Story

ਤਿੰਨ ਪੱਤਰਕਾਰ  

ਲੇਖਕ: ਮਨਦੀਪ ਖਾਨਪੁਰੀ

ਰੱਬ ਦੇ ਫਰਿਸ਼ਤੇ ਤਿੰਨ ਪੱਤਰਕਾਰਾਂ ਦੀਆਂ ਰੂਹਾਂ ਕੱਢ ਕੇ ਅੱਜ ਹੀ ਧਰਤੀ ਤੋਂ ਮੁੜੇ ਸਨ ਅਤੇ ਹੁਣ ਪਾਪ ਪੁੰਨ ਵਾਲੀ ਕਤਾਰ ਵਿਚ ਉਨ੍ਹਾਂ ਨੂੰ ਖੜ੍ਹਾ ਕਰ ਰਹੇ ਸਨ।  ਚਿੱਤਰ ਗੁਪਤ ਆਪਣਾ ਵਹੀ ਖਾਤਾ ਖੋਲ੍ਹ ਕੇ ਸਭ ਦਾ ਹਿਸਾਬ- ਕਿਤਾਬ ਕਰਨ ਵਿੱਚ ਰੁੱਝਿਆ ਹੋਇਆ ਸੀ। ਪਹਿਲੇ ਪੱਤਰਕਾਰ ਦੀ ਵਾਰੀ ਆਈ  ਉਸ ਨੂੰ ਸਵਰਗ ਦਾ ਦੁਆਰ ਮਿਲਿਆ, ਉਸ ਨੇ ਜ਼ਿੰਦਗੀ ਵਿੱਚ ਬੜੇ ਨੇਕ ਕੰਮ ਖੱਟੇ ਸਨ। ਉਸ ਨੇ ਬੜੇ ਲੋਕਾਂ ਦੀ ਮਦਦ ਕੀਤੀ ਸੀ , ਉਸ ਨੇ ਕਦੇ ਵੀ ਕਿਸੇ ਨੂੰ ਧਰਮ ਦੇ ਨਾਮ ‘ਤੇ ਨਹੀਂ ਪਾੜਿਆ ਸੀ , ਹਮੇਸ਼ਾ ਸੱਚ ਦੀ ਲੜਾਈ ਹੀ ਲੜੀ ਸੀ। ਹੁਣ ਆਪਣੇ ਕਰਮਾਂ ਦਾ ਫਲ ਪਾਉਣ ਲਈ ਦੂਜਾ ਪੱਤਰਕਾਰ  ਅੱਗੇ ਵਧਿਆ ਉਸ ਦੇ ਮੱਥੇ ਵੱਲ ਦੇਖ ਕੇ ਚਿੱਤਰ ਗੁਪਤ ਹੱਸ ਪਿਆ ਇਹ ਪੱਤਰਕਾਰ ਨੈਸ਼ਨਲ ਮੀਡੀਆ ਦਾ ਪੱਤਰਕਾਰ ਸੀ। ਚਿਤਰਗੁਪਤ ਬੋਲਿਆ ਮੈਂ ਸੁਣਿਆ ਸੀ ਤੂੰ ਇਕੱਲਾ ਹੀ ਐਸਾ ਪੱਤਰਕਾਰ ਏ, ਜਿਹੜਾ ਬਾਕੀਆਂ ਵਾਂਗ ਵਿਕਾਊ ਨਹੀਂ ਬਣਿਆ ਸੀ ਅਤੇ ਜ਼ੁਲਮੀ ਹਕੂਮਤ ਨਾਲ ਸਿੱਧੀ ਟੱਕਰ ਲੈਣ ਵਿੱਚ ਕਦੇ ਵੀ ਨ੍ਹੀਂ ਕਤਰਾਉਂਦਾ ਸੀ। ਮੈਂ ਸੁਣਿਆ ਸਮੇਂ ਸਮੇਂ ਨਾਲ ਤੁਹਾਡੇ ਚੈਨਲ ਨੂੰ ਵੀ ਬੰਦ ਕਰ ਦਿੱਤਾ ਜਾਂਦਾ ਸੀ। ਇਸ ਪੱਤਰਕਾਰ ਨੂੰ ਵੀ ਬੜੇ ਆਦਰ ਨਾਲ ਸਵਰਗਾਂ ਦੇ  ਵਿੱਚ ਭੇਜਿਆ ਗਿਆ। ਹੁਣ ਵਾਰੀ ਸੀ ਤੀਜੀ ਬੀਬੀ ਪੱਤਰਕਾਰ ਦੀ ਚਿੱਤਰ ਗੁਪਤ ਨੇ ਇੱਕ ਅਜੀਬ ਇੱਛਾ ਜ਼ਾਹਿਰ ਕੀਤੀ। ਬੋਲਿਆ ਬੀਬੀ ਮੈਨੂੰ ਤੇਰਾ ਲੇਖਾ-ਜੋਖਾ ਨਜ਼ਰ ਨਹੀਂ ਆ ਰਿਹਾ, ਮੇਹਰਬਾਨੀ ਹੋਵੇਗੀ ਜੇ ਤੂੰ ਆਪਣੇ ਬਾਰੇ ਜਾਂ ਆਪਣੇ ਕੀਤੇ ਚੰਗੇ ਮੰਦੇ ਕੰਮਾਂ ਬਾਰੇ ਆਪ ਹੀ ਦੱਸ ਦੇਵੇ। ਪੱਤਰਕਾਰ ਬੀਬੀ ਇਕੋ ਈ ਸਾਹ ‘ਚ ਬੋਲਣ ਲੱਗ ਪਈ। ਕਹਿੰਦੀ ਮੈਂ ਹਿੰਦੂ, ਸਿੱਖ ਮੁਸਲਿਮ, ਈਸਾਈ ਨੂੰ ਹਮੇਸ਼ਾ ਜੋਡ਼ਿਆ ਏ, ਮੈਂ ਹਮੇਸ਼ਾ ਸੱਚ ਦੇ ਨਾਲ ਹੀ ਖੜ੍ਹੀ ਹਾਂ। ਮੈਂ ਹਰ ਇਨਸਾਨ ‘ਚੋਂ ਰੱਬ ਦੇਖਿਆ ਏ, ਕਦੇ ਵੀ ਝੂਠ ਨਹੀਂ ਬੋਲੀ। ਕਦੇ ਵੀ ਕਿਸੇ ਫਰੇਬੀ ਇਨਸਾਨ ਦਾ ਸਾਥ ਨਹੀਂ ਦਿੱਤਾ, ਮੈਂ ਅੰਨ ਉਗਾਉਣ ਵਾਲੇ ਕਿਸਾਨਾਂ ਨੂੰ ਕਦੇ ਅੱਤਵਾਦੀ ਵੀ ਨਹੀਂ ਕਿਹਾ। ਇੰਨੇ ਨੂੰ ਗੁੱਸੇ ਵਿੱਚ ਧਰਮਰਾਜ ਵੀ ਬੋਲ ਉੱਠੇ,” ਕਹਿੰਦੇ ਬਸ ਬਸ ਬੀਬੀ ਏਨਾ ਝੂਠ ਨਾ ਬੋਲੋ ਇਹ ਸਾਡੀ ਹੱਕ ਸੱਚ ਦੀ ਕਚਹਿਰੀ ਏ ਤੁਹਾਡਾ ਨਿਊਜ਼ ਚੈਨਲ ਨਹੀਂ ਪਤਾ ਤੇ ਸਾਨੂੰ ਤੇਰਾ ਸਭ ਸੀ ਅਸੀਂ ਤਾਂ ਬਸ ਚੈੱਕ ਹੀ ਕਰਦੇ ਪਏ ਸੀ ਲੋਕਾਂ ਨੂੰ ਬੇਵਕੂਫ਼ ਬਣਾਉਣ ਵਾਲੀ ਅੱਜ ਰੱਬ ਨੂੰ ਬਖ਼ਸ਼ਦੀ ਹੈ ਕਿ ਨਹੀਂ ?”

– ਮਨਦੀਪ ਖਾਨਪੁਰੀ

Related posts

ਕਹਾਣੀ : ਖ਼ਾਮੋਸ਼ ਸਫ਼ਰ !

admin

ਮਾਂ ਦੀ ਮਮਤਾ !

admin

ਮਿੰਨੀ ਕਹਾਣੀ : ਚੜ੍ਹਦੀਕਲਾ !

admin