Articles

ਦਵਿੰਦਰ ਝਾਝੜੀਆ: ਓਲੰਪਿਕਸ ਮੈਡਲ ਦੀ ਹੈਟ੍ਰਿਕ ਲਾਉਣ ਵਾਲਾ ਅਨਮੋਲ ਹੀਰਾ

ਅਸ਼ੋਕ ਸੋਨੀ, ਹਿੰਦੀ ਟੀਚਰ
ਖੂਈ ਖੇੜਾ, ਫਾਜ਼ਿਲਕਾ

ਬੇਹਿਮਤੇ ਨੇ ਉਹ ਲੋਕ ਜੋ ਸ਼ਿਕਵੇ ਕਰਨ ਮੁਕੱਦਰਾਂ ਦੇ, ਉੱਗਣ ਵਾਲੇ ਉੱਗ ਪੈਂਦੇ ਨੇਂ ਪਾੜ ਕੇ ਸੀਨਾ ਪੱਥਰਾਂ ਦੇ, ਇਹ ਸਤਰਾਂ ਇਸ ਅਸਾਧਾਰਨ ਖਿਲਾੜੀ ਤੇ ਪੂਰੀ ਤਰਾਂ ਨਾਲ ਢੁਕਦੀਆਂ ਹਨ। ਅੱਜ ਸਾਡੇ ਦੇਸ਼ ਚ ਸ਼ਾਇਦ ਈ ਕੋਈ ਹੈ, ਜੋ ਨੀਰਜ ਚੋਪੜਾ ਤੋਂ ਜਾਣੂ ਨਾਂ ਹੋਵੇ, ਹੋਣਾ ਵੀ ਨਹੀਂ ਚਾਹੀਦਾ। ਨੀਰਜ  ਨੇ ਟੋਕੀਓ ਓਲੰਪਿਕਸ ਚ ਗੋਲਡ ਮੈਡਲ ਜਿੱਤ ਇਤਿਹਾਸ ਸਿਰਜਿਆ ਏ ਪਰ ਕੀ ਤੁਸੀਂ “ਦਵਿੰਦਰ ਝਾਝੜੀਆ” ਨੂੰ ਜਾਣਦੇ ਹੋ ? ਜੀ ਹਾਂ , ਮੈਨੂੰ ਪਤਾ ਏ ਤੁਹਾਡਾ ਜਵਾਬ ਨਾਂ ਹੀ ਹੋਵੇਗਾ। ਦਵਿੰਦਰ ਜਿਸਨੇ ਦੋ ਵਾਰ ਉਸੇ ਜੈਵਲਿਨ ਚ ਵਰਲਡ ਰਿਕਾਰਡ ਬਣਾ ਕੇ ਪੈਰਾਓਲੰਪਿਕ ਚ ਗੋਲਡ ਮੈਡਲ ਜਿੱਤੇ ਹਨ।  ਇਸ ਮਹਾਨ ਏਥਲੀਟ ਦੀ ਕਹਾਣੀ ਜਿੰਨੀ ਦਿਲਚਸਪ ਹੈ, ਉਨੀ ਹੀ ਮਾਰਮਿਕ ਹੈ।

ਰਾਜਸਥਾਨ ਦੇ ਚੁਰੂ ਜਿਲੇ ਚ ਸਾਦੂਲਪੁਰ  ਚ ਝਾਝੜੀਆਂ ਵਾਲੀ ਢਾਣੀ ਚ ਰਾਮ ਸਿੰਘ ਤੇ ਜੀਵਨੀ ਦੇਵੀ ਦੇ ਆਮ ਘਰ 10 ਜੂਨ 1981 ਨੂੰ ਦਵਿੰਦਰ ਦਾ ਜਨਮ ਹੋਇਆ, ਜੋ ਬਚਪਨ ਤੋਂ ਹੀ ਬਹੁਤ ਹੀ ਚੁਸਤ ਤੇ ਹੋਸ਼ਿਆਰ ਸੀ । ਪਰ 8 ਸਾਲ ਦੀ ਉਮਰ ਚ ਲੁਕਣ-ਮਿੱਟੀ ਖੇਡਦੇ-ਖੇਡਦੇ ਖੇਜੜੀ (ਰਾਜਸਥਾਨ ਦਾ ਇਕ ਮਸ਼ਹੂਰ ਤੇ ਖਾਸ ਦਰਖਤ) ਤੇ ਚੜ੍ਹ ਗਿਆ। ਮਾੜੀ ਕਿਸਮਤ ਉਸ ਉਪਰ ਲੰਘਦੀਆਂ ਹਾਈ ਵੋਲਟੇਜ ਤਾਰਾਂ ਨਾਲ ਚਿੰਬੜ ਕੇ ਕਰੰਟ ਦੀ ਚਪੇਟ ਚ ਆ ਗਿਆ । ਕਿਸੇ ਤਰੀਕੇ ਨਾਲ ਜਾਨ ਤਾਂ ਬੱਚ ਗਈ ਪਰ ਖੱਬਾ ਹੱਥ ਕੱਟਣਾ ਪੈ ਗਿਆ। ਦਵਿੰਦਰ ਸਾਰੀ ਉਮਰ ਲਈ ਅਪਾਹਜ਼ ਹੋ ਗਿਆ। ਉਹ ਕਿੰਨੇ ਈ ਦਿਨ ਹੀਣ-ਭਾਵਨਾ ਦਾ ਸ਼ਿਕਾਰ ਹੋ ਕੇ ਕਮਰੇ ਅੰਦਰ ਈ ਵੜਿਆ ਰਿਹਾ। ਮਾਂ ਜੀਵਨੀ ਦੇਵੀ ਨੇ ਇਕ ਦਿਨ ਬੇਟੇ ਨੂੰ ਜੋ ਕਿਹਾ ਉਸ ਨਾਲ ਦਵਿੰਦਰ ਦਾ ਜਿੰਦਗੀ ਪ੍ਰਤਿ ਨਜ਼ਰੀਆ ਈ ਬਦਲ ਗਿਆ, ਮਾਂ ਨੇ ਕਿਹਾ ਸੀ, “ਤੇਰਾ ਸਿਰਫ ਹੱਥ ਈ ਵੱਢਿਆ ਗਿਆ ਏ , ਹਿਮੰਤ ਤੇ ਹੌਂਸਲਾ ਨਹੀਂ। ਤੂੰ ਮੇਰਾ ਸ਼ੇਰ ਏ ਤੇ ਮੈਂ ਜਾਣਦੀ ਆਂ, ਇਕ ਦਿਨ ਪੂਰੀ ਦੁਨੀਆ ਚ ਲੋਕ ਮੈਨੂੰ ਤੇਰੇ ਨਾਮ ਤੋ ਜਾਨਣਗੇ”।

ਮਾਂ ਦੀ ਹੱਲਾਸ਼ੇਰੀ ਨੇ ਦਵਿੰਦਰ ਨੂੰ ਸੱਚੀ ਦਾ ਸ਼ੇਰ ਬਣਾ ਦਿੱਤਾ। ਉਹਨੇ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਬਹੁਤ ਮਜ਼ਬੂਤ ਕਰ ਲਿਆ। ਉਹਨੇਂ ਸਕੂਲ ਚ ਭਾਲਾ ਸੁੱਟਣਾ ਸ਼ੁਰੂ ਕਰ ਦਿੱਤਾ ਪਰ ਉੱਥੇ ਕਿਹੜੀ ਜੈਵਲਿਨ ਪਈ ਸੀ, ਮਾਂ ਦੇ ਸ਼ੇਰ ਨੇ ਬਾਂਸ ਨਾਲ ਈ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਸਖਤ ਮਿਹਨਤ ਤੇ ਨਿਰੰਤਰ ਅਭਿਆਸ ਨਾਲ ਉਹ ਜਿਲਾ ਪੱਧਰ ਤੇ ਜਿੱਤ ਗਿਆ, ਛੋਟੀ ਜਿੱਤ ਨੇਂ ਵੱਡਾ ਕੰਮ ਕੀਤਾ, ਹੌਂਸਲੇ ਬੁਲੰਦ ਹੋ ਗਏ। ਇਕ ਵਾਰ ਸਕੂਲ ਚ ਸਪੋਰਟਸ ਡੇ ਤੇ ਮਹਾਨ ਕੋਚ ਦਰੋਣਾਚਾਰੀਆ ਅਵਾਰਡੀ ਆਰ.ਡੀ. ਸਿੰਘ ਮੁੱਖ ਮਹਿਮਾਨ ਵਜੋਂ ਆਏ ਤੇ ਦਵਿੰਦਰ ਨੂੰ ਵੇਖਦਿਆਂ ਈ, ਇਸ ਜੋਹਰੀ ਨੇ ਹੀਰੇ ਨੂੰ ਪਛਾਣ ਲਿਆ। ਉਹਨਾਂ ਦਵਿੰਦਰ ਦਾ ਦਾਖਲਾ ਨੇਹਰੂ ਕਾਲਜ ਕਰਵਾ ਆਪਣੇ ਨਾਲ ਰੋਜ ਕੋਚਿੰਗ ਦੇਣੀ ਤੇ ਪ੍ਰੈਕਟਿਸ ਕਰਵਾਉਣੀ ਸ਼ੁਰੂ ਕਰ ਦਿੱਤੀ।

ਦਵਿੰਦਰ ਦੀ ਇਹਨਾਂ ਕੋਚ ਸਾਹਿਬ ਨੇ ਬਹੁਤ ਮਦਦ ਕੀਤੀ। 2001 ਚ ਦਵਿੰਦਰ ਗਰੈਜੂਏਸ਼ਨ ਪਾਸ ਕਰ ਗਿਆ ਤੇ ਉਦੋਂ ਤੱਕ ਬੇਹਤਰੀਨ ਖਿਲਾੜੀ ਬਣ ਚੁੱਕਾ ਸੀ ਪਰ ਘਰ ਦੇ ਆਰਥਿਕ ਹਾਲਤ ਨਾਜ਼ੁਕ ਸਨ। ਉਸ ਸਮੇਂ ਢੰਗ ਦੇ ਜੈਵਲਿਨ ਦਾ ਲੱਖ ਰੁਪਈਆ ਲੱਗਦਾ ਸੀ, ਇਸ ਮਹਾਨ ਖਿਲਾੜੀ ਨੇ ਰਾਜਸਥਾਨ ਸਰਕਾਰ ਤੋਂ ਮੰਗ ਕੀਤੀ ਤਾਂ ਉਹਨਾਂ ਚਿੱਟਾ-ਨੰਗਾ ਜਵਾਬ ਦੇ ਦਿੱਤਾ ਪਰ ਇਕ ਰਹਿਮਦਿਲ ਖੇਡਪ੍ਰੇਮੀ ਐਨ ਆਰ ਆਈ ਸ਼੍ਰੀ ਰਾਮਸਵਰੂਪ ਸਿੰਘ ਨੇ 75000 ਰੁਪਈਆ ਦਿੱਤਾ ਤੇ ਸਾਡੇ ਚੈਂਪੀਅਨ ਨੂੰ ਭਾਲਾ ਮਿਲ ਗਿਆ, ਬਸ ਦਵਿੰਦਰ ਨੇ ਫੇਰ ਪਿੱਛੇ ਮੁੜ ਕੇ ਨਹੀਂ ਦੇਖਿਆ। ਸਰਕਾਰ ਦੀ ਅਣਦੇਖੀ ਨੂੰ ਉਹਨੇਂ ਚੈਲੇਂਜ ਦੇ ਤੌਰ ਤੇ ਲਿਆ। 2002 ਚ ਉਹਨੇਂ ਪਹਿਲੀ ਵਾਰ ਅੰਤਰਰਾਸ਼ਟਰੀ ਪੈਰਾਓਲੰਪਿਕ ਚ ਪੈਰ ਰੱਖਿਆ ਤੇ ਹਨੇਰੀ ਈ ਲਿਆ ਦਿੱਤੀ, ਉਹਨੇਂ ਏਸ਼ੀਅਨ ਗੇਮਜ਼, ਭੂਟਾਨ ਤੇ ਸਾਊਥ ਕੋਰੀਆ ਚ ਭਾਲਾ ਸੁੱਟ ਚ ਗੋਲਡ ਮੈਡਲ ਝੰਬ ਲਿਆ। ਇਸ ਬੇਹਤਰੀਨ ਪ੍ਰਦਰਸ਼ਨ ਸਦਕਾ ਦਵਿੰਦਰ ਨੂੰ 2004 ਦੀਆਂ ਪੈਰਾਓਲੰਪਿਕ ਚ ਭਾਰਤ ਲਈ ਚੁਣਿਆ ਗਿਆ। ਏਥੰਸ ਪੈਰਾਓਲੰਪਿਕ 2004 ਚ ਇਸ ਰਾਜਸਥਾਨੀ ਜਾਟ ਨੇ 62.15 ਮੀਟਰ ਜੈਵਲਿਨ ਸੁੱਟ ਗੋਲਡ ਮੈਡਲ ਜਿੱਤ ਇਤਿਹਾਸ ਸਿਰਜ ਦਿੱਤਾ। 2004 ਚ ਈ ਸਾਡੇ ਇਸ ਮਹਾਨ ਖਿਲਾੜੀ ਨੂੰ , ਦੇਸ਼ ਵੱਲੋਂ ਅਰਜੁਨ ਅਵਾਰਡ ਮਿਲਿਆ ਤੇ ਪੂਰੇ ਦੇਸ਼ ਚ ਲੋਕ ਦਵਿੰਦਰ ਨੂੰ ਜਾਣਨ ਲੱਗ ਪਏ।

ਮੰਜੂ ਦੇ ਰੂਪ ਚ ਬਹੁਤ ਹੀ ਸੁਲਝੀ ਹੋਈ ਤੇ ਸੁਘੜ ਸਿਆਣੀ, ਜੀਵਨਸਾਥਣ ਜੋ ਕਿ ਆਪ ਕਬੱਡੀ ਦੀ ਨਾਮੀ ਖਿਡਾਰਨ ਹੈ, ਦਾ ਸਾਥ ਮਿਲਣ ਨਾਲ ਦਵਿੰਦਰ ਨੂੰ ਹੋਰ ਵੀ ਹੌਂਸਲਾ ਮਿਲਿਆ। ਰੇਲਵੇ ਚ ਨੌਕਰੀ ਮਿਲਣ ਤੋਂ ਬਾਅਦ, ਦਵਿੰਦਰ ਨੇ ਨੌਕਰੀ ਦੇ ਨਾਲ-ਨਾਲ ਦਿਵਯਾਂਗ ਖਿਲਾੜੀਆਂ ਦੀ ਸਿਖਲਾਈ ਲਈ ਬਹੁਤ ਕੰਮ ਕੀਤੇ, ਜੋ ਅੱਜ ਵੀ ਜਾਰੀ ਨੇ। ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਇਸ ਮਹਾਨ ਖਿਲਾੜੀ ਨੂੰ 2012 ਚ ਪਦਮਸ਼੍ਰੀ ਅਵਾਰਡ ਦਿੱਤਾ ਗਿਆ, ਦਵਿੰਦਰ ਪਹਿਲਾ ਪੈਰਾਓਲੰਪਿਕ ਖਿਲਾੜੀ ਏ ਜਿਸਨੂੰ ਇਹ ਵੱਡਾ ਸਨਮਾਨ ਮਿਲਿਆ। ਉਹ ਇਸ ਸਭ ਦੇ ਨਾਲ-ਨਾਲ ਲਗਾਤਾਰ ਆਪਣੀ ਖੇਡ ਚ ਸੁਧਾਰ ਕਰਦਾ ਰਿਹਾ ਤੇ 2013 ਤੋਂ 2016 ਤੱਕ ਉਹਨੇ ਬਹੁਤ ਸਾਰੇ ਅੰਤਰਰਾਸ਼ਟਰੀ ਈਵੈਂਟ ਚ ਗੋਲਡ ਤੇ ਸਿਲਵਰ ਮੈਡਲ ਜਿੱਤੇ।
ਇਕ ਵਾਰ ਫੇਰ 2016 ਰਿਓ ਓਲੰਪਿਕਸ ਚ ਉਸਦੀ ਚੋਣ ਹੋਈ ਤੇ ਇਸ ਵਾਰ ਦਵਿੰਦਰ ਨੇ ਆਪਣਾ ਹੀ ਰਿਕਾਰਡ ਤੋੜਕੇ 63.97 ਮੀਟਰ ਭਾਲਾ ਸੁੱਟ, ਦੂਜੀ ਵਾਰ ਗੋਲਡ ਮੈਡਲ ਜਿੱਤ ਲਿਆ। ਉਹ ਇਕਲੌਤਾ ਅਜਿਹਾ ਪਲੇਅਰ ਏ, ਜਿਸਨੇ ਦੋ ਪੈਰਾਓਲੰਪਿਕ ਗੋਲਡ ਜਿੱਤੇ ਹਨ। ਇਸ ਸਫਲਤਾ ਤੇ ਜਿਸ ਰਾਜਸਥਾਨ ਸਰਕਾਰ ਨੇ ਕਦੇ 75000 ਲਈ ਦਵਿੰਦਰ ਨੂੰ ਜਵਾਬ ਦਿੱਤਾ ਸੀ, ਉਸ ਨੇ 75 ਲੱਖ ਨਕਦ, 25 ਬੀਘਾ ਜਮੀਨ ਤੇ ਇਕ ਘਰ ਨਾਲ ਸਨਮਾਨਿਤ ਕੀਤਾ ਪਰ ਮਾਂ ਜੀਵਨੀ ਦੇਵੀ ਦੇ 25 ਸਾਲ ਪੁਰਾਣੇ ਬੋਲ ਉਦੋਂ ਸੱਚ ਸਾਬਿਤ ਹੋਏ, ਜਦੋਂ ਇਸ ਮਹਾਨ ਖਿਲਾੜੀ ਨੂੰ 2017 ਚ, ਖੇਡਾਂ ਲਈ ਦੇਸ਼ ਚ ਸਭ ਵੱਡੇ ਸਨਮਾਨ ਖੇਲ ਰਤਨ ਨਾਲ ਨਿਵਾਜਿਆ ਗਿਆ।

ਤੁਹਾਨੂੰ ਕੀ ਲੱਗਦੇ , ਹੁਣ ਉਹ ਰੁੱਕ ਗਿਆ ਹੋਣਾ ? ਜੀ ਨਹੀਂ, ਇਸ ਵਾਰ ਦੀਆਂ ਟੋਕੀਓ ਪੈਰਾਓਲੰਪਿਕਸ ਲਈ, ਇਹ ਭਾਰਤੀ ਹੀਰੋ ਦੋ ਸਾਲ ਤੋਂ ਜਬਰਦਸਤ ਸਖਤ ਮਿਹਨਤ ਨਾਲ ਕਰੋਨਾ ਕਾਰਨ ਇਕਾਂਤਵਾਸ ਚ ਹੀ ਕਰੜੀ ਤਿਆਰੀ ਕਰਦਾ ਰਿਹਾ। ਇਸੇ ਤਿਆਰੀ ਦੋਰਾਨ ਪਿਛਲੇ ਸਾਲ ਅਕਤੂਬਰ ਚ ਪਿਤਾ ਦਾ ਵੀ ਦੇਹਾਂਤ ਹੋ ਗਿਆ। 40 ਸਾਲ ਦੀ ਉਮਰ ਇਸ ਵਾਰ ਟੋਕੀਓ ਓਲੰਪਿਕਸ ਦਾ ਕਵਾਲਿਫਾਇਰ ਸੀ। ਸਭ ਨੇ ਸੋਚਿਆ ਕਿ ਝਾਝੜੀਆ ਹੁਣ ਕਿੱਥੇ ਕਵਾਲਿਫਾਈ ਕਰਦਾ ਏ ਪਰ ਇਸ ਸ਼ੇਰ ਨੇ ਆਪਣਾ ਹੀ ਰਿਕਾਰਡ ਤੋੜਦਿਆਂ 65.71 ਮੀਟਰ ਜੈਵਲਿਨ ਸੁੱਟ ਸਨਸਨੀ ਫੈਲਾ ਦਿੱਤੀ । ਇਸ ਈਵੈਂਟ ਦੀ ਵੀਡੀਓ ਚ ਜੈਵਲਿਨ ਸੁੱਟਣ ਤੋਂ ਬਾਅਦ ਦਵਿੰਦਰ ਦੇ ਰਿਐਕਸ਼ਨ ਨੇ ਪੂਰੇ ਦੇਸ਼ ਨੂੰ ਭਾਵੁਕ ਕਰ ਦਿੱਤਾ ਸੀ ਤੇ ਫੇਰ ਇਸ ਖਿਲਾੜੀ ਨੇ ਇਸ ਵਾਰ ਦੇ ਪੈਰਾਓਲੰਪਿਕ ਚ ਭਾਗ ਲਿਆ। ਸਾਥਿਓ ਪੈਰਾਓਲੰਪਿਕ ਤੇ ਓਲੰਪਿਕ ਚ ਕੋਈ ਖਾਸ ਫਰਕ ਨਹੀਂ ਹੈ, ਇਸ ਵਾਰ 163 ਦੇਸ਼ਾਂ ਦੇ 4500 ਖਿਲਾੜੀਆਂ ਚ 22 ਖੇਡਾਂ ਚ 540 ਈਵੈਂਟ ਲਈ ਜਬਰਦਸਤ ਮੁਕਾਬਲਾ ਸੀ। ਦਵਿੰਦਰ ਝਾਝੜੀਆ ਨੇਂ ਇਸ ਪੈਰਾਓਲੰਪਿਕ ਚ ਫੇਰ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਿਲਵਰ ਮੈਡਲ ਜਿੱਤ ਕੇ ਓਲੰਪਿਕ ਮੈਡਲ ਦੀ ਹੈਟ੍ਰਿਕ ਲਗਾਉਣ ਦਾ ਕਾਰਨਾਮਾ ਕਰ ਦਿੱਤਾ। ਸੈਲਯੂਟ ਏ, ਦਵਿੰਦਰ ਝਾਝੜੀਆ। ਜੁਗ-ਜੁਗ ਜੀਓ।

Related posts

ਭਾਰਤੀ ਰੇਲਵੇ ਨੇ ਇੱਕ ਪੂਰੀ ਰੇਲਗੱਡੀ ਤੇ ਰੇਲਵੇ ਸਟੇਸ਼ਨ ਔਰਤਾਂ ਨੂੰ ਸਮਰਪਿਤ ਕਰ ਦਿੱਤਾ !

admin

ਦਿਲਜੀਤ ਦੋਸਾਂਝ ਦੀ ਫਿਲਮ 120 ਕੱਟ ਲੱਗਣ ਤੋਂ ਬਾਅਦ ਰਿਲੀਜ਼ ਲਈ ਤਿਆਰ !

admin

ਇੰਟਰਨੈੱਟ ਦੀ ਆਦਤ ਇੱਕ ਅਣਐਲਾਨੀ ਮਹਾਂਮਾਰੀ ਦਾ ਰੂਪ ਲੈ ਰਹੀ ਹੈ 

admin