Articles

ਮੁੱਖ ਮੰਤਰੀ ਦਾ ਅਹੁਦਾ ਚੰਨੀ ਸਿਰ ਕੰਡਿਆਂ ਦਾ ਤਾਜ !

ਫੋਟੋ: ਏ ਐੱਨ ਆਈ।
ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਦੋ ਦਿਨਾਂ ਦੇ ਲੰਮੇ ਘਟਨਾਕ੍ਰਮ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਦਲਿਤ ਸਿੱਖ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਨਿਯੁਕਤ ਕਰਕੇ ਬਹੁਤ ਹੀ ਸੁਲਝਿਆ ਹੋਇਆ ਫੈਸਲਾ ਲਿਆ ਹੈ। ਉਨ੍ਹਾਂ ਦੀ ਨਿਯੁਕਤੀ ਨਾਲ, ਕੈਪਟਨ ਦਾ ਕੱਦ ਪੂਰੀ ਤਰ੍ਹਾਂ ਛਾਂਗਿਆ ਗਿਆ ਹੈ, ਹੁਣ ਉਹ ਰਾਜ ਵਿੱਚ ਕਾਂਗਰਸ ਜਾਂ ਮੁੱਖ ਮੰਤਰੀ ਦੇ ਵਿਰੁੱਧ ਬਿਲਕੁਲ ਵੀ ਨਹੀਂ ਬੋਲ ਸਕਣਗੇ, ਚਰਨਜੀਤ ਚੰਨੀ ਬੇਸ਼ੱਕ ਕੈਪਟਨ ਦੇ ਸਖਤ ਆਲੋਚਕ ਰਹੇ ਹਨ, ਉਹਨਾਂ ਦੀਆਂ ਕੈਪਟਨ ਵਿਰੋਧੀ ਸਟੇਟਮੈਂਟਾਂ ਕਰਕੇ, ਕੈਪਟਨ ਵਲੋਂ ਉਨ੍ਹਾਂ ਨੂੰ ਇਕ ਵਾਰ ਬਰਖਾਸਤ ਕਰਨ ਦੇਣ ਦਾ ਮਨ ਵੀ ਬਣਾਇਆਂ ਗਿਆ, ਪਰ ਕਾਂਗਰਸ ਹਾਈ ਕਮਾਂਡ ਨੇ ਅਜਿਹਾ ਕਰਨ ਤੋਂ ਕੈਪਟਨ ਨੂੰ ਵਰਜ ਦਿੱਤਾ ਸੀ ।
ਇਸ ਸਾਲ ਸ਼ੁਰੂ ਹੋਇਆ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਬੇਸ਼ੱਕ, ਚੰਨੀ ਦੀ ਨਿਯੁਕਤੀ ਕਾਰਨ, ਇਸ ਵੇਲੇ ਬੇਸ਼ੱਕ ਖਤਮ ਹੋ ਗਿਆ ਜਾਪਦਾ ਹੈ, ਪਰ ਜੇਕਰ ਪੰਜਾਬ ਕਾਂਗਰਸ ਦਾ ਸਿਆਸੀ ਪਿਛੋਕੜ ਦੇਖਿਆ ਜਾਵੇ ਤਾਂ ਚੰਨੀ ਦੀ ਮੁੱਖਮੰਤਰੀ ਵਜੋਂ ਤਿੰਨ ਚਾਰ ਮਹੀਨੇ ਵਾਸਤੇ ਕੀਤੀ ਗਈ ਨਿਯੁਕਤੀ ਪਾਰਟੀ ਹਾਈ ਕਮਾਂਡ ਵੱਲੋਂ ਇਕ ਸਿਆਸੀ ਪੱਤਾ ਖੇਡਣ ਵਾਲੀ ਖੇਡ ਤੋ ਵੱਧ ਹੋਰ ਕੁੱਜ ਵੀ ਨਹੀਂ । ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ, ਹਰਚਰਨ ਸਿੰਘ ਬਰਾੜ ਤੇ ਰਾਜਿੰਦਰ ਕੌਰ ਭੱਠਲ਼ ਨੂੰ ਜਿਹਨਾਂ ਹਾਲਾਤਾਂ ਚ ਮੁੱਖ ਮੰਤਰੀਆਂ ਬਣਾਇਆਂ ਗਿਆ ਸੀ, ਉਹ ਬਿਲਕੁਲ ਪੰਜਾਬ ਕਾਂਗਰਸ ਦੇ ਅਜੋਕੇ ਹਾਲਾਤਾਂ ਨਾਲ ਮਿਲਦੇ ਜੁਲਦੇ ਹੀ ਸਨ ਤੇ ਨਿਯੁਕਤ ਕੀਤੇ ਗਏ ਮੁੱਖ ਮੰਤਰੀ ਡੰਮੀ ਹੀ ਸਾਬਤ ਹੋਏ ਸਨ, ਹੁਣ ਚੰਨੀ ਨਾਲ ਵੀ ਏਹੀ ਕੁੱਜ ਹੋਣ ਵਾਲਾ ਹੈ।
ਸਿੱਧੂ ਤੇ ਕੈਪਟਨ ਦੀ ਸਿਆਸੀ ਲੜਾਈ ਵਿੱਚ ਚੰਨੀ ਦੀ ਨਿਯੁਕਤੀ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਦੇ ਅਸ਼ੀਰਵਾਦ ਨਾਲ ਦੂਸਰੀ ਵੱਡੀ ਜਿੱਤ ਮੰਨੀ ਜਾ ਸਕਦੀ ਹੈ । ਕਾਂਗਰਸ ਹਾਈ ਕਮਾਂਡ ਨੇ ਚੰਨੀ ਦੀ ਨਿਯੁਕਤੀ ਨੂੰ ਲੈ ਜਿੱਥੇ ਕੈਪਟਨ ਦੇ ਰਹਿੰਦੇ ਖੂੰਹਦੇ ਪਰ ਵੀ ਕੁਤਰ ਦਿੱਤੇ ਹਨ, ਉੱਥੇ ਭਾਜਪਾ ਦੁਆਰਾ ਪੰਜਾਬ ਦੀਆਂ ਅਗਾਮੀ ਚੋਣਾਂ ਜਿੱਤਣ ਦੀ ਸੂਰਤ ਵਿੱਚ ਕਿਸੇ ਦਲਿੱਤ ਨੂੰ ਮੁੱਖ ਮੰਤਰੀ ਬਣਾਉਣਾ, ਅਕਾਲੀ ਬਸਪਾ ਸਰਕਾਰ ਬਣਨ ‘ਤੇ ਕਿਸੇ ਦਲਿਤ ਚੇਹਰੇ ਨੂੰ ਡਿਪਟੀ ਮੁੱਖ ਮੰਤਰੀ ਵਜੋਂ ਪੇਸ਼ ਕਰਨਾ ਤੇ ਆਮ ਆਦਮੀ ਪਾਰਟੀ ਵੱਲੋਂ ਕਿਸੇ ਸਿੱਖ ਚੇਹਰੇ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰਨ ਵਾਲੇ ਸਾਰੇ ਬਿਆਨਾਂ ਐਲਾਨਾਂ ਦੀ ਫੂਕ ਕੱਢਕੇ ਰੱਖ ਦਿੱਤੀ ਹੈ ।
ਚੰਨੀ ਤੇ ਸਿੱਧੂ ਦੇ ਆਪਸ ਵਿੱਚ ਬਹੁਤ ਹੀ ਸੁਖਾਵੇਂ ਸੰਬੰਧ ਹਨ । ਅਗਾਮੀ ਚੋਣਾਂ ਤੋ ਪਹਿਲਾਂ ਜੇਕਰ ਉਹ ਆਪਸੀ ਤਾਲਮੇਲ ਨਾਲ ਕੰਮ ਕਰਨਗੇ ਤਾਂ ਵੀ ਮੈਨੂੀਫੈਸਟੋ ਚ ਕੀਤੇ ਸਾਰੇ ਵਾਅਦੇ ਤਾਂ ਇੰਨੇ ਸ਼ਮੇਂ ਚ ਪੂਰੇ ਨਹੀਂ ਕਰ ਸਕਣਗੇ, ਪਰ ਲੋਕਾਂ ਚ ਚੰਗਾ ਪ੍ਰਭਾਵ ਛੱਡਣ ਚ ਕੁੱਜ ਹੱਦ ਤੱਕ ਸਫਲ ਜ਼ਰੂਰ ਹੋ ਸਕਦੇ ਹਨ । ਦੋਵੇਂ ਨੌਜਵਾਨ ਹਨ, ਉੱਚੇ ਟੀਚਿਆ ਵਾਲੇ ਹਨ, ਪਰ ਦੇਖਣਾ ਹੋਵੇਗਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਦੋਵੇਂ ਰਲਕੇ ਅਗਲੇ ਕੁੱਜ ਕੁ ਮਹੀਨਿਆਂ ਚ ਕੀ ਤੇ ਕਿਵੇਂ ਡਿਲਵਰ ਕਰਨਗੇ ?
ਲੱਗਦੇ ਹੱਥ ਅਸਤੀਫ਼ੇ ਤੋਂ ਬਾਅਦ ਕੈਪਟਨ ਅਮਰਿੰਦਰ ਦੇ ਬਿਆਨਾਂ ਦੀ ਗੱਲ ਵੀ ਕਰ ਲੈਣੀ ਚਾਹੀਦੀ ਹੈ । ਉਂਜ ਤਾਂ ਉਹ ਬੇਤੁਕੀਆਂ ਸਟੇਟਮੈਂਟਾਂ ਦਿੰਦੇ ਹੀ ਰਹਿੰਦੇ ਹਨ, ਪਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਦ ਉਹਨਾਂ ਨੇ ਜੋ ਕੁੱਜ ਵੀ ਬੋਲਿਆ, ਉਹ ਉਹਨਾ ਦੇ ਹਿੱਲੇ ਹੋਏ ਮਾਨਸਿਕ ਤਵਾਜ਼ਨ ਵੱਲ ਹੀ ਇਸ਼ਾਰਾ ਕਰਦਾ ਹੈ । ਜੋ ਬਿਆਨ ਉਹਨਾ ਨੇ ਸਿੱਧੂ ਬਾਰੇ ਦਿੱਤੇ ਹਨ, ਉਹ ਅਸਲ ਚ ਉਹਨਾਂ ਦੀ ਆਪਣੀ ਹੈਸੀਅਤ ਤੋ ਬਾਹਰ ਹਨ । ਉਹਨਾਂ ਨੇ ਕੇਂਦਰ ਸਰਕਾਰ ਨੂੰ ਸਲਾਹਾਂ ਦਿੱਤੀਆਂ ਤੇ ਕਾਂਗਰਸ ਹਾਈ ਕਮਾਨ ਨੂੰ ਆਪਣੀ ਹਾਈ ਕਮਾਂਡ ਮੰਨਣ ਦੇ ਬਾਵਜੂਦ ਵੀ, ਉਹ ਵਾਰ ਵਾਰ ਦਿੱਲੀ ਸੱਦਣ ਨੂੰ ਜ਼ਲੀਲ ਹੋਣਾ ਤਸਲੀਮ ਕਰਦੇ ਰਹੇ । ਉਹਨਾ ਦੇ ਬਿਆਨਾਂ ਤੋ ਰੱਸੀ ਜਲ ਗਈ ਪਰ ਵੱਟ ਨਾ ਗਿਆ ਵਾਲੀ ਕਹਾਵਤ ਵਾਲਾ ਸੱਚ ਹੀ ਸਾਹਮਣੇ ਆਉਂਦਾ ਹੈ ਤੇ ਇਸ ਦੇ ਨਾਲ ਹੀ ਰਾਜੇ ਤੋਂ ਰੰਕ ਬਣ ਜਾਣ ਜਾਂ ਫਿਰ ਹੀਰੋ ਤੋਂ ਜੀਰੋ ਹੋ ਜਾਣ ਦਾ ਝੁਰੇਵਾਂ ਵੀ ਨਜ਼ਰ ਆਉਂਦਾ ਹੈ ।
ਪੰਜਾਬ ਦਾ ਮੁੱਖਮੰੜਰੀ ਬਦਲਣ ਨਾਲ ਹੁਣ ਸਿੱਧੂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਅਗਾਮੀ ਵਿਧਾਨ ਸਭਾ ਚੋਣਾਂ ਵਾਸਤੇ ਆਪਣੀ ਮਨਪਸੰਦ ਦੇ ਉਮੀਦਵਾਰਾਂ ਨੂੰ ਟਿਕਟਾਂ ਦੀ ਵੰਡ ਕਰਨ ਵਾਸਤੇ ਵੀ ਖੁੱਲ੍ਹ ਪ੍ਰਾਪਤ ਹੋ ਗਈ ਹੈ । ਕਾਂਗਰਸ ਹਾਈ ਕਮਾਂਡ ਨੇ ਕੈਪਟਨ ਨੂੰ ਪਰੇ ਕਰਕੇ ਤੇ ਚੰਨੀ ਦੀ ਮੁੱਖ ਮੰਤਰੀ ਵਜੋਂ ਨਿਯੁਕਤੀ ਕਰਕੇ ਦਰਅਸਲ ਸਿੱਧੂ ‘ਤੇ ਭਰੋਸਾ ਕਰਕੇ ਉਸ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਜਿੱਤਣ ਵਾਸਤੇ ਇਕ ਤਰਾਂ ਨਾਲ ਫ੍ਰੀ ਹੈਂਡ ਦਿੱਤਾ ਹੈ । ਹੁਣ ਚੋਣਾਂ ਨੂੰ ਜਿੱਤਣਾ ਉਹਨਾਂ ਦੀ ਵੱਡੀ ਜਿੱਮੱਵਾਰੀ ਹੈ, ਜਿਸ ਵਾਸਤੇ ਦੇਖਣਾ ਹੋਵੇਗਾ ਕਿ ਉਹ ਕਿਵੇਂ ਤੇ ਕਿੰਨੀ ਕੁ ਮਿਹਨਤ ਕਰਦਾ ਹੈ ।
ਪੰਜਾਬ ਕਾਂਗਰਸ ‘ਚ ਇਕ ਦੇ ਦਿਨਾਂ ਤੋ ਚੱਲ ਰਹੇ ਘਟਨਾ ਚੱਕਰ ਨੇ ਇਹ ਸਾਬਤ ਕਰ ਦਿੱਤਾ ਕਿ ਸਿਆਸਤ ਵਿੱਚ ਕੁੱਜ ਵੀ ਸ਼ਥਿਰ ਨਹੀਂ, ਪਲ ਪਲ ਫ਼ੈਸਲੇ ਬਦਲਦੇ ਹਨ, ਕੈਪਟਨ ਦੇ ਅਸਤੀਫ਼ੇ ਤੋਂ ਬਾਦ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਸ਼ੁਨੀਲ ਜਾਖੜ ਦੇ ਨਾਮ ਤੋਂ ਸ਼ੁਰੂ ਹੋ ਕੇ ਅੰਬਿਕਾ ਸੋਨੀ ਤੇ ਸੁਖਜਿੰਦਰ ਰੰਧਾਵਾ ਦੇ ਨਾਵਾਂ ਦੀ ਚਰਚਾ ਤੋਂ ਹੁੰਦਾ ਹੋਇਆ ਸ਼ਾਮ ਤੱਕ ਚਰਨਜੀਤ ਸਿੰਘ ਚੰਨੀ ਦੇ ਨਾਮ ਨੂੰ ਫ਼ਾਈਨਲ ਕਰਦਾ ਹੈ । ਸਿਆਸਤ ਚ ਤਖਤ ਤੇ ਤਖਤਾ ਆਪਸ ਵਿੱਚ ਕਦੇ ਵੀ ਇਕ ਦੂਸਰੇ ਦੀ ਜਗਾ ਲੈ ਸਕਦੇ ਹਨ, ਮਸਲਨ ਨਵਜੋਤ ਸਿੱਧੂ ਡੇਢ ਕੁ ਸਾਲ ਦੀ ਚੁੱਪ ਤੋਂ ਬਾਅਦ ਕਾਂਗਰਸ ਦਾ ਪ੍ਰਦੇਸ਼ ਪ੍ਰਧਾਨ ਬਣਕੇ ਤਖਤ ‘ਤੇ ਬੈਠ ਗਿਆ ਤੇ ਦੂਜੇ ਪਾਸੇ ਅਮਰਿੰਦਰ ਸਿੰਘ ਤਖਤ ਤੋਂ ਤਖ਼ਤੇ ‘ਤੇ ਪਹੁੰਚ ਗਿਆ ।
ਕੁਲ ਮਿਲਾ ਕੇ ਕਹਿ ਸਕਦੇ ਹਾਂ ਕਿ ਚੰਨੀ ਕੋਲ ਆਪਣੇ ਆਪ ਨੂੰ ਮੁੱਖ ਮੰਤਰੀ ਵਜੋਂ ਸਾਬਤ ਤੇ ਸਥਾਪਤ ਕਰਨ ਵਾਸਤੇ ਬਹੁਤ ਥੋੜ੍ਹਾ ਸਮਾਂ ਹੈ । ਉਹ ਇਕ ਨਰਮ ਸੁਭਾਅ ਵਾਲਾ ਵਿਅਕਤੀ ਹੈ, ਸਖ਼ਤ ਫ਼ੈਸਲੇ ਲੈਣੇ ਉਸ ਵਾਸਤੇ ਕਠਿਨਾਈ ਪੂਰਬਕ ਹੋ ਸਕਦੇ ਹਨ । ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਇਕ ਡੰਮੀ ਮੁੱਖ ਮੰਤਰੀ ਵਜੋਂ ਵਿਚਰਨਾ ਪਵੇ । ਦਰਅਸਲ ਉਸ ਸਮੇਂ ਜਦੋਂ ਕਾਂਗਰਸ ਵੱਲੋਂ 2017 ਵੇਲੇ ਕੀਤੇ ਮੈਨੀਫੈਸਟੋ ਵਾਅਦਿਆ ਦੀ ਅਪੂਰਤੀ ਦਾ ਜਿੰਨ ਉਸ ਦੇ ਅੱਗੇ ਦਨ ਦਨਾ ਰਿਹਾ ਹੋਵੇ ਤੇ ਅਗਾਮੀ ਵਿਧਾਨ ਸਭਾ ਚੋਣਾਂ ਦਾ ਬਦਾਣ ਪਲ ਪਲ ਸਿਰ ‘ਤੇ ਵੱਜ ਰਿਹਾ ਹੋਵੇ ਤਾਂ ਇਸ ਕੰਡਿਆ ਦੇ ਤਾਜ ਨੂੰ ਪਹਿਨਣਾ ਕਿਸੇ ਤਰਾਂ ਵੀ ਕਿਸੇ ਵੱਡੇ ਜੌਖਮ ਨੂੰ ਉਠਾਉਣ ਜਾਂ ਫਿਰ ਮੋਲਿ੍ਹਆਂ ਵਾਲੀ ਉੱਖਲ਼ੀ ਚ ਸਿਰ ਦੇਣ ਤੋਂ ਘੱਟ ਨਹੀਂ । ਕਾਂਗਰਸ ਹਾਈ ਕਮਾਂਡ ਵੱਲੋਂ ਖੇਡਿਆਂ ਗਿਆ ਇਹ ਮਾਸਟਰ ਸਟਰੋਕ ਕਿੰਨਾ ਕੁ ਸਫਲ ਰਹਿੰਦਾ ਹੈ, ਇਸ ਸਵਾਲ ਦਾ ਉੱਤਰ ਤਾਂ ਅਜੇ ਸਮੇਂ ਦੇ ਗਰਭ ਚ ਹੈ, ਪਰ ਫਿਰ ਵੀ ਚਰਨਜੀਤ ਸਿੰਘ ਚੰਨੀ ਨੂੰ ਅਸੀਂ ਵਧਾਈ ਦੇਣ ਦੇ ਨਾਲ ਨਾਲ ਆਪਣੀਆਂ ਸ਼ੁਭਕਾਮਨਾਵਾ ਵੀ ਪੇਸ਼ ਕਰਦੇ ਹਾਂ ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin