Articles Religion

ਗੁਰਮੁਖ ਅਤੇ ਮਨਮੁਖ

ਲੇਖਕ: ਪ੍ਰੋ ਜਸਬੀਰ ਸਿੰਘ, ਪਟਿਆਲਾ
ਸੰਸਾਰ ਦੇ ਮਹਾਨ ਵਿਚਾਰਵਾਨਾਂ ਨੇ ਜਿਸ ਵਿਅਕਤੀ ਉਤੇ ਆਪਣੇ ਦੁਆਰਾ ਨਿਰਧਾਰਿਤ ਆਦਰਸ਼ਾਂ ਨੂੰ ਲਾਗੂ ਕੀਤਾ ਹੈ ਕਿਸੇ ਨੇ ਉਸ ਨੂੰ ਸੁਪੀਰੀਅਰਮੈਨ, ਕਿਸੇ ਨੇ ਪੁਰਸ਼ੋਤਮ ਅਤੇ ਕਿਸੇ ਨੇ ਪਰਮ ਮਨੁੱਖ ਕਿਹਾ ਹੈ । ਗੁਰੂ ਨਾਨਕ ਸਾਹਿਬ  ਨੇ  ਜੀਵਨ ਮੁਕਤ, ਪੰਚ,ਸੇਵਕ, ਬ੍ਰਹਮ ਗਿਆਨੀ, ਸਚਿਆਰ ਸਿੱਖ, ਭਗਤ, ਸਾਧ, ਸੰਤ ਆਦਿ ਅਨੇਕ ਨਾਮ ਦਿੱਤੇ ਹਨ ਪਰ ਬਹੁ ਪ੍ਰਵਾਣਿਤ ਨਾਮ ਗੁਰਮੁਖਿ ਹੈ।
ਮਹਾਨ ਕੋਸ਼ ਦੇ ਪੰਨਾ 418 ਤੇ ਭਾਈ ਕਾਨ੍ਹ ਸਿੰਘ ਜੀ ਗੁਰਮੁਖ ਸ਼ਬਦ ਦੇ ਅਰਥ ਹੇਠ ਲਿਖੇ ਅਨੁਸਾਰ ਕਰਦੇ ਹਨ । ਗੁਰਮੁਖ : (ਸੰਗਯਾ) ਸਤਿਗੁਰੂ ਦਾ ਮੁੱਖ, ਗੁਰੂ ਦਾ ਚਿਹਰਾ, ਗੁਰਮੁੱਖ ਦੇਖ ਸਿੱਖ ਬਿਗਸਾਵਹਿ । ਉਹ ਪੁਰਖ ਕਦੇ ਵੇਮੁਖ ਨਹੀਂ ਹੁੰਦਾ ।
ਗੁਰਮੁੱਖ : ਗੁਰੂ ਦੇ ਮੁੱਖ ਵਿਚ ਭਾਵ ਗੁਰੂ ਉਪਦੇਸ਼ ਬਾਣੀ ਵਿਚ ਗੁਰਮੁੱਖਤਾ ਕਰਕੇ ਪ੍ਰਧਾਨ
 (ਓਅੰ ਗੁਰਮੁਖਿ ਕੀਓ ਅਕਾਰਾ)
ਗੁਰਮੁਖ ਨੂੰ ਗੁਰੂ ਗ੍ਰੰਥ ਸੰਕੇਤ ਕੋਸ਼ ਪੰਨਾ 142 ਅਨੁਸਾਰ ਗੁਰੂ ਨੂੰ ਸਨਮੁੱਖ ਰੱਖ ਕੇ ਉਸ ਦੀ ਆਗਿਆ ਅਨੁਸਾਰ ਜੀਵਨ ਬਸਰ ਕਰਨ ਵਾਲਾ ਗੁਰਮੁੱਖ ਕਿਹਾ ਹੈ । ਭਗਤੀ ਲਹਿਰ ਦੇ ਧਾਰਮਿਕ ਸਾਹਿਤ ਤੋਂ ਪਹਿਲਾਂ ਸਿੱਧ ਸਾਹਿਤ ਵਿਚ ਵੀ ਇਸ ਸ਼ਬਦ ਦਾ ਪ੍ਰਯੋਗ ਮਿਲਦਾ ਹੈ । ਸੰਤਾਂ ਭਗਤਾਂ ਅਤੇ ਗੁਰੂਆਂ ਨੇ ਇਸ ਦੀ ਵਰਤੋਂ ਨੇਕ ਜੀਵਨ ਵਾਲੇ ਪੁਰਸ਼ ਲਈ ਕੀਤੀ ਹੈ ।
ਗੁਰਬਾਣੀ ਦੀਆਂ ਲਗਾਂ ਮਾਤਰਾਂ ਦੀ ਵਿਲੱਖਣਤਾ ਨਾਮੀ ਪੁਸਤਕ ਵਿਚ ਪੰਨਾ 171 ਤੇ ਭਾਈ ਰਣਧੀਰ ਸਿੰਘ ਜੀ ਲਿਖਦੇ ਹਨ.. ਗੁਰਬਾਣੀ ਅੰਦਰਿ ਅਕਸਰ ਹਰ ਥਾਂ ਗੁਰਮੁਖਿ ਪਦ ਖੱਖੇ ਨੂੰ ਸਿਹਾਰੀ ਨਾਲ ਹੀ ਆਉਂਦਾ ਹੈ ਅਤੇ ਤਿੰਨਾਂ ਅਰਥਾਂ ਵਿਚ ਆਉਂਦਾ ਹੈ ।
1. ਵਾਹਿਗੁਰੂ ਦੇ ਅਰਥਾਂ ਵਿਚ
2. ਗੁਰਮੁਖਿ ਸਿੱਖ ਸੰਤ ਜਨਾਂ ਦੇ ਅਰਥਾਂ ਵਿਚ
 3. ਗੁਰੂ ਦੁਆਰੇ ਜਾਂ ਗੁਰੂ ਸਿਖਸ਼ਾਂ ਰਾਹੀਂ
“ਸੰਤ ਕਾਵਿ ਕਾ ਦਾਰਸ਼ਨਿਕ ਵਿਸ਼ਲੇਸ਼ਣ” ਪੰਨਾ 78-79 ਤੇ ‘ਡਾ. ਮਨਮੋਹਨ ਸਿੰਘ ਸਹਿਗਲ’ ਲਿਖਦੇ ਹਨ ਉਸ ਵਿਅਕਤੀ ਨੂੰ ਗੁਰਮਖ ਕਿਹਾ ਗਿਆ ਹੈ ਜੋ ਸਤਿਗੁਰੂ ਦੀ ਸਭਿਅਤਾ ਪਛਾਣ ਕੇ ਆਪਣਾ ਸਭ ਕੁਝ ਉਸ ਨੂੰ ਅਰਪਣ ਕਰ ਦਿੰਦਾ ਹੈ । ਉਸ ਦੇ ਸ਼ਬਦਾਂ ਵਿਚ ਵਿਸ਼ਵਾਸ ਰੱਖ ਕੇ ਸਚਖੰਡ ਦੇ ਮਾਰਗ ਉੱਤੇ ਸਦਾ ਅੱਗੇ ਵੱਧਦਾ ਹੈ । ਜੋ ਗੁਰੂ ਵਿਚ ਹੀ ਪ੍ਰਤੱਖ ਬ੍ਰਹਮ ਦੇ ਦਰਸ਼ਨ ਕਰਨ ਦਾ ਅਭਿਲਾਸ਼ੀ ਹੈ, ਜੋ ਰਾਤ ਦਿਨ ਰਾਮ ਨਾਮ ਵਿਚ ਲੀਨ ਰਹਿੰਦਾ ਹੈ ਅਤੇ ਜੋ ਕੇਵਲ ਆਪਣੇ ਆਪ ਨੂੰ ਹੀ ਨਹੀਂ ਆਪਣੇ ਸਮੁੱਚੇ ਪਰਿਵਾਰ ਸਾਥੀਆਂ ਅਤੇ ਮਿੱਤਰਾਂ ਨੂੰ ਭਵ ਸਾਗਰ ਤੋਂ ਪਾਰ ਉਤਾਰਨ ਵਿਚ ਸਮਰਥ ਹੁੰਦਾ ਹੈ।
“ਨਾਨਕ ਬਾਣੀ” ਦੇ ਪੰਨਾ 827 ਤੇ ਡਾ.ਜਯ ਰਾਮ ਮਿਸ਼ਰ ਲਿਖਦੇ ਹਨ ਗੁਰਮੁੱਖ ਉਹ ਹੈ ਜਿਸ ਨੇ ਗੁਰੂ ਰਾਹੀਂ ਦੀਖਿਆ ਲਈ ਹੋਵੇ ਜਾਂ ਉਹ ਵਿਅਕਤੀ ਜਿਸ ਨੂੰ ਨਾਮ ਪ੍ਰਾਪਤ ਹੋ ਗਿਆ ਹੋਵੇ ਜਾਂ ਉਹ ਸਾਧਕ ਜੋ ਦਿਨ ਰਾਤ ਨਾਮ ਦਾ ਜਾਪ ਕਰਦਾ ਹੋਵੇ ਜਾਂ ਉਹ ਸਿੱਧ ਪੁਰਸ਼ ਜਿਸ ਨੇ ਇਕ ਵਿਚ ਲਿਵ ਲਗਾ ਕੇ ਮਨ ਨੂੰ ਜਿੱਤ ਲਿਆ ਹੋਵੇ । ਜੋ ਦੈਵੀ ਗੁਣ ਗੁਰੂ ਨਾਨਕ ਸਾਹਿਬ ਨੇ ਮਨੁੱਖ ਨੂੰ ਪ੍ਰਦਾਨ ਕੀਤੇ, ਇਨ੍ਹਾਂ ਦੈਵੀ ਗੁਣਾਂ ਦੇ ਨਾਲ ਭਰਪੂਰ ਮਨੁੱਖ ਨੂੰ ਗੁਰਮੁਖ ਕਿਹਾ ਗਿਆ ਹੈ। ਇਨ੍ਹਾਂ ਦੈਵੀ ਗੁਣਾਂ ਦਾ ਵਿਕਾਸ ਇਸੇ ਮਾਤ ਲੋਕ ਵਿਚ ਰਹਿ ਕੇ ਹੀ ਹੁੰਦਾ ਹੈ ।ਮਾਇਆ ਵਿਚ ਰਹਿ ਕੇ ਮਾਇਆ ਤੋਂ ਪਰੇ ਰਹਿਣਾ ਗੁਰਮੁੱਖ ਵਿਅਕਤੀ ਦਾ ਸਭ ਤੋਂ ਪਹਿਲਾਂ ਗੁਣ ਹੈ। ਜਿਵੇਂ ਜਲ ਵਿਚ ਰਹਿ ਕੇ ਕਮਲ ਨਿਰਲਿਪਤ ਰਹਿੰਦਾ ਹੈ ਅਤੇ ਜਿਵੇਂ ਮੁਰਗਾਬੀ ਪੰਛੀ ਨਦੀ ਵਿਚ ਤਰਦੇ ਹੋਇਆ ਵੀ ਅਣਭਿਜ ਰਹਿੰਦਾ ਹੈ ਉਸੇ ਤਰ੍ਹਾਂ ਆਦਰਸ਼ਕ ਮਨੁੱਖ ਆਪਣੀ ਸੁਰਤਿ ਨੂੰ ਸ਼ਬਦ ਵਿਚ ਟਿਕਾ ਕੇ ਮਾਇਆ ਦੇ ਪ੍ਰਭਾਵ ਤੋਂ ਮੁਕਤ ਰਹਿੰਦਾ ਹੋਇਆ ਭਵ ਸਾਗਰ ਤਰ ਜਾਂਦਾ ਹੈ ਪਰ ਗੁਰੂ ਨਾਨਕ ਸਾਹਿਬ ਦਾ ਆਦਰਸ਼ ਪੁਰਸ਼ ਕੇਵਲ ਮੁਕਤੀ ਨਾਲ ਸੰਤੁਸ਼ਟ ਨਹੀਂ ਉਹ ਸਮਾਜ ਵਿਚ ਵਿਚਰਦਾ ਹੈ । ਇਸ ਲਈ ਆਪਣੇ ਜਨਮ ਨੂੰ ਉਹ ਤਦੇ ਹੀ ਸਫਲ ਸਮਝਦਾ ਹੈ ਜੋ ਉਹ ਆਪਣੀ ਮੁਕਤੀ ਦੇ ਨਾਲ ਨਾਲ ਸੰਗਤਿ ਅਤੇ ਕੁਲ ਨੂੰ ਵੀ ਭਵ ਸਾਗਰ ਤੋਂ ਤਰਨ ਵਿਚ ਮੱਦਦ ਕਰਦਾ ਹੈ ਪਰ ਇਹੋ ਜਿਹੇ ਗੁਰਮੁੱਖ ਮਿਲਦੇ ਘੱਟ ਹਨ ਜਿਵੇਂ ਗੁਰਫੁਰਮਾਨ ਹੈ :- ਐਸੇ ਜਨ ਵਿਰਲੇ ਸੰਸਾਰੇ।।ਗੁਰੂ ਸਬਦੁ ਵੀਚਾਰਹਿ ਰਹਹਿ ਨਿਰਾਰੇ ।।
ਆਪਿ ਤਰਹਿ ਸੰਗਤਿ ਕੁਲ ਤਾਰਹਿ ਤਿਨ ਸਫਲ ਜਨਮੁ ਜਗਿ ਆਇਆ।।
ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਹਨ ਕਿ ਗੁਰਮੁਖਿ ਗੁਰੂ ਦੇ ਪਿਆਰ ਰਾਹੀਂ ਸੱਚੀ ਭਗਤੀ ਤੇ ਸੱਚ ਦੇ ਰੰਗ ਵਿਚ ਰੰਗੇ ਰਹਿੰਦੇ ਹਨ ।ਉਨ੍ਹਾਂ ਦਾ ਜਗਤ ਵਿਚ ਆਉਣਾ ਸਫਲਾ ਹੈ ।ਉਹ ਆਪਣੀ ਕੁਲ ਦਾ ਵੀ ਉਧਾਰ ਕਰ ਲੈਂਦੇ ਹਨ। ਉਨ੍ਹਾਂ ਦੇ ਮੁੱਖ ਵਾਹਿਗੁਰੂ ਦੀ ਦਰਗਾਹ ‘ਚ ਸੋਹਣੇ ਲਗਦੇ ਹਨ । ਗੁਰਮੁੱਖਾਂ ਦੇ ਅੰਦਰ ਸਚੁ ਸੰਤੋਖ ਆਦਿ ਗੁਣ ਹੁੰਦੇ ਹਨ ਉਨ੍ਹਾਂ ਦੇ ਅੰਦਰ ਵਿਕਾਰ ਨਹੀਂ ਹੁੰਦੇ ।ਉਹ ਸਹਿਜੇ ਹੀ ਆਪਣੇ ਮਨ ਨੂੰ ਜਿੱਤ ਕੇ ਪਵਿੱਤਰ ਹੋ ਗਏ ਹੁੰਦੇ ਹਨ । ਉਨ੍ਹਾਂ ਦਾ ਜਾਗਣਾ ਅਤੇ ਸੌਣਾ ਸਹਿਜ ਵਿਚ ਹੁੰਦਾ ਹੈ ਅਤੇ ਉਹ ਰਾਤ ਦਿਨ ਵਾਹਿਗੁਰੂ ਦੀ ਉਸਤਤੀ ਵਿਚ ਲੱਗੇ ਰਹਿੰਦੇ ਹਨ । ਗੁਰਮੁੱਖਾਂ ਨੂੰ  ਕੇਵਲ ਇਕ ਪ੍ਰਮੇਸ਼ਰ ਤੇ ਭਰੋਸਾ ਹੁੰਦਾ ਹੈ ਉਹ ਗੁਰੂ ਸ਼ਬਦ ਦੀ ਵੀਚਾਰ ਵਿਚ ਰਹਿ ਕੇ ਨਾਮ ਦੇ ਰੰਗ ਵਿਚ ਰੰਗੇ ਰਹਿੰਦੇ ਹਨ। ਉਨ੍ਹਾਂ ਦਾ ਮਨ, ਤਨ ਅਤੇ ਬਾਣੀ ਨਿਰਮਲ ਹੁੰਦੇ ਹਨ।ਅਜਿਹੇ ਪੁਰਖ ਜੀਵਨ ਮੁਕਤ ਹਨ ।
1. ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰਿ॥
ਸਚੀ ਭਗਤੀ ਸਚਿ ਰਤੇ ਦਰਿ ਸਚੈ ਸਚਿਆਰੁ॥
ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰ॥
2. ਸਤੁ ਸੰਤੋਖੁ ਸਭੁ ਸਚੁ ਹੈ ਗੁਰਮੁਖਿ ਪਵਿਤਾ॥ ਅੰਦਰਹੁ ਕਪਟੁ ਵਿਕਾਰ ਗਇਆ ਮਨੁ ਸਹਜੇ ਜਿਤਾ।।
3. ਸਹਜੇ ਜਾਗੈ ਸਹਜੇ ਸੋਵੈ।। ਗੁਰਮੁਖਿ ਅਨਦਿਨੁ ਉਸਤਤਿ ਹੋਵੇ ॥
ਗੁਰਮੁੱਖਾਂ ਦੇ ਅੰਦਰ ਵਾਹਿਗੁਰੂ ਦੇ ਦਰਸ਼ਨਾਂ ਦੀ ਤਾਂਘ ਅਤੇ ਗੁਰਬਾਣੀ ਨਾਲ ਪਿਆਰ ਹੁੰਦਾ ਹੈ ਉਨ੍ਹਾਂ ਦੇ ਹਿਰਦੇ ਵਿਚ ਗੁਰੂ ਸ਼ਬਦ ਦਾ ਪ੍ਰਕਾਸ਼ ਹੁੰਦਾ ਹੈ ।ਗੁਰਫੁਰਮਾਨ ਹੈ:-
ਅੰਤਰਿ ਪ੍ਰੇਮੁ ਪਰਾਪਤਿ ਦਰਸਨ ॥ ਗੁਰਬਾਣੀ ਸਿਉ ਪ੍ਰੀਤਿ ਸੁ ਪਰਸਨੁ॥ ਅਹਿਨਿਸਿ ਨਿਰਮਲ ਜੋਤਿ ਸਬਾਈ ਘਟਿ ਦੀਪਕੁ ਗੁਰਮੁਖਿ ਜਾਤਾ ਹੇ॥
(ਮਾਰੂ ਮ. 1 ਪੰਨਾ -1032)
ਗੁਰਮੁਖ ਦੇ ਅੰਦਰ ਰਤੀ ਭਰ ਵੀ ਸੰਸਾ ਨਹੀਂ ਹੁੰਦਾ, ਨਾ ਹੀ ਉਸ ਨੂੰ ਕੋਈ ਚਿੰਤਾ ਹੁੰਦੀ ਹੈ ਸਦਾ ਪ੍ਰਭੂ ਦੀ ਰਜਾ ਵਿਚ ਰਹਿੰਦੇ ਹਨ :-
ਗੁਰਮੁਖਿ ਸੰਸਾ ਮੂਲਿ ਨ ਹੋਵਈ ਚਿੰਤਾ ਵਿਚਹੁ ਜਾਇ।।
(ਬਿਲਾਵਲ ਮ:3 ਪੰਨਾ -853)
 ਅਜਿਹੇ ਗੁਰਮੁਖ ਕਦੇ ਬੁਢੇ ਨਹੀਂ ਹੁੰਦੇ।ਉਹ ਨਾਮ, ਦਾਨ, ਇਸ਼ਨਾਨ ਦ੍ਰਿੜ ਕਰਦੇ ਹਨ ।ਉਨ੍ਹਾਂ ਦਾ ਧਿਆਨ ਸਹਿਜੇ ਹੀ ਵਾਹਿਗੁਰੂ ਵਿਚ ਲੱਗਾ ਰਹਿੰਦਾ ਹੈ ਪ੍ਰਭੂ ਦੀ ਦਰਗਾਹ ਵਿਚ ਉਨ੍ਹਾਂ ਨੂੰ ਮਾਣ ਮਿਲਦਾ ਹੈ। ਉਹ ਹਰ ਤਰ੍ਹਾਂ ਦੇ ਵੈਰ ਵਿਰੋਧ ਅਤੇ ਝਗੜਿਆਂ ਨੂੰ ਖਤਮ ਕਰ ਲੈਂਦੇ ਹਨ ਤੇ ਉਹ ਆਪਣੇ ਅਘੜ ਮਨ ਨੂੰ ਘੜ ਲੈਂਦੇ ਹਨ।
ਗੁਰਮੁੱਖਾਂ ਦਾ ਜੀਵਨ ਉਨ੍ਹਾਂ ਸੁਹਾਗਣਾਂ ਵਰਗਾ ਹੁੰਦਾ ਹੈ ਜੋ ਹਿਰਦੇ ਵਿਚ ਪਤੀ ਪਿਆਰ ਰੱਖਦੀਆਂ ਹਨ ਮਿੱਠਾ ਬੋਲਦੀਆਂ ਹਨ ਅਤੇ ਨਿਵ ਕੇ ਚਲਦੀਆਂ ਹਨ । ਉਹ ਸਦਾ ਪ੍ਰਭੂ ਮਿਲਾਪ ਦਾ ਅਨੰਦ ਮਾਣਦੀਆਂ ਹਨ :-
ਗੁਰਮੁਖਿ ਸਦਾ ਸੋਹਾਗਣੀ ਪਿਰੁ
ਰਾਖਿਆ ਉਰ ਧਾਰਿ ॥ ਮਿਠਾ ਬੋਲਹਿ ਨਿਵਿ ਚਲਹਿ ਸੈਜੇ ਰਵੈ ਭਤਾਰੁ ॥
(ਸਿਰੀ ਰਾਗੁ ਮ: 3, ਪੰਨਾ -31)
ਗੁਰਮੁੱਖਾਂ ਨੂੰ ਗੁਰਬਾਣੀ ਵਿਚ ਪਰਮ ਹੰਸ ਵੀ ਕਿਹਾ ਹੈ ਉਨ੍ਹਾਂ ਦੀ ਖੁਰਾਕ ਸਤਿਸੰਗ ਰੂਪ ਮਾਨਸਰੋਵਰ ਤੇ ਗੁਰਸ਼ਬਦਾਂ ਰੂਪੀ ਹੀਰੇ ਜਵਾਹਰਾਤ ਹੁੰਦੀ ਹੈ :-ਹੰਸਾ ਹੀਰਾ ਮੋਤੀ ਚੁਗਣਾ…
ਸਿਖ ਹੰਸ ਸਰਵਰਿ ਇਕਠੇ ਹੋਇ ਸਤਿਗੁਰ ਕੈ ਹੁਕਮਾਵੈ ॥
ਰਤਨ ਪਦਾਰਥ ਮਾਣਕ ਸਰਵਰਿ ਭਰਪੂਰੇ ਖਾਇ ਖਰਚਿ ਰਹੇ ਤੋਟਿ ਨ
ਆਵੇ।।
(ਵਾਰ ਰਾਮਕਲੀ ਮ. 5 ਪੰਨਾ 960) ਭਾਈ ਗੁਰਦਾਸ ਜੀ ਅਨੁਸਾਰ ਗੁਰਮੁਖ ਵਿਅਕਤੀ ਨੇ ਸਾਧ ਸੰਗਤ ਕਰਦੇ ਹੋਏ ਸ਼ਬਦ ਵਿਚ ਸੁਰਤ ਨੂੰ ਜੋੜ ਕੇ ਸਾਰਿਆਂ ਜੀਵਾਂ ਵਿਚ ਬ੍ਰਹਮ ਨੂੰ ਵਿਦਮਾਨ ਮੰਨਿਆ ਹੈ। ਉਨ੍ਹਾਂ ਦੇ ਹਿਰਦੇ ਵਿਚ ਸਹਿਜ ਸ਼ਰਧਾ ਭਗਤੀ ਅਤੇ ਪ੍ਰੇਮ ਦੀ ਭਾਵਨਾ ਹੈ ।ਉਹ ਸਾਰਿਆਂ ਨੂੰ ਹੱਸ ਹੱਸ ਕੇ ਮਿਲਦੇ ਅਤੇ ਸਮਦਰਸ਼ੀ ਹਨ। ਉਨ੍ਹਾਂ ਵਿਚ ਨਿਮਰਤਾ ਦਾ ਨਿਵਾਸ ਹੈ ।ਉਹ ਆਪਣੇ ਆਪ ਨੂੰ ਦਾਸਾਂ ਦਾ ਦਾਸ ਮੰਨਦੇ ਹਨ । ਇਸ ਲਈ ਉਹ ਸਦਾ ਮਿੱਠੇ ਬਚਨ ਬੋਲਦੇ ਹੋਇਆਂ ਬੇਨਤੀ ਭਰੇ ਬੋਲ ਬੋਲਦੇ ਹਨ। ਉਹ ਬ੍ਰਹਮ ਗਿਆਨ ਦੀ ਪ੍ਰਾਪਤੀ ਲਈ ਸੁਆਸ- ਸੁਆਸ ਅਰਾਧਨਾ ਕਰਦੇ ਹਨ।ਆਗਿਆਕਾਰੀ ਹੋ ਕੇ ਗੁਰੂ ਦੇ ਸਾਹਮਣੇ ਖੜ੍ਹੇ ਰਹਿੰਦੇ ਹਨ ।ਉਨ੍ਹਾਂ ਨੇ ਪ੍ਰਮਾਤਮਾ ਵਿਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਲੀਨ ਕਰ ਲਿਆ ਹੈ ।
ਸਾਧ ਸੰਗਤ ਵਿਚ ਆਉਣ ਵਾਲਾ ਗੁਰਮੁਖ ਵਿਅਕਤੀ ਹੋਰਨਾਂ ਕੁਸੰਗੀਆਂ ਦੀ ਸੰਗਤ ਵਿਚ ਨਹੀਂ ਜਾਂਦਾ । ਉਸ ਦਾ ਪੰਥ ਜੋਗੀਆਂ ਦੇ ਬਾਰ੍ਹਾਂ ਪੰਥਾਂ ਨਾਲੋਂ ਵਧੇਰੇ ਸ਼ੋਭਨੀਕ ਹੈ।ਉਹ ਭਾਵੇਂ ਉਚੀ ਕੁਲ ਜਾਂ ਨੀਵੀਂ ਕੁਲ ਵਿਚੋਂ ਹੀ ਕਿਉਂ ਨਾ ਹੋਵੇ ।ਗੁਰਮੁੱਖ ਦੀ ਬੁੱਧੀ ਅਟਲ ਹੈ ।ਉਹ ਗੁਰਮੁੱਖਾਂ ਦੀ ਰੀਤ ਪਾਲਣ ਤੋਂ ਨਹੀਂ ਸੰਗਦਾ ਅਤੇ ਪ੍ਰੇਮਾ ਭਗਤੀ ਦੀ ਖੁਸ਼ੀ ਵਿਚ ਮਸਤ ਰਹਿੰਦਾ ਹੈ ।
ਗੁਰਮੁਖਿ ਇਕ ਮਨ ਹੋ ਕੇ ਈਸ਼ਵਰ ਨੂੰ ਆਰਾਧਦੇ ਹਨ, ਦੁਚਿਤੀ ਵਿਚ ਨਹੀਂ ਪੈਂਦੇ। ਆਪਣਾ ਆਪ ਗਵਾ ਦਿੰਦੇ ਹਨ ਜੀਵਨ ਮੁਕਤ ਹੋ ਜਾਂਦੇ ਹਨ । ਉਨ੍ਹਾਂ ਦਾ ਹਿਰਦਾ ਤਮੋ ਗੁਣੀ ਨਹੀਂ ਹੁੰਦਾ । ਗੁਰੂ ਦੇ ਉਪਦੇਸ਼ ਨਾਲ ਵਿਸ਼ੇ ਵਾਸ਼ਨਾਵਾਂ ‘ਤੇ ਕਾਬੂ ਪਾ ਲੈਂਦੇ ਹਨ । ਉਹ ਪੈਰਾਂ ਦੀ ਖਾਕ ਬਣ ਕੇ ਪੂਜਨੀਕ ਹੁੰਦੇ ਹਨ। ਉਹ ਗੁਰਸਿੱਖਾਂ ਦੀ ਸੇਵਾ ਕਰਦੇ ਹਨ ਅਤੇ ਉਨ੍ਹਾਂ ਨਾਲ ਸਬੰਧ ਕਾਇਮ ਰੱਖਦੇ ਹਨ। ਦੁਰਮਤਿ ਅਤੇ ਦੁਬਿਧਾਂ ਨੂੰ ਤਿਆਗ ਕੇ ਤੇ ਗੁਰੂ ਦੀ ਸਿੱਖਿਆ ਲੈ ਕੇ ਸ਼ਬਦ ਦੀ ਸੋਝੀ ਵਿਚ ਮਨ ਟਿਕਾਂਉਂਦੇ ਹਨ ।ਉਹ ਖੋਟ ਅਤੇ ਕੁਬੁੱਧੀ ਨੂੰ ਛੱਡ ਦਿੰਦੇ ਹਨ ।
ਮਨਮੁੱਖ
ਮਹਾਨ ਕੋਸ਼ ਦੇ ਪੰਨਾ 950 ‘ਤੇ ਭਾਈ ਕਾਨ੍ਹ ਸਿੰਘ ਨੇ ਮਨਮੁੱਖ ਪਦ ਦੇ ਅਰਥ ਇਸ ਤਰ੍ਹਾਂ ਕੀਤੇ ਹਨ :-
ਮਨਮੁੱਖ -ਮਨਮੁੱਖ ਵਿਮੁਖ ਗੁਰਮਤਿ ਤੋਂ ਉਲਟ ਜਿਸ ਨੇ ਆਪਣੇ ਮਨ ਨੂੰ ਹੀ ਮੁਖ ਜਾਣਿਆ ਹੈਂ । ਮਨ ਮਤ ਧਾਰਨ ਵਾਲਾ ਮੁਨਮੁਖਿ ਹੈ। ਗੁਰੂ ਗ੍ਰੰਥ ਸੰਕੇਤ ਕੋਸ਼ ਪੰਨਾ 273 ਅਨੁਸਾਰ ਗੁਰਮਤਿ ਤਿਆਗ ਕੇ ਮਾਇਆ ਪਰਾਇਣ ਬਿਰਤੀ ਅਧੀਨ ਚਲਣ ਵਾਲਾ ਮਨਮੁਖਿ ਹੈ ।
ਗੁਰਬਾਣੀ ਅੰਦਰ ਮਨਮੁਖ ਸ਼ਬਦ ਅਜਿਹੇ ਮਨੁੱਖ ਲਈ ਵਰਤਿਆ ਗਿਆ ਹੈ ਜੋ ਮਨ ਦੇ ਅਨੁਕੂਲ ਆਪਣਾ ਜੀਵਨ ਬਤੀਤ ਕਰਦਾ ਹੈ। ਮਨ ਦੇ ਦੋ ਰੂਪ ਹਨ। ਪ੍ਰਕਾਸ਼ਮਈ ਮਨ ਅਤੇ ਅੰਧਕਾਰਮਈ ਮਨ। ਜੋ ਮਨੁੱਖ ਅੰਧਕਾਰਮਈ ਮਨ ਦਾ ਆਸਰਾ ਲੈਂਦਾ ਹੈ, ਸੰਸਾਰਿਕਤਾ ਨੂੰ ਹੀ ਸਭ ਕੁਝ ਸਮਝ ਲੈਂਦਾ ਹੈ ਅਤੇ ਪਰਮਾਰਥ ਅਨੰਦ ਵਲ ਧਿਆਨ ਨਹੀਂ ਦਿੰਦਾ ਉਹ ਗੁਰੂ ਨਾਨਕ ਸਾਹਿਬ ਦੀ ਬੋਲੀ ਵਿਚ ਮਨਮੁੱਖ ਹੈ । ਉਹ ਮੁੱਢ ਤੋਂ ਹੀ ਮਨਮੁੱਖ ਹੁੰਦਾ ਹੈ। ਗੁਰ ਸ਼ਬਦ ਦੀ ਵੀਚਾਰ ਕਰਦਾ ਨਹੀਂ ਸਗੋਂ ਰਾਤ ਦਿਨ ਵਿਸ਼ੇ ਵਿਕਾਰਾਂ ਵਿਚ ਲਿਬੜਿਆ  ਝਗੜੇ ਸਹੇੜ ਕੇ ਰੱਖਦਾ ਹੈ ।ਉਸ ਦਾ ਬੋਲਣਾ ਵਿਕਾਰਾਂ ਭਰਿਆ ਹੁੰਦਾ ਹੈ।ਤ੍ਰਿਸ਼ਨਾਂ ਦੀ ਅੱਗ ਉਸ ਅੰਦਰ ਹਰ ਵੇਲੇ ਬਲਦੀ ਰਹਿੰਦੀ ਹੈ। ਇਸ ਲਈ ਉਸ ਨੂੰ ਸੰਤੋਖ ਨਹੀਂ ਆਉਂਦਾ ਉਹ ਹਰ ਵੇਲੇ ਆਗਿਆਨਤਾ ਦੇ ਹਨੇਰੇ ਵਿਚ ਵਿਚਰਦਾ ਹੈ ਜਿਵੇਂ ਗੁਰਫੁਰਮਾਨ ਹੈ :-ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰ॥ ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ॥ ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ।।
ਦਿਤੇ ਕਿਤੈ ਨ ਸੰਤੋਖਅਹਿ ਅੰਤਹਿ ਤਿਸਨਾ ਬਹੁ ਅਗਿਆਨ ਅੰਧਾਰੁ॥
(ਵਾਰ ਗਉੜੀ ਮ.4 ਪੰਨਾ-316)
ਮਨਮੁਖ ਕਾਇਰ ਹੈ, ਕਰੂਪ ਹੈ, ਉਸ ਦੀ ਕੋਈ ਇਜ਼ਤ ਨਹੀਂ, ਰਾਤ ਦਿਨ ਧੰਦਿਆਂ ਵਿਚ ਫਸਿਆ ਰਹਿੰਦਾ ਹੈ । ਅਜਿਹੇ ਇਨਸਾਨ ਨੂੰ ਤਾਂ ਸੁਪਨੇ ਵਿਚ ਵੀ ਸੁੱਖ ਨਹੀਂ ਮਿਲਦਾ :-
ਮਨਮੁਖੁ ਕਾਇਰੁ ਕਰੂਪੁ ਹੈ ਬਿਨੁ ਨਾਵੈ ਨਕੁ ਨਾਹਿ।।
ਅਨਦਿਨੁ ਧੰਧੈ ਵਿਆਪਿਆ ਸੁਪਨੇ ਭੀ ਸੁਖੁ ਨਾਹਿ॥
(ਵਾਰ ਵਡਹੰਸ ਮ.3, ਪੰਨਾ -591)
ਮਨਮੁਖ ਦੀ ਮਤਿ ਕੂੜ ਵਿਚ ਵਿਆਪੀ ਰਹਿੰਦੀ ਹੈ ।ਮਨਮੁਖ ਪੱਥਰ ਦੀ ਸਿੱਲ ਵਾਂਗ ਹੈ ਜੋ ਜਲ ਵਿਚ ਰੱਖਣ ਤੇ ਭੀ ਵਿਚੋਂ ਸੁਕਾ ਰਹਿੰਦਾ ਹੈ।  ਵਾਹਿਗੁਰੂ ਦੇ ਹੁਕਮ ਨਾਲ ਮਨਮੁਖਾਂ ਨੂੰ ਫਿਰ- ਫਿਰ ਜਨਮ ਮਰਣ ਦਾ ਗੇੜ ਬਣਿਆ ਰਹਿੰਦਾ ਹੈ।ਉਹ ਨਾਮ ਚੇਤਦੇ ਨਹੀਂ, ਗੁਰ ਸ਼ਬਦ ਵੀਚਾਰਦੇ ਨਹੀਂ ਆਪਣਾ ਜਨਮ ਬਿਰਥਾ ਗਵਾ ਕੇ ਜ਼ਮਾਂ ਦੀ ਮਾਰ ਖਾਂਦੇ ਹਨ । ਮਨਮੁਖ ਦੁਖ ਦਾ ਖੇਤ ਹੈ।ਦੁਖ ਹੀ ਬੀਜਦਾ ਹੈ ਅਤੇ ਦੁਖ ਹੀ ਖਾਂਦਾ ਹੈ। ਦੁਖ ਵਿਚ ਜੰਮਦਾ ਹੈ, ਦੁਖ ਵਿਚ ਹੀ ਮਰਦਾ ਹੈ। ਉਹ ਸਾਰੇ ਕਰਮ ਹਉਮੇ  ਦੇ ਅਧੀਨ ਕਰਦਾ ਹੈ। ਮਨਮੁਖਾਂ ਦੀ ਦੋਸਤੀ ਕੇਵਲ ਮਾਇਆ ਤੱਕ ਹੀ ਸੀਮਤ ਹੁੰਦੀ ਹੈ। ਜਿੰਨਾ ਚਿਰ ਉਨ੍ਹਾਂ ਨੂੰ ਖਾਣ ਪਹਿਨਣ ਨੂੰ ਮਿਲੇ ਓਨਾ ਚਿਰ ਨੇੜ ਰੱਖਦੇ ਹਨ ਜਦੋਂ ਉਨ੍ਹਾਂ ਦਾ ਕੋਈ ਮਨਰੋਥ ਪੂਰਾ ਨਹੀਂ ਹੁੰਦਾ ਤਾਂ ਬੁਰਾ ਬੋਲਣ ਲੱਗ ਪੈਂਦੇ ਹਨ । ਉਹ ਪਰਾਏ ਧਨ ,ਪਰਾਈ ਇਸਤਰੀ, ਪਰਾਈ ਨਿੰਦਾ ਰੂਪੀ ਜ਼ਹਿਰ ਨੂੰ ਖਾ ਕੇ ਸਦਾ ਦੁੱਖ ਪਾਉਂਦੇ ਹਨ । ਮਨਮੁਖ ਦਾ ਜੀਵਨ ਉਸ ਦੁਰਚਾਰਣ ਇਸਤ੍ਰੀ ਵਾਂਗ ਹੈ ਜੋ ਬਿਨਾਂ ਪਤੀ ਤੋਂ ਹੀ ਸਿੰਗਾਰ ਕਰਦੀ ਹੈ ਅਤੇ ਨਿਤ ਨਿਤ ਖੁਆਰ ਹੁੰਦੀ ਹੈ:-
 ਬਿਨੁ ਪਿਰ ਕਾਮਣਿ ਕਰੇ ਸੀਗਾਰੁ ॥ ਦੁਹਚਾਰਣੀ ਕਹੀਐ ਨਿਤ ਹੋਇ ਖੁਆਰ॥
ਮਨਮੁਖ ਕਾ ਇਹੁ ਬਾਦਿ ਆਚਾਰੁ ॥ ਬਹੁ ਕਰਮ ਦ੍ਰਿੜਾਵਹਿ ਨਾਮੁ ਵਿਸਾਰਿ॥(ਮਲਾਰ ਮ. 3, ਪੰਨਾ 1277)
ਮਨਮੁਖ ਪ੍ਰਮੇਸ਼ਰ ਪਤੀ ਦਾ ਹੁਕਮ ਨਹੀਂ ਸਮਝਦੇ ਸਾਰੇ ਹੀ ਕਰਮ ਹਉਮੈ ਅਧੀਨ ਕਰਦੇ ਹਨ। ਵਰਤ, ਨੇਮ ,ਸੁਚ, ਸੰਜਮ, ਪੂਜਾ ਵਿਚ ਫਸੇ ਰਹਿੰਦੇ ਹਨ ।ਮਾਇਆ ਦੇ ਮੋਹ ਵਿਚ ਫਸੇ ਹੋਣ ਕਰਕੇ ਅੰਦਰਹੁ ਕੁਸੁੱਧ ਹਨ ਜਿਵੇਂ ਹਾਥੀ ਨਹਾ ਕੇ ਆਪਣੇ ਤੇ ਮਿੱਟੀ ਪਾ ਲੈਂਦਾ ਹੈ। ਇਸੇ ਤਰ੍ਹਾਂ ਉਹ ਧਰਮ ਕਰਮ ਕਰਕੇ ਫਿਰ ਵਿਕਾਰਾਂ ਵਿਚ ਜਾ ਫਸਦੇ ਹਨ।
ਮਨਮੁਖਿ ਹੁਕਮੁ ਨ ਬੁਝੇ ਬਪੁੜੀ  ਨਿਤ ਹਉਮੈ ਕਰਮ ਕਮਾਇ ॥ ਵਰਤ ਨੇਮ* ਸੋਚ ਸੰਜਮੁ ਪੂਜਾ ਪਾਖੰਡਿ ਭਰਮੁ
ਨਾ ਜਾਇ॥ ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ ਜਿਉ ਹਸਤੀ ਛਾਰੁ ਉਡਾਏ ॥  ਸਲੋਕ ਵਾਰਾਂ ਤੋਂ ਵਧੀਕ ਮ: 4, ਪੰਨਾ1423)
ਭਾਈ ਗੁਰਦਾਸ ਜੀ ਨੇ ਮਨਮੁੱਖ ਲਈ ਬੇਮੁੱਖ  ਸ਼ਬਦ ਵਰਤਿਆ ਹੈ ,ਮੀਣਾ ਵੀ ਇਸੇ ਦਾ ਵਾਚਕ ਹੈ । ਭਾਈ ਸਾਹਿਬ ਅਨੁਸਾਰ ਮਨਮੁਖ ਦੁਸ਼ਟਾਂ ਦੀ ਸੰਗਤ ਕਰਨ ਵਾਲਾ ਅਤੇ ਵੇਸਵਾ ਦੇ ਪੁੱਤਰ ਵਾਂਗ ਆਪਣੇ ਪਿਤਾ ਦੇ ਨਾਂ ਤੋਂ ਅਣਜਾਣ ਹੈ :
ਜਿਉ ਬਹੁ ਮਿਤੀ ਵੇਸੁਆ ਸਭਿ ਕੁਲਖਣ ਪਾਪ ਕਮਾਵੈ ।
ਲੋਕਹੁ ਦੇਸਹੁ ਬਾਹਰੀ ਤਿਹੁ ਪਖਾਂ ਕਾਲੰਕ ਲਗਾਵੈ ।
ਡੁਬੀ ਡੋਬੈ ਹੋਰਨਾ ਮਹੁਰਾ ਮਿਠਾ ਹੋਇ ਪਚਾਵੈ।….
ਮਨਮੁਖ ਮਨੁ ਅਠ ਖੰਡ ਹੋਇ ਦੁਸਟਾ ਸੰਗਤਿ ਭਰਮਿ ਭੁਲਾਵੈ।
ਵੇਸੁਆ ਪੁਤੁ ਨਿਨਾਉ ਸਦਾਵੈ ।(5 ਵੀਂ ਵਾਰ 17ਵੀਂ ਪਉੜੀ)
15ਵੀਂ ਵਾਰ ਦੀ 10ਵੀਂ ਪਉੜੀ ਵਿਚ ਆਪ ਕਹਿੰਦੇ ਹਨ ਮਨਮੁਖ ਗੁਰੂ ਰੂਪ ਤੀਰਥ ਨੂੰ ਛੱਡ ਕੇ ਅਠਸਠ ਤੀਰਥ ਨਹਾਉਣ ਦੇ ਚੱਕਰ ਵਿਚ ਰਹਿੰਦਾ ਹੈ। ਬਗਲੇ ਵਾਂਗ ਸਮਾਧੀ ਲਗਾ ਕੇ ਜੋ ਜੀਅ ਜੰਤੂਆਂ ਨੂੰ ਘੁੱਟ ਘੁਟ ਕੇ ਖਾਂਦਾ ਹੈ ਨਦੀ ਵਿਚ ਨਹਾਣ ਦੇ ਬਾਵਜੂਦ ਤੂੰਬੜੀ ਵਾਂਗ ਆਪਣੀ ਕੁੜਤਣ ਨਹੀਂ ਛੱਡਦਾ। ਪਾਣੀ ਵਿਚ ਭਿਜਣ ਨਾਲ ਵੀ ਉਸ ਦਾ ਕਠੋਰ ਚਿਤ ਨਹੀਂ ਭਿਜਦਾ ।ਉਹ ਭੰਬਲ ਭੂਸੇ ‘ਚ ਰਹਿੰਦਾ ਹੈ ਅਤੇ ਪੂਰੇ ਗੁਰੂ ਤੋਂ ਬਿਨਾਂ ਉਸ ਦਾ ਉਧਾਰ ਨਹੀਂ ਹੁੰਦਾ । ਇਸੇ ਤਰ੍ਹਾਂ 37ਵੀਂ ਵਾਰ ਦੀ  23ਵੀਂ ਪਉੜੀ ਵਿਚ ਮਨਮੁਖ ਨੂੰ ਅਕ੍ਰਿਤਘਨ ਕਿਹਾ ਹੈ । ਉਹ ਆਪਣੇ ਸਿਰਜਨਹਾਰ ਨੂੰ ਚਿੱਤ ਵਿਚ ਨਹੀਂ ਵਸਾਂਦਾ।
ਮਨਮੁਖ ਵਡਾ ਅਕ੍ਰਿਤਘਣ ਦੂਜੈ ਭਾਇ
ਸੁਆਇ ਲੁਭਾਈ ॥ ਸਿਰਜਨਹਾਰ ਨ ਚਿਤਿ ਵਸਾਈ ॥(ਭ: ਗੁ)
ਕਵੀ ਸੰਤੋਖ ਸਿੰਘ ਦੀ ਕ੍ਰਿਤ ਗੁਰੂ “ਨਾਨਕ ਪ੍ਰਕਾਸ਼” ਉਤਾਰਾਧ ਅਧਯਾਯ 43 ਅਨੁਸਾਰ- ਭਗਤਾ ਓਹਰੀ ਨੇ ਪ੍ਰਸ਼ਨ ਕੀਤਾ ਕਿ ਮੁਕਤੀ ਕਿਨ੍ਹਾਂ ਕਰਮਾਂ ਕਰਕੇ ਹੁੰਦੀ ਹੈ? ਤਾਂ ਇਸੇ ਦੇ ਉਤਰ ਵਿਚ ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਹਨ-
“ਸੁਨਕੇ ਬੋਲੇ ਸ੍ਰੀ ਗੁਰ ਤਬਹੀ ਮਨਮੁਖ ਕਰਮ ਤਜਹੁੰ ਜੋ ਸਬਹੀ ਤਾਂ ਹੋਵਹਿ ਕਲਯਾਨ ਤੁਮਾਰਾ, ਬਹੁਰ ਨਾ ਪਾਵਹੁਗੇ ਸੰਸਾਰਾ ॥”
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 131 ਤੇ ਗੁਰੂ ਅਰਜਨ ਦੇਵ ਜੀ ਦੇ ਮਾਝ ਰਾਗੁ ਦੇ ਸ਼ਬਦ ਵਿਚ 24 ਪ੍ਰਸ਼ਨ ਆਏ ਹਨ। ਇਨ੍ਹਾਂ ਪ੍ਰਸ਼ਨਾਂ ਦੇ ਉਤਰ ਗੁਰਮੁਖ ਅਤੇ ਮਨਮੁਖ ਨਾਲ ਸਬੰਧਤ ਹਨ ।
ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ।। ਕਉਣੁ ਸੁ ਗਿਆਨੀ ਕਉਣੁ ਬਕਤਾ।। ਕਉਣੁ ਸੁ ਗਿਰਹੀ ਕਉਣੁ ਉਦਾਸੀ ਕਉਣੁ ਸੁ ਕੀਮਤਿ ਪਾਏ ਜੀਉ ॥2॥ ਕਿਨਿ ਬਿਧਿ ਬਾਧਾ ਕਿਨਿ ਬਿਧਿ ਛੂਟਾ॥ ਕਿਨਿ ਬਿਧਿ ਆਵਣੁ ਜਾਵਣੁ ਤੂਟਾ ॥ ਕਉਣੁ ਕਰਮ ਕਉਣ ਨਿਹਕਰਮਾ ਕਉਣੁ ਸੁ ਕਹੈ ਕਹਾਏ ਜੀਉ ॥2॥ ਕਉਣੁ ਸੁ ਸੁਖੀਆ ਕਉਣੁ ਸੁ ਦੁਖੀਆ।।
ਕਉਣ ਸੁ ਸਨਮੁਖੁ ਕਉਣੁ ਵੇਮੁਖੀਆ॥ ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੁਰੈ ਇਹ ਬਿਧਿ ਕਉਣ ਪ੍ਰਗਟਾਏ ਜੀਉ॥…
 ਉਤਰ : ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ।। ਗੁਰਮੁਖਿ ਗਿਆਨੀ ਗੁਰਮੁਖਿ ਬਕਤਾ॥ ਧੰਨੁ ਗਿਰਹੀ ਉਦਾਸੀ ਗੁਰਮੁਖਿ ਗੁਰਮੁਖਿ ਕੀਮਤਿ ਪਾਇ ਜੀਉ।। ਹਊਮੈ ਬਾਧਾ ਗੁਰਮੁਖਿ ਛੂਟਾ।। ਗੁਰਮੁਖਿ ਆਵਣੁ ਜਾਵਣੁ ਤੂਟਾ ॥ ਗੁਰਮੁਖਿ ਕਰਮ ਗੁਰਮੁਖਿ ਨਿਹਕਰਮਾ ਗੁਰਮੁਖਿ ਕਰੇ ਸੁ ਸੁਭਾਏ ਜੀਓ॥6॥
ਗੁਰਮੁਖਿ ਸੁਖੀਆ ਮਨਮੁਖਿ ਦੁਖੀਆ।। ਗੁਰਮੁਖਿ ਸਨਮੁਖ ਮਨਮੁਖਿ ਵੇਮੁਖੀਆ।। ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਓ॥7॥
ਭਾਈ ਗੁਰਦਾਸ ਜੀ ਨੇ 5ਵੀਂ ਵਾਰ ਵਿਚ ਗੁਰਮੁਖ ਅਤੇ ਮਨਮੁਖ ਦੀ ਪਰਸਪਰ ਤੁਲਨਾ ਕੀਤੀ ਹੈ ।
ਗੁਰਮੁਖਿ ਪੰਥੁ ਸੁਹੇਲੜਾ ਮਨਮੁਖ ਬਾਰਹ ਵਾਟ ਫਿਰੰਦੇ । ਗੁਰਮੁਖਿ ਪਾਰਿ ਲੰਘਾਇਦਾ ਮਨਮੁਖ ਭਵਜਲ ਵਿਚਿ ਡੁਬੰਦੇ। ਗੁਰਮੁਖਿ ਜੀਵਨ ਮੁਕਤਿ ਕਰਿ ਮਨਮੁਖ ਫਿਰਿ ਫਿਰਿ ਜਨਮ ਮਰੰਦੇ । ਗੁਰਮੁਖਿ ਸੁਖਫਲ ਪਾਇਦੇ ਮਨਮੁਖ ਦੁਖ ਫਲੁ ਦੁਖ ਲਹੰਦੇ । ਗੁਰਮੁਖਿ ਦਰਗਹ ਸੁਰਖੁਰੂ ਮਨਮੁਖਿ ਜਮਪੁਰਿ ਡੰਡੁ ਸਹੰਦੇ । ਗੁਰਮੁਖਿ ਆਪੁ ਗਵਾਇਆ ਮਨਮੁਖ ਹਉਮੈ ਅਗਨਿ ਜਲੰਦੇ । ਬੰਦੀ ਅੰਦਰਿ ਵਿਰਲੇ ਬੰਦੇ ।15।
ਗੁਰਮੁਖਿ ਅਤੇ ਮਨਮੁਖ ਸਬੰਧੀ ਕੀਤੀ ਗਈ ਉਪਰੋਕਤ ਵੀਚਾਰ ਤੋਂ ਅਸੀਂ ਸਿੱਟੇ ਤੇ ਪੁਜਦੇ ਹਾਂ ਕਿ ਗੁਰੂ ਨੂੰ ਸਨਮੁਖ ਰੱਖ ਕੇ ਉਸ ਦੀ ਆਗਿਆ ਅਨੁਸਾਰ ਜੀਵਨ ਜੀਊਣ ਵਾਲਾ ਗੁਰਮੁਖਿ ਹੈ ।ਮਨਮੁੱਖਾਂ ਦੀ ਸੰਗਤ ਕਜਲ ਦੀ ਕੋਠੜੀ ਵਾਂਗ ਹੈ ਜਿਸ ਵਿਚ ਪ੍ਰਵੇਸ਼ ਹੋ ਕੇ ਕੋਈ ਵੀ ਇਨਸਾਨ ਕਾਲਖ ਦੇ ਦਾਗ ਤੋਂ ਬਿਨਾਂ ਬਾਹਰ ਨਹੀਂ ਨਿਕਲ ਸਕਦਾ ।ਮਨਮੁਖ ਕਾਲੇ ਹੋਏ ਬਰਤਨ ਵਾਂਗ ਹੈ ਜਿਸ ਨੂੰ ਛੂਹਣ ਨਾਲ ਦਾਗ ਲਗਣਾ ਹੀ ਹੈ । ਇਸ ਲਈ ਹੀ ਗੁਰੂ ਜੀ ਦਾ ਹੁਕਮ ਹੈ:-ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ॥ (ਵਾਰ ਗਉੜੀ ੫. 4, ਪੰਨਾ 316 )
ਦੂਜੇ ਪਾਸੇ ਗੁਰਮੁਖਿ ਦੀ ਸੰਗਤ ਕਰਨ ਦਾ ਗੁਰਬਾਣੀ ਵਿਚ ਵਾਰ-ਵਾਰ ਉਪਦੇਸ਼ ਹੈ ਜਿਵੇਂ ਗੁਰ ਫੁਰਮਾਨ ਹੈ:- ਕੋਈ ਐਸਾ ਗੁਰਮੁਖਿ ਜੇ ਮਿਲੈ ਹਉ ਤਾ ਕੋ ਧੋਵਾ ਪਾਉ॥
(ਸੂਹੀ ਮ: 4, ਪੰਨਾ 758)
ਭਾਈ ਨੰਦ ਲਾਲ ਜੀ ਕਹਿੰਦੇ ਹਨ ਤੂੰ ਵੀ ਅਜਿਹੇ ਗੁਰਮੁਖ ਪਿਆਰੇ ਢੂੰਡ ਜਿਹੜੇ ਸਦਾ ਜਿਉਂਦੇ ਹਨ ਦੂਜੇ ਤਾਂ ਮੋਇਆਂ ਸਾਮਾਨ ਹਨ।
ਇਹ ਜਿਹੜੇ ਸਾਰੇ ਜੋ ਜੀਉਂਦੇ ਜਾਗਦੇ ਹਨ ਇਹ ਕੇਵਲ ਉਨ੍ਹਾਂ (ਗੁਰਮੁਖਾਂ ) ਦੀ ਸੰਗਤ ਸਦਕਾ ਹਨ ।ਰੱਬ ਦੇ ਦਰਸ਼ਨ ਤਾਂ ਪ੍ਰਾਪਤ ਹੁੰਦੇ ਹਨ, ਜੇਕਰ ਗੁਰਮੁਖਾਂ ਦੀ ਸੰਗਤ ਦਾ ਅਸਰ ਹੋ ਜਾਵੇ । ਰੱਬ ਦੇ ਪਿਆਰਿਆਂ ਦੀ ਸੰਗਤ ਇਕ ਵੱਡੀ ਬਖਸ਼ਿਸ਼ ਹੈ ਅਜਿਹੀ ਦੌਲਤ ਅਤੇ ਨੇਕ ਬਖਤੀ ਨੂੰ ਕੋਈ ਚਿੰਤਾ ਗਮ ਨਹੀਂ । ਜਿਸ ਨੇ ਉਨ੍ਹਾਂ (ਗੁਰਮੁਖਾਂ ) ਨੂੰ ਵੇਖ ਲਿਆ । ਸਮਝੋ ਉਸ ਨੇ ਰੱਬ ਦੇ ਦਰਸ਼ਨ ਕਰ ਲਏ ਅਤੇ ਉਸ ਨੇ ਬੰਦਗੀ ਦਾ ਰਾਹ ਅਨੁਭਵ ਕਰ ਲਿਆ ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin