
ਸੰਗਰੂਰ।
ਕਈ ਵਾਰ ਮਾਂ ਦੀ ਫੋਟੋ ਸਾਹਮਣੇ ਆਉਂਦੀ ਤਾਂ ਉਸ ਨੂੰ ਡੋਬ ਜਿਹਾ ਪੈ ਜਾਂਦਾ… ਦੇਖੀ ਨਹੀਂ ਸੀ ਜਾਂਦੀ…’ ਮਾਂ ਹੁਣ ਤੂੰ ਕਦੇ ਨਹੀਂ ਮਿਲਣਾ ‘ਇਹ ਸੋਚ ਕੇ ਹੌਲ ਜਿਹੇ ਪੈਣ ਲੱਗਦੇ । ਅੰਦਰੋਂ ਖਾਲੀ ਖਾਲੀ ਜਿਹਾ ਲੱਗਣ ਲੱਗ ਪੈਂਦਾ ਜਿਵੇਂ ਕਿਸੇ ਨੇ ਰੁੱਗ ਭਰ ਕੇ ਕੁੱਝ ਕੱਢ ਲਿਆ ਹੋਵੇ। ਸੋਚਾਂ ਦੇ ਵਹਿਣਾਂ ਵਿੱਚ ਗੁਆਚ ਜਾਂਦੀ ਜਦੋਂ ਨਿੱਕੇ ਨਿੱਕੇ ਹੁੰਦੇ ਬਿਮਾਰ ਹੋ ਜਾਂਦੇ ਤਾਂ ਮਾਂ ਨੇ ਝੋਲ਼ੀ ਵਿੱਚ ਪਾ ਲੈਣਾ ਹੌਲੀ ਹੌਲੀ ਸਿਰ ਦੱਬਦੇ ਰਹਿਣਾ। ਜਦੋਂ ਵੀ ਉਹ ਬਿਮਾਰ ਹੁੰਦੀ ਤਾਂ ਸਿਰ ਜਰੂਰ ਦੁੱਖਦਾ ਸੀ। ਪਿੰਡ ਦੀ ਕੋਈ ਸਿਆਣੀ ਬਜ਼ੁਰਗ ਔਰਤ ਮਾਂ ਨੂੰ ਮੰਗਲਵਾਰ ਵਾਲੇ ਦਿਨ ਮੰਨੀ (ਮੋਟੀ ਮਿੱਠੀ ਰੋਟੀ) ਲਾਉਣ ਨੂੰ ਆਖ ਦਿੰਦੀ। ਮਾਂ ਮੰਗਲਵਾਰ ਨੂੰ ਮੰਨੀ ਲਾ ਦਿੰਦੀ।ਅੱਗ ਤੇ ਘਿਉ ਪਾ ਕੇ ਮੱਥਾ ਟੇਕ ਕੇ ਸਾਰਿਆਂ ਨੂੰ ਵੰਡ ਦਿੰਦੀ। ਕਹਿੰਦੇ ਸਿਰ ਦੁਖਣੋਂ ਹਟ ਜਾਂਦਾ। ਪਰ ਉਸ ਦਾ ਸਿਰ ਤਾਂ ਹੁਣ ਵੀ ਦੁਖਦਾ ਸੀ। ਫਰਕ ਸਿਰਫ਼ ਐਨਾ ਸੀ ਕਿ ਹੁਣ ਕਿਸੇ ਪੋਲਾ ਪੋਲਾ ਦੱਬਿਆ ਨਹੀਂ। ਹਾਂ, ਪਾਣੀ ਦਾ ਗਲਾਸ ਤੇ ਸਿਰ ਦਰਦ ਦੀ ਗੋਲੀ ਜਰੂਰ ਮਿਲ ਜਾਂਦੀ ਐ। ਸਿਰ ਹਟੇ ਨਾ ਹਟੇ ਉੱਠ ਕੇ ਕੰਮ ਜਰੂਰ ਕਰਨੇ ਹੁੰਦੇ ਨੇ।