Articles

ਜੇਕਰ 14 ਅਗਸਤ ਦੀ ਵੰਡ ਕਾਰਨ ਸੋਗ ਤੇ ਸ਼ਰਧਾਂਜਲੀ ਦਿਵਸ ਹੈ ਤਾਂ ਫਿਰ 15 ਅਗਸਤ ਅਜ਼ਾਦੀ ਦਿਵਸ ਕਿਵੇਂ ਹੋਇਆ ?

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਬੜੀ ਦੁੱਖ ਤੇ ਹੈਰਾਨੀ ਵਾਲੀ ਗੱਲ ਹੈ ਕਿ ਕੰਧ ‘ਤੇ ਲਿਖੇ ਹੋਏ ਕੌੜੇ ਸੱਚ ਨੂੰ ਸਮਝਣ ਤੇ ਮੰਨਣ ਵਾਸਤੇ 75 ਸਾਲ ਦਾ ਸਮਾਂ ਲੱਗ ਗਿਆ । ਪੂਰੇ ਵਿਸ਼ਵ ਨੂੰ ਪਤਾ ਹੈ ਕਿ ਮਜ਼੍ਹਬੀ ਫ਼ਿਰਕਾ ਪ੍ਰਸਤੀ ਦੇ ਅਧਾਰ ‘ਤੇ ਦੁਨੀਆ ਦਾ ਇੱਕੋ ਇਕ ਮੁਲਕ ਹਿੰਦੁਸਤਾਨ 1947 ਚ ਟੁੱਟਕੇ ਭਾਰਤ ਤੇ ਪਾਕਿਸਤਾਨ ਬਣਿਆ, ਜਿਸ ਤੋਂ ਬਾਅਦ 1971 ਚ ਇਸ ਦਾ ਇਕ ਹੋਰ ਤੀਜਾ ਟੁਕੜਾ ਬੰਗਲਾ ਦੇਸ਼ ਬਣਿਆ । ਉਦੋਂ ਤੋ ਹੀ ਇਕ ਬੜੀ ਗਹਿਰੀ ਸ਼ਾਜਿਸ ਤਹਿਤ, ਇਸ ਟੁੱਟਕੇ ਬਿਖਰੇ ਹੋਏ ਹਿੰਦੁਸਤਾਨ ਦੇ ਟੁਕੜਿਆ ਨੇ ਆਪਣੇ ਆਪ ਨੂੰ ਅਜਾਦ ਤਸਲੀਮ ਕਰਕੇ, ਹਰ ਸਾਲ ਆਪੋ ਆਪਣੇ ਖ਼ਿੱਤੇ ਚ ਅਜ਼ਾਦੀ ਦੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਤੇ ਇਸ ਵੰਡ ਦੌਰਾਨ ਜੋ ਲੱਖਾਂ ਉਜੜੇ, ਲੱਖੋਂ ਕੱਖ ਦੇ ਹੋਏ ਤੇ ਬੇਕਸੂਰ ਹੀ ਕਤਲੇਆਮ ਦਾ ਸ਼ਿਕਾਰ ਹੋ ਕੇ ਮਾਰੇ ਗਏ, ਉਹਨਾਂ ਦੇ ਦੁੱਖ ਦਰਦ ਨੂੰ ਵਿਸਾਰ ਕੇ ਤੇ ਜਸ਼ਨ ਏ ਅਜ਼ਾਦੀ ਮਨਾਏ ਜਾਣ ਦਾ ਲਿਲਸਿਲਾ ਬਦਸਤੂਰ ਚਲਦਾ ਆ ਰਿਹਾ ਹੈ ।
ਉਸ ਖੂਨ ਖਰਾਬੇ ਦੇ ਪੀੜਤਾਂ ਨੂੰ ਨਾ ਹੀ ਕਿਸੇ ਨਾ ਯਾਦ ਰੱਖਣ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਦੁੱਖ ਤੇ ਅਫਸੋਸ ਜਾਹਿਰ ਕਰਨ ਵਾਸਤੇ ਕੋਈ ਸ਼ਰਧਾਂਜਲੀ ਸਮਾਗਮ ਉਲੀਕਣ ਦੀ ਜਰੂਰਤ ਸਮਝੀ । ਉਹਨਾਂ ਬੇਕਸੂਰ ਲੋਕਾਂ ਦੇ ਡੁੱਲ੍ਹੇ ਖੂਨ ਨੂੰ ਲਗਾਤਾਰ ਘੱਟੇ ਰੋਲਿਆ ਜਾਂਦਾ ਰਿਹਾ ।
ਅੰਮਿ੍ਰਤਾ ਪਰੀਤਮ ਦੇ ਦਰਦ ਭਰੇ ਬੋਲ “ਕੋਈ ਆਖੇ ਵਾਰਿਸ ਸ਼ਾਹ ਨੂੰ ਅੱਜ ਕਬਰਾਂ ਵਿਚੋਂ ਬੋਲ” ਤੇ ਫ਼ੈਜ਼ ਅਹਿਮਦ ਫ਼ੈਜ਼ ਦੇ ਬੋਲ “ ਵੋਹ ਜੋ ਤਾਰੀਖ਼ ਹੋ ਗਏ ।” ਆਦਿ ਨੂੰ ਕਦੀ ਵੀ ਕਿਸੇ ਨੇ ਸਮਝਣ ਦੀ ਕੋਸ਼ਿਸ਼ ਨਾ ਕੀਤੀ ।
ਇਤਿਹਾਸ ਨੂੰ ਗਲਤ ਲਿਖਵਾਕੇ ਸਕੂਲਾਂ ਕਾਲੇਜਾਂ ਵਿੱਚ ਵਿਦਿਆਰਥੀਆ ਸਾਹਮਣੇ ਪਰੋਸਿਆ ਗਿਆ, ਵੰਡ ਦੇ ਅਸਲੀ ਦੋਸ਼ੀਆ ਦੀ ਨਿਸ਼ਾਨਦੇਹੀ ਕਰਨ ਦੀ ਬਜਾਏ ਅੰਗਰੇਜ਼ਾਂ ਨੂੰ ਪਾਣੀ ਪੀ ਪੀ ਕੇ ਕੋਸਿਆ ਗਿਆ ਤੇ ਇਹ ਗਲਤ ਪ੍ਰਚਾਰ ਕਰਦੇ ਰਹੇ ਕਿ ਉਹ “ਪਾੜੋ ਤੇ ਰਾਜ ਕਰੋ” ਦੀ ਨੀਤੀ ‘ਤੇ ਚੱਲਕੇ ਪਹਿਲਾਂ ਹਿੰਦੁਸਤਾਨ ‘ਤੇ ਰਾਜ ਕਰਦੇ ਰਹੇ ਤੇ ਜਾਂਦੇ ਵਕਤ ਮੁਲਕ ਨੂੰ ਟੋਟੇ ਟੋਟੇ ਕਰ ਗਏ ।
ਇਸੇ ਸ਼ਾਜਿਸ ਤਹਿਤ ਜਿਸ ਸੂਬੇ ਦਾ ਸ਼ਭ ਤੋਂ ਵੱਧ ਜਾਨੀ ਤੇ ਮਾਲੀ ਨੁਕਸਾਨ ਹੋਇਆ, ਬੋਲੀ ਤੇ ਸੱਭਿਆਚਾਰ ਬਿਖਰ ਗਿਆ, ਉਸ ਸੂਬੇ ਦੀ ਸਰਹੱਦ ਉੱਤੇ 1955 ਤੋਂ ਹਰ ਰੋਜ਼ ਝੰਡਾ ਉਤਾਰਨ ਦੀ ਪਰੇਡ ਨੂੰ ਲੈ ਕੇ ਮੇਲਾ ਲਾਉਣ ਤੇ ਜਸ਼ਨ ਮਨਾਉਣ ਦਾ ਨਵਾਂ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਜਿਸ ਨੂੰ ਬਾਅਦ ਚ ਪਾਕਿਸਤਾਨ ਵਾਲੇ ਪਾਸੇ ਵਲੋਂ ਵੀ ਬਿਨਾਂ ਸੋਚੇ ਵਿਚਾਰੇ ਹੀ ਸ਼ੁਰੂ ਕਰ ਦਿੱਤਾ ਗਿਆ ।
ਅਸੀਂ ਜਾਣਦੇ ਹਾਂ ਕਿ ਸਿਆਸਤ ਵਿਚ ਕੋਈ ਵੀ ਕਿਸੇ ਦਾ ਮਿੱਤ ਨਹੀਂ ਹੁੰਦਾ, ਅਜਿਹੇ ਲੋਕਾਂ ਵਿੱਚ ਸਿਰਫ ਤੇ ਸਿਰਫ ਕੁਰਸੀ ਦੀ ਭੁੱਖ ਹੀ ਭਾਰੂ ਹੁੰਦੀ ਹੈ ਜਿਸ ਦੇ ਵਾਸਤੇ ਲੋਕਾਂ ਨੂੰ ਭਰਮਾਉਣ ਜਾਂ ਬੁੱਧੂ ਬਣਾਉਣ ਵਾਸਤੇ ਉਹ ਕੋਈ ਵੀ ਕਮੀਨੀ ਤੋਂ ਕਮੀਨੀ ਹਰਕਤ ਵੀ ਕਰ ਜਾਂਦੇ ਹਨ । ਏਹੀ ਕੁੱਜ ਪਿੱਛਲੇ ਪਜੰਤਰ ਸਾਲ ਤੋਂ ਦੇਖਣ ਨੂੰ ਮਿਲਦਾ ਰਿਹਾ ਹੈ । ਸਰਕਾਰ ਕਿਸੇ ਪਾਰਟੀ ਦੀ ਵੀ ਹੋਵੇ, ਇਕ ਹੀ ਭੇਡ ਤਾਲ ਰਹੀ ਹੈ, ਪੰਜਾਬ, ਜਿਸ ਦਾ ਕਿ ਵੰਡ ਦੌਰਾਨ ਸਭ ਤੋਂ ਵੱਧ ਨੁਕਸਾਨ ਹੋਇਆ, ਉਸ ਦੀ ਪਾਕਿਸਤਾਨ ਨਾਲ ਲਗਦੀ ਖ਼ੂਨ ਨਾਲ ਲੇਖ ਪੱਥ ਧਰਤੀ ‘ਤੇ ਰੋਜ਼ਾਨਾ ਜਸ਼ਨ ਮਨਾਏ ਜਾਂਦੇ ਹਨ ਤੇ 15 ਅਗਸਤ ਵਾਲੇ ਦਿਨ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਹਰ ਸਾਲ ਬੜੀ ਹੀ ਬੇਕਿਰਕੀ ਨਾਲ ਅਖੌਤੀ ਸੁਤੰਤਰਤਾ ਦਿਵਸ ਦੇ ਜਸ਼ਨਾਂ ਦੇ ਨਾਮ ‘ਤੇ ਆਪਣੀਆ ਚੌਧਰਾਂ ਚਮਕਾਉਣ ਵਾਸਤੇ ਪਾਣੀ ਵਾਂਗ ਰੋੜ੍ਹੀ ਜਾਂਦੀ ਹੈ ।
ਮੈਂ ਆਪਣੀ ਜ਼ੁੰਮੇਵਾਰੀ ਦਾ ਅਹਿਸਾਸ ਕਰਦਿਆਂ ਅੱਜ ਤੱਕ ਜਿੱਥੇ ਸਮੇਂ ਸਮੇਂ ‘ਤੇ ਇਸ ਵੰਡ ਦੀ ਅਸਲੀਅਤ ਬਾਰੇ ਲਿਖਦਾ ਰਿਹਾ ਹਾ, ਉੱਥੇ ਇਸ ਦੇ ਨਾਲ ਹੀ ਪੰਜਾਬ ਨਾਲ ਸੰਬੰਧਿਤ ਤਿੰਨ ਪੁਸਤਕਾਂ “ਪੰਜਾਬ ਦੁਖਾਂਤ ਬੀਤੇ ਦਸ ਵਰ੍ਹੇ 1981 – 1991), ਰੰਗਲਾ ਪੰਜਾਬ ਕਿ ਕੰਗਲਾ ਪੰਜਾਬ! ਅਤੇ “ਤਾਰੀਖ਼ ਬੋਲਦੀ ਹੈ – ਗਾਥਾ ਕਰਤਾਰਪੁਰ ਲਾਂਘੇ ਦੀ” ਦੀ ਰਚਨਾ ਵੀ ਕੀਤੀ, ਜਿਹਨਾਂ ਵਿੱਚ ਜਿੱਥੇ ਚੜ੍ਹਦੇ ਪੰਜਾਬ ਨਾਲ ਸੰਬੰਧਿਤ ਬਹੁਤ ਸਾਰੇ ਮੁੱਦਿਆਂ ਦੀਆ ਪਰਤਾਂ ਖੋਹਲਣ ਦੀ ਕੋਸ਼ਿਸ਼ ਦੇ ਨਾਲ ਨਾਲ 1947 ਦੀ ਵੰਡ ਦੇ ਅਸਲ ਕਾਰਨਾ ਤੇ ਇਸ ਸੰਬੰਧੀ ਸਮੇਂ ਸਮੇਂ ਰਚੀਆਂ ਗਈਆ ਤੇ ਜਾ ਰਹੀਆਂ ਸ਼ਾਜਿਸ਼ਾਂ ਨੂੰ ਵੀ ਬੇਪਰਦਾ ਕੀਤਾ ।
ਹੁਣ ਇਸ ਵਾਰ ਮੁਲਕ ਟੁੱਟਣ ਦੀ 75ਵੀਂ ਵਰ੍ਹੇ ਗੰਢ ਤੋਂ ਬਾਅਦ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਮੁਲਕ ਦੀ ਸਰਕਾਰ ਇਹ ਆਪ ਹੀ ਮੰਨ ਰਹੀ ਹੈ ਕਿ 1947 ਚ ਦੇਸ਼ ਅਜ਼ਾਦ ਨਹੀਂ ਬਲਕਿ ਟੁਕੜੇ ਟੁਕੜੇ ਹੋਇਆ ਸੀ ।ਇਸ ਕੌੜੇ ਸੱਚ ਨੂੰ ਏਨੇ ਲੰਮੇ ਸਮੇਂ ਬਾਅਦ ਤਸਲੀਮ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਅੱਗੋਂ ਤੋਂ ਹਰ ਸਾਲ 14 ਅਗਸਤ ਵਾਲਾ ਦਿਨ ਮੁਲਕ ਦੀ ਵੰਡ ਤੇ ਉਸ ਸਮੇ ਖ਼ੂਨ ਖ਼ਰਾਬੇ ਦੇ ਉਜਾੜੇ ਦਾ ਸ਼ਿਕਾਰ ਹੋਏ ਬੇਕਸੂਰ ਲੋਕਾਂ ਦੇ ਸੋਗ ਤੇ ਸ਼ਰਧਾਂਜਲੀ ਭੇਂਟ ਕਰਨ ਵਜੋਂ ਮਨਾਇਆ ਜਾਇਆ ਕਰੇਗਾ ਤੇ 15 ਅਗਸਤ ਪਹਿਲਾਂ ਦੀ ਤਰਾਂ ਹੀ ਅਜਾਦੀ ਦਿਵਸ ਵਜੋ ਮਨਾਇਆ ਜਾਣਾ ਜਾਰੀ ਰਹੇਗਾ ।
ਪ੍ਰਧਾਨਮੰਤਰੀ ਦਾ ਇਹ ਉਕਤ ਐਲਾਨ ਦੇਖਣ ਪੜ੍ਹਨ ਨੂੰ ਚੰਗਾ ਤੇ ਸੁਖਦ ਜਾਪਦਾ ਹੈ, ਪਰ ਅਸਲ ਰੂਪ ਚ ਉਹਨਾਂ ਦਾ ਐਲਾਨ ਇਕ ਵਿਰੋਧਾਭਾਸੀ ਬਿਆਨ ਹੈ । ਸਵਾਲ ਇਹ ਉਠਦਾ ਹੈ ਕਿ ਜੇਕਰ 14 ਅਗਸਤ ਵੰਡ ਦੇ ਖੂਨ ਖਰਾਬੇ ਦੀ ਯਾਦ ਚ ਸੋਗ ਦਿਵਸ ਵਜੋਂ ਮਨਾਇਆ ਜਾਂਦਾ ਹੈ ਤਾਂ ਫਿਰ 15 ਅਗਸਤ ਅਜਾਦੀ ਤੇ ਖੁਸ਼ੀ ਦਾ ਦਿਹਾੜਾ ਕਿਵੇ ਰਹਿ ਗਿਆ ? ਦਰਅਸਲ ਵਿਚਲੀ ਗੱਲ ਇਹ ਹੈ ਕਿ ਲੋਕ ਜਾਗਰੂਕ ਹੋ ਚੁੱਕੇ ਹਨ, ਉਹਨਾ ਨੂੰ ਪਤਾ ਲੱਗ ਚੁੱਕਾ ਹੈ ਕਿ 15 ਅਗਸਤ ਮੁਲਕ ਦੀ ਮਜ਼੍ਹਬ ਦੇ ਅਧਾਰ ‘ਤੇ ਖੇਰੂੰ ਖੇਰੂੰ ਹੋ ਜਾਣ ਦੀ ਦਾਸਤਾਨ ਜਿਸ ਨੂੰ ਅਜਾਦੀ ਦਿਵਸ ਕਦਾਚਿੱਤ ਵੀ ਨਹੀਂ ਕਿਹਾ ਜਾ ਸਕਦਾ ਤੇ ਸਰਕਾਰ ਇਸ ਗੱਲ ‘ਤੇ ਪਰਦਾਪੋਸ਼ੀ ਕਰਨ ਵਾਸਕੇ 14 ਅਗਸਤ ਨੂੰ ਵੰਡ ਤੇ ਸੋਗ ਦਿਵਸ ਮਨਾ ਕੇ ਜਿਥੇ ਲੋਕਾਂ ਦੀ ਅਵਾਜ ਸੁਣਨ ਦਾ ਡਰਾਮਾ ਰਚ ਰਹੀ ਹੈ, ਉਥੇ ਅਜਿਹਾ ਕਰਕੇ ਪਾਕਿਸਤਾਨ ਵਲੋ ਮਨਾਏ ਜਾ ਰਹੇ ਜਸ਼ਨੇ ਅਜਾਦੀ ਦੇ ਵਿਰੋਧ ਦੇ ਵਿਰੋਧ ਚ ਵੀ ਭੁਗਤਦੀ ਨਜਰ ਆ ਰਹੀ ਹੈ । ਸੋ ਇਹ ਇਕ ਸਿਆਸੀ ਪੱਤਾ ਵਰਤਕੇ ਦੇਸ਼ ਦੇ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਗੱਲ ਹੀ ਮੰਨੀ ਜਾ ਸਕਦੀ ਹੈ ਜਦ ਕਿ ਚਾਹੀਦਾ ਤਾਂ ਇਹ ਹੈ ਕਿ ਭਾਰਤ ਤੇ ਪਾਕਿਸਤਾਨ ਦੋਵੇ ਹੀ ਇਸ ਖੂਨ ਖਰਾਬੇ ਦੀ ਅਸਲੀਅਤ ਨੂੰ ਸਮਝਦੇ ਹੋਏ ਤਸਲੀਮ ਕਰਨ ਤੇ ਜਸ਼ਨੇ ਅਜਾਦੀ ਦੇ ਨਾਮ ਹੇਠ ਮਾਰੂ ਹਥਿਆਰਾਂ ਦੀ ਨੁਮਾਇਸ਼ ਨੂੰ ਬੰਦ ਕਰਨ ਤੇ 14 -15 ਅਗਸਤ ਵਿਚੋ ਕੋਈ ਇਕ ਦਿਨ ਚੁਣਕੇ, ਹਰ ਸਾਲ ਉਸ ਦਿਨ ਸਰਹੱਦ ਦੇ ਦੋਹੀਂ ਪਾਸੀਂ ਸੋਗ ਮਨਾਉਣ, ਵੰਡ ਦੌਰਾਨ ਮਾਰੇ ਗਏ ਲੋਕਾਂ ਨੂੰ ਸੱਚੀਆਂ ਸ਼ਰਧਾਂਜਲੀਆ ਭੇਂਟ ਕਰਨ । ਇਸ ਦੇ ਨਾਲ ਹੀ ਅਟਾਰੀ – ਵਾਹਗਾ ਸਰਹੱਦ ‘ਤੇ ਮਨਾਏ ਜਾਣ ਵਾਲੇ ਰੌਜਾਨਾ ਦੇ ਜਸ਼ਨ ਬੰਦ ਕਰਕੇ ਸੋਗ ਮਨਾਇਆ ਜਾਵੇ ਤਾਂ ਕਿ ਫਿਰਕੂ ਨਫਰਤ ਘਟ ਸਕੇ ਤੇ ਮੁੜ ਦੋਹਾਂ ਮੁਲਕਾਂ ਦਰਮਿਆਨ ਮਨੁੱਖੀ ਸਦਭਾਵਨਾ ਤੇ ਭਾਈਚਾਰੇ ਵਾਲਾ ਮਾਹੌਲ ਬਹਾਲ ਹੋ ਸਕੇ । ਇਸ ਦੇ ਨਾਲ ਹੀ ਇਹ ਵੀ ਕਹਾਂਗਾ ਕਿਉਂਕਿ ਇਸ ਖੂਨੀ ਵੰਡ ਦੌਰਾਨ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਇਆ, ਜੋ ਇਸ ਵੇਲੇ 1947 ਤੋਂ ਚੜ੍ਹਦੇ ਤੇ ਲਹਿੰਦੇ ਚ ਵੰਡਿਆ ਹੋਇਆ ਹੈ, ਦੋਹਾਂ ਪੰਜਾਬਾਂ ਵਿੱਚ ਇਹ ਦਿਨ ਹਮੇਸ਼ਾ ਹੀ ਕਾਲੇ ਦਿਵਸ ਵਜੋਂ ਮਨਾਇਆ ਜਾਣਾ ਚਾਹੀਦਾ ਹੈ ।

Related posts

ਆਸਟ੍ਰੇਲੀਅਨ ਰੀਸਰਚ : ਮਨੁੱਖੀ ਜਲਵਾਯੂ ਪ੍ਰੀਵਰਤਨ ਨਾਲ 2023 ‘ਚ 1 ਲੱਖ ਮੌਤਾਂ ਹੋਈਆਂ !

admin

ਮੈਂ ਖੁਦ ਆਪਣੇ ਖੇਤ ਵਿੱਚ ਪਰਾਲੀ ਸਾੜਣ ਦੀ ਥਾਂ ਸਿੱਧੀ ਬਿਜਾਈ ਸ਼ੁਰੂ ਕਰਾਂਗਾ : ਖੇਤੀਬਾੜੀ ਮੰਤਰੀ ਚੌਹਾਨ

admin

ਨੌਵੇਂ ਗੁਰੂ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਨੂੰ ਯਾਦਗਾਰੀ ਬਨਾਉਣ ਲਈ ਮੁੱਖ-ਮੰਤਰੀ ਵਲੋਂ ਸੰਤ ਸਮਾਜ ਨਾਲ ਗੱਲਬਾਤ !

admin