ਮਾਂ ਬੋਲੀ ਦੀ ਲਿਪੀ
ੳ,ਅ,ੲ,ਸ,ਹ ਕਹਿੰਦੇ ਆਓ,
ਸੁਭਾ ਸਵੇਰੇ ਜਲਦੀ ਉੱਠੋ,
ਨਿੱਤ ਸੈਰ ਨੂੰ ਜਾਓ।
ਕ,ਖ,ਗ,ਘ, ਙ ਆਓ ਪੜ੍ਹੀਏ,
ਰੋਜ਼ ਨਹਾਓ ਵਰਦੀ ਪਾਓ,
ਦੰਦ ਸਾਫ਼ ਨਿੱਤ ਕਰੀਏ।
ਚ,ਛ,ਜ,ਝ,ਞ ਖ਼ਾਲੀ ਰਹਿਣਾ,
ਅਧਿਆਪਕ ਦਾ ਪਿਆਰ ਪਾਉਣ,
ਉਹ ਮੰਨਣ ਜਿਹੜੇ ਕਹਿਣਾ।
ਟ,ਠ,ਡ,ਢ, ਅਗਲਾ ਅੱਖਰ ਣ,
ਸਦਾ ਸਮੇਂ ਸਿਰ ਜਾਓ ਸਕੂਲੇ,
ਰੋਜ਼ ਸਭਾ ਵਿਚ ਜਾਣਾ।
ਤ,ਥ,ਦ,ਧ,ਨ ਸਾਰੇ ਬੋਲੋ,
ਸੁੰਦਰ ਸਾਫ਼ ਸਕੂਲ ਨੂੰ ਰੱਖੋ,
ਬੇਅਰਥ ਨਾ ਪਾਣੀ ਡੋਲ੍ਹੋ।
ਪ,ਫ,ਬ,ਭ,ਮ ਸੁਣੋ ਸੁਣਾਓ,
ਨਕਲ ਨਾ ਮਾਰੋ, ਯਾਦ ਕਰੋ,
ਖ਼ੁਦ ਸੋਹਣੇ ਅੱਖਰ ਪਾਓ।
ਯ,ਰ,ਲ,ਵ ਪੈਂਤੀਵਾਂ ਅੱਖਰ ੜ,
ਚੋਰੀ ਦੀ ਆਦਤ ਹੈ ਮਾੜੀ,
ਮੂੰਹੋਂ ਨਾ ਬੋਲੋ ਕਦੇ ਮਾੜਾ।
ਬਿੰਦੀ ਵਾਲੇ ਛੇ ਅੱਖਰ,
ਦਸ ਲਗਾਂ ਅੱਧਕ ਤੇ ਟਿੱਪੀ,
ਮਾਂ ਬੋਲੀ ਪੰਜਾਬੀ ਨੂੰ ਲਿਖੀਏ
ਵਿੱਚ ਗੁਰਮੁੱਖੀ ਲਿੱਪੀ।
ਮਾਖਿਓ ਮਿੱਠੀ ਮਾਂ ਬੋਲੀ,
ਨੂੰ ਕਰੋ ਪਿਆਰ ਸਤਿਕਾਰ।
ਤਵਾਰੀਖ ਚੋਂ ਮਿਟ ਜਾਂਦੇ ਉਹ,
ਦੇਣ ਜੋ ਮਨੋਂ ਵਿਸਾਰ।
———————00000———————
ਰੁੱਖ ਲਗਾਈਏ
ਆਓ ਬੱਚਿਓ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ,
ਰੁੱਖਾਂ ਉੱਤੇ ਪੰਛੀ ਆਉਣਗੇ,
ਮਿੱਠੇ-ਮਿੱਠੇ ਗੀਤ ਸੁਣਾਉਣਗੇ,
ਪੰਛੀਆਂ ਦੀ ਰਲ ਹੋਂਦ ਬਚਾਈਏ,
ਆਓ ਬੱਚਿਓ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ
ਫ਼ਲ ਫ਼ੁੱਲ ਤੇ ਦਿੰਦੇ ਜੀਵਨ ਦਾਨ,
ਬਿਮਾਰੀਆਂ ਦਾ ਕਰਦੇ ਸਮਾਧਾਨ,
ਠੰਢੀਆਂ ਛਾਵਾਂ ਰਲ ਬਚਾਈਏ,
ਆਓ ਬੱਚਿਓ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ
ਲੋੜਾਂ ਸਭ ਦੀਆਂ ਪੂਰੀਆਂ ਕਰਦੇ,
ਸਾਡੇ ਨਾਲ ਹਮੇਸ਼ਾ ਰੁੱਖ ਹੀ ਮਰਦੇ,
ਪ੍ਰਦੂਸ਼ਣ ਆਪਾਂ ਦੂਰ ਭਜਾਈਏ,
ਆਓ ਬੱਚਿਓ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ
ਰੁੱਖ ਕਾਗਜ਼ ਬਣਦੇ ਬੇਸ਼ੁਮਾਰ,
ਰੁੱਖਾਂ ਸਦਕਾ ਮਿਲਦਾ ਸਤਿਕਾਰ,
ਅੱਖਰ ਗਿਆਨ ਸਭ ਨੂੰ ਸਿਖਾਈਏ,
ਆਓ ਬੱਚਿਓ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ
ਰੁੱਖਾਂ ਨਾਲ ਹੀ ਜੱਗ ਉੱਤੇ ਬਹਾਰ,
ਚਿਹਰੇ ਖਿੜੇ ਰਹਿਣ ਜਿਵੇਂ ਗੁਲਜ਼ਾਰ,
ਜ਼ਿੰਦਗੀ ‘ਚ ਦੋ-ਦੋ ਰੁੱਖ ਲਗਾਈਏ,
ਵਾਤਾਵਰਣ ਨੂੰ ਸ਼ੁੱਧ ਬਣਾਈਏ।