
ਅੱਜ ਚਾਰ ਨਵੰਬਰ ਹੈ, ਅੱਜ ਤੋਂ 36 ਸਾਲ ਪਹਿਲਾਂ 1984 ਦੇ ਇਹਨੀਂ ਦਿਨੀਂ ਜੋ ਕੁੱਜ ਦਿੱਲੀ ਵਿੱਚ ਹੋਇਆ ਵਾਪਰਿਆਂ ਜਾਂ ਵਰਤਾਇਆ ਗਿਆ, ਉਹ ਹੁਣ ਨਾਸੂਰ ਬਣ ਚੁੱਕਾ ਹੈ । ਏਹੀ ਕਾਰਨ ਹੈ ਕਿ ਹਰ ਸਾਲ ਇਹਨੀਂ ਦਿਨੀਂ ਇਹ ਨਾਸੂਰ ਟਸਕਦਾ ਹੈ, ਦਰਦ ਪੈਦਾ ਹੁੰਦਾ ਹੈ, ਚੀਸ ਉਠਦੀ ਹੈ ਤੇ ਸਾਲ ਦਰ ਸਾਲ ਭਾਰਤ ਵਿੱਚ ਵੱਸ ਰਹੇ ਸ਼ਿੱਖ ਭਾਈਚਾਰੇ ਚ ਬੇਗਾਨਗੀ ਦਾ ਅਹਿਸਾਸ ਡੂੰਘੇ ਦਰ ਡੁੰਘੇਰਾ ਹੁੰਦਾ ਜਾ ਰਿਹਾ ਹੈ ।
ਨਵੰਬਰ ਚੌਰਾਸੀ ਦੇ ਪਿੱਛੇ ਅੱਗੇ ਪੰਜਾਬੀ ਖ਼ੂਨ ਨਾਲ ਲਥ ਪਥ ਨਜ਼ਰ ਆਉਂਦੇ ਨੇ, ਬਹੁਤ ਹੀ ਵਿਉਂਤਬੱਧ ਸ਼ਾਜਿਸਾਂ ਰਾਹੀਂ ਉਜਾੜੇ ਦਾ ਸ਼ਿਕਾਰ ਹੋਏ ਨਜ਼ਰ ਆਉਦੇ ਨੇ, ਕਦੀ ਉਹਨਾ ਦੇ ਕੁਦਰਤੀ ਸੋਮਿਆ ‘ਤੇ ਦਿਨ ਦੀਵੀ ਡਾਕਾ ਵੱਜਦਾ ਹੈ, ਕਦੀ ਉਹਨਾਂ ਦੇ ਅੰਮਿ੍ਰਤ ਵਰਗੇ ਮਿੱਠੇ ਪਾਣੀਆਂ ਚ ਕੈਮੀਕਲਾਂ ਦੀਆ ਜ਼ਹਿਰਾਂ ਮਿਲਾ ਕੇ ਉਹਨਾ ਨੂੰ ਜਾਨ ਲੇਵਾ ਬੀਮਾਰੀਆਂ ਦੇ ਹਵਾਲੇ ਕੀਤਾ ਜੀ ਰਿਹਾ ਹੈ, ਕਦੀ ਬੋਲੀ ਤੇ ਸੱਭਿਆਚਾਰ ਨੂੰ ਖਤਮ ਕਰਨ ਦੀਆ ਵਿਉਂਤਾਂ ਗੁੰਦੀਆਂ ਜਾਂਦੀਆਂ ਨਜ਼ਰ ਆਉਂਦੀਆਂ ਨੇ ਤੇ ਕਦੀ ਪੰਜਾਬ ਨਸ਼ਿਆ ਦੇ ਸੰਮੁਦਰ ਵਿੱਚ ਗਰਕਦਾ ਨਜ਼ਰ ਆ ਰਿਹਾ ਏ ।
ਪੰਜਾਬੀ 1947 ਤੋਂ ਬਾਦ ਬਰਬਾਦੀ ਦਾ ਸ਼ਿਕਾਰ ਹਨ । ਪਹਿਲਾਂ 1947 ਦੀ ਵੰਡ ਸਮੇਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਬਰਬਾਦੀ ਕਰਕੇ ਤੇ ਪੰਜਾਬ ਦੀ ਹਿਕ ਵਿੱਚ ਚੀਰਾ ਦੇ ਕੇ ਜਿੱਥੇ ਮੁਲਕ ਦੇ ਟੋਟੇ ਕੀਤੇ ਉੱਥੇ ਪੰਜਾਬ ਦਾ ਵੀ ਚਿੱਟੇ ਦਿਨ ਘਾਤ ਕੀਤਾ ਗਿਆ । ਫਿਰ ਭਾਰਤੀ ਪੰਜਾਬ ਦੀਆ ਲੱਤਾਂ, ਬਾਹਾਂ, ਸਿਰ ਤੇ ਧੜ ਦੇ ਟੋਟੇ ਕਰਕੇ 9 ਪੰਜਾਬ ਬਣਾਏ ਗਏ । ਮਹਾਂ ਪੰਜਾਬ ਜੋ ਕਿਸੇ ਵਕਤ ਕਾਬੁਲ ਤੋਂ ਦਿੱਲੀ ਤੱਕ ਫੈਲਿਆ ਹੋਇਆ ਸੀ ਅੱਜ ਚੜ੍ਹਦੇ ਤੇ ਲਹਿੰਦੇ ਪੰਜਾਬ ਨਾਮ ਦੇ ਦੋ ਟੁਕੜਿਆ ਵਿਚ ਹੀ ਨਹੀਂ ਬਲਕਿ ਹਰਿਆਣਾ, ਚੰਡੀਗੜ੍ਹ, ਹਿਮਾਚਲ ਤੇ ਰਾਜਸਥਾਨ ਦੇ ਕੁੱਜ ਹਿੱਸਿਆ ਤੱਕ ਵੀ ਵੰਡਿਆ ਹੋਇਆ ਹੈ । ਇਸ ਤੋਂ ਇਲਾਵਾ ਪੰਜਾਬ ਚੋ ਬੇਰੁਜ਼ਗਾਰੀ ਦੀ ਮਾਰ ਨਾਲ ਉੱਜੜਕੇ ਇਕ ਪੰਜਾਬ ਪੂਰੇ ਭਾਰਤ ਵਿੱਚ ਖਿੱਲਰ ਚੁੱਕਾ ਤੇ ਇਕ ਹੋਰ ਪੰਜਾਬ ਪੂਰੀਆ ਦੁਨੀਆ ਵਿੱਚ ਵੱਸ ਰਿਹਾ ਹੈ ਜਿਸ ਨੂੰ ਪਰਵਾਸੀਆਂ ਦਾ ਪੰਜਾਬ ਕਿਹਾ ਜਾਂਦਾ ਹੈ, ਪਰ “ਪਰਵਾਸੀ” ਲਫ਼ਜ਼ ਇਹਨਾਂ ਪੰਜਾਬੀਆ ਵਾਸਤੇ ਕਦਾਚਿਤ ਵੀ ਢੁਕਵਾਂ ਨਹੀਂ ਕਿਉਂਕਿ ਪਰਵਾਸੀ ਉਹ ਹੁੰਦੇ ਹਨ, ਜੋ ਆਪਣੀ ਮਰਜੀ ਨਾਲ ਇਕ ਜਗਾ ਤੋਂ ਦੂਸਰੀ ਜਗਾ ‘ਤੇ ਜਾਂਦੇ ਹਨ ਤੇ ਇਕ ਦਿਨ ਵਾਪਸ ਮੁੜ ਆਪਣੇ ਪਹਿਲੇ ਟਿਕਾਣੇ ਵੱਲ ਪਰਤ ਜਾਂਦੇ ਹਨ, ਪਰ ਪੰਜਾਬੀਆ ਬਾਰੇ ਇਹ ਗੱਲ ਬਿਲਕੁਲ ਵੀ ਸਹੀ ਨਹੀਂ । ਪੰਜਾਬੀ ਇਕ ਸ਼ਾਜਿਸ਼ੀ ਉਜਾੜੇ ਦਾ ਸ਼ਿਕਾਰ ਹਨ, ਕੁੱਜ ਨੂੰ ਨਸ਼ਿਆ ਤੇ ਜ਼ਹਿਰੀਲੇ ਪਾਣੀਆਂ ਦੀ ਲਾਗ ਨਾਲ ਮਾਰਿਆਂ ਜਾ ਰਿਹਾ ਹੈ ਤੇ ਬਾਕੀ ਰਹਿੰਦਿਆਂ ਨੂੰ ਪਿਛਲੇ ਕਈ ਦਹਾਕਿਆਂ ਤੋਂ ਇਸ ਖ਼ਿੱਤੇ ਚੋ ਨਿਕਲ ਜਾਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ । ਸੋ ਜਿਹਨਾ ਨੂੰ ਪਰਵਾਸੀ ਕਿਹਾ ਜਾ ਰਿਹਾ ਹੈ, ਉਹ ਅਸਲ ਵਿੱਚ ਪਰਵਾਸੀ ਨਹੀਂ ਬਲਕਿ ਉਜਾੜੇ ਦਾ ਸ਼ਿਕਾਰ ਹੋਏ ਜਲਾਵਤਨ ਲੋਕ ਹਨ ।
ਪਾਕਿਸਤਾਨ ਨਾਲ ਲਗਦੀ ਸਰਹੱਦ ਦਾ ਘੇਰਾ 12 ਕਿੱਲੋਮੀਟਰ ਤੋਂ ਵਧਾ ਕੇ 50 ਕਿੱਲੋਮੀਟਰ ਤੱਕ ਸਰਹੱਦੀ ਫੌਜ (BSF) ਦੇ ਹਵਾਲੇ ਕਰਨ ਨਾਲ ਬਾਕੀ ਬਚਦੇ ਅੱਧੇ ਪੰਜਾਬ ਦੀ ਭਗਵੀਂ ਕੇਂਦਰ ਸਰਕਾਰ ਨੇ 9ਵੇਂ ਟੁਕੜੇ ਵਜੋਂ ਵੰਡ ਪਿਛਲੇ ਦਿਨੀਂ ਕਰ ਦਿੱਤੀ ਹੈ ।
ਪੰਜਾਬ ਦੇ ਆਸ ਪਾਸ ਹਰਿਆਣਾ, ਹਿਮਾਚਲ, ਜੰਮੂ ਤੇ ਰਾਜਸਥਾਨ ਲੱਗਦੇ ਹਨ । ਰਾਜਸਥਾਨ ਚ ਫ਼ੀਮ ਤੇ ਪੋਸਤ ਦੀ ਖੇਤੀ ਹੁੰਦੀ ਹੈ, ਪਰ ਉੱਥੋਂ ਦੇ ਲੋਕ ਨਸ਼ੇੜੀ ਨਹੀਂ ਹਨ । ਇਸੇ ਤਰਾਂ ਪੰਜਾਬ ਦੇ ਆਸ ਪਾਸ ਲੱਗਦੇ ਬਾਕੀ ਰਾਜਾਂ ਦੀ ਗੱਲ ਹੈ, ਉਥੋ ਦੇ ਲੋਕ ਨਸ਼ੇੜੀ ਨਹੀਂ ਹਨ, ਗੁਆਂਢੀ ਰਾਜ ਹਰਿਆਣੇ ਦੇ ਨੌਜਵਾਨ ਖੇਡਾਂ ਚ ਮੱਲਾ ਮਾਰ ਰਹੇ ਹਨ ਜਦ ਕਿ ਪੰਜਾਬ ਵਿੱਚ ਸਿਆਸੀ ਪੁਸ਼ਤ ਪਨਾਹੀ ਹੇਠ ਨਸ਼ਿਆ ਦਾ ਜ਼ਹਿਰ ਫੈਲਾਅ ਕੇ ਪੰਜਾਬ ਦੀ ਨੌਜਵਾਨੀ ਦਾ ਬੇੜਾ ਗਰਕ ਕੀਤਾ ਜਾ ਰਿਹਾ ਹੈ ਤੇ ਨਾਮ ਪਾਕਿਸਤਾਨ ਦਾ ਲਗਾਇਆ ਜਾ ਰਿਹਾ ਹੈ । ਸੋਚਣ ਵਾਲੀ ਗੱਲ ਇਹ ਹੈ ਕਿ 65 ਫੀਸਦੀ ਪੰਜਾਬੀ ਵੱਸੋਂ ਵਾਲਾ ਪਾਕਿਸਤਾਨ ਪੰਜਾਬੀਆਂ ਨਾਲ ਇਸ ਤਰਾਂ ਕਿਓਂ ਕਰੇਗਾ ? ਜੇਕਰ ਪਾਕਿਸਤਾਨ ਕਰੇਗਾ ਵੀ ਤਾਂ ਫਿਰ ਸਾਰੇ ਭਾਰਤੀ ਲੋਕਾਂ ਨਾਲ ਕਰੇਗਾ । ਸੋ ਤਰਕਹੀਣ ਗੱਲਾਂ ਦਾ ਬਜ਼ਾਰ ਭਾਰਤ ਚ ਆਮ ਹੀ ਗਰਮ ਰਹਿੰਦਾ ਹੈ ।
ਇਕ ਮੋਟੇ ਅੰਦਾਜ਼ੇ ਮੁਤਾਬਿਕ ਪੰਜਾਬ ਦੇ 60 ਲੱਖ ਪੜ੍ਹਿਆ ਲਿਖਿਆ ਨੌਜਵਾਨ ਇਸ ਵੇਲੇ ਬੇਕਾਰ ਹੈ ਜਿਹਨਾ ਵੱਲ ਦੇਖ ਅਗਲੀਆਂ ਪੀੜ੍ਹੀਆਂ ਆਈਲਟਸ ਕਰਕੇ ਪੰਜਾਬ ਤੋਂ ਕਿਸੇ ਵੀ ਹੀਲੇ ਉਜੜਨ ਵਾਸਤੇ ਤਿਆਰ ਹਨ ਜਦ ਕਿ ਪੰਜਾਬ ਦੇ ਕਾਲੇਜ ਅਤੇ ਯੂਨੀਵਰਸਿਟੀਆਂ ਪੂਰੇ ਵਿਸ਼ਵ ਵਿੱਚ ਆਪਣੇ ਆਹਲਾ ਮਿਆਰ ਵਾਸਤੇ ਮੰਨੇ ਹੋਏ ਹਨ ਤੇ ਬਹੁਤ ਸਾਰੇ ਵਿਦੇਸ਼ੀ ਨੌਜਵਾਨ ਇੱਥੇ ਪੜ੍ਹਨ ਵਾਸਤੇ ਆਉਦੇ ਹਨ ਤੇ ਡਿਗਰੀਆਂ ਕਰਨ ਉਪਰੰਤ ਵਾਪਸ ਆਪਣੇ ਮੁਲਕਾਂ ਚ ਜਾ ਕੇ ਸ਼ਾਨਦਾਰ ਨੌਕਰੀਆਂ ਕਰਦੇ ਹਨ । ਪੰਜਾਬ ਦੀ ਨੌਜਵਾਨੀ ਨੂੰ ਬਹੁਤ ਹੀ ਗਹਿਰੀ ਸਾਜ਼ਸ਼ ਤਹਿਤ ਉਜਾੜਿਆਂ ਜਾ ਰਿਹਾ ਹੈ, ਵਤਨੋ ਬੇ ਵਤਨ ਕੀਤਾ ਜਿਹਾ ਹੈ । ਪੰਜਾਬ ਦੇ ਨਾਲ ਲੱਗਦੇ ਕਿਸੇ ਵੀ ਹੋਰ ਰਾਜ ਵਿੱਚ ਵਿਦੇਸ਼ ਜਾ ਕੇ ਪੜ੍ਹਨ ਦੀ ਇਹ ਹੋੜ ਨਹੀਂ ਹੈ । ਦਰਅਸਲ ਪੰਜਾਬ ਦੀ ਨੌਜਵਾਨੀ ਅੱਜ ਪੰਜਾਬ ਵਿੱਚ ਰਹਿ ਕੇ ਆਪਣਾ ਭਵਿੱਖ ਸੁਰੱਖਿਅਤ ਨਹੀਂ ਸਮਝਦੀ ਤੇ ਇਸ ਦੇ ਪਿੱਛੇ ਬਹੁਤ ਹੀ ਗਹਿਰੀ ਸਿਆਸੀ ਸ਼ਾਜਿਸ਼ ਕੰਮ ਕਰ ਰਹੀ ਹੈ।
ਭਾਰਤ ਇਸ ਵੇਲੇ ਜਾਤੀ ਜਮਾਤੀ ਸਿਆਸਤ ਦਾ ਸ਼ਿਕਾਰ ਹੈ । ਧਰਮ ਨੂੰ ਰਾਜਨੀਤਕ ਪੱਤੇ ਦੇ ਤੌਰ ‘ਤੇ ਵਰਤਿਆਂ ਜਾ ਰਿਹਾ ਹੈ । ਏਹੀ ਕਾਰਨ ਹੈ ਕਿ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਅੱਜ ਤੱਕ ਸਜ਼ਾਵਾਂ ਨਹੀਂ ਦਿੱਤੀਆਂ ਗਈਆ, ਉਸ ਕਤਲੇਆਮ ਦੇ ਸ਼ਿਕਾਰ ਲੋਕਾਂ ਦੇ ਵਾਰਿਸਾਂ ਦਾ ਅੱਜ ਤੱਕ ਮੁੜ ਵਸੇਬਾ ਨਹੀਂ ਕੀਤਾ ਗਿਆ । ਦੁੱਖ ਤੇ ਅਫ਼ਸੋਸ ਵਾਲੀ ਗੱਲ ਹੈ ਕਿ ਇਕ ਹੀ ਮੁਲਕ ਵਿੱਚ ਵੱਖ ਵੱਖ ਧਰਮਾਂ, ਜਾਤੀਆਂ ਤੇ ਸੂਬਿਆ ਦੇ ਲੋਕਾਂ ਵਾਸਤੇ ਭਿੰਨ ਭੇਦੀ ਕਾਨੂੰਨ ਹੈ । ਜਿਸ ਦੀ ਲਾਠੀ ਉਸ ਦੀ ਮੱਝ ਵਾਲੀ ਵਿਵਸਥਾ ਤੇ ਡਾਢੇ ਦਾ ਸੱਤੀ ਵੀਹੀਂ ਸੌ ਹੈ । ਮੁਲਕ ਵਿੱਚ ਚੋਰ ਉਚੱਕੇ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਵਾਲੀ ਵਿਵਸਥਾ ਬਣ ਚੁੱਕੀ ਹੈ ।
ਪੰਜਾਬ ਇਸ ਵੇਲੇ ਬਹੁਤ ਹੀ ਨਾਜੁਕ ਦੌਰ ਚੋਂ ਗੁਜ਼ਰ ਰਿਹਾ । ਰਾਜ ਦੀ ਸਿਆਸੀ, ਮਾਲੀ, ਤੇ ਸਮਾਜਿਕ ਹਾਲਤ ਬਹੁਤ ਹੀ ਗਰਕ ਚੁੱਕੀ ਹੈ । ਅੱਜ ਨਵੰਬਰ 1984 ਵਾਲੇ ਕਤਲੇਆਮ ਨੂੰ ਯਾਦ ਕਰਕੇ ਮਨ ਬਹੁਤ ਦੁਖੀ ਹੈ । ਇਸ ਤਰਾਂ ਜਾਪ ਰਿਹਾ ਹੈ ਕਿ ਪੰਜਾਬ ਦੇ ਲੋਕ ਆਏ ਦਿਨ ਹੀ ਉਸ ਤਰਾਂ ਦੇ ਸਿੱਧੇ ਅਸਿੱਧੇ ਕਤਲੇਆਮ ਦਾ ਸ਼ਿਕਾਰ ਹੋ ਰਹੇ ਹਨ । ਪੰਜਾਬੀਆ ਨਾਲ ਦੂਜੇ ਦਰਜੇ ਦੇ ਸ਼ਹਿਰੀਆ ਨਾਲਾ ਸਲੂਕ ਆਏ ਦਿਨ ਕਰਕੇ ਉਹਨਾਂ ਦਾ ਸ਼ੋਸ਼ਣ ਨਿੱਤ ਦਿਨ ਹੀ ਕੀਤਾ ਜਾ ਰਿਹਾ ਹੈ । ਹੁਣ ਕਿਸਾਨ ਵਿਰੋਧੀ ਬਿਲ ਬਣਾ ਕੇ ਕਿਸਾਨਾਂ ਦੇ ਹੱਕਾਂ ‘ਤੇ ਛਾਪਾ ਮਾਰਨ ਦੀ ਗੱਲ ਕਿਸੇ ਵੀ ਤਰਾਂ ਕਿਸਾਨਾਂ ਦਾ ਤੇ ਉਹਨਾਂ ਦੇ ਹਿਤਾਂ ਦਾ ਕਤਲੇਆਮ ਕਰਨ ਤੋਂ ਘੱਟ ਨਹੀਂ ਹੈ । ਰੱਬ ਖ਼ੈਰ ਕਰੇ !