ਲਿੰਗ ਦੇ ਸੁਮੇਲ ਚਿੰਨ੍ਹ ਮਿਲੇ ਹਨ। ਸਿੰਧ ਘਾਟੀ ਅਤੇ ਵੈਦਿਕ ਸੱਭਿਅਤਾ ਦੀ ਭਾਰਤ ਦੀ ਧਰਤੀ ਉੱਪਰ ਸਾਰੇ ਹੀ ਸੱਭਿਆਚਾਰਾਂ ਵਿੱਚ ਯੋਨੀ ਅਤੇ ਲਿੰਗ ਦੇ ਸੁਮੇਲ ਚਿੰਨ੍ਹ ਦੀ ਵਿਸ਼ੇਸ਼ ਮਾਨਤਾ ਅਤੇ ਪੂਜਾ ਪੱਦਤੀ ਅੱਜ ਤੱਕ ਜਾਰੀ ਹੈ। ਅਜਿਹੀਆਂ ਮਾਨਤਾਵਾਂ ਕਿਸੇ ਵੀ ਸੱਭਿਆਚਾਰ ਨੂੰ ਕੁਦਰਤ ਅਤੇ ਉਸਦੀ ਮਾਂ ਸੱਭਿਅਤਾ ਨਾਲ਼ ਜੋੜਦੀਆਂ ਹਨ।

ਕਿਸੇ ਵੀ ਦੇਸ਼ ਦੇ ਸਮਾਜ ਉੱਪਰ (ੳ) ਜਾਂ ਤਾਂ ਈਸ਼ਵਰ ਵਾਦੀਆਂ ਦੀ ਸੱਤਾ ਹੁੰਦੀ ਹੈ (ਅ) ਜਾਂ ਫਿਰ ਪ੍ਰਾਕ੍ਰਿਤਕ ਸੱਭਿਅਤਾ ਦੀ ਸੱਤਾ ਹੁੰਦੀ ਹੈ। ਦੋਵੇਂ ਹਾਲਤਾਂ ਦਾ ਸਮਾਜ ਉੱਪਰ ਮਨੋਵਿਗਿਆਨ ਪ੍ਰਭਾਵ ਦੀ ਪੜਚੋਲਤਾ ਕਰਨਾ ਹੀ ਇਸ ਲਿਖਤ ਦਾ ਸਿੱਟਾ ਹੋਵੇਗਾ।

ਜਦੋਂ ਕਿਸੇ ਦੇਸ਼ ਦੇ ਸਮਾਜ ਉੱਪਰ ਈਸ਼ਵਰ ਵਾਦੀਆਂ ਦੀ ਸੱਤਾ ਹੁੰਦੀ ਹੈ ਤਾਂ ਉਹ ਲੋਕਾਂ ਨੂੰ ਵਿਸਵਾਸ਼ ਦਵਾਉਂਦੇ ਹਨ ਕਿ ਇੱਕ ਨਿਰਾਕਾਰ ਈਸ਼ਵਰ ਹੈ, ਜਿਸਦੀ ਸ਼ਕਤੀ ਅਪਾਰ ਹੈ, ਅਤੇ ਨਿਰਪੇਖ ਹੈ, ਇਸਨੇ ਹੀ ਸਾਨੂੰ ਪੈਦਾ ਕੀਤਾ ਹੈ, ਜੋ ਕੁਝ ਵੀ ਹੋ ਰਿਹਾ ਹੈ, ਇਸਦੀ ਮਰਜੀ ਨਾਲ਼ ਹੀ ਹੋ ਰਿਹਾ ਹੈ। ਇਹ ਵਿਚਾਰ ਸਮਾਜ ਦੇ ਸੰਘਰਸ਼ ਜਾਂ ਤਜਰਬੇ ਵਿੱਚੋਂ ਪੈਦਾ ਨਹੀਂ ਹੋਇਆ। ਇਹ ਤਾਂ 2000 ਸਾਲ ਪਹਿਲਾਂ ਇੱਕ ਵਿਅਕਤੀ ਦੀ ਕਾਢ ਹੈ। ਇਹ ਵਿਚਾਰ ਇੱਕ ਅਜਿਹਾ ਝੂਠ ਹੈ ਜੋ ਖੁੱਲ ਕੇ ਬੋਲਿਆ ਜਾਂਦਾ ਹੈ। ਹਜਾਰਾਂ ਸਾਲਾਂ ਵਿੱਚ ਲੋਕਾਂ ਦੀ ਮਾਨਸਿਕਤਾ ਨੂੰ ਇਸੇ ਝੂਠ ਉੱਪਰ ਬੰਨ੍ਹ ਦਿੱਤਾ ਜਾਂਦਾ ਹੈ। ਪ੍ਰਕ੍ਰਿਤੀ ਜੋ ਸੱਚ ਹੈ, ਦਿੱਖ ਹੈ, ਪਾਲਣਹਾਰ ਹੈ, ਉਸਨੂੰ ਰੱਦ ਕਰ ਦਿੱਤਾ ਜਾਂਦਾ ਹੈ। ਅਜਿਹੇ ਸਮਾਜ ਨੂੰ ਆਪਣੇ ਝੂਠ ਦੀ ਰਾਖੀ ਕਰਨੀ ਪੈਂਦੀ ਹੈ ਅਤੇ ਹੋਰ ਝੂਠੇ ਵਿਕਾਰਾਂ ਦਾ ਅਨੁਸਰਨ ਕਰਨਾ ਪੈਂਦਾ ਹੈ। ਅਜਿਹੇ ਸਮਾਜ ਵਿੱਚ :-

ੳ)        ਅੱਤਵਾਦ – ਅਰਾਜਕਤਾ ਭਾਰੂ ਹੋ ਜਾਂਦੀ ਹੈ।

ਅ)        ਲੋਕ, ਗਿਆਨ – ਵਿਗਿਆਨ ਤੋਂ ਪਿੱਛੜ ਜਾਂਦੇ ਹਨ।

ੲ)        ਲੋਕ ਮਾਰ – ਧਾੜ ਚ ਤਾਂ ਆਪਣੇ ਆਪ ਨੂੰ ਬਹੁਤ ਬਹਾਦੁਰ ਸਮਝਦੇ ਹਨ, ਪਰ ਉਹ ਬਹਾਦੁਰ ਲੋਕਾਂ ਦਾ ਦੇਸ਼ ਅੰਤਰਾਸ਼ਟਰੀ ਖੇਡਾਂ ਵਿੱਚ ਅਤੇ ਸੈਨਿਕ ਤਾਕਤ ਵਿੱਚ ਪੱਛੜ ਜਾਂਦਾ ਹੈ।

ਸ)        ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਹਿਜਰਤ ਕਰਨੀ ਪੈਂਦੀ ਹੈ।

ਹ)        ਦੇਸ਼ ਭਗਤੀ ਦੀ ਥਾਂ ਉੱਪਰ ਈਸ਼ਵਰ ਦੀ ਆਸਥਾ ਭਾਰੂ ਹੋ ਜਾਂਦੀ ਹੈ।

ਕ)        ਅਜਿਹਾ ਸਮਾਜ ਆਪਣੀ ਧਰਤੀ ਦੀ ਭਾਸ਼ਾ, ਸੱਭਿਆਚਾਰ ਅਤੇ ਸੱਭਿਅਤਾ ਤੋਂ ਬੇਮੁੱਖ ਹੋ ਕੇ, ਪੈਗੰਬਰ ਦੀ ਭਾਸ਼ਾ ਨੂੰ ਹੀ ਪਵਿੱਤਰ ਸਮਝਦਾ ਹੈ ਅਤੇ ਜੀਵਨ ਵਿੱਚ ਗੈਰ ਮਨੁੱਖੀ ਰਸਮਾਂ ਨੂੰ ਲਾਜਮੀ ਬਣਾ ਲੈਂਦਾ ਹੈ।

ਖ)        ਅਜਿਹੇ ਸਮਾਜ ਵਿੱਚ ਪ੍ਰਗਟਾਵੇ ਦੀ ਆਜ਼ਾਦੀ, ਲੋਕਤਾਂਤ੍ਰਿਕ ਆਜਾਦੀ ਖ਼ਤਮ ਹੋ ਜਾਂਦੀ ਹੈ, ਜਿਸ ਕਾਰਨ ਸਾਹਿਤਕ ਸਿਰਜਣਾ ਵੀ ਖ਼ਤਮ ਹੋ ਜਾਂਦੀ ਹੈ।

ਗ)        ਔਰਤ ਨੂੰ ਗੁਲਾਮ ਬਣਾ ਕੇ ਰੱਖਿਆ ਜਾਂਦਾ ਹੈ।

ਘ)        ਅੰਤਰਾਸ਼ਟਰੀ ਪੱਧਰ ਉੱਪਰ, ਅਜਿਹਾ ਸਮਾਜ ਦਿਮਾਗੀ ਪੱਧਰ ਉੱਪਰ ਪਿਛੜਿਆ ਨਜ਼ਰ ਆਉਂਦਾ ਹੈ।

ਚ)        ਆਰਥਿਕ ਤਰੱਕੀ ਰੁਕ ਜਾਂਦੀ ਹੈ ਅਤੇ ਸਮਾਜ ਵਿੱਚ ਗਰੀਬੀ, ਭੁੱਖਮਰੀ ਛਾ ਜਾਂਦੀ ਹੈ।

ਛ)        ਅਜਿਹਾ ਸਮਾਜ, ਆਪਣੇ ਲੋਕਾਂ ਦੇ ਭਵਿੱਖ ਲਈ ਤਾਂ ਖਤਰਨਾਕ ਹੈ ਹੀ, ਇਹ ਸਮੁੱਚੇ ਵਿਸ਼ਵ ਲਈ ਵੀ ਖ਼ਤਰਨਾਕ ਹੁੰਦਾ ਹੈ।

ਜ)        ਅਜਿਹਾ ਸਮਾਜ ਪ੍ਰਾਚੀਨ ਕਲਾ, ਭਵਨ, ਮੂਰਤੀਕਲਾ ਅਤੇ ਲਾਇਬ੍ਰੇਰੀਆਂ ਨੂੰ ਨਸ਼ਟ ਕਰਨਾ, ਈਸ਼ਵਰ ਪ੍ਰਤੀ ਆਪਣੀ ਸੱਚੀ ਆਸਥਾ ਸਮਝਦਾ ਹੈ।

ਝ)        ਸਮਾਜ ਗੈਰ-ਵਿਗਿਆਨਿਕ, ਗੈਰ ਮਨੁੱਖੀ, ਆਸਥਾਵਾਂ ਨਾਲ਼ ਵੱਝ ਜਾਂਦਾ ਹੈ।

  • ਆਓ ਹੁਣ ਪ੍ਰਾਕ੍ਰਿਤਕ ਸੱਭਿਅਤਾ ਦੀ ਸੱਤਾ ਵਾਲੇ ਸਮਾਜ ਦੀ ਪੜਚੋਲਤਾ ਕਰਦੇ ਹਾਂ :-

ੳ)        ਅਜਿਹੇ ਸਮਾਜ ਵਿੱਚ ਗਿਆਨ, ਵਿਗਿਆਨ ਹਾਸਿਲ ਕਰਨ ਦਾ ਭਾਰੀ ਮੁਕਾਬਲ ਬਣਿਆ ਰਹਿੰਦਾ ਹੈ।

ਅ)        ਸਮਾਜ ਲੋਕਤਾਂਤ੍ਰਿਕ ਮੁੱਲਾਂ ਅਤੇ ਕੀਮਤਾਂ ਨਾਲ਼ ਜੁੜਿਆ ਹੁੰਦਾ ਹੈ।

ੲ)        ਸਮਾਜ ਪ੍ਰਾਚੀਨ ਸੱਭਿਅਤਾ, ਸੱਭਿਆਚਾਰਾਂ ਦੇ ਵਿਸਵਾਸ਼ਾ ਅਤੇ ਮਾਨਤਾਵਾਂ ਨਾਲ਼ ਜੁੜਿਆ ਹੁੰਦਾ ਹੈ।

ਸ)        ਸਮਾਜ, ਪੂਰਨ ਸਥਿਰਤਾ (ਸ਼ਾਂਤੀ) ਵੱਲ ਅਗਰਸਰ ਹੁੰਦਾ ਹੈ।

ਹ)        ਸਮਾਜ ਪ੍ਰਗਟਾਵੇ ਦੀ ਆਜ਼ਾਦੀ ਅਤੇ ਸਹਿਨਸ਼ੀਲਤਾ ਦੇ ਗੁਣਾਂ ਦਾ ਧਾਰਨੀ ਹੁੰਦਾ ਹੈ।

ਕ)        ਸਮਾਜ ਆਪਣੀਆਂ ਪ੍ਰਾਚੀਨ ਸੰਸਕ੍ਰਿਤਕ ਧਰੋਹਰਾਂ ਨੂੰ ਸੰਭਾਲ ਕੇ ਰੱਖਦਾ ਹੈ।

ਖ)        ਸਮਾਜ, ਕਲਾ, ਸਾਹਿਤ,ਗਿਆਨ ਵਿਗਿਆਨ ਦੇ ਖੇਤਰ ਵਿੱਚ ਸਿਖਰਲੀਆਂ ਬੁਲੰਦੀਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ।

ਗ)        ਸਮਾਜ ਸੈਨਿਕ ਕੁਸ਼ਲਤਾ ਅਤੇ ਖੇਡਾਂ ਵਿੱਚ ਬਹੁਤ ਤਰੱਕੀ ਕਰਦਾ ਹੈ।

ਘ)        ਸਮਾਜ ਆਰਥਿਕ ਤਰੱਕੀ ਵੱਲ ਅਗਰਸਰ ਹੁੰਦਾ ਹੈ।

ਚ)        ਸਮਾਜ ਲਿੰਗੀ ਸਮਾਨਤਾ ਦੇ ਗੁਣਾਂ ਦਾ ਅਨੁਸਰਨ ਕਰਦਾ ਹੈ। ਅਜਿਹੇ ਸਮਾਜ ਵਿੱਚ ਔਰਤ ਨੂੰ ਪੂਰਨ ਆਜਾਦੀ ਪ੍ਰਾਪਤ ਹੁੰਦੀ ਹੈ।

ਛ)        ਸਮਾਜ ਦੇਸ਼ ਪਿਆਰ ਨਾਲ਼ ਜੁੜਿਆ ਹੁੰਦਾ ਹੈ।

ਜ)        ਸਮਾਜ, ਪ੍ਰਕ੍ਰਿਤੀ ਨਾਲ਼ ਪੂਰੀ ਇੱਕ ਸੁਰਤਾ ਚ ਅੱਗੇ ਵੱਧਦਾ ਹੈ।

ਝ)        ਸਮਾਜ ਵਿਗਿਆਨਕ ਗੁਣਾਂ ਦਾ ਧਾਰਨੀ ਹੁੰਦਾ ਹੈ ਅਤੇ ਨਾਗਰਿਕਾਂ ਦੀ ਔਸਤ ਉਮਰ ਵਾਧੇ ਵੱਲ ਹੁੰਦੀ ਹੈ।

ਟ)        ਪ੍ਰਾਕ੍ਰਿਤਕ ਸੱਭਿਅਤਾ ਦੀ ਸੱਤਾ ਇੱਕ ਸੁਭਾਵਿਕ ਪ੍ਰਕ੍ਰਿਆ ਹੈ, ਜਿਹੜੀ ਹਜਾਰਾਂ ਸਾਲਾਂ ਤੋਂ ਮਨੁੱਖੀ ਸੰਘਰਸ਼ ਪਾਰ ਕਰਕੇ ਸਾਹਮਣੇ ਆਉਂਦੀ ਹੈ। ਹਰ ਇੱਕ ਸ਼ੈਅ ਚਾਹੇ ਉਹ ਨਿਰਜੀਵ ਹੈ, ਚਾਹੇ ਸੰਜੀਵ, ਸਥਿਰਤਾ ਚ ਰਹਿਣਾ ਚਾਹੁੰਦੀ ਹੈ। ਇਸੇ ਤਰ੍ਹਾਂ ਮਨੁੱਖ ਨੇ ਆਪਣੇ ਲੱਖਾਂ ਸਾਲਾਂ ਦੇ ਜੀਵਨ ਸੰਘਰਸ਼ ਵਿੱਚੋਂ ਇਹ ਸਿੱਖਿਆ, ਕਿ ਉਸਨੂੰ ਮਾਨਸਿਕ ਅਤੇ ਸ਼ਰੀਰਿਕ ਸਥਿਰਤਾ ਪ੍ਰਦਾਨ ਹੋਵੇ। ਸ਼ਰੀਰਿਕ ਸਥਿਰਤਾ ਹਾਸਿਲ ਕਰਨ ਲਈ ਉਸਨੇ ਆਪਣੇ ਸ਼ਰੀਰ ਨੂੰ ਵਾਤਾਵਰਣ ਦੇ ਅਨੁਕੂਲ ਢਾਲਿਆ। ਜਦੋਂ ਕਿ ਮਾਨਸਿਕ ਸਥਿਰਤਾ ਹਾਸਿਲ ਕਰਨ ਲਈ ਮਨੁੱਖ ਨੇ ਵਿਗਿਆਨਿਕ ਸੋਚ ਅਤੇ ਵਿਚਾਰਾਂ ਨੂੰ ਅਪਣਾਇਆ। ਸੱਚ ਜਾਂ ਵਿਗਿਆਨ, ਪ੍ਰਕ੍ਰਿਤੀ ਦਾ ਸਾਰ ਤੱਤ ਹੀ ਹੁੰਦਾ ਹੈ। ਸੱਚ ਭਾਵੇਂ ਦੁਨੀਆਂ ਦੇ ਕਿਸੇ ਕੋਨੇ ਚ ਹੋਵੇ ਇੱਕੋ ਹੀ ਹੋਵੇਗਾ। ਧਰਤੀ, ਸੂਰਜ ਦੇ ਦੁਆਲੇ ਅਤੇ ਚੰਦਰਮਾ ਧਰਤੀ ਦੁਆਲੇ ਘੁੰਮਦਾ ਹੈ, ਇਹ ਇੱਕ ਸੱਚ ਹੈ। ਇਸੇ ਤਰਾਂ ਹਰ ਇੱਕ ਜੀਵ ਦੀ ਉਤਪਤੀ ਪੰਜ ਮੁੱਖ ਤੱਤਾਂ ਜਿਨ੍ਹਾਂ ਵਿੱਚ ਸੂਰਜ (ਅਗਨੀ), ਧਰਤੀ, ਪਾਣੀ , ਹਵਾ ਅਤੇ ਆਕਾਸ਼ (ਨਿਰਵਾਤ) ਦੇ ਸੰਯੋਗ ਨਾਲ਼ ਹੋਈ ਹੈ, ਇਹ ਇੱਕ ਸੱਚ ਹੈ। ਸੱਚ ਜਾਂ ਵਿਗਿਆਨ ਦੀ ਧਰਾਤਲ ਤੇ ਉਸਰੇ ਵਿਚਾਰ ਹੀ ਸਮਾਜ ਨੂੰ ਸਵੈਦੀ ਖੁਸ਼ਹਾਲੀ ਅਤੇ ਸਥਿਰਤਾ ਦੇ ਸਕਦੇ ਹਨ।

ਕਿਸੇ ਵੀ ਸਮਾਜ ਲਈ ਉਸਦੀ ਸੱਭਿਅਤਾ ਅਤੇ ਸੱਭਿਆਚਾਰ ਹੀ ਉਸਨੂੰ ਸਥਾਈਤਵ ਦੇ ਸਕਦੇ ਹਨ। ਸੱਭਿਅਤਾ ਅਤੇ ਸੱਭਿਆਚਾਰ ਹੀ ਮਨੁੱਖ ਦੀ ਸਰਵ ਗੁਣ ਤਰੱਕੀ ਦਾ ਆਧਾਰ ਹਨ। ਇੱਕ ਰਹੱਸਵਾਦੀ ਨਿਰਾਕਾਰ ਈਸ਼ਵਰ ਜਿਸਦੀ ਕੋਈ ਹੋਂਦ ਹੀ ਨਹੀਂ ਹੈ ਨੂੰ ਕੇਂਦਰੀ ਸ਼ਕਤੀ ਮੰਨ ਕੇ ਇੰਨੇ ਵੱਡੇ ਸੰਸਾਰ ਨੂੰ ਇੱਕ ਜੁੱਟ ਅਤੇ ਸਥਿਰਤਾ (ਸ਼ਾਂਤੀ) ਚ ਨਹੀਂ ਰੱਖ ਸਕਦੇ। ਸੰਸਾਰ ਨੂੰ ਵਿਗਿਆਨ, ਕਲਾ, ਸਾਹਿਤ, ਸ਼ਾਂਤੀ, ਉੱਨਤੀ, ਲੋਕਤਾਂਤ੍ਰਿਕ ਅਤੇ ਮਨੁੱਖੀ ਕਦਰਾਂ ਕੀਮਤਾਂ ਤੇ ਬੰਨ੍ਹਣ ਲਈ ਇੱਕੋ ਰਾਹ ਹੈ ਕਿ ਸੰਸਾਰ ਨੂੰ ਸੱਚ, ਪ੍ਰਤੱਖ ਕੁਦਰਤ ਅਤੇ ਵਿਗਿਆਨਿਕ ਵਿਸਵਾਸ਼ਾਂ ਨਾਲ਼ ਜੋੜਿਆ ਜਾਵੇ।

ਨਿਰਾਕਾਰ-ਈਸ਼ਵਰਵਾਦੀ ਸੋਚ ਦਾ ਕਰੂਰ ਚੇਹਰਾ ਮਨੁੱਖੀ ਸਮਾਜ ਅੰਦਰ ਘੱਟ ਰਹੇ ਇਤਿਹਾਸ ਦੇ  ਦਰਪਨ ਚੋਂ ਸਪੱਸ਼ਟ ਦੇਖਿਆ ਜਾ ਸਕਦਾ ਹੈ। “ਦੋ ਜ ਸਿਧਾਂਤ ਜੜ ਨਾਲ਼ ਜੁੜਤਾ” ਨਿਬੰਧ ਵਿੱਚੋਂ ਮਨੁੱਖੀ ਸਥਿਰਤਾ (ਸ਼ਾਂਤੀ) ਨੂੰ ਸਪੱਸ਼ਟ ਕਰਦਾ ਇੱਕ ਸਿੱਟਾ ਪੇਸ਼ ਹੈ : ਇੱਕ ਸਰਵੇਖਣ ਲਈ, ਸੰਸਾਰ ਦੇ ਮਾਨ ਚਿੱਤਰ ਨੂੰ ਇੱਕ ਅਜਿਹੀ ਰੇਖਾ ਨਾਲ਼ ਵੰਡ ਦੇਵੋ, ਜਿਹੜੀ ਰੇਖਾ ਭਾਰਤ ਅਤੇ ਪਾਕਿਸਤਾਨ ਨੂੰ ਵੰਡਦੀ ਹੈ, ਤਾਂ ਦੋ ਵੱਖ-ਵੱਖ ਕਿਸਮ ਦੇ ਸੰਸਾਰ ਨਜ਼ਰ ਆਉਂਦੇ ਹਨ। ਇੱਕ ਹੈ ਪੱਛਮੀ ਸੰਸਾਰ ਜਿਸ ਵਿੱਚ ਇਸਾਈ, ਯਹੂਦੀ ਅਤੇ ਮੁਸਲਿਮ ਪ੍ਰਤੀਨਿਧਤਾ ਕਰਦੇ ਹਨ। ਇਹ ਸੰਸਾਰ ਇੱਕ ਸਰਬ ਸ਼ਕਤੀਮਾਨ, ਅਦਿੱਖ, ਨਿਰਾਕਾਰ ਨਿਰਪੇਖ ਸ਼ਕਤੀ ਦਾ ਮਾਲਕ ਈਸ਼ਵਰ ਦੀ ਸੋਚ ਨਾਲ਼ ਬੰਨ੍ਹਿਆ ਹੋਇਆ ਹੈ। ਦੂਜਾ ਸੰਸਾਰ ਹੈ ਪੂਰਵੀ, ਜਿੱਥੇ ਬੋਧੀ, ਹਿੰਦੂ ਅਤੇ ਜੈਨੀ ਪ੍ਰਤੀਨਿਧਤਾ ਕਰਦੇ ਹਨ। ਇਹ ਸੰਸਾਰ ਬਹੁਦੇਵਵਾਦ ਅਤੇ ਕੁਦਰਤੀ ਸ਼ਕਤੀਆਂ ਦੀ ਮਾਨਤਾਂ ਨਾਲ਼ ਬੰਨ੍ਹਿਆ ਹੋਇਆ ਹੈ। ਹੁਣ ਜੇਕਰ ਪਿਛਲੇ ਸਵਾ ਸੌ ਸਾਲਾਂ ਦੇ ਮਨੁੱਖੀ ਕਤਲੋ ਗਾਰਤ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਬਹੁਤ ਹੀ ਹੈਰਾਨੀ ਜਨਕ ਜਮੀਨ ਆਸਮਾਨ ਦੇ ਅੰਤਰ ਵਾਲੇ ਆਂਕੜੇ ਸਾਡੇ ਸਾਹਮਣੇ ਆਉਂਦੇ ਹਨ। ਪੱਛਮੀ ਸੰਸਾਰ ਵਿੱਚ ਯੁੱਧਾਂ ਜਾਂ ਅੱਤਵਾਦੀ ਅਰਾਜਕਤਾ ਵਿੱਚ ਲਗਭਗ 12 ਕਰੌੜ ਲੋਕ ਮਾਰ ਦਿੱਤੇ ਗਏ ਹਨ ਅਤੇ ਇਹ ਵਾਧਾ ਹਾਲੇ ਵੀ ਤੇਜੀ ਨਾਲ਼ ਵਧਣ ਵੱਲ ਜਾਰੀ ਹੈ। ਜਦੋਂ ਕਿ ਪੂਰਵੀ ਸੰਸਾਰ ਵਿੱਚ ਯੁੱਧਾਂ ਜਾਂ ਅੱਤਵਾਦੀ ਅਰਾਜਕਤਾ ਵਿੱਚ ਲਗਭਗ 10 ਲੱਖ ਲੋਕ ਮਾਰੇ ਗਏ ਹਨ। ਜੇਕਰ ਪੱਛਮੀ ਸੰਸਾਰ ਵਿੱਚ ਇਹੋ ਈਸ਼ਵਰਵਾਦੀ ਧਾਰਮਿਕ ਕੱਟੜ ਸੋਚ ਭਾਰੂ ਰਹੀ ਤਾਂ ਮਨੁੱਖੀ ਕਤਲੋ ਗਾਰਤ ਦਾ ਇਹ ਆਂਕੜਾ 50 ਸਾਲਾਂ ਵਿੱਚ ਹੀ ਦੋਗੁਣਾ ਹੋ ਜਾਵੇਗਾ। ਨਿਰਾਕਾਰ ਈਸ਼ਵਰ ਹਕੀਕਤ ਵਿੱਚ ਨਹੀਂ ਹੈ। ਨਿਰਾਕਾਰ ਈਸ਼ਵਰ ਦੀ ਸੋਚ ਇੱਕ ਰਾਜਨੀਤਿਕ ਝੂਠ ਹੈ। ਝੂਠ ਦੀਆਂ ਹਜਾਰਾਂ ਪਰਿਭਾਸ਼ਾਵਾਂ ਬਣ ਜਾਂਦੀਆਂ ਹਨ। ਫੇਰ ਪੈਗੰਬਰ ਦੁਆਰਾ ਘੜੀ ਪਰਿਭਾਸ਼ਾ ਦੇ ਇਰਦ ਗਿਰਦ ਇੱਕ ਵਿਸ਼ੇਸ਼ ਮਤ ਦੀ ਉਸਾਰੀ ਹੋ ਜਾਂਦੀ ਹੈ। ਨਿਰਾਕਾਰ ਈਸ਼ਵਰ ਦੇ ਨਾਮ ਉੱਪਰ ਉੱਸਰੇ ਵੱਖ ਵੱਖ ਮਤਾਂ ਦਰਮਿਆਨ ਦਵੰਦ ਯੁੱਧ ਵਿੱਚ ਲੱਖਾਂ ਬੇਗੁਨਾਹ ਲੋਕ ਮਾਰੇ ਜਾਂਦੇ ਹਨ। ਨਿਰਾਕਾਰ ਈਸ਼ਵਰ ਦੇ ਨਾਮ ਉੱਪਰ ਬਹੁਤ ਸਾਰੇ ਦੇਹ ਧਾਰੀ ਬਾਬਿਆਂ ਨੇ ਵੱਡੇ ਵੱਡੇ ਕਾਰੋਬਾਰ ਖੋਲ ਲਏ ਹਨ। ਉਹ ਭੋਲੇ ਭਾਲੇ ਲੋਕਾਂ ਦੀ ਆਰਥਿਕ, ਮਾਨਸਿਕ ਅਤੇ ਸ਼ਰੀਰਿਕ ਲੁੱਟ ਕਰਦੇ ਹਨ। ਕਿਸੇ ਵੀ ਝੂਠ ਨੂੰ ਆਪਣਾ ਵੱਖਰਾ ਰੰਗ ਦੇਣਾ ਬਹੁਤ ਅਸਾਨ ਹੁੰਦਾ ਹੈ, ਤੇ ਕਾਰੋਬਾਰ ਚੱਲ ਪੈਂਦਾ ਹੈ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin