
ਲਘੂ ਫ਼ਿਲਮ ‘ਵੰਡ’ ਵਿਚਲੇ ਗਲੈਮਰ ਦ੍ਰਿਸ਼ਾਂ ਨਾਲ ਚਰਚਾ ਵਿੱਚ ਆਈ ਖੂਬਸੂਰਤ ਅਦਾਕਾਰਾ ਪੂਨਮ ਸੂਦ ਨਵੀਂ ਪੰਜਾਬੀ ਫ਼ਿਲਮ ‘ਉੱਚਾ ਪਿੰਡ’ ਵਿਚ ਹੁਣ ਤੱਕ ਦੇ ਕਿਰਦਾਰਾਂ ਤੋਂ ਹਟਕੇ ਇੱਕ ਨਵੇਂ ਰੂਪ ‘ਚ ਪਰਦੇ ‘ਤੇ ਦਰਸ਼ਕਾਂ ਦੀ ਪਸੰਦ ਬਣੇਗੀ। ‘ਨਿੰਮੋ’ ਨਾਂ ਦੀ ਕਿਰਦਾਰ ‘ਚ ਉਹ ਬਤੌਰ ਨਾਇਕਾ ਅਦਾਕਾਰ ਨਵਦੀਪ ਕਲੇਰ ਨਾਲ ਵੱਡੇ ਪਰਦੇ ਤੇ ਨਜ਼ਰ ਆਵੇਗੀ।
ਭਾਵੇਂਕਿ ਪੂਨਮ ਨੇ ਇਸ ਤੋਂ ਪਹਿਲਾਂ ਅਨੇਕਾਂ ਫ਼ਿਲਮਾਂ ਵਿਚ ਅਹਿਮ ਕਿਰਦਾਰ ਨਿਭਾਏ ਹਨ, ਪ੍ਰੰਤੂ ‘ਉੱਚਾ ਪਿੰਡ’ ਵਿਚਲਾ ਕਿਰਦਾਰ ਉਸਦੇ ਫ਼ਿਲਮੀ ਕੱਦ ਨੂੰ ਹੋਰ ਉੱਚਾ ਕਰੇਗਾ। ਪਿਆਰ ਮੁਹੱਬਤ ਅਤੇ ਖ਼ਾਨਦਾਨੀ ਦੁਸ਼ਮਣੀਆਂ ਦੀ ਮਾਰਧਾੜ, ਕਤਲੋਗਾਰਦ ਦੇ ਖੂਨ ਚ ਭਿੱਜੀ ਇਸ ਫ਼ਿਲਮ ਦੀ ਕਹਾਣੀ ‘ਚ ਉਸਨੇ ਇਕ ਨਿੰਮੋ ਨਾਂ ਦੀ ਦਲੇਰ ਕੁੜੀ ਦਾ ਕਿਰਦਾਰ ਨਿਭਾਇਆ ਹੈ ਜੋ ਪਿਆਰ ਚ ਹਥਿਆਰ ਚੁੱਕਣ ਨੂੰ ਦੇਰ ਨਹੀ ਕਰਦੀ। ਆਪਣੇ ਇਸ ਕਿਰਦਾਰ ਦੀ ਚੋਣ ਬਾਰੇ ਪੂਨਮ ਫ਼ਿਲਮ ਦੀ ਨਿਰਮਾਤਾ ਜੋੜੀ ਸੰਨੀ ਢਿੱਲੋਂ, ਹਰਦੀਪ ਸਿੰਘ ਡਿੰਪੀ ਢਿੱਲੋਂ ਅਤੇ ਨਿਰਦੇਸ਼ਕ ਹਰਜੀਤ ਰਿੱਕੀ ਦੀ ਸ਼ੁਕਰਗੁਜ਼ਾਰ ਹੈ।
ਅੰਮਿਤ੍ਰਸਰ ਸ਼ਹਿਰ ਦੀ ਜੰਮਪਲ ਪੂਨਮ ਸੂਦ ਲੰਮੇ ਸਮੇਂ ਤੋਂ ਥੀਏਟਰ ਅਤੇ ਫ਼ਿਲਮਾਂ ਨਾਲ ਜੁੜੀ ਹੋਈ ਹੈ । ਉਸਨੇ ‘ਮੇਰੇ ਯਾਰ ਕਮੀਨੇ, ਅੱਜ ਦੇ ਲਫੰਗੇ, ਮੁੰਡਾ ਫਰੀਦਕੋਟੀਆ, ਯਾਰ ਅਣਮੁੱਲੇ 2, ਲਘੂ ਫ਼ਿਲਮ ‘ਵੰਡ’ ਦੇ ਇਲਾਵਾ ਪੰਜਾਬੀ ਸੰਗੀਤ ਦੇ ਸੁਪਰਹਿੱਟ ਗੀਤਾਂ ਯਾਰਾ ਵੇ… (ਕਰਮਜੀਤ ਅਨਮੋਲ) ਸਪੀਕਰ (ਰੋਸ਼ਨ ਪਿ੍ਰੰਸ) ਹਵਾਵਾਂ (ਫ਼ਿਰੋਜਖਾਂ) ਸਮੇਤ 100 ਤੋਂ ਵੱਧ ਗੀਤਾਂ ਚ ਅਦਾਕਾਰੀ ਕੀਤੀ।
ਫ਼ਿਲਮ ‘ਉੱਚਾ ਪਿੰਡ’ ਵਿਚਲੇ ਕਿਰਦਾਰ ਤੋਂ ਪੂਨਮ ਨੂੰ ਬਹੁਤ ਆਸਾਂ ਹਨ। ਨਿਰਦੇਸ਼ਕ ਹਰਜੀਤ ਰਿੱਕੀ ਦੀ ਇਸ ਫ਼ਿਲਮ ਵਿਚ ਸਰਦਾਰ ਸੋਹੀ, ਆਸੀਸ ਦੁੱਗਲ, ਹੌਬੀ ਧਾਲੀਵਾਲ, ਲੱਖਾ ਲਹਿਰੀ, ਮੁਕਲ ਦੇਵ, ਸੰਜੂ ਸੋਲੰਕੀ, ਦਿਲਾਵਰ ਸਿੱਧੂ, ਸਵਿੰਦਰ ਵਿੱਕੀ ਵਰਗੇ ਦਿੱਗਜ਼ ਕਲਾਕਾਰਾਂ ਨੇ ਵੀ ਕੰਮ ਕੀਤਾ ਹੈ।