
ਅਸੀਂ ਹਰ ਵਕਤ ਕਿਸੇ ਨਾ ਕਿਸੇ ਆਦਮੀ ਦੇ ਰੂਬਰੂ ਹੁੰਦੇ ਰਹਿੰਦੇ ਹਾਂ। ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਪਤਾ ਨਹੀਂ ਕਿੰਨੇ ਕੁ ਨਵੇਂ ਚਿਹਰੇ ਸਾਡੇ ਸਾਹਮਣੇ ਆਉਂਦੇ ਹਨ। ਇਹ ਹੋ ਸਕਦਾ ਹੈ ਕਿ ਮਿਲਣ ਵਾਲੇ ਵਿਅਕਤੀ ਸਾਨੂੰ ਪਹਿਲੀ ਵਾਰ ਮਿਲਿਆ ਹੋਵੇ ਅਤੇ ਇਹ ਵੀ ਹੋ ਸਕਦਾ ਹੈ ਕਿ ਕਿਸੇ ਨਾਲ ਤੁਹਾਡੀ ਆਖਰੀ ਮੁਲਾਕਾਤ ਹੋਵੇ ਅਤੇ ਇਸਤੋਂ ਬਾਅਦ ਤੁਸੀਂ ਜਾਂ ਉਹ ਦੁਨੀਆਂ ਦੀ ਭੀੜ ਵਿੱਚ ਗਵਾਚ ਜਾਓ ਅਤੇ ਮੁੜਕੇ ਕਦੇ ਇੱਕ ਦੂਸਰੇ ਦੇ ਸਾਮ੍ਹਣਾ ਹੀ ਨਾ ਹੋ ਪਾਵੇ। ਪਰ ਫਿਰ ਵੀ ਸਾਡੀਆਂ ਛੋਟੀਆਂ ਜਿਹੀਆਂ ਮੁਲਾਕਾਤਾਂ ਵੀ ਵੱਡੀਆਂ ਯਾਦਾਂ ਬਣ ਜਾਂਦੀਆਂ ਹਨ। ਟਰੇਨ ਵਿੱਚ ਸਫ਼ਰ ਕਰਦਿਆਂ ਸਾਨੂੰ ਕਈ ਵਾਰ ਅਜਿਹੇ ਲੋਕ ਮਿਲ ਜਾਂਦੇ ਹਨ ਜਿਹੜੇ ਸਾਡੇ ਦਿਲਾਂ ਵਿੱਚ ਹਮੇਸ਼ਾ ਲਈ ਵੱਸ ਜਾਂਦੇ ਹਨ। ਅਜਿਹੇ ਲੋਕ ਸਾਨੂੰ ਅਜਿਹੀ ਮਿੱਠੀ ਯਾਦ ਦੇ ਜਾਂਦੇ ਹਨ ਜੋ ਕਈ ਮੀਲਾਂ ਦੇ ਪੈਡੇ ਦੀ ਦੂਰੀ ਤੋਂ ਵੀ ਕਿਸੇ ਅਨਜਾਣ ਨੂੰ ਯਾਦ ਕਰਵਾ ਸਕਦੀ ਹੈ। ਪਰ ਇਹ ਹਰ ਇੱਕ ਦੇ ਵਸ ਦੀ ਗੱਲ ਨਹੀਂ ਕਿ ਕਿਸੇ ਦੇ ਦਿਲ ਵਿੱਚ ਪਹਿਲੀ ਮੁਲਾਕਾਤ ਨਾਲ ਹੀ ਜਗ੍ਹਾ ਬਣਾ ਲਈ ਜਾਵੇ।
ਇਸ ਫਾਨੀ ਸੰਸਾਰ ਨੂੰ ਅਸੀਂ ਸਾਰਿਆਂ ਨੇ ਇੱਕ ਨਾ ਇੱਕ ਦਿਨ ਅਲਵਿਦਾ ਕਹਿ ਦੇਣਾ ਹੈ, ਸੋ ਜੇਕਰ ਸਾਨੂੰ ਪਤਾ ਹੈ ਕਿ ਅਸੀਂ ਇਸ ਦੁਨੀਆਂ ਵਿੱਚ ਕੁਝ ਦਿਨਾਂ ਦੇ ਮਿਹਮਾਨ ਹਾਂ ਤਾਂ ਅਸੀਂ ਲੋਕਾਂ ਦੇ ਦਿਲਾਂ ਵਿੱਚ ਨਫ਼ਰਤ ਦੇ ਬੀਜ ਕਿਉਂ ਬੀਜਦੇ ਹਾਂ। ਅਸੀਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਇੱਕ ਨਿੱਘੀ ਯਾਦ ਤਾਂ ਹੀ ਪੈਦਾ ਕਰ ਸਕਦੇ ਹਾਂ ਜੇਕਰ ਸਾਡਾ ਚਿਹਰਾ ਹੱਸੋ ਹੱਸੋਂ ਕਰਦਾ ਹੋਵੇ, ਜੇਕਰ ਅਸੀਂ ਹਰ ਇੱਕ ਨਾਲ ਪਿਆਰ ਅਤੇ ਸਤਿਕਾਰ ਨਾਲ ਪੇਸ਼ ਆਵਾਂਗੇ ਤਾਂ ਸਾਡੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ ਸਾਨੂੰ ਕਦੇ ਵੀ ਭੁੱਲ ਨਹੀਂ ਸਕਣਗੇ। ਅਸੀਂ ਜਿਸ ਤਰ੍ਹਾਂ ਦਾ ਵਰਤਾਉ ਕਰ ਕਿਸੇ ਦੇ ਦਿਲ ਵਿੱਚ ਆਪਣੀ ਤਸਵੀਰ ਬਣਾ ਲੈਂਦੇ ਹਾਂ, ਲੋਕਾਂ ਦੀ ਉਸੇ ਤਰ੍ਹਾਂ ਦੀ ਸੋਚ ਸਾਡੇ ਪ੍ਤੀ ਚੱਲਦੀ ਰਹਿੰਦੀ ਹੈ।
ਸਾਡਾ ਯਤਨ ਰਹਿਣਾ ਚਾਹੀਦਾ ਹੈ ਕਿ ਅਸੀਂ ਹਰ ਇੱਕ ਦੇ ਦਿਲ ਵਿੱਚ ਆਪਣੀ ਮਿੱਠੀ ਯਾਦ ਵਸਾ ਸਕਣ ਦੇ ਕਾਬਿਲ ਹੋਈਏ। ਸਾਡਾ ਵਿਵਹਾਰ ਅਤੇ ਕਿਰਦਾਰ ਕੁਝ ਅਜਿਹਾ ਹੋਵੇ ਕਿ ਲੋਕ ਸਾਨੂੰ ਮਿਲਣ ਲਈ ਉਡੀਕ ਕਰਨ ਅਤੇ ਦਿਲੋਂ ਦੁਆਵਾਂ ਦੇਣ। ਮਿੱਠੀਆਂ ਯਾਦਾਂ ਦੇ ਭੰਡਾਰ ਨੂੰ ਭਰਨਾ ਕੋਈ ਜਿਆਦਾ ਸੌਖਾ ਕੰਮ ਨਹੀਂ ਬਲਕਿ ਆਪਣੀ ਸ਼ਖਸੀਅਤ ਨੂੰ ਅਜਿਹੀ ਬਣਾਉਣ ਲਈ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ , ਫ਼ੇਰ ਕਿਧਰੇ ਜਾ ਕੇ ਅਸੀਂ ਇੱਕ ਹੱਸ ਮੁਖ ਅਤੇ ਚੰਗੀ ਸ਼ਖਸੀਅਤ ਦਾ ਨਿਰਮਾਣ ਕਰ ਸਕਦੇ ਹਾਂ ਜੋ ਜਿੱਥੇ ਵੀ ਵਿਚਰਦੀ ਹੈ ਉੱਥੇ ਹੀ ਮਿੱਠੀਆਂ ਯਾਦਾਂ ਦੇ ਬੀਜ ਬੀਜਦੀ ਆਉਂਦੀ ਹੈ।