Articles

ਜਵਾਨ ਹੋ ਰਹੇ ਬੱਚਿਆਂ ਦਾ ਮਾਰਗ ਦਰਸ਼ਨ ! 

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਬੱਚੇ ਘਰ ਦੀ ਫੁਲਵਾੜੀ ਦੇ ਫੁੱਲ ਹਨ, ਜਿੰਨਾ ਦੀ ਖੁਸ਼ਬੂ ਨਾਲ ਸਾਰਾ ਘਰ ਮਹਿਕਦਾ ਰਹਿੰਦਾ ਹੈ। ਘਰ ਵਿੱਚ ਸੁਣਦੀਆਂ ਬੱਚੇ ਦੀਆਂ ਕਿਲਕਾਰੀਆਂ ਸਾਰਾ ਦਿਨ ਕੰਮਾਂ ਨਾਲ ਥੱਕੇ ਬਾਪ ਦੀ ਥਕਾਵਟ ਦੂਰ ਕਰ ਦਿੰਦੀਆਂ ਹਨ। ਘਰ ਵਿੱਚ ਬੱਚਿਆਂ ਦੇ ਹੋਣ ਨਾਲ ਘਰ ਦੇ ਸਿਆਣੇ ਵੀ ਇੱਕ ਵਾਰ ਫਿਰ ਤੋਂ ਬਚਪਨ ਜੀਉ ਲੈਂਦੇ ਹਨ। ਹਰ ਇੱਕ ਨੂੰ ਆਪਣੇ ਬੱਚੇ ਬਹੁਤ ਪਿਆਰੇ ਹੁੰਦੇ ਹਨ। ਪਰ ਪਿਆਰ ਦੇ ਨਾਲ ਨਾਲ ਮਾਪਿਆਂ ਦੇ ਸਿਰ ਉਹਨਾਂ ਦੀ ਇੱਕ ਬਹੁਤ ਵੱਡੀ ਜਿੰਮੇਵਾਰੀ ਵੀ ਹੁੰਦੀ ਹੈ ਖਾਸ ਕਰ ਜਿੰਨੀ ਦੇਰ ਬੱਚੇ ਬਾਲਗ ਨਹੀ ਹੁੰਦੇ। ਬਚਪਨ ਤੋਂ ਕਿਸ਼ੋਰ ਅਵਸਥਾ ਮਾਪਿਆਂ ਲਈ ਜਿੰਮੇਵਾਰੀ ਨਿਭਾਉਣ ਦਾ ਅਹਿਮ ਸਮਾਂ ਹੁੰਦਾ ਹੈ। ਬਚਪਨ ਅਵਸਥਾ ਤੋਂ ਬੱਚਾ ਜਦ ਹੋਲੀ ਹੋਲੀ ਕਿਸ਼ੋਰ ਅਵਸਥਾ ਵੱਲ ਵੱਧਦਾ ਹੈ ਤਾਂ ਆਪਣੇ ਆਪ ਨੂੰ ਜਿੰਮੇਵਾਰ ਵਿਅਕਤੀ ਸਮਝਣ ਲੱਗ ਜਾਂਦਾ ਹੈ। ਸਰੀਰਕ ਵਿਕਾਸ ਦੇ ਨਾਲ ਨਾਲ ਉਸ ਵਿੱਚ ਮਾਨਸਿਕ ਤਬਦੀਲੀਆਂ ਵੀ ਆਉਂਦੀਆਂ ਹਨ। ਉਸ ਵਿੱਚ ਚੜ੍ਹ ਰਹੀ ਜਵਾਨੀ ਦੀਆਂ ਉਮੰਗਾਂ ਠਾਠਾਂ ਮਾਰਦੀਆਂ ਹਨ।ਇਸ ਅਵਸਥਾ ਵਿੱਚ ਕਈ ਵਾਰ ਬੱਚਾ ਕਈ ਪੱਖਾਂ ਦੀ ਅਧੂਰੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਸਿਆਣਾ ਤੇ ਹਰ ਗੱਲ ਤੇ ਸਹੀ ਸਮਝਣ ਲੱਗ ਜਾਂਦਾ ਹੈ। ਲੋਕਾਂ ਨਾਲ ਉਸਦੀ ਨੇੜਤਾ ਵੱਧਣ ਲੱਗਦੀ ਹੈ ਤੇ ਉਸਦੇ ਦੋਸਤਾਂ ਦਾ ਦਾਇਰਾ ਵਿਸ਼ਾਲ ਹੋਣ ਲੱਗਦਾ ਹੈ। ਉਹ ਆਪਣੇ ਫੈਸਲੇ ਆਪ ਲੈਣਾ ਚਾਹੁੰਦਾ ਹੈ।ਹੋਲੀ ਹੋਲੀ ਜਦੋਂ ਇਸ ਅਵਸਥਾ ਵਿੱਚ ਬੱਚੇ ਦੀ ਸੋਚ ਅਤੇ ਸਮਝ ਵਿੱਚ ਕੁਝ ਪਕਿਆਈ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਜੀਵਨ ਦੇ ਉਦੇਸ਼ ਉਸਨੂੰ ਸਪੱਸ਼ਟ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਅਵਸਥਾ ਵਿੱਚ ਬੱਚਿਆਂ ਵੱਲ ਖਾਸ ਧਿਆਨ ਦੇਣ ਦੀ ਜਰੂਰਤ ਹੁੰਦੀ ਹੈ। ਜਵਾਨ ਹੋ ਰਹੇ ਬੱਚਿਆਂ ਨੂੰ ਅਜਿਹੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਕਿ ਉਹ ਸਹੀ ਗਲਤ ਦਾ ਫ਼ੈਸਲਾ ਕਰ ਸਕਣ।

ਮੈਂ ਆਮ ਦੇਖਦੀ ਹਾਂ ਕਿ ਮਾਪਿਆਂ ਦੁਆਰਾ ਕਲਪੇ ਹੋਏ ਆਦਰਸ਼ ਅਤੇ ਅਸਲੀ ਜਿੰਦਗੀ ਵਿੱਚ ਢੇਰ ਅੰਤਰ ਹੈ। ਇਹ ਅੰਤਰ ਬੱਚੇ ਨੂੰ ਭੰਬਲਭੂਸੇ ਵਿੱਚ ਪਾ ਦਿੰਦਾ ਹੈ। ਬੱਚਿਆਂ ਨੂੰ ਕਿਹਾ ਕੁਝ ਹੋਰ ਜਾਂਦਾ ਹੈ ਅਤੇ ਕੀਤਾ ਕੁਝ ਹੋਰ ਜਾਂਦਾ ਹੈ। ਇਸ ਦੀ ਸਭ ਤੋਂ ਵੱਡੀ ਉਦਹਾਰਣ ਇਹ ਕਿ ਮਾਪੇ ਬੱਚਿਆਂ ਨੂੰ ਪ੍ਰੇਮ ਪਿਆਰ ਨਾਲ ਰਹਿਣ ਦੀ ਸਿੱਖਿਆ ਦਿੰਦੇ ਹਨ, ਪਰ ਆਪ ਪਤੀ ਪਤਨੀ ਵਿੱਚ ਝਗੜਾ ਹੁੰਦਾ ਰਹਿੰਦਾ ਹੈ। ਕਹਿਣ ਤੋਂ ਭਾਵ ਕਿ ਬੱਚੇ ਸਾਡੇ ਕਹਿਣ ਅਤੇ ਕਰਨ ਦੀ ਹਕੀਕਤ ਵਿੱਚ ਉਲਝ ਜਾਂਦੇ ਹਨ।
ਇਸ ਅਵਸਥਾ ਵਿੱਚ ਬੱਚਿਆਂ ਨਾਲ ਸਨੇਹਪੂਰਨ ਵਰਤਾਓ ਹੋਣਾ ਚਾਹੀਦਾ ਹੈ। ਬੱਚਿਆਂ ਨਾਲ ਦੋਸਤਾਨਾ ਵਿਵਹਾਰ ਰਾਹੀਂ ਉਹਨਾਂ ਦੀ ਪੂਰੇ ਦਿਨ ਦੀ ਗਤੀਵਿਧੀ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਉਹ ਕਿਸ ਸੰਗਤ ਵਿੱਚ ਵਿਚਰ ਰਿਹਾ ਹੈ, ਕਿਸ ਤਰ੍ਹਾਂ ਦੇ ਦੋਸਤਾਂ ਨਾਲ ਦੋਸਤੀ ਰੱਖ ਰਿਹਾ ਹੈ, ਇਸ ਸਭ ਉੱਪਰ ਨਿਗਰਾਨੀ ਰੱਖਣੀ ਬਹੁਤ ਜਰੂਰੀ ਹੈ । ਜਿੰਨਾ ਹੋ ਸਕੇ ਮਾਪੇ ਆਪਣੇ ਬੱਚਿਆਂ ਨੂੰ ਸਮਾਂ ਦੇਣ, ਪਰ ਕੋਸ਼ਿਸ਼ ਰਹੇ ਕਿ ਉਹਨਾਂ ਨਾਲ ਏਦਾਂ ਗੱਲਾਂ ਨਾ ਕੀਤੀਆਂ ਜਾਣ ਕਿ ਉਹ ਅਕੇਵਾਂ ਮਹਿਸੂਸ ਕਰਨ, ਬਲਕਿ ਹਰ ਗੱਲ ਨੂੰ ਰੋਚਿਕ ਭਰਭੂਰ ਬਣਾ ਕੇ ਕੀਤਾ ਜਾਵੇ ਤਾਂ ਜੋ ਤੁਹਾਡੇ ਬੱਚੇ ਤੁਹਾਡੀ ਸੰਗਤ ਦਾ ਅਨੰਦ ਮਾਨਣ।
ਇਸ ਅਵਸਥਾ ਵਿੱਚ ਆ ਰਹੀਆਂ ਸ਼ਰੀਰਕ ਤਬਦੀਲੀਆਂ ਬਾਰੇ ਵੀ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਖੁੱਲ੍ਹ ਕੇ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਉਹਨਾਂ ਦਾ ਆਤਮ ਵਿਸ਼ਵਾਸ ਘੱਟ ਨਾ ਹੋਵੇ ।ਮਾਪਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬੱਚਿਆਂ ਨੂੰ ਇਸ ਉਮਰ ਵਿੱਚ ਸਾਹਿਤ ਨਾਲ ਜੋੜਿਆ ਜਾਵੇ, ਕਿਉਂਕਿ ਇਸ ਸਮੇਂ ਬੱਚੇ ਦੀਆਂ ਪੜ੍ਹਣ ਰੁਚੀਆਂ ਪ੍ਰਪੱਕ ਹੋ ਰਹੀਆਂ ਹੁੰਦੀਆਂ ਹਨ, ਬੱਚੇ ਨੂੰ ਜਿੰਨਾ ਮਿਆਰੀ ਸਾਹਿਤ ਨਾਲ ਜੋੜਿਆ ਜਾਵੇਗਾ, ਉਨਾਂ ਹੀ ਉਸਦੀ ਸ਼ਖਸੀਅਤ ਨਿਖਰੇਗੀ।
ਮਾਪਿਆਂ ਅਧਿਆਪਕਾਂ ਨੂੰ ਰਲ ਮਿਲ ਕੇ ਬੱਚੇ ਨੂੰ ਪ੍ਰੇਰਣਾ ਦੇਣੀ ਚਾਹੀਦੀ ਹੈ, ਬੱਚੇ ਨੂੰ ਹਮੇਸ਼ਾ ਇਹ ਅਹਿਸਾਸ ਕਰਵਾਉ ਕਿ ਉਹ ਦੁਨੀਆਂ ਦਾ ਕੋਈ ਵੀ ਕੰਮ ਕਰ ਸਕਦਾ ਹੈ। ਉਹ ਵਿੱਲਖਣ ਹੈ ਅਤੇ ਉਸ ਵਰਗਾ ਦੂਸਰਾ ਕੋਈ ਨਹੀਂ ਹੈ। ਇਸ ਉਮਰ ਵਿੱਚ ਬੱਚੇ ਨੂੰ ਉਸਦੇ ਟੀਚੇ ਮਿਥਣ ਵਿੱਚ ਜਰੂਰ ਪ੍ਰੋਤਸਾਹਿਤ ਕਰੋ ਅਤੇ ਉਸਨੂੰ ਵਾਰ ਵਾਰ ਇਹ ਯਾਦ ਕਰਵਾਉਂਦੇ ਰਹੋ ਕਿ ਉਹ ਇਸ ਦੁਨੀਆਂ ਵਿੱਚ ਕੁਝ ਅਲੱਗ ਕਰਨ ਆਇਆ ਹੈ। ਮਾਪਿਆਂ ਅਤੇ ਅਧਿਆਪਕਾਂ ਦੁਆਰਾ ਬੱਚਿਆਂ ਦਾ ਇਸ ਤਰ੍ਹਾਂ ਕੀਤਾ ਗਿਆ ਮਾਰਗ ਦਰਸ਼ਨ ਓਹਨਾਂ ਨੂੰ ਜਿੱਥੇ ਬੁਰੀਆਂ ਆਦਤਾਂ ਤੋਂ ਬਚਾਈ ਰੱਖਦਾ ਹੈ ਉੱਥੇ ਜਿੰਦਗੀ ਦੀਆਂ ਉੱਚੀਆਂ ਬੁਲੰਦੀਆਂ ਵੀ ਸਰ ਕਰਵਾਉਂਦਾ ਹੈ।
ਜਵਾਨੀ ਵਿੱਚ ਪੈਰ ਰੱਖਦੇ ਬੱਚੇ ਮਿੱਟੀ ਦੇ ਭਾਂਡੇ ਵਰਗੇ ਹੁੰਦੇ ਹਨ, ਜਿਸ ਤਰ੍ਹਾਂ ਦੇ ਸਾਂਚੇ ਵਿੱਚ ਪਾਉਗੇ ਉਸੇ ਤਰ੍ਹਾਂ ਦਾ ਅਕਾਰ ਉਹ ਧਾਰਨ ਕਰ ਲੈਣਗੇ। ਇੱਥੇ ਇੱਕ ਗੱਲ ਹੋਰ ਵੀ ਯਾਦ ਰੱਖਣ ਯੋਗ ਹੈ ਕਿ ਇਹ ਬੱਚੇ ਜਿੱਥੇ ਇੱਕ ਪਰਿਵਾਰ ਦੀ ਫੁਲਵਾੜੀ ਦੇ ਫੁੱਲ ਹਨ ਉੱਥੇ ਆਉਣ ਵਾਲੇ ਸਮੇਂ ਵਿੱਚ ਦੇਸ਼ ਦਾ ਭਵਿੱਖ ਵੀ ਹਨ, ਸੋ ਇਹਨਾਂ ਦੀ ਪਰਵਰਿਸ਼ ਇਸ ਤਰ੍ਹਾਂ ਹੋਵੇ ਕਿ ਹਰ ਪਰਿਵਾਰ, ਹਰ ਮਾਪਾ ਸਮਾਜ ਨੂੰ ਆਪਣੇ ਬੱਚੇ ਦੇ ਰੂਪ ਵਿੱਚ ਇੱਕ ਚੰਗਾ ਨਾਗਰਿਕ ਦੇਵੇ , ਜੋ ਜਿੱਥੇ ਆਪਣੇ ਮਾਪਿਆਂ ਦੀਆਂ ਸਦਰਾਂ ਪੂਰੀਆਂ ਕਰੇ ਉੱਥੇ ਦੇਸ਼ ਦਾ ਨਾਮ ਵੀ ਦੁਨੀਆਂ ਵਿੱਚ ਉੱਚਾ ਕਰੇ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin