Articles

ਜਰੂਰੀ ਹੈ ਬੱਚਿਆਂ ਦਾ ਵੀ ਸਤਿਕਾਰ ਕਰਨਾ 

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਹਰ ਇਨਸਾਨ ਜੋ ਇਸ ਸੰਸਾਰ ਵਿੱਚ ਆਇਆ ਹੈ, ਉਸਦੀ ਦਿਲੀ ਇੱਛਾ ਹੁੰਦੀ ਹੈ ਕਿ ਹਰ ਕੋਈ ਉਸਨੂੰ ਪਿਆਰ ਕਰੇ ਹਰ ਕੋਈ ਉਸਨੂੰ ਸਤਿਕਾਰ ਦੇਵੇ। ਹਮਦਰਦੀ, ਪਿਆਰ, ਸਤਿਕਾਰ, ਆਪਣਾਪਨ ਇਹ ਮਨੁੱਖੀ ਵਿਵਹਾਰ ਨੂੰ ਬਹੁਤ ਪ੍ਭਾਵਿਤ ਕਰਦੇ ਹਨ। ਜਿਵੇਂ ਇੱਕ ਛੋਟੇ ਜਿਹੇ ਪੌਦੇ ਨੂੰ ਵਧੇਰੇ ਧਿਆਨ ਦੀ ਜਰੂਰਤ ਹੁੰਦੀ ਹੈ, ਬਿਲਕੁਲ ਇਸੇ ਤਰ੍ਹਾਂ ਬੱਚਿਆਂ ਨੂੰ ਵੀ ਖਾਸ ਤਵੱਜੋ ਦੀ ਜਰੂਰਤ ਹੁੰਦੀ ਹੈ। ਵੱਡਿਆਂ ਦੇ ਮੁਕਾਬਲੇ ਬੱਚਿਆਂ ਨੂੰ ਪ੍ਰੰਸ਼ਸਾ ਭਰੇ ਸਤਿਕਾਰ ਦੀ ਕਈ ਗੁਣਾ ਜਿਆਦਾ ਜਰੂਰਤ ਹੁੰਦੀ ਹੈ । ਬਹੁਤ ਸਾਰੇ ਮਾਪੇ ਬੱਚਿਆਂ ਦੇ ਵਿਵਹਾਰ ਤੋਂ ਪੇ੍ਸ਼ਾਨ ਹੁੰਦੇ ਹਨ। ਪਰ ਉਹਨਾਂ ਕਦੇ ਇਹ ਸੋਚਣ ਦਾ ਯਤਨ ਕਦੇ ਨਹੀਂ ਕੀਤਾ ਕਿ ਬੱਚਿਆਂ ਵਿੱਚ ਅਜਿਹੇ ਵਿਵਹਾਰ ਦੇ ਪੈਦਾ ਹੋਣ ਪਿੱਛੇ ਕੀ ਕਾਰਣ ਹਨ। ਜਿਸ ਤਰ੍ਹਾਂ ਦਾ ਘਰ ਦਾ ਮਾਹੌਲ, ਮਾਤਾ ਪਿਤਾ ਦੀ ਬੋਲ ਬਾਣੀ ਹੋਵੇਗੀ ਬੱਚੇ ਦੀ ਸ਼ਖਸੀਅਤ ਉਸੇ ਤਰ੍ਹਾਂ ਦਾ ਪ੍ਭਾਵ ਕਬੂਲਦੀ ਹੈ। ਅਕਸਰ ਮਾਪੇ ਬਾਹਰਲੇ ਲੋਕਾਂ ਦੇ ਸਾਹਮਣੇ ਬੱਚਿਆਂ ਨੂੰ ਉਹਨਾਂ ਦੀ ਗਲਤੀ ਉੱਪਰ ਝਿੜਕਦੇ ਹਨ ਜਾਂ ਮਾਰਦੇ ਹਨ, ਮਾਪਿਆਂ ਦਾ ਅਜਿਹਾ ਵਿਵਹਾਰ ਬੱਚੇ ਵਿੱਚ ਹੀਣ ਭਾਵਨਾ ਪੈਦਾ ਕਰਦਾ ਹੈ। ਬੱਚੇ ਦਾ ਆਤਮ ਵਿਸ਼ਵਾਸ ਡੋਲ੍ਹ ਜਾਦਾਂ ਹੈ ਅਤੇ ਉਸਨੂੰ ਲੋਕਾਂ ਵਿੱਚ ਵਿਚਰਨ ਤੋਂ ਡਰ ਲੱਗਣ ਲੱਗ ਜਾਂਦਾ ਹੈ।

ਕੋਈ ਗਰੀਬ ਹੋਵੇ ਜਾਂ ਅਮੀਰ ਬੱਚੇ ਤਾਂ ਸਮਾਜ ਦਾ ਹਿੱਸਾ ਹਨ ਹੀ, ਉਹਨਾਂ ਨਾਲ ਹੀ ਦੇਸ਼ ਦਾ ਵਿਕਾਸ ਹੋਣਾ ਹੈ ਅਤੇ ਉਹ ਹੀ ਦੇਸ਼ ਦਾ ਸਰਮਾਇਆ ਹਨ । ਪਰ ਜਦੋਂ ਮਾਪੇ ਆਪਣੇ ਬੱਚਿਆਂ ਨਾਲ ਸਤਿਕਾਰ ਨਾਲ ਪੇਸ਼ ਨਹੀਂ ਆਉਂਦੇ ਤਾਂ ਉਹਨਾਂ ਦੀ ਮਾਨਸਿਕਤਾ ਉੱਪਰ ਬਹੁਤ ਗਹਿਰਾ ਅਸਰ ਹੁੰਦਾ ਹੈ। ਕਦੇ ਵੀ ਬੱਚੇ ਨੂੰ ਇਹ ਅਹਿਸਾਸ ਨਾ ਕਰਵਾਉ ਕਿ ਉਸਦੀ ਮੌਜੂਦਗੀ ਦਾ ਕੋਈ ਅਰਥ ਨਹੀਂ ਹੈ। ਬਹੁਤ ਸਾਰੇ ਮਾਪਿਆਂ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਬੱਚੇ ਨੂੰ ਕੇਵਲ ਡਾਂਟ ਕੇ ਹੀ ਸਹੀ ਰਸਤੇ ਤੇ ਲਿਆਇਆ ਜਾ ਸਕਦਾ ਹੈ। ਜਦਕਿ ਇਹ ਬਿਲਕੁਲ ਗਲਤ ਹੈ, ਝਿੜਕ ਕੇ ਜਾਂ ਗੁੱਸੇ ਨਾਲ ਤੁਸੀਂ ਕਿਸੇ ਵੀ ਬੱਚੇ ਨੂੰ ਚਾਹ ਕੇ ਵੀ ਸੁਧਾਰ ਨਹੀਂ ਸਕਦੇ ਹਾਂ ਉਸਨੂੰ ਜਿੱਦੀ, ਬੇਪਰਵਾਹ ਤੇ ਗੈਰ ਜਿੰਮੇਵਾਰ ਜਰੂਰ ਬਣਾ ਸਕਦੇ ਹੋ।
ਬੱਚਿਆਂ ਨੂੰ ਸਤਿਕਾਰ ਦੇਣਾ ਬਹੁਤ ਜਰੂਰੀ ਹੈ। ਜਰੂਰੀ ਨਹੀਂ ਕਿ ਬੱਚੇ ਦੀ ਕਿਸੇ ਜਿੱਤ ਜਾਂ ਪਾ੍ਪਤੀ ਉੱਪਰ ਹੀ ਉਸਨੂੰ ਹੱਲਾਸ਼ੇਰੀ ਦੇਣੀ ਹੈ ਜਾਂ ਉਸਦੀ ਪ੍ਰੰਸ਼ਸਾ ਕਰਨੀ ਹੈ। ਬਿਨਾ ਕਿਸੇ ਗੱਲ ਤੋਂ ਵੀ ਬੱਚੇ ਨੂੰ ਸਤਿਕਾਰ ਦਿਉ, ਪਿਆਰ ਦਿਉ , ਉਸਨੂੰ ਇਹ ਅਹਿਸਾਸ ਕਰਵਾਉ ਕਿ ਉਸਦੀ ਆਪਣੀ ਇੱਕ ਹੋਂਦ ਹੈ । ਉਸਦਾ ਇਸ ਸਮਾਜ ਵਿੱਚ ਆਪਣਾ ਇੱਕ ਵਜੂਦ ਹੈ। ਬੱਚੇ ਨੂੰ ਸਤਿਕਾਰ ਦੇਣ ਨਾਲ ਬੱਚੇ ਦੇ ਸਵੈਂ ਮਾਣ ਵਿੱਚ ਵਾਧਾ ਹੁੰਦਾ ਹੈ। ਬੱਚੇ ਨੂੰ ਉਸਦੀ ਵੱਖਰੀ ਅਤੇ ਨਿਰਾਲੀ ਹੋਂਦ ਦਾ ਅਹਿਸਾਸ ਕਰਵਾਇਆ ਜਾਵੇ। ਉਸਦੀਆਂ ਲੋੜਾਂ, ਉਮੰਗਾਂ ਦਾ ਪੂਰਾ ਧਿਆਨ ਰੱਖਿਆ ਜਾਵੇ।
ਬੱਚੇ ਦੀਆਂ ਕਮੀਆਂ, ਔਗੁਣਾਂ ਨੂੰ ਵੀ ਡਾਂਟ ਕੇ ਨਹੀਂ ਬਲਕਿ ਪਿਆਰ ਨਾਲ ਦੂਰ ਕੀਤਾ ਜਾਵੇ। ਪਿਆਰ ਨਾਲ ਕਦੇ ਵੀ ਬੱਚੇ ਵਿੱਚ ਹੀਣ ਭਾਵਨਾ, ਨੀਵਾਂ ਪਣ ਨਹੀਂ ਆਉਂਦਾ ਹੈ। ਸਤਿਕਾਰ ਹੀ ਬੱਚਿਆਂ ਨੂੰ ਵਧੀਆ ਜੀਵਨ ਜਾਂਚ ਦੇ ਸਕਦਾ ਹੈ। ਜੇਕਰ ਮਾਪੇ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਹਰ ਮੁਕਾਮ ਨੂੰ ਸਰ ਕਰਨ ਦੇ ਸਮਰੱਥ ਹੋਣ ਤਾਂ ਉਹਨਾਂ ਦਾ ਮਨੋਬਲ ਵਧਾਉਣ ਲਈ ਹਰ ਯਤਨ ਕਰੋ, ਉਹਨਾਂ ਨੂੰ ਵੱਡਿਆ ਦੇ ਬਰਾਬਰ ਦਾ ਸਤਿਕਾਰ ਦਿਉ ਤਾਂ ਜੋ ਜਿੰਮੇਵਾਰ ਨਾਗਰਿਕ ਸਮਾਜ ਦਾ ਹਿੱਸਾ ਹੋਣ ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin