Articles

ਪੰਜਾਬ ਕਾਂਗਰਸ ਮੁੱਦਿਆਂ ‘ਤੇ ਕੰਮ ਕਰਨ ਦੀ ਬਜਾਏ ਐਲਾਨ ਤੇ ਇਲਜਾਮਤਰਾਸ਼ੀ ਦੇ ਮੋਡ ‘ਤੇ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਉਂਜ ਤਾਂ ਪੂਰੇ ਭਾਰਤ ਦੀਆਂ ਕਥਿਤ ਸਿਆਸੀ ਪਾਰਟੀਆਂ ਚ ਸਿਆਸਤ ਤੋਂ ਇਲਾਵਾ ਬਾਕੀ ਸਭ ਕੁੱਜ ਹੈ । ਸਿਆਸੀ ਨੇਤਾ ਵਧੀਆ ਲੱਛੇਦਾਰ ਬਿਆਨ ਐਲਾਨ ਕਰਦੇ ਹਨ, ਵੱਡੇ ਵੱਡੇ ਜੁਮਲੇ ਛੱਡਕੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ ਤੇ ਲੋਕ ਖੁਸ਼ ਹੋ ਕੇ ਮੂਰਖ ਬਣਦੇ ਵੀ ਹਨ । ਹੱਕੀ ਸੰਘਰਸ਼ਾਂ ਦਾ ਹੱਲ ਕੱਢਣ ਦੀ ਬਜਾਏ, ਉਹਨਾਂ ਨੂੰ ਫਿਰਕੂ ਤੇ ਸਿਆਸੀ ਰੰਗ ਕਿਵੇਂ ਚਾੜ੍ਹਨਾ ਜਾਂ ਫਿਰ ਸੰਘਰਸ਼ਾਂ ਵਿੱਚ ਫੁੱਟ ਦੀ ਸੇਹ ਦਾ ਤੱਕਲ਼ਾ ਗੱਡਕੇ ਉਹਨਾਂ ਦੀ ਫੂਕ ਕੱਢਕੇ ੳਹਨਾਂ ਨੂੰ ਫ਼ੇਲ੍ਹ ਕਿਵੇਂ ਕਰਨਾ, ਹੇਰਾ ਫੇਰੀ ਤੇ ਧੋਖਾ ਕਿਵੇਂ ਕਰਨਾ, ਇਹ ਸਭ ਪੂਰੀ ਦੁਨੀਆ ਘੁੰਮਣ ਤੋਂ ਬਾਅਦ ਸਿਰਫ ਭਾਰਤ ਦੇ ਸਿਆਸੀ ਗਲਿਆਰਿਆ ਚ ਹੀ ਹੁੰਦਾ ਵਾਪਰਦਾ ਦੇਖਿਆ ਜਾ ਸਕਦਾ । ਇਹ ਉਹ ਮੁਲਕ ਹੈ ਜਿੱਥੇ ਵੱਡੇ ਵੱਡੇ ਘਪਲੇ ਹੁੰਦਿਆਂ ਸਾਰ ਹੀ ਪਤਾਲ ਚ ਗਰਕ ਕੇ ਖਤਮ ਹੋ ਜਾਂਦੇ ਹਨ, ਜਾਂਚ ਪੜਤਾਲਾਂ ਸਿਰਫ ਲੋਕਾਂ ਦੀ ਹਾਲ ਪਾਰਿਆਂ ਨੂੰ ਸ਼ਾਂਤ ਕਰਨ ਵਾਸਤੇ ਬਿਠਾਈਆਂ ਜਾਂਦੀਆਂ ਹਨ ਤੇ ਕੁੱਜ ਕੁ ਮਹੀਨੇ ਬਾਅਦ ਕਿਸੇ ਨਵੇਂ ਮੁੱਦੇ ਦੇ ਸਾਹਮਣੇ ਆਉਣ ਤੋਂ ਬਾਅਦ ਪਹਿਲੇ ਮੁੱਦੇ ਖਤਮ ਹੋ ਜਾਂਦੇ ਹਨ ਤੇ ਫਿਰ ਨਵੇਂ ਮੁੱਦੇ ਨੂੰ ਖਤਮ ਕਰਨ ਵਾਸਤੇ ਪਹਿਲਾਂ ਵਾਲੀ ਕਵਾਇਦ ਸ਼ੁਰੂ ਕਰ ਦਿੱਤੀ ਜਾਂਦੀ ਹੈ, ਬਸ ਇਹ ਸਿਲਸਿਲਾ ਬਦਸਤੂਰ ਚੱਲਦਾ ਰਹਿੰਦਾ ਹੈ , ਕਦੇ ਕਿਸੇ ਭਿ੍ਰਸਟ ਨੇਤਾ ਨੂੰ ਕੋਈ ਮਾੜੀ ਮੋਟੀ ਸਜ਼ਾ ਮਿਲ ਜਾਵੇ ਤਾਂ ਮਿਲ ਜਾਵੇ, ਪਰ ਆਮ ਕਰਕੇ ਢਾਕ ਕੇ ਤੀਨ ਪਾਤ ਤੇ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ ।
ਚਲੋ ਹੁਣ ਗੱਲ ਪੰਜਾਬ ਦੀ ਕਰਦੇ ਹਾਂ । ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਤੋਂ ਪੈਦਲ ਕੀਤਿਆ ਮਹੀਨੇ ਤੋ ਵੱਧ ਦਾ ਸਮਾਂ ਹੋ ਗਿਆ ਹੈ । ਚਰਨਜੀਤ ਚੰਨੀ, ਸਰਕਾਰੀ ਜਹਾਜਾਂ ਦੇ ਝੂਟੇ ਮਾਟੇ ਕਰ ਰਹੇ ਹਨ, ਦਿੱਲੀ ਦੀ ਆਉਂਦਕ ਜਾਂਦਕ ਕਰ ਰਹੇ ਹਨ, ਨਵਜੋਤ ਸਿੱਧੂ ਅਜੇ ਵੀ ਰੁੱਸਿਆ ਹੋਇਆ ਹੈ, ਕੈਪਟਨ, ਭਾਰਤੀ ਜਨਤਾ ਪਾਰਟੀ ਨਾਲ ਸਿਆਸੀ ਪਿਆਰ ਪੀਂਘਾਂ ਚੜਾਉਣ ਦੀਆ ਗੱਲਾਂ ਕਰ ਰਿਹਾ ਹੈ , ਉਸ ਦੀ ਪਾਕਿਸਤਾਨੀ ਮਿੱਤਰ ਅਰੂਸਾ ਆਲਮ ਦਾ ਨਾਮ ਇਕ ਵਾਰ ਫਿਰ ਚਰਚਾ ਦੀਆਂ ਸ਼ਿਖਰਾਂ ‘ਤੇ ਹੈ, ਪੰਜਾਬ ਕਾਂਗਰਸ ਮੁੱਦਿਆਂ ‘ਤੇ ਕੰਮ ਕਰਨ ਦੀ ਬਜਾਏ ਇਕ ਵਾਰ ਫਿਰ ਬਿਆਨ, ਐਲਾਨ ਤੇ ਇਲਜਾਮਤਰਾਸ਼ੀ ਦੇ ਮੋਡ ‘ਚ ਹੈ । ਨਵਜੋਤ ਸਿੱਧੂ ਚੁੱਪ ਹੈ, ਪਰ ਉਹਨਾਂ ਦੀ ਧਰਮ ਪਤਨੀ ਨੇ ਉਹਨਾ ਦੀ ਜਗਾ ਮੋਰਚਾ ਸੰਭਾਲ਼ਿਆ ਹੋਇਆ ਹੈ । ਗੱਲ ਕੀ ਪੰਜਾਬੀ ਦੇ ਇਕ ਅਖਾਣ ਮੁਤਾਬਿਕ “ਗੱਲਬਾਤੀਂ ਮੈ ਵੱਡੀ ਤੇ ਕਰਤੂਤੀ ਮੇਰੀ ਜਿਠਾਣੀ” ਵਾਲਾ ਸੀਨ ਇਸ ਵੇਲੇ ਪੰਜਾਬ ਦੀ ਕਾਂਗਰਸ ਸਰਕਾਰ ਚ ਪੂਰੀਆ ਭਰਿਆ ਹੋਇਆ ਨਜ਼ਰ ਆ ਰਿਹਾ ਹੈ ।
ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਨਾ ਹੀ ਪੰਜਾਬ ਦੇ ਆਮ ਲੋਕਾਂ ਨੂੰ ਤੇ ਨਾ ਹੀ ਆਪਣੇ ਆਪ ਨੂੰ ਪੰਜਾਬ ਦੇ ਘਾਗ ਸਿਆਸੀ ਨੇਤਾ ਸਮਝਣ ਵਾਲਿਆਂ ਨੂੰ ਇਹ ਪਤਾ ਲੱਗਾ ਕਿ ਪਟਿਆਲਾ ਰਿਆਸਤ ਜੋ ਹਮੇਸ਼ਾ ਹੀ ਭਾਰਤ ਵਿਰੋਧੀ ਰਹੀ ਹੈ ਤੇ ਬਾਹਰਲੀਆਂ ਤਾਕਤਾਂ ਦੀ ਹੱਥ ਠੋਕਾ ਤੇ ਜੀ ਹਜ਼ੂਰ ਪਿੱਠੂ ਬਣਕੇ ਵੱਡੇ ਵੱਡੇ ਖ਼ੈਰਾਤੀ ਤੋਹਫ਼ੇ ਲੈਂਦੀ ਰਹੀ ਹੈ, ਉਸ ਦਾ ਜਾਨਸ਼ੀਨ ਵੀ ਅਜਤੱਕ ਆਪਣੀ ਪਰੰਪਰਾ ਮੁਤਾਬਿਕ ਹੀ ਪੰਜਾਬ ਵਾਸੀਆਂ ਦੇ ਅੱਖੀਂ ਘੱਟਾ ਝੋਕਦਾ ਰਿਹਾ । ਦੂਰ ਨਾ ਜਾਓ, ਸਾਢੇ ਚਾਰ ਸਾਲ ਦਾ ਇਤਿਹਾਸ ਹੀ ਫੋਲ ਲਓ । 2017 ਚ ਅਮਰਿੰਦਰ ਸਿੰਘ, ਭਾਰਤੀ ਜਨਤਾ ਪਾਰਟੀ ਤੇ ਅਕਾਲੀਆਂ ਦੀ ਸਾਂਝੀ ਰਣਨੀਤੀ ਨਾਲ ਮੁੱਖ ਮੰਤਰੀ ਬਣਿਆ । ਭਾਰਤੀ ਜਨਤਾ ਪਾਰਟੀ ਨੇ ਇਸ ਨੂੰ ਪਲਾਂਟ ਕੀਤਾ, ਸ਼ਹਿਰੀ ਹਿੰਦੂ ਵੋਟ ਪੁਆਈ, ਅਕਾਲੀਆਂ ਨੂੰ ਆਪਣੇ ਬਰਗਾੜੀ, ਬਹਿਬਲ ਕਲਾਂ ਤੇ ਸੌਦਾ ਸਾਧ ਸਮੇਤ ਹੋਰ ਬਹੁਤ ਸਾਰੇ ਕਾਲੇ ਕਾਰਨਾਮਿਆਂ ਦੇ ਪਰਦਾਫਾਸ਼ ਹੋਣ ਦਾ ਡਰ ਸੀ, ਸੋ ਉਹਨਾਂ ਨੇ ਮਜਬੂਰੀ ਵੱਸ ਅਮਰਿੰਦਰ ਸਿੰਘ ਜਿਤਾਉਣ ਵਿੱਚ ਹੀ ਆਪਣੀ ਭਲਾਈ ਸਮਝੀ ਤੇ ਇਸ ਤਰਾਂ ਪੰਜਾਬ ਚ ਕਾਂਗਰਸ ਦੀ ਨਹੀਂ ਬਲਕਿ ਅਮਰਿੰਦਰ ਸਿੰਘ ਦੇ ਨਾਮ ‘ਤੇ ਪੰਜਾਬ ਚ ਸਰਕਾਰ ਬਣੀ । ਸਰਕਾਰ ਨੇ ਕਾਰਗੁਜ਼ਾਰੀ ਵੀ ਅਕਾਲੀ ਭਾਜਪਾਈਆ ਨਾਲ ਹੋਏ ਚੋਣ ਸਮਝੌਤੇ ਮੁਤਾਬਿਕ ਹੀ ਨਿਭਾਈ । ਰੇਤ ਤੇ ਟਰਾਂਸਪੋਰਟ ਮਾਫ਼ੀਆ ਵਧਦਾ ਫੁੱਲਦਾ ਰਿਹਾ, ਬੇਅਦਬੀ ਕਾਂਡ ਸਮੇਤ ਮੈਨੀਫੈਸਟੋ ਵਿਚ ਕੀਤੇ ਵਾਅਦੇ ਰੁਲ਼ਦੇ ਰਹੇ, ਜਾਂਚ ਕਮੇਟੀਆਂ ਬਣਦੀਆਂ ਤੇ ਰੱਦ ਹੁੰਦੀਆਂ ਰਹੀਆਂ, ਨਵਜੋਤ ਸਿੱਧੂ ਸਮੇਤ ਕੁੱਜ ਹੋਰ ਕਾਂਗਰਸੀ ਕਿੱਧਰੇ ਦੱਬੀ ਤੇ ਕਿਧਰੇ ਉੱਚੀ ਸੁਰ ਚ ਰੌਲਾ ਪਾਉਂਦੇ ਰਹੇ, ਪਰ ਉਹਨਾਂ ਦੀ ਅਵਾਜ, ਨਗਾਰੇ ਦੇ ਸ਼ੋਰ ਚ ਤੂਤੀ ਬਣਕੇ ਦਫ਼ਨ ਹੁੰਦੀ ਰਹੀ । ਆਖਿਰ ਨੱਕ ਤੋ ਚੋ ਕੇ ਮੂੰਹ ਨੂੰ ਪਈ ਜਾਂ ਕਹਿ ਲਓ ਕਿ ਪਾਣੀ ਸਿਰ ਤੋ ਲੰਘਿਆ ਜਾਂਦਾ ਦੇਖ ਕੇ, ਕੈਪਟਨ ਨੂੰ ਚੱਲਦਾ ਕੀਤਾ ਗਿਆ, ਪਰ ਹੁਣ ਸਮਾਂ ਬਹੁਤ ਥੋਹੜਾ ਰਹਿ ਗਿਆ ਹੈ ਤੇ ਕੈਪਟਨ, ਭਾਜਪਾ ਦੇ ਤਹਿਸ਼ੁਦਾ ਏਜੰਡੇ ਮੁਤਾਬਿਕ ਨਿੱਤ ਦਿਨ ਨਵੇਂ ਬਿਆਨ ਦੇ ਕੇ ਚੰਨੀ ਸਰਕਾਰ ਨੂੰ ਗੱਲ-ਬਾਤ ਚ ਉਲਝਾ ਕੇ ਕੋਈ ਸਾਰਥਿਕ ਕੰਮ ਨਹੀਂ ਕਰਨਾ ਦੇਣਾ ਚਾਹੁੰਦਾ ਤੇ ਕਾਫ਼ੀ ਹੱਦ ਤੱਕ ਉਹ ਇਸ ਪੱਖੋਂ ਕਾਮਯਾਬ ਵੀ ਹੋ ਰਿਹਾ ਹੈ ।
ਪਰ ਜਿਹੜੀ ਗੱਲ ਮੈ ਇੱਥੇ ਕਹਿਣੀ ਚਾਹੁੰਦਾ ਹਾਂ, ਉਹ ਇਹ ਹੈ ਕਿ ਅਮਰਿੰਦਰ ਸਿੰਘ ਪਿਛਲੇ ਸਾਢੇ ਚਾਰ ਸਾਲਾਂ ਕਦੇ ਵੀ ਕਾਂਗਰਸੀ ਬਣਕੇ ਨਹੀਂ ਵਿਚਰਿਆ । ਕਰਤਾਰਪੁਰ ਲਾਂਘੇ ਬਾਰੇ ਉਸ ਦੇ ਬਿਆਨ ਚੁੱਕ ਲਓ ਜਾਂ ਪਾਕਿਸਤਾਨ ਨੂੰ ਲੈ ਕੇ ਦਿੱਤੇ ਬਿਆਨ ਦੇਖ ਲਓ । ਅੰਮਿ੍ਰਤਸਰ ਜੌੜੇ ਫਾਟਕ ਵਾਲਾ ਰੇਲ ਕਾਂਡ ਦਰਅਸਲ ਅਮਰਿੰਦਰ, ਭਾਜਪਾ ਤੇ ਅਕਾਲੀਆਂ ਦੀ ਕਥਿਤ ਮਿਲੀ ਭੁਗਤ ਦਾ ਹੀ ਨਤੀਜਾ ਸੀ ਜਿਸ ਦਾ ਮਕਸਦ ਨਵਜੋਤ ਸਿੱਧੂ ਦਾ ਸਿਆਸੀ ਕੈਰੀਅਰ ਖਤਮ ਕਰਨਾ ਸੀ । ਏਹੀ ਕਾਰਨ ਰਿਹਾ ਕਿ ਸਿੱਧੂ ਉਹਨੀਂ ਦਿਨੀਂ ਨੰਗੇ ਧੜ ਵਿਚਰਿਆ ਤੇ ਪੀੜਤਾਂ ਦੀ ਹਰ ਤਰਾਂ ਮੱਦਦ ਕਰਦਾ ਨਜ਼ਰ ਆਇਆ । ਇਹ ਵੀ ਕੌੜਾ ਸੱਚ ਹੈ ਕਿ ਉਸ ਕਾਂਡ ਦਾ ਅੱਜ ਤੱਕ ਨਾ ਹੀ ਕੁੱਜ ਬਣਿਆ ਹੈ ਤੇ ਨਾ ਹੀ ਅੱਗੇ ਕੁੱਜ ਬਣਨਾ ਹੈ । ਕੈਪਟਨ ਦੇ ਅਸਤੀਫ਼ੇ ਤੋਂ ਬਾਅਦ ਵਾਲੇ ਉਸ ਦੇ ਬਿਆਨਾਂ ਦੀ ਘੋਖ ਪੜਤਾਲ ਕਰ ਲਓ ਜਾਂ ਫਿਰ ਅਰੂਸਾ ਸੰਬੰਧੀ ਜੋ ਉਹ ਇਹ ਕਹਿ ਰਿਹਾ ਹੈ ਕਿ ਉਹ ਤਾਂ ਪਿਛਲੇ ਸੋਹਲਾਂ ਸਾਲਾਂ ਤੋ ਭਾਰਤ ਸਰਕਾਰ ਰਾਹੀਂ ਵੀਜ਼ਾ ਪ੍ਰਾਪਤ ਕਰਕੇ ਉਸ ਕੋਲ ਰਹਿ ਰਹੀ ਹੈ, ਜਿਸ ਦਾ ਭਾਵ ਇਹ ਹੈ ਕਿ ਕੇਂਦਰ ਸਰਕਾਰ ਦੀ ਪੁਸਤਪਨਾਹੀ ਹਮੇਸ਼ਾ ਹੀ ਉਸ ਨੂੰ ਉਕਤ ਮਾਮਲੇ ਚ ਮਿਲਦੀ ਰਹੀ ਹੈ । ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਪਤਾ ਲੱਗਾ ਹੈ ਕਿ ਲੰਮਾ ਸਮਾਂ ਤਾਂ ਕਥਿਤ ਰੂਪ ਚ ਪਰਕਾਸ਼ ਸਿੰਘ ਬਾਦਲ ਹੀ ਅਰੂਸਾ ਆਲਮ ਨੂੰ ਵੀਜ਼ਾ ਦੇਣ ਦੀ ਸ਼ਿਫਾਰਸ਼ ਭਾਰਤ ਸਰਕਾਰ ਨੂੰ ਕਰਦੇ ਰਹੇ ਹਨ ਤੇ ਉਸ ਤੋ ਬਾਅਦ ਭਾਜਪਾ ਦੇ ਕਈ ਵਜ਼ੀਰ ਵੀ ਇਕ ਦੂਸਰੇ ਤੋ ਅੱਗੇ ਹੋ ਕੇ ਇਹੋ ਕੁੱਜ ਕਰਦੇ ਕਰਦੇ ਰਹੇ ਹਨ ।
ਮੁੱਕਦੀ ਗੱਲ ਇਹ ਕਿ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਵਿੱਚ ਭਾਜਪਾ ਦੀ ਪਲਾਂਟੇਸ਼ਨ ਰਿਹਾ ਜਿਸ ਦੀ ਦੇਖ ਭਾਲ ਅਕਾਲੀ ਕਰਦੇ ਰਹੇ ਤੇ ਬਿੱਲੀ ਥੈਲੇ ਤੋ ਬਾਹਰ ਆਉਣ ਨਾਲ ਅਮਰਿੰਦਰ ਸਿੰਘ ਸਿੱਧੇ ਤੌਰ ‘ਤੇ ਨਿਤ ਦਿਨ ਕੇਂਦਰ ਦੇ ਭਾਜਪਾ ਮੰਤਰੀਆਂ ਨੂੰ ਮਿਲਣ ਲੱਗ ਪਿਆ ਤੇ ਜਾਹਿਰਾ ਤੌਰ ‘ਤੇ ਕਹਿਣ ਲੱਗ ਪਿਆ ਕਿ ਉਹ ਭਾਜਪਾ ‘ਚ ਵੀ ਜਾ ਸਕਦੇ ਹਨ ਤੇ ਭਾਜਪਾ ਦੇ ਗਠਜੋੜ ਨਾਲ ਨਵੀਂ ਪਾਰਟੀ ਵੀ ਬਣਾ ਸਕਦੇ ਹਨ, ਪਰ ਕਾਂਗਰਸ ਚ ਨਹੀਂ ਰਹਿਣਗੇ । ਉਹ ਇਹ ਵੀ ਕਹਿ ਰਿਹਾ ਹੈ ਕਿ ਭਾਜਪਾਕੋਈ ਫਿਰਕੂ ਪਾਰਟੀ ਨਹੀਂ ਸਗੋਂ ਦੇਸ਼ ਦੀ ਵਧੀਆ ਸਿਆਸੀ ਪਾਰਟੀ ਹੈ । ਹੋਰ ਤੇ ਹੋਰ ਪਾਕਿਸਤਾਨ ਸਰਹੱਦ ਤੋਂ ਬੀ ਐਸ ਐਫ ਦੇ ਘੇਰੇ ਨੂੰ ਬਾਰਾਂ ਕਿੱਲੋ ਮੀਟਰ ਤੋਂ ਵਧਾ ਕੇ ਕੇਂਦਰ ਦੇ ਫ਼ੈਸਲੇ ਮੁਤਾਬਿਕ ਪੰਜਾਹ ਕਿੱਲੋਮੀਟਰ ਤੱਕ ਕੀਤੇ ਜਾਣ ਨੂੰ ਵੀ ਉਹ ਸਹੀ ਮੰਨ ਰਹੇ ਹਨ । ਇਹਨਾਂ ਸਭ ਤੱਥਾਂ ਤੋ ਸਾਫ ਹੋ ਜਾਂਦਾ ਹੈ ਕਿ ਅਮਰਿੰਦਰ ਸਿੰਘ ਕਦੇ ਵੀ ਨਾ ਹੀ ਕਾਂਗਰਸੀ ਤੇ ਨਾ ਪੰਜਾਬੀਆ ਦੇ ਨਾਲ ਸੀ, ਉਹ ਹਮੇਸ਼ਾ ਹੀ ਆਪਣੀ ਕੁਰਸੀ ਦੇ ਏਜੰਡੇ ਨੂੰ ਲੈ ਕੇ ਚੱਲਦਾ ਰਿਹਾ ਹੈ। ਜਦੋਂ ਜਦੋਂ ਵੀ ਉਸ ਦੇ ਹੇਠੋਂ ਚੌਧਰ ਵਾਲੀ ਕੁਰਸੀ ਖਿਸਕਦੀ ਰਹੇ, ਉਸ ਦੇ ਤੇਵਰ ਬਦਲਦੇ ਰਹੇ ਹਨ ਏਹੀ ਕਾਰਨ ਹੈ ਕਿ ਉਹ ਐਮ ਪੀ ਬਣਨ ‘ਤੇ ਕਦੇ ਲੋਕ ਸਭਾ ਚ ਨਹੀਂ ਗਿਆ ਤੇ ਐਮ ਐਲ ਏ ਬਣਨ ‘ਤੇ ਕਦੇ ਵਿਧਾਨ ਸਭਾ ‘ਚ ਨਹੀਂ ਗਿਆ ਤੇ ਨਾ ਹੀ ਹੁਣ ਜਾਵੇਗਾ ।
ਇੱਥੇ ਇਹ ਕਹਿਕੇ ਆਪਣੀ ਗੱਲ ਸਮਾਪਤ ਕਰਾਂਗਾ ਕਿ ਮਤਲਬੀ ਲੋਕਾਂ ਦਾ ਸਿਰਫ ਇਕ ਹੀ ਧਰਮ ਹੁੰਦਾ ਹੈ ਤੇ ਉਹ ਹੁੰਦਾ ਹੈ ਕਿ ਆਪਣਾ ਮਤਬਬ ਕਿਵੇਂ ਸਿੱਧ ਕਰਨਾ, ਆਪਣਾ ਉੱਲੂ ਕਿਵੇਂ ਸਿੱਧ ਕਰਨਾ । ਇਸ ਤਰਾਂ ਦੇ ਲੋਕਾਂ ਨੂੰ ਮੁੱਖ ਮੰਤਰੀ ਬਣਾਓ ਜਾਂ ਫਿਰ ਪ੍ਰਧਾਨ ਮੰਤਰੀ, ਉਹ ਆਪਣਾ ਹੀ ਹਿੱਤਾਂ ਨੂੰ ਦੇਖਣਗੇ ਪਹਿਲ ਦੇਣਗੇ ਤੇ ਗੱਲ “ਕੁਤਾ ਰਾਜ ਬਹਾਲ਼ੀਐ ਫਿਰਿ ਚਕੀ ਚਟੈ।” ਵਾਲੀ ਹੀ ਹੋਵੇਗੀ । ਏਹੀ ਕਾਰਨ ਹੈ ਕਿ ਆਪਣੀ ਆਖਰੀ ਸਿਆਸੀ ਪਾਰੀ ਦੱਸਣ ਵਾਲਾ ਹੁਣ ਫਿਰ ਤੋਂ ਕੁਰਸੀ ਦੀ ਲਲਕ ਵਾਸਤੇ ਤਰਲੋਮੱਛੀ ਹੋ ਰਿਹਾ ਹੈ । ਹੁਣ ਅੱਗੇ ਪੰਜਾਬ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਅਗਾਮੀ ਚੋਣਾਂ ‘ਚ ਕੀ ਫੈਸਲਾ ਲੈਣਾ !

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin