ਹੋਛੇਪਨ ਦਾ ਭਾਵ ਹੁੰਦਾ ਹੈ, ਖੋਖਲ਼ਾਪਣ, ਫੁਕਰਾਪੰਥੀ, ਹਲਕਾਪਣ ਤੇ ਨਿੱਕੀ ਜਿੰਨੀ ਗੱਲ ਨੂੰ ਵੱਡੀ ਬਣਾ ਕੇ ਪੇਸ਼ ਕਰਨਾ ਜਾਂ ਪ੍ਰਚਾਰਨਾ । ਇਸ ਕਿਸਮ ਦੇ ਲੋਕ ਮਾਨਸਿਕ ਰੋਗੀ ਹੁੰਦੇ ਹਨ ਜੋ ਹਰ ਸਮਾਜ ਵਿੱਚ ਆਪਣੇ ਆਲੇ ਦੁਆਲੇ ਵਿਚਰਦੇ ਆਮ ਹੀ ਮਿਲ ਜਾਂਦੇ ਹਨ । ਇਹਨਾ ਦੀ ਹਮੇਸ਼ਾ ਏਹੀ ਕੋਸ਼ਿਸ਼ ਹੁੰਦੀ ਹੈ ਕਿ ਊਠ ਦੇ ਪੱਦ ਨੂੰ ਐਟਮ ਬੰਬ ਬਣਾ ਕੇ ਪੇਸ਼ ਕੀਤਾ ਜਾਵੇ ਤੇ ਰਾਈ ਨੂੰ ਪਹਾੜ । ਇਹਨਾ ਦੀਆ ਗੱਲਾਂ ਨੂੰ ਧਿਆਨ ਨਾਲ ਸੁਣੋ ਤਾਂ ਇਸ ਤਰਾਂ ਜਪਣ ਲਗਦਾ ਹੈ ਕਿ ਇਹ ਸੰਬੰਧਿਤ ਸਮਾਜ ਦੀਆ ਵੱਡੀਆਂ ਤੋਪਾਂ ਨੇ, ਜਦ ਕਿ ਅਸਲੀਅਤ ਇਹ ਹੁੰਦੀ ਹੈ ਕਿ ਇਹ ਲੋਕ ਲੀਰਾਂ ਦੀ ਖਿੱਦੋ ਤੋਂ ਵੀ ਗਏ ਗੁਜ਼ਰੇ ਹੁੰਦੇ ਹਨ ।
ਫੁਕਰੀਆਂ ਮਾਰਕੇ ਜਿੱਥੇ ਇਹ ਲੋਕ ਆਪਣੇ ਆਸ ਪਾਸ ਦੇ ਲੋਕਾਂ ਨੂੰ ਬੁੱਧੂ ਬਣਾਉਂਦੇ ਰਹਿੰਦੇ ਹਨ, ਉੱਥੇ ਇਸੇ ਬਿਰਤੀ ਨਾਲ ਆਪਣੇ ਆਪ ਨੂੰ ਵੱਡੇ ਤੀਸ ਮਾਰ ਖਾਨ ਹੋਣ ਦਾ ਭਰਮ ਪਾਲਕੇ ਝੂਠੀਆਂ ਤਿਫਲ ਤਸੱਲੀਆਂ ਵੀ ਦੇਂਦੇ ਰਹਿੰਦੇ ਹਨ ਜਿਸ ਕਾਰਨ ਇਹਨਾਂ ਲੋਕਾਂ ਦੀ ਈਗੋ ਹਮੇਸ਼ਾ ਹੀ ਸੱਤਵੇਂ ਅਸਮਾਨ ‘ਤੇ ਹੁੰਦੀ ਹੈ । ਫੁਕਰੀਆਂ ਮਾਰਨ ਤੇ ਫੁਕਰਪੰਥੀ ਕਰਨ ਚ ਇਹਨਾਂ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੁੰਦਾ ਕਿਉਂਕਿ ਇਹ ਇਸ ਕਲਾ ਚ ਬੜੇ ਮਾਹਿਰ ਹੁੰਦੇ ਹਨ ।
ਪਰੋਫੈਸ਼ਨਲ ਫੁਕਰੇ ਸ਼ੋਸ਼ਲ ਮੀਡੀਆ ਦਾ ਕਾਫ਼ੀ ਚੰਗਾ ਪ੍ਰਯੋਗ ਕਰਦੇ ਹਨ, ਪਰ ਫੜੇ ਜਾਂਦੇ ਹਨ ਜਦ ਉਹ ਆਪਣੇ ਪੱਦ ਮਾਰਨ, ਕਬਜ਼ ਹੋਣ ਜਾਂ ਢਿੱਡ ਪੀੜ ਹੋਣ ਆਦਿ ਦੀਆਂ ਬੇਹੂਦਾ ਪੋਸਟਾਂ ਵੀ ਸ਼ੋਸ਼ਲ ਮੀਡੀਏ ਉੱਤੇ ਸਾਂਝੀਆਂ ਕਰਕੇ ਲਾਇਕ ਭਾਲਦੇ ਹੋਏ ਆਪਣੀ ਅਕਲ ਦਾ ਜਨਾਜ਼ਾ ਕੱਢਦੇ ਹਨ । ਕਈ ਵਾਰ ਇਸ ਕਿਸਮ ਦੇ ਲੋਕ ਅਜਿਹੀਆਂ ਤਸਵੀਰਾਂ ਵੀ ਸਾਂਝੀਆਂ ਕਰਦੇ ਹਨ ਜੋ ਅਸਲ ਵਿੱਚ ਖਿੱਚੀਆਂ ਤਾਂ ਉਹਨਾਂ ਨੇ ਆਪਣੇ ਘਰ ਦੇ ਪਿਛਵਾੜੇ ਹੀ ਹੁੰਦੀਆਂ ਹਨ, ਪਰ ਫੋਟੋ ਸ਼ਾਪ ਨਾਲ ਐਡਿਟ ਕਰਕੇ ਬਣਾਉਂਦੇ ਇਸ ਤਰਾਂ ਦੀਆ ਹਨ ਕਿ ਆਪਣੇ ਆਪ ਨੂੰ ਦੁਨੀਆ ਦੀ ਕਿਸੇ ਬਹੁਤ ਵੱਡੀ ਨਾਮਵਰ ਸ਼ਖਸ਼ੀਅਤ ਨਾਲ ਖੜ੍ਹਾ ਹੋਣ ਦਾ ਝੂਠਾ ਦਿਖਾਵਾ ਕਰਕੇ ਲੋਕ ਜੱਸ ਤੇ ਮਾਣ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ ।
ਹੋਛੇ ਬਹੁਤ ਹੀ ਹਲਕੇ ਕਿਸਮ ਦੇ ਲੋਕ ਹੁੰਦੇ ਹਨ । ਇਹ ਲਾਈਲੱਗ ਵੀ ਹੁੰਦੇ ਹਨ ਤੇ ਚੁਗ਼ਲਖ਼ੋਰ ਵੀ । ਬਾਤ ਦਾ ਬਤੰਗੜ ਕੇ ਬਤੰਗੜ ਨੂੰ ਬਾਤ ਬਣਾਉਣ ਦੀ ਕਲਾ ਦੇ ਮਾਹਿਰ ਹੁੰਦੇ ਹਨ । ਰਾਈ ਦਾ ਪਹਾੜ ਤੇ ਪਹਾੜ ਨੂੰ ਰਾਈ ਬਣਾਉਣਾ ਇਹਨਾਂ ਵਾਸਤੇ ਮਿੰਟਾਂ ਸਕਿੰਟਾਂ ਦਾ ਕੰਮ ਹੁੰਦਾ ਹੈ, ਪਰ ਜਦ ਕਿਸੇ ਨੂੰ ਇਹਨਾ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਤਾਂ ਫਿਰ ਸ਼ਰਮ ਮਾਰੇ, ਇਹ ਲੋਕ ਉਸਦੇ ਨੇੜੇ ਤੱਕ ਵੀ ਫੜਕਣ ਤੋਂ ਕੰਨੀ ਕਤਰਾਉਂਦੇ ਹਨ ।
ਹੋਛੇ ਲੋਕ ਉਬਲਿਆ ਚੱਟਣ ਦੇ ਆਦੀ ਹੁੰਦੇ ਹਨ, ਜਿਸ ਕਰਕੇ ਵਾਰ ਵਾਰ ਮੂੰਹ ਜਲਾਉਣਾ ਤੇ ਫਿੱਟ ਲਾਹਨਤਾਂ ਪੁਆਉਣੀਆ ਇਹਨਾਂ ਖ਼ਾਸਾ ਹੁੰਦਾ ਹੈ । ਇਹ ਆਦਤ ਦੇ ਪੱਕੇ ਹੁੰਦੇ ਹਨ, ਇਹਨਾਂ ਦੀਆ ਹੋਛੀਆ ਹਰਕਤਾਂ ‘ਤੇ ਕੋਈ ਇਹਨਾ ਦੀ ਕਿੰਨੀ ਵੀ ਕੁੱਤੇ-ਖਾਣੀ ਕਰੇ, ਪਰ ਫਿਰ ਵੀ ਇਹ ਲੋਕ ਆਪਣੀ ਆਦਤ ਤੋਂ ਬਾਜ ਨਹੀਂ ਆਉਂਦੇ ।
ਹਲਕਾਪਣ ਇਹਨਾਂ ਦਾ ਵਿਸ਼ੇਸ਼ ਗੁਣ/ਔਗੁਣ ਹੁੰਦਾ ਹੈ । ਚੁਗ਼ਲੀ ਬਹੁਤ ਹੀ ਮਜੇ/ ਸਵਾਦ ਨਾਲ ਚਟਕਾਰੇ ਲੈ ਕੇ ਕਰਦੇ ਹਨ । ਮਾਨਸਿਕ ਤੌਰ ‘ਤੇ ਉਲਾਰ ਇਹ ਲੋਕ ਨਿੱਕੀ ਨਿੱਕੀ ਗੱਲ ‘ਤੇ ਘਬਰਾਹਟ ਤੇ ਹੜਬੜੀ ਚ ਆ ਜਾਂਦੇ ਨੇ ਤੇ ਕਈ ਵਾਰ ਤਾਂ ਬਿਨਾ ਗੱਲੋਂ ਗੁੱਸੇ ਚ ਇਹਨਾਂ ਦੀਆ ਅੱਖਾਂ ਤੇ ਚੇਹਰਾ ਵੀ ਲਾਲ ਸੁਰਖ਼ ਦੇਖਣ ਨੂੰ ਮਿਲ ਜਾਂਦਾ ਹੈ ।
ਹੋਛਿਆ ਚ ਫੁਕਰਾਪੰਥੀ ਹੱਦ ਦਰਜੇ ਦੀ ਹੁੰਦੀ ਹੈ । ਇਹਨਾਂ ਨੂੰ ਬੜੀ ਜਲਦੀ ਫੂਕ ਛਕਣ ਦੀ ਆਦਤ ਹੁੰਦੀ ਹੈ । ਕੋਈ ਥੋੜੀ ਜਿਹੀ ਤਾਰੀਫ਼ ਕਰ ਦੇਵੇ ਤਾਂ ਫੁੱਲ ਕੇ ਕੁੱਪਾ ਹੋ ਜਾਂਦੇ ਹਨ । ਫੂਕ ਛਕਾ ਕੇ ਇਹਨਾਂ ਤੋਂ ਕੋਈ ਵੀ ਚੰਗਾ ਮੰਦਾ ਕੰਮ ਕਰਾਇਆਂ ਜਾ ਸਕਦਾ ਹੈ ।
ਹੋਛਿਆਂ ਦਾ ਅਕਲ ਨਾਲ ਅਕਸਰ ਹੀ ਵੈਰ ਹੁੰਦਾ ਹੈ । ਇਹ ਆਪਣੀ ਅਕਲ ਦਾ ਇਸਤੇਮਾਲ ਨਹੀਂ ਕਰਦੇ ਸਗੋਂ ਆਪਣੇ ਦਿਮਾਗ ਦੀ ਕੁੰਜੀ ਜਾਂ ਦਾ ਰਿਮੋਟ ਕੰਟਰੋਲ ਦੂਸਰਿਆਂ ਦੇ ਹੱਥ ਫੜਾ ਕੇ ਚੱਲਦੇ ਹਨ । ਕਹਿਣ ਦਾ ਭਾਵ ਇਹ ਕਿ ਜੇਕਰ ਕੋਈ ਇਹਨਾਂ ਦੀਆ ਝੂਠੀਆ ਤਾਰੀਫ਼ਾਂ ਕਰੇ, ਉਸ ਵਾਸਤੇ ਕੁੱਜ ਵੀ ਕਰਨ ਵਾਸਤੇ ਤਿਆਰ ਹੋ ਜਾਂਦੇ ਹਨ ਤੇ ਜੇਕਰ ਕੋਈ ਇਹਨਾਂ ਦੀ ਵਿਰੋਧਤਾ ਕਰੇ ਜਾਂ ਇਹਨਾਂ ਨੂੰ ਮੂੰਹ ‘ਤੇ ਫਿਟਕਾਰੇ ਤਾਂ ਉਸ ਨੂੰ ਆਪਣਾ ਦੁਸ਼ਮਣ ਨੰਬਰ ਇਕ ਮੰਨਦਿਆਂ ਵੀ ਇਹ ਮਿੰਟ ਨਹੀਂ ਲਾਉਂਦੇ । ਇਸ ਉਕਤ ਬਿਰਤੀ ਕਾਰਨ ਇਹਨਾ ਲੋਕਾਂ ਦੀ ਤਾਸੀਰ ਤੇ ਵਿਵਹਾਰ ਵੀ ਹਮੇਸ਼ਾ ਬਦਲਦਾ ਰਹਿੰਦਾ ਹੈ, ਜਿਸ ਕਾਰਨ ਅਕਸਰ ਹੀ ਹੁੰਦਾ ਇਹ ਹੈ ਕਿ ਜਿਸ ਬੰਦੇ ਨੂੰ ਕੁੱਜ ਕੁ ਮਿੰਟ ਪਹਿਲਾਂ ਇਹ ਆਪਣਾ ਪੱਕਾ ਮਿੱਤਰ ਦੱਸਦੇ ਹੋਏ ਉਸਦੀਆ ਤਾਰੀਫਾਂ ਦੇ ਪੁਲ ਬੰਨ੍ਹਦੇ ਨਜਰ ਆਉਂਦੇ ਹਨ, ਅਗਲੇ ਹੀ ਪਲ ਉਸਦੀ ਘੋਰ ਨਿੰਦਿਆਂ ਤੇ ਨਿਖੇਧੀ ਕਰਦੇ ਵੀ ਦੇਖੇ ਜਾ ਸਕਦੇ ਹਨ ।
ਅਸਲ ਵਿੱਚ ਇਹਨਾਂ ਲੋਕਾਂ ‘ਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ । ਇਹ ਪੰਸੇਰੀ ਦੇ ਡੱਡੂ ਹੁੰਦੇ ਹਨ, ਦਲਬਦਲੂ ਹੁੰਦੇ ਹਨ । ਬੇਚੈਨੀ ਤੇ ਮਾਨਸਿਕ ਅਸ਼ਾਂਤੀ ਦੇ ਭਰੇ ਇਹ ਲੋਕ ਔਖੇ ਵੇਲੇ ਦੀ ਤਾਂ ਦੂਰ, ਸੌਖੇ ਵੇਲੇ ਵੀ ਕਈ ਵਾਰ ਬੇੜੀ ਚ ਵੱਟੇ ਸੁੱਟਕੇ ਵੱਡਾ ਨੁਕਸਾਨ ਕਰ ਜਾਂਦੇ ਹਨ । ਸੋ ਇਸ ਬਿਰਤੀ ਵਾਲੇ ਲੋਕਾਂ ਤੋ ਹਮੇਸ਼ਾ ਬੱਚੇ ਰਹਿਣ ਵਿੱਚ ਹੀ ਭਲਾ ਹੈ । ਸ਼ਾਇਦ ਇਸੇ ਕਰਕੇਕੋਈ ਗਾਉਣ ਵਾਲਾ ਗਾਉਂਦਾ ਹੈ ਕਿ “ਹੋਛਿਆੰ ਨਾਲ਼ੋਂ ਮਸਤੀ ਚੰਗੀ, ਜਿਹੜੀ ਰੱਖਦੀ ਸਦਾ ਟਿਕਾਣੇ।”
ਆਪਣੀ ਮਸਤੀ ਚ ਆਪਣੀ ਜ਼ਿੰਦਗੀ ਜੀਓ, ਸਕੂਨ ਮਿਲੇਗਾ, ਜਿੰਦਗੀ ਵਧੀਆ ਤੇ ਹੁਸੀਨ ਲੱਗੇਗੀ । ਹੋਛਿਆ ਨਾਲ ਸੰਬੰਧ ਰੱਖੋਗੇ ਤਾਂ ਚੰਗੀ ਭਲੀ ਜ਼ਿੰਦਗੀ ਨਰਕ ਬਣ ਜਾਵੇਗੀ, ਤੁਹਾਡੀ ਆਪਣੀ ਹੋਂਦ ਹਸਤੀ ਬੌਨੀ ਹੋਏਗੀ, ਗੁਣ ਉਭਰਕੇ ਸਾਹਮਣੇ ਨਹੀਂ ਆਉਣਗੇ, ਸ਼ਖਸ਼ੀਅਤ ਨੂੰ ਗ੍ਰਹਿਣ ਲੱਗ ਜਾਵੇਗਾ, ਜਿਸ ਦਾ ਸਿੱਧਾ ਅਸਿੱਧਾ ਲਾਭ ਤੁਹਾਡੇ ਸੰਪਰਕ ਵਾਲੇ ਹੋਛੇਪਨ ਨਾਮ ਦੀ ਮਾਨਸਿਕ ਬੀਮਾਰੀ ਦੇ ਸ਼ਿਕਾਰ ਅਖੌਤੀ ਮਿੱਤਰ ਨੂੰ ਮਿਲੇਗਾ ਤੇ ਤੁਹਾਡੇ ਪੱਲੇ ਠਨ ਠਨ ਗੋਪਾਲ ਬਾਕੀ ਰਹਿ ਜਾਏਗੀ ।
ਸੌ ਗਜ ਰੱਸਾ ਤੇ ਸਿਰੇ ‘ਤੇ ਮਾਰੀਏ ਗੰਢ, ਹੋਛੇ ਲੋਕਾਂ ਦੀ ਸੰਗਤ ਚ ਰਹਿਣ ਦਾ ਭਾਵ ਆਪਣਾ ਜੀਵਨ ਨਰਕ ਬਣਾਉਣਾ, ਸ਼ਾਂਤੀ ਦੀ ਬਜਾਏ ਬੇਚੈਨੀ ਦਾ ਲੜ ਫੜਨਾ, ਆਪਣੀ ਸ਼ਖਸ਼ੀਅਤ ਨੂੰ ਬੌਨੀ ਕਰਨਾ, ਆਪਣੇ ਗੁਣਾ ਨੂੰ ਘੱਟੇ ਰਲਾਉਣਾ ਤੇ ਜ਼ਿੰਦਗੀ ਦੇ ਅਸਲ ਰੰਗ ਤੋਂ ਵਾਂਝੇ ਰਹਿਣਾ । ਸੋ, ਆਪਣੇ ਆਸ ਪਾਸ ਝਾਤੀ ਮਾਰੋ, ਹੋਛਿਆਂ ਤੇ ਫੁਕਰਿਆਂ ਨੂੰ ਪਹਿਚਾਣੋ ਤੇ ਉਹਨਾਂ ਤੋ ਕਿਨਾਰਾਕਸ਼ੀ ਕਰਕੇ ਮਸਤ ਜ਼ਿੰਦਗੀ ਜੀਓ ।
next post