
ਪੰਜਾਬ ਵਿੱਚ ਅੱਤਵਾਦ ਦੇ ਸਮੇਂ ਪੁਲਿਸ ਦੇ ਕੰਮ ਕਾਜ ਨੂੰ ਲੈ ਕੇ ਕਈ ਮਜ਼ਾਹੀਆ ਕਹਾਣੀਆਂ ਬਣੀਆਂ ਹੋਈਆਂ ਸਨ। ਇਸੇ ਤਰਾਂ ਦੀ ਇੱਕ ਕਹਾਣੀ ਮੁਤਾਬਕ ਕਿਸੇ ਜਿਲ੍ਹੇ ਦੇ ਐਸ.ਐਸ.ਪੀ. ਨੂੰ ਉਸ ਦੇ ਦੋ ਤਿੰਨ ਖਾਸ ਦੋਸਤ ਮਿਲਣ ਵਾਸਤੇ ਆਏ। ਉਨ੍ਹਾਂ ਨੇ ਸ਼ਾਮ ਨੂੰ ਟਰੇਨ ‘ਤੇ ਦਿੱਲੀ ਨੂੰ ਜਾਣਾ ਸੀ। ਬਾਅਦ ਦੁਪਹਿਰ ਐਸ.ਐਸ.ਪੀ. ਨੇ ਆਪਣੇ ਖਾਸਮ ਖਾਸ ਸੀ.ਆਈ.ਏ. ਇੰਚਾਰਜ਼ ਬਚਨੇ ਮਿੱਟੀ ਪੁੱਟ ਨੂੰ ਬੁਲਾ ਕੇ ਕਿਹਾ ਕਿ ਇਨ੍ਹਾ ਬੰਦਿਆਂ ਨੂੰ ਸ਼ਾਮ ਵੇਲੇ ਗੱਡੀ ਚੜ੍ਹਾ ਦੇਈਂ। ਬਚਨੇ ਨੇ ਖਿੱਚ ਕੇ ਸਲੂਟ ਮਾਰਿਆ ਤੇ ਬੰਦਿਆਂ ਨੂੰ ਗੱਡੀ ਵਿੱਚ ਬਿਠਾ ਕੇ ਚਲਾ ਗਿਆ। ਐਸ.ਐਸ.ਪੀ. ਹੋਰ ਕੰਮਾਂ ਕਾਰਾਂ ਵਿੱਚ ਰੁੱਝ ਗਿਆ ਤੇ ਉਸ ਨੂੰ ਅਗਲੇ ਦਿਨ 10 – 11 ਵਜੇ ਆਪਣੇ ਦੋਸਤਾਂ ਬਾਰੇ ਚੇਤਾ ਆਇਆ। ਉਸ ਨੇ ਵਾਇਰਲੈੱਸ ਰਾਹੀਂ ਬਚਨੇ ਨੂੰ ਗੱਲ ਕਰਨ ਦਾ ਹੁਕਮ ਦਿੱਤਾ। ਫੋਨ ਆਉਣ ‘ਤੇ ਐਸ.ਐਸ.ਪੀ. ਨੇ ਦੋਸਤਾਂ ਬਾਰੇ ਦਰਿਆਫਤ ਕੀਤੀ, “ਹਾਂ ਬਈ ਬਚਨਿਆਂ, ਚਾੜ੍ਹ ‘ਤੇ ਉਹ ਕਲ੍ਹ ਵਾਲੇ ਬੰਦੇ ਗੱਡੀ?” ਬਚਨੇ ਨੇ ਅੱਗੋਂ ਹੀਂ ਹੀਂ ਕਰਦੇ ਹੋਏ ਚਾਪਲੂਸੀ ਭਰੇ ਅੰਦਾਜ਼ ਵਿੱਚ ਜਵਾਬ ਦਿੱਤਾ, “ਜਨਾਬ ਦੇ ਬੱਚੇ ਆਂ ਹਜ਼ੂਰ, ਐਨਾ ਟੈਮ ਤਾਂ ਲਾਈਦਾ ਈ ਨਈਂ। ਉਹ ਬੰਦੇ ਤਾਂ ਮੈਂ ਰਾਤ ਈ ਗੱਡੀ ਚਾੜ੍ਹ ‘ਤੇ ਸਨ, ਹੁਣ ਤਾਂ ਉਨ੍ਹਾਂ ਦਾ ਪੋਸਟ ਮਾਰਟਮ ਹੋ ਰਿਹਾ ਆ। ਕੋਈ ਹੋਰ ਸੇਵਾ ਦੱਸੋ ਜ਼ਨਾਬ।” ਸੁਣ ਕੇ ਐਸ.ਐਸ.ਪੀ. ਨੂੰ ਦਿਲ ਦਾ ਦੌਰਾ ਪੈ ਗਿਆ।