ਜੈਪੁਰ – ਆਪਣੇ ਬਿਆਨਾਂ ਕਾਰਨ ਹਮੇਸ਼ਾ ਵਿਵਾਦਾਂ ‘ਚ ਰਹਿਣ ਵਾਲੇ ਰਾਜਸਥਾਨ ਦੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਰਾਜੇਂਦਰ ਗੁੜਾ ਨੇ ਬੁੱਧਵਾਰ ਨੂੰ ਨਵਾਂ ਵਿਵਾਦਿਤ ਬਿਆਨ ਦਿੱਤਾ ਹੈ। ਦੋ ਦਿਨ ਪਹਿਲਾਂ ਰਾਜ ਮੰਤਰੀ ਵਜੋਂ ਆਪਣੇ ਵਿਧਾਨ ਸਭਾ ਹਲਕੇ ਉਦੈਪੁਰਵਤੀ ਪੁੱਜੇ ਗੁੜ੍ਹਾ ਨੇ ਖ਼ਰਾਬ ਸੜਕਾਂ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜਨੀਅਰ ਐਨਕੇ ਜੋਸ਼ੀ ਨੂੰ ਕਿਹਾ ਕਿ ਮੇਰੇ ਪਿੰਡ ਵਿਚ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਦੀਆਂ ਗੱਲ੍ਹਾਂ ਵਰਗੀਆਂ ਸੜਕਾਂ ਬਣਾਈਆਂ ਜਾਣ। ਗੁੜਾ ਨੇ ਪਹਿਲਾਂ ਕਿਹਾ ਕਿ ਸੜਕ ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਦੀ ਗੱਲ੍ਹਾਂ ਵਰਗੀ ਹੋਣੀ ਚਾਹੀਦੀ ਹੈ। ਫਿਰ ਕੁਝ ਸਮੇਂ ਬਾਅਦ ਉਨ੍ਹਾਂ ਨੇ ਖੁਦ ਕਿਹਾ, ਹੇਮਾ ਮਾਲਿਨੀ ਹੁਣ ਬੁੱਢੀ ਹੋ ਗਈ ਹੈ। ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਲੋਕਾਂ ਤੋਂ ਪੁੱਛਿਆ ਕਿ ਇਨ੍ਹਾਂ ਦਿਨਾਂ ‘ਚ ਕਿਹੜੀ ਅਦਾਕਾਰਾ ਫਿਲਮਾਂ ‘ਚ ਜ਼ਿਆਦਾ ਮਸ਼ਹੂਰ ਹੈ। ਜਦੋਂ ਲੋਕਾਂ ਨੇ ਕੈਟਰੀਨਾ ਕੈਫ ਨੂੰ ਜ਼ਿਆਦਾ ਮਸ਼ਹੂਰ ਦੱਸਿਆ ਤਾਂ ਰਾਜਿੰਦਰ ਗੁੜਾ ਨੇ ਲੋਕਾਂ ਨੂੰ ਕਿਹਾ ਕਿ ਹੇਮਾ ਮਾਲਿਨੀ ਹੁਣ ਬੁੱਢੀ ਹੋ ਗਈ ਹੈ, ਕੈਟਰੀਨਾ ਕੈਫ ਦੀ ਗੱਲ੍ਹਾਂ ਵਰਗੀ ਸੜਕ ਬਣਾਈ ਜਾਣੀ ਚਾਹੀਦੀ ਹੈ। ਗੁੜਾ ਬਸਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੀ ਬਗਾਵਤ ਦੌਰਾਨ ਗੁੜਾ ਬਸਪਾ ਦੇ ਛੇ ਵਿਧਾਇਕਾਂ ਨੂੰ ਨਾਲ ਲੈ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਦੇ ਬਾਕੀ ਪੰਜ ਸਾਥੀਆਂ ਨੂੰ ਸੰਸਦੀ ਸਕੱਤਰ ਬਣਾਉਣ ਦੀ ਚਰਚਾ ਹੈ।