ਰੂਪਨਗਰ – ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੇ ਵਿਰੁੱਧ ਅਵਾ-ਤਵਾ ਬੋਲਣ ਕਰਕੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਕੱਲ੍ਹ ਪੰਜਾਬ ਦੇ ਵਿੱਚ ਵੱਡੀ ਮੁਸ਼ਕਲ ਦਾ ਸ੍ਹਾਮਣਾ ਕਰਨਾ ਪਿਆ ਅਤੇ ਮੁਆਫ਼ੀ ਮੰਗ ਕੇ ਆਪਣਾ ਖਹਿੜਾ ਛੁਡਾਉਣਾ ਪਿਆ।
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਕਿਸਾਨਾਂ ਨੇ ਕੱਲ੍ਹ ਰੂਪਨਗਰ-ਕੀਰਤਪੁਰ ਸਾਹਿਬ ਰੋਡ ‘ਤੇ ਬੁੰਗਾ ਸਾਹਿਬ ਨੇੜੇ ਰੋਕ ਲਿਆ। ਕਿਸਾਨ ਕੰਗਨਾ ਦੀਆਂ ਗੱਡੀਆਂ ਦੇ ਕਾਫਲੇ ਅੱਗੇ ਨਾਅਰੇਬਾਜ਼ੀ ਕਰ ਰਹੇ ਸਨ। ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਤਕ ਕੰਗਨਾ ਕਿਸਾਨਾਂ ਅਤੇ ਪੰਜਾਬੀਆਂ ‘ਤੇ ਦਿੱਤੇ ਬਿਆਨਾਂ ਲਈ ਮਾਫੀ ਨਹੀਂ ਮੰਗਦੀ, ਉਹ ਉਨ੍ਹਾਂ ਨੂੰ ਨਹੀਂ ਜਾਣ ਦੇਣਗੇ। ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਵੀ ਪਹੁੰਚ ਗਈ ਪਰ ਕਿਸਾਨਾਂ ਦੀ ਵੱਧ ਰਹੀ ਗਿਣਤੀ ਕਾਰਨ ਇਹ ਨਾਕਾਫ਼ੀ ਸਾਬਤ ਹੋਈ। ਪੁਲਿਸ ਕਿਸਾਨਾਂ ਨੂੰ ਸਮਝਾਉਣ ਵਿੱਚ ਲੱਗੀ ਰਹੀ ਅਤੇ ਆਖ਼ਿਰਕਾਰ ਮਾਫੀ ਮੰਗਣ ਤੋਂ ਬਾਅਦ ਹੀ ਕੰਗਨਾ ਰਣੌਤ ਨੂੰ ਅੱਗੇ ਜਾਣ ਦਿੱਤਾ ਗਿਆ। ਮਾਫੀ ਮੰਗਣ ਤੋਂ ਬਾਅਦ ਕੰਗਨਾ ਹੱਥ ਹਿਲਾਉਂਦੇ ਹੋਏ ਰਵਾਨਾ ਹੋ ਗਈ।
ਵਰਨਣਯੋਗ ਹੈ ਕਿ ਕੰਗਨਾ ਕਿਸਾਨ ਅੰਦੋਲਨ ਦੌਰਾਨ ਆਪਣੇ ਬਿਆਨਾਂ ਨੂੰ ਲੈ ਕੇ ਹਮੇਸ਼ਾ ਹੀ ਵਿਵਾਦਾਂ ‘ਚ ਰਹੀ ਹੈ ਅਤੇ ਕਿਸਾਨ ਅੰਦੋਲਨ ਦੀ ਕੁਤਾਚੀਨੀ ਕਰਦੀ ਰਹੀ ਹੈ ਅਤੇ ਕਈ ਮਾਮਲਿਆਂ ਵਿੱਚ ਕੰਗਨਾ ਖਿਲਾਫ ਪੁਲਿਸ ਕੋਲ ਸ਼ਿਕਾਇਤਾਂ ਵੀ ਦਰਜ ਕੀਤੀਆਂ ਗਈਆਂ ਹਨ। ਕਿਸਾਨ ਅੰਦੋਲਨ ਦੀ ਸ਼ੁਰੂਆਤ ‘ਚ ਕੰਗਨਾ ਨੇ ਟਵਿੱਟਰ ‘ਤੇ ਇਕ ਪੰਜਾਬੀ ਬਜ਼ੁਰਗ ਔਰਤ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਅਜਿਹੇ ਲੋਕ 50-50 ਰੁਪਏ ਲੈ ਕੇ ਅੰਦੋਲਨ ‘ਚ ਪਹੁੰਚ ਜਾਂਦੇ ਹਨ। ਇਸ ਤੋਂ ਬਾਅਦ ਕੰਗਨਾ ਕਿਸਾਨਾਂ ਦੇ ਨਿਸ਼ਾਨੇ ‘ਤੇ ਆ ਗਈ ਸੀ। ਕੰਗਨਾ ਦੀ ਇਸ ਟਿੱਪਣੀ ‘ਤੇ ਕਿਸਾਨ ਔਰਤ ਵੀ ਗੁੱਸੇ ‘ਚ ਆ ਗਈ ਅਤੇ ਕੰਗਨਾ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਕੰਗਨਾ ਦਾ ਟਵਿੱਟਰ ਅਕਾਊਂਟ ਵੀ ਵਿਵਾਦਿਤ ਬਿਆਨਾਂ ਕਰਕੇ ਟਿੱਪਣੀਆਂ ਕਾਰਨ ਸਸਪੈਂਡ ਕਰ ਦਿੱਤਾ ਗਿਆ ਸੀ। ਹੁਣ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ ਤਾਂ ਕੰਗਨਾ ਨੇ ਇਸ ‘ਤੇ ਨਾਰਾਜ਼ਗੀ ਜਤਾਈ ਸੀ। ਕੰਗਣਾ ਨੇ ਇੱਥੋਂ ਤਕ ਕਿਹਾ ਸੀ ਕਿ ‘ਜੇਕਰ ਸੰਸਦ ‘ਚ ਚੁਣੀ ਗਈ ਸਰਕਾਰ ਦੀ ਬਜਾਏ ਲੋਕ ਸੜਕਾਂ ‘ਤੇ ਕਾਨੂੰਨ ਬਣਾਉਣ ਲੱਗਣ ਤਾਂ ਇਹ ਜੇਹਾਦੀ ਦੇਸ਼ ਹੈ। ਉਨ੍ਹਾਂ ਸਾਰਿਆਂ ਨੂੰ ਵਧਾਈਆਂ ਜੋ ਇਹ ਚਾਹੁੰਦੇ ਸਨ।’ ਕੰਗਨਾ ਦੇ ਇਸ ਬਿਆਨ ਤੋਂ ਬਾਅਦ ਉਹ ਇਕ ਵਾਰ ਫਿਰ ਕਿਸਾਨਾਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਇਸ ਮਾਮਲੇ ਵਿੱਚ ਵੀ ਉਸ ਖ਼ਿਲਾਫ਼ ਕਈ ਥਾਣਿਆਂ ਵਿੱਚ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ। ਕਈ ਸੰਗਠਨਾਂ ਨੇ ਉਨ੍ਹਾਂ ਤੋਂ ਪਦਮ ਸ਼੍ਰੀ ਵਾਪਸ ਲੈਣ ਦੀ ਮੰਗ ਵੀ ਕੀਤੀ ਹੈ।