
ਮਾਤਾ ਸਵਰਣ ਕੌਰ ਨੇ ਹਰ ਰੋਜ਼ ਦੀ ਤਰ੍ਹਾਂ ਨਿੱਤਨੇਮ ਕੀਤਾ, ਹੱਥ ਵਿੱਚ ਮਾਲਾ ਲਈ ਤੇ ਵੱਡੀ ਨੂੰਹ ਨੂੰ ਅਵਾਜ਼ ਦਿੰਦਿਆਂ ਕਿਹਾ ” ਧੀਏ ਸੁਰਜੀਤ ਕੁਰੇ ਜੇ ਮਾਸਾ ਵੇਹਲ ਹੈਗਾ ਤਾਂ ਆ ਜ਼ਰਾ ਮੰਜੀ ਧੁੱਪੇ ਨਿਵਾਂ ਦੇ… ” ਮਾਤਾ ਜੀ ਦੀ ਅਵਾਜ਼ ਸੁਣ ਸੁਰਜੀਤ ਕੌਰ ਆਈ ਤੇ ਮੰਜੀ ਹੇਠਾਂ ਨਿਵਾਂ ਉੱਤੇ ਚਾਦਰ ਵਿਛਾ ਫਿਰ ਆਪਣੇ ਕੰਮੀ ਰੁੱਝ ਗਈ। ਕੁਝ ਦਿਨ ਹੋਰ ਉੱਪਰ ਹੋਇਆ ਤਾਂ ਮਾਤਾ ਸਵਰਣ ਕੌਰ ਹੌਲੇ ਜਿਹੇ ਆਪਣੇ ਮੰਜੇ ਤੋਂ ਉੱਠ ਰੋਜ਼ ਦੀ ਤਰ੍ਹਾਂ ਭੜੋਲੇ ਵਿੱਚੋਂ ਇੱਕ ਕੌਲਾਂ ਦਾਣਿਆਂ ਦਾ ਭਰ ਲਿਆਈ ਅਤੇ ਚਿੜੀਆਂ, ਕਾਵਾਂ, ਕਬੂਤਰਾਂ ਤੇ ਹੋਰ ਪੰਛੀਆਂ ਲਈ ਵਿਹੜੇ ਵਿੱਚ ਖਿਲਾਰ ਦਿੱਤੇ। ਮਾਤਾ ਜੀ ਦੇ ਦਾਣੇ ਖਿਲਾਰਨ ਦੀ ਦੇਰ ਸੀ ਕਿ ਨਿੱਤ ਦੇ ਗਿੱਝੀ ਪੰਛੀਆਂ ਦੀ ਡਾਰ ਵਿਹੜੇ ਵਿੱਚ ਚਹਿਚਕਾਉਣ ਲੱਗੀ। ਘਰ ਦੇ ਜੀਆਂ ਵਾਂਗਰਾਂ ਬੜੇ ਹੱਕ ਜਿਹੇ ਨਾਲ ਦਾਣੇ ਚੁਗਦੇ ਪੰਛੀਆਂ ਨੂੰ ਮਾਤਾ ਸਵਰਣ ਕੌਰ ਬੜੀ ਨੀਝ ਨਾਲ ਵੇਖਦੀ ਹੋਈ ਮਾਲਾ ਫੇਰਦੀ ਰਹਿੰਦੀ। ਇਸੇ ਤਰ੍ਹਾਂ ਦਿਨ ਬੀਤਦੇ ਗਏ ਤੇ ਮਾਤਾ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਦਾਣਿਆਂ ਕੌਲਾਂ ਲੈਣ ਭੜੋਲੇ ਵੱਲ ਨੂੰ ਗਈ। ਸਾਹਮਣੇ ਬੈਠੀ ਪੋਤਰੀ ਹਰਸਿਮਰਨ ਮਾਤਾ ਜੀ ਨੂੰ ਦੇਖ ਰਹੀ ਸੀ। ਪਰ ਅੱਜ ਮਾਤਾ ਜੀ ਨੇ ਇੱਕ ਨਹੀਂ ਬਲਕਿ ਦੋ ਕੌਲੇ ਦਾਣਿਆਂ ਦੇ ਪੰਛੀਆਂ ਲਈ ਵਿਹੜੇ ਵਿੱਚ ਖਿਲਾਰ ਦਿੱਤੇ। ਮਾਤਾ ਜੀ ਨੂੰ ਏਦਾਂ ਕਰਦਿਆਂ ਵੇਖ ਹਰਸਿਮਰਨ ਬੋਲੀ ਦਾਦੀ ਅੱਜ ਦੋ ਕੌਲੇ ਕਿਉਂ ? ਕੁਝ ਸਮਾਂ ਰੁਕ ਕੇ ਮਾਤਾ ਜੀ ਬੋਲੇ ਦੱਸਾਂਗੀ …।