Articles

ਤਵੀਤਾਂ ਵਾਲੇ ਬਾਬੇ !

ਲੇਖਕ: ਸੁਰਜੀਤ ਭਗਤ, ਲੁਧਿਆਣਾ

ਜਿ਼ੰਦਗੀ ਦੀ ਕਿਤਾਬ ਦੀ ਵਰਕ—ਗਿਰਦਾਨੀ ਕਰਦਿਆਂ ਕਈ ਇੰਨੀਆਂ ਮਹੱਤਵਪੂਰਨ ਘਟਨਾਵਾਂ ਯਾਦ ਆ ਜਾਂਦੀਆਂ ਹਨ ਜੋ ਆਪਣੇ ਲਈ ਹੀ ਨਹੀਂ ਸਗੋਂ ਲੋਕਾਈ ਲਈ ਵੀ ਇੱਕ ਸਬਕ ਹੋ ਨਿੱਬੜਦੀਆਂ ਹਨ।
ਕਈ ਵਰ੍ਹੇ ਪਹਿਲਾਂ ਦੀ ਗੱਲ ਹੈ।
ਹੋਇਆ ਇੰਞ ਕਿ ਵਿਦੇਸ਼ *ਚ ਰਹਿ ਰਹੇ ਇੱਕ ਗੂੜੇ ਮਿੱਤਰ ਨੇ ਫੋਨ ਕਰਕੇ ਦੱਸਿਆ ਕਿ ਉੁਸਦਾ ਛੋਟਾ ਭਰਾ ਜੋ ਕਿ ਵਿਆਹਿਆ ਵਰਿ੍ਆ ਹੈ ਅਤੇ ਇੱਕ ਬੇਟੀ ਦਾ ਬਾਪ ਵੀ ਹੈ, ਕੋਈ ਕੰਮ ਨਹੀਂ ਕਰਦਾ ਤੇ ਨਾ ਹੀ ਕਈ ਕਈ ਦਿਨ ਘਰ ਵੜਦਾ ਹੈ। ਇਹ ਪਤਾ ਵੀ ਲੱਗਾ ਹੈ ਕਿ ਉਹ ਕਿਸੇ ਬਾਹਰੀ ਔਰਤ ਦੇ ਚੱਕਰ ‘ਚ ਫਸ ਗਿਆ ਹੈ ਜੋ ਉਸਨੂੰ ਘਰ ਨਹੀਂ ਆਉਣ ਦਿੰਦੀ। ਉਸ ਦੀ ਬਜ਼ੁਰਗ ਮਾਂ ਵੀ ਆਪਣੇ ਮੁੰਡੇ ਦੀਆਂ ਹਰਕਤਾਂ ਤੋਂ ਬੇਹੱਦ ਦੁਖੀ ਹੈ। ਪੱਤਰਕਾਰ ਦੇ ਤੌਰ ‘ਤੇ ਇਲਾਕੇ ‘ਚ ਮੇਰੀ ਕਾਫੀ ਪੁੱਛ ਪ੍ਰਤੀਤ ਸੀ, ਇਸ ਲਈ ਉਸਨੂੰ ਇਹ ਆਸ ਹੀ ਨਹੀਂ ਸਗੋਂ ਪੂਰਾ ਯਕੀਨ ਵੀ ਸੀ ਕਿ ਮੈਂ ਆਪਣਾ ਅਸਰ ਰਸੂਖ ਵਰਤ ਕੇ ਉਨ੍ਹਾਂ ਨੂੰ ਇਸ ਖ਼ਲਜਗਣ ਚੋਂ ਕੱਢ ਲਵਾਂਗਾ।
ਸ਼ਾਮ ਨੂੰ ਤਫਰੀਹ ਕਰਦੇ ਹੋਏ ਮੈਂ ਉਨ੍ਹਾਂ ਦੇ ਘਰ ਜਾ ਪੁੱਜਾ ਤਾਂ ਉਸਦੀ ਪਤਨੀ ਅਤੇ ਮਾਂ ਨੇ ਆਪਣੀ ਵਿਥਿਆ ਸੁਨਾਉਣੀ ਸ਼ੁਰੂ ਕੀਤੀ। ਸਹਿਮੀ ਹੋਈ ਛੋਟੀ ਬੱਚੀ, ਸਾਹ ਰੋਕ ਕੇ ਆਪਣੇ ਪਾਪਾ ਬਾਰੇ ਸਭ ਕੁਝ ਗਹੁ ਨਾਲ ਸੁਣ ਰਹੀ ਸੀ। ਸਾਰੀ ਗੱਲ ਸਮਝਣ ਉਪਰੰਤ ਉਸ ਓਪਰੀ ਔਰਤ ਨੂੰ ਦੋ ਤਿੰਨ ਦਿਨ ਬਾਅਦ ਜਦੋਂ ਮੈਂ ਮਿਲਣ ਲਈ ਗਿਆ ਤਾਂ ਪਹਿਲੀ ਹੀ ਨਜ਼ਰੇ ਉਹ ਮੈਨੂੰ ਸਧਾਰਣ ਔਰਤ ਨਹੀਂ ਸਗੋਂ ਦਾਤ ਵਰਗੀ ਤਿੱਖੀ ਕੋਈ ਸ਼ੈਅ ਲੱਗੀ। ਸਬੱਬ ਨਾਲ ‘ਭਾਈ ਸਾਹਿਬ’ ਵੀ ਉਥੇ ਹੀ ਕੋਲ ਕੁਰਸੀ ‘ਤੇ ਬਿਰਾਜਮਾਨ ਸਨ। ਉਸ ਕੋਲ ਮੇਰੇ ਹਰ ਸਵਾਲ ਦਾ ਜਵਾਬ ਪਹਿਲਾਂ ਹੀ ਮੌਜੂਦ ਸੀ ਅਤੇ ਉਹ ਮੈਨੂੰ ਗੱਲ ਵੀ ਪੂਰੀ ਨਹੀਂ ਸੀ ਕਰਨ ਦੇ ਰਹੀ। ਉਸ ਦਾ ਕਹਿਣਾਂ ਸੀ ਕਿ ਤੁਹਾਡੇ ਇਸ ਭਾਈ ਸਾਹਿਬ ਨੇ ਮੇਰੇ ਕੋਲੋਂ 3 ਲੱਖ ਰੁਪਏ ਕੰਮਕਾਜ ਲਈ ਉਧਾਰੇ ਲਏ ਹੋਏ ਹਨ, ਜਿੰਨੀ ਦੇਰ ਤੱਕ ਇਹ ਕਰਜ਼ਾ ਉਸਨੂੰ ਵਪਿਸ ਨਹੀਂ ਮਿਲਦਾ, ਉਨੀ ਦੇਰ ਤੱਕ ਉਹ ਉਸਨੂੰ ਘਰ ਵਾਪਿਸ ਨਹੀਂ ਜਾਣ ਦੇਵੇਗੀ। ਉਸ ਦਾ ਇਹ ਵੀ ਕਹਿਣਾ ਸੀ ਕਿ ਉਹ ਤਾਂ ਉਸਨੂੰ ਖੁੱਲਾ ਖਰਚਾ ਦੇ ਕੇ ਮੰਹਿਗੇ ਸੂਟ ਬੂਟ ਪਹਿਨਾ ਕੇ ਪੂਰੀ ਐਸ਼ ਕਰਵਾ ਰਹੀ ਹੈ। ਜਦਕਿ ਮੈਨੂੰ ਪਤਾ ਸੀ ਕਿ ਇਹ ਸਾਰਾ ਕੁਝ ਝੂਠ ਦੇ ਪੁਲੰਦੇ ਤੋਂ ਵੱਧ ਕੁਝ ਨਹੀਂ ਸੀ ਅਤੇ ਮੈਂ ਸਾਰਾ ਕੁਝ ਜਾਣਦਾ ਹੋਇਆ ਵੀ ਬੇਵੱਸ ਸਾਂ। ਕਾਰਣ ਇਹ ਕਿ ਭਾਈ ਸਾਹਿਬ ਵੀ ਮੇਰੇ ਵੱਲ ਵੇਖਣ ਦੀ ਬਜਾਇ ਉਸ ਬੀਬੀ ਦੇ ਹੱਕ ਵਿੱਚ ਹੀ ਹੁੰਗਾਰਾ ਭਰ ਰਹੇ ਸਨ।
ਪਰਿਵਾਰ ਵੱਲੋਂ ਪੁਲਸ ਤੱਕ ਕੀਤੀ ਗਈ ਪਹੁੰਚ ਵੀ ਬੱਸ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੀ ਸਾਬਿਤ ਹੋਈ। ਮੈਂ ਪ੍ਰੀਵਾਰ ਦੇ ਲਗਾਤਾਰ ਸੰਪਰਕ ‘ਚ ਸਾਂ। ਉਨ੍ਹਾਂ ਦਾ ਹਰ ਕਿਸੇ ਤੋਂ ਯਕੀਨ ਉਠ ਚੁੱਕਾ ਸੀ। ਉਹ ਸਥਾਨਕ ਟੀ. ਵੀ ਚੈਨਲ ਤੋਂ ਕਿਸੇ ਬਾਬੇ ਦੀ ਚਲਦੀ ਮਸ਼ਹੂਰੀ ਵੇਖ ਚੁੱਕੇ ਸਨ ਜੋਂ ਵਸ਼ੀਕਰਨ, ‘’ਮੁੱਠ ਕਰਨੀ ‘’, ਵਿਆਹ ਵਿੱਚ ਦੇਰੀ, ਆਪਹੁਦਰੀ ਹੋਈ ਔਲਾਦ ਅਤੇ ਸੌਂਕਣ ਤੋਂ ਛੁਟਕਾਰਾ ਆਦਿ ਦਾ ਸ਼ਰਤੀਆਂ ਇਲਾਜ ਕਰਦਾ ਸੀ। ਉਨ੍ਹਾਂ ਨੂੰ ਭਲਾ ਹੋਰ ਕੀ ਚਾਹੀਦਾ ਸੀ? ਉਨ੍ਹਾਂ ਨੂੰ ਲਗਦਾ ਸੀ ਕਿ ਉਨ੍ਹਾਂ ਅੱਗੇ ਹਿਮਾਲਾ ਪਰਬਤ ਜਿੱਡੀ ਖੜੀ ਮੁਸੀਬਤ ਸੌਕਣ ਤੋਂ ਛੁਟਕਾਰਾ ਤਾਂ ਸਿਰਫ ਬਾਬਾ ਜੀ ਹੀ ਕਰਵਾ ਸਕਦੇ ਹਨ। ਸੋ ਮੇਰੇ ਲੱਖ ਮਨ੍ਹਾਂ ਕਰਨ ਦੇ ਬਾਵਜੂਦ ਦੋਵੇਂ ਸੱਸ—ਨੂੰਹ, ਬਾਬਾ ਜੀ ਦੇ ਦਰਬਾਰ *ਚ ਜਾ ਹਾਜਿਰ ਹੋਈਆਂ। ਵਾਹਵਾ ਮੂੰਹ ਮੱਥੇ ਲੱਗਦੀ ਭਰ ਜਵਾਨ ਨੂੰਹ ਅਤੇ ਦੁਖੀ ਬਜੁਰਗ ਸੱਸ, ਦੋਵੇ ਹੀ ਬਾਬੇ ਨੂੰ ਚੰਗੀਆਂ ਸਾਮੀਆਂ ਜਾਪੀਆਂ।
ਕੁਝ ਦਿਨ ਦੇ ਓਹੜ ਪੋਹੜ ਮਗਰੋਂ ਬਾਬੇ ਨੇ ਆਪਣਾ ਮਾਸਟਰ ਸਟਰੋਕ ਖੇਡਿਆ। ਉਸਨੇ ਕਿਹਾ ਕਿ ਉਹ ਉਨ੍ਹਾਂ ਦਾ ਮਸਲਾ ਪੱਕੇ ਤੌਰ ‘ਤੇ ਹੱਲ ਕਰ ਸਕਦਾ ਹੈ ਜੇ ਉਹ ਉਸਦੇ ਕਹਿਣ ਤੇ ਇੱਕ ਉਪਾਅ ਕਰਨ। ਹੈ ਜ਼ਰਾ ਮਹਿੰਗਾ, ਪਰ ਕੰਮ ਸਿੱਕੇ ਬੰਦ ਹੋਉੂ। ਉਪਾਅ ਇਹ ਸੀ ਕਿ ਉਹ ਇੱਕ ਨਿਸਚਿਤ ਦਿਨ ਅਤੇ ਸਮੇਂ ਤੇ ਸ਼ਹਿਰ ‘ਚ ਵਗਦੀ ਨਹਿਰ ਦੇ ਕਿਨਾਰੇ ਸਵਾ ਤੋਲਾ ਸੋਨਾ ਅਤੇ ਕੁਝ ਹੋਰ ਨਿੱਕ—ਸੁੱਕ ਲੈ ਕੇ ਪਹੁੰਚਣ। ਉੁਹ ਉਥੇ ਪੂਜਾ ਕਰੇਗਾ ਅਤੇ ਇਸ ਦੌਰਾਨ ਉਹ ਸੋਨਾ ਅਤੇ ਹੋਰ ਨਿੱਕ ਸੁੱਕ ਲੈ ਕੇ ਮਿੱਟੀ ਦੇ ਇੱਕ ਕੋਰੇ ਕੁੱਜੇ ਵਿੱਚ ਪਾ ਕੇ ਉਸਦੇ ਹਵਾਲੇ ਕਰਕੇ, ਮੱਥਾ ਟੇਕ ਕੇ, ਪਿੱਛੇ ਨਾ ਵੇਖਣ ਅਤੇ ਚੁੱਪ ਚਾਪ ਬਿਨ੍ਹਾਂ ਪਿੱਛੇ ਝਾਕਿਆਂ, ਵਾਪਿਸ ਘਰ ਚਲੇ ਜਾਣ ਅਤੇ ਦਰਵਾਜਾ ਖੋਲ ਕੇ ਸਿੱਧੇ ਹੀ ਅੰਦਰ ਦਾਖਿਲ ਹੋਣ। ਉਨ੍ਹਾਂ ਨੇ ਅਜਿਹਾ ਹੀ ਕੀਤਾ। ਮੇਰੇ ਵਾਰ ਵਾਰ ਕਹਿਣ ਦੇ ਬਾਵਜੂਦ ਉਨ੍ਹਾਂ ਨੇ ਮੈਨੂੰ ਇਹ ਸਾਰਾ ਕੁਝ ਕਰਨ ਦੀ ਭਿਣਕ ਹੀ ਨਹੀਂ ਪੈਣ ਦਿੱਤੀ।
ਮੈਨੂੰ ਸ਼ੱਕ ਹੀ ਨਹੀਂ ਸਗੋਂ ਪੂਰਾ ਯਕੀਨ ਸੀ ਕਿ ਸੋਨਾ ਅਤੇ ਹੋਰ ਸਾਰਾ ਕੁਝ ਲੈ ਕੇ ਬਾਬਾ ਸਹਿਜੇ ਹੀ ਉਥੋਂ ਖਿਸਕ ਜਾਵੇਗਾ ਕਿਉਂਕਿ ਵਹਿਮਾਂ ਦੀਆਂ ਮਾਰੀਆਂ ਇਨ੍ਹਾਂ ਸੱਸ—ਨੂੰਹ ਨੇ ਤਾਂ ਆਉਣ ਜਾਣ ਦਾ ਸਾਲਮ ਰਿਕਸ਼ਾ ਕਰਵਾ ਕੇ ਨਹਿਰ ‘ਤੇ ਜਾਣਾ ਸੀ ‘ਤੇ ਪਿੱਛੇ ਮੁੜ ਕੇ ਨਾ ਵੇਖਣ ਕਾਰਨ ਬਾਬੇ ਨੇ ਫੌਰਨ ਹੀ ਉਥੋਂ ਫੁਰੱਰ ਹੋ ਜਾਣਾ ਸੀ, ਪਰ ਉਨ੍ਹਾਂ ਨੁੰ ਯਕੀਨ ਸੀ ਕਿ ਹੁਣ ਦੁਨੀਆਂ ਦੀ ਕੋਈ ਵੀ ਤਾਕਤ ਬਾਬਾ ਜੀ ਦੀ ਸ਼ਕਤੀ ਅੱਗੇ ਨਹੀਂ ਟਿਕ ਸਕੇਗੀ ਅਤੇ ਉਨ੍ਹਾਂ ਦਾ ਸੌਂਕਣ ਵਾਲਾ ਮਸਲਾ ਹੁਣ ਹੱਲ ਹੋ ਜਾਵੇਗਾ। ਬਾਬਿਆਂ ਦੇ ਵਿਰੁੱਧ ਮੇਰੇ ਵੱਲੋਂ ਦਿੱਤੀਆਂ ਠੋਸ ਦਲੀਲਾਂ ਵੀ ਉਨ੍ਹਾਂ ਅੱਗੇ ਕਾਗਜ ਦੇ ਉਡਦੇ ਟੁਕੜਿਆਂ ਵਰਗੀਆ ਹੋ ਕਿ ਰਹਿ ਗਈਆਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇੱਕ ਵਾਰੀ ਸਾਡਾ ਮੁੰਡਾ ਬੰਦਾ ਬਣ ਜੇ, ਸੋਨੇ ਦਾ ਕੀ ਏ, ਇਹ ਤਾਂ ਫਿਰ ਵੀ ਬਣ ਜਾਊ ਮੈਂ ਜਾਣਦਾ ਸਾਂ ਕਿ ਪ੍ਰੀਵਾਰ ਦੀ ਮਾਲੀ ਹਾਲਤ ਚੰਗੀ ਨਹੀਂ ਪਰ ਮੇਰੀਆਂ ਗੱਲਾਂ ਸਭ ਨੂੰ ਮਾੜੀਆਂ ਲੱਗ ਰਹੀਆਂ ਸਨ।
ਕਈ ਦਿਨ ਬੀਤ ਗਏ, ਹਫਤੇ ਲੰਘ ਗਏ, ਪਰ ਊਠ ਦਾ ਬੁੱਲ ਨਾ ਡਿੱਗਾ। ਦੋਵੇਂ ਸੱਸ—ਨੂੰਹ ਹਰ ਵੇਲੇ ਦਰਵਾਜ਼ਾ ਖੜਕਣ ਦਾ ਇੰਤਜਾਰ ਕਰਦੀਆਂ ਰਹੀਆਂ, ਪਰ ਮੁੰਡਾ ਘਰ ਨਾ ਪਰਤਿਆ। ਸੱਸ ਦੇ ਜ਼ੋਰ ਦੇਣ ਤੇ ਵੱਡੀ ਆਸ ਨਾਲ ਨੂੰਹ ਨੇ ਕਰਵਾ ਚੌਥ ਦਾ ਵਰਤ ਵੀ ਰੱਖ ਲਿਆ। ਭੈਣ ਵੀਰਾਂ  ਵਾਲੀ ਦੀ ਕਰਵਾ ਚੌਥ ਵਾਲੀ ਕਥਾ ਸੁਣਨ ਤੋਂ ਬਾਅਦ ਸ਼ਾਮੀ ਨੂੰਹ ਸੱਜ—ਧੱਜ ਕੇ ਦਰਵਾਜੇ਼ ਵੱਲ ਵੇਖਦੀ ਰਹੀ ਪਰ ਪਤੀ ਦੇਵ ਨਾ ਬਹੁੜੇ। ਦੇਰ ਰਾਤ ਜਦੋਂ ਉਸਨੂੰ ਨੀਂਦ ਦਾ ਝੋਂਕਾ ਕਦੋਂ ਆਇਆ, ਪਤਾ ਹੀ ਨਾ ਲੱਗਾ ਤੇ ਸਵੇਰੇ ਦਿਨ ਚੜ੍ਹੇ ਹੀ ਉਸਦੀ ਅੱਖ ਖੁੱਲੀ।
ਕੁਝ ਨਾ ਕਰ ਸਕਣ ਕਾਰਨ, ਬੇਵੱਸ ਹੋਇਆ ਮੈੈਂ ਖੁਦ ਬੇਹੱਦ ਪ੍ਰੇਸ਼ਾਨ ਸਾਂ, ਜਦਕਿ ਦੋ ਤਿੰਨ ਮਹੀਨੇ ਬੀਤਣ ‘ਤੇ ਵੀ ਪ੍ਰੀਵਾਰ ਦਾ ਬਾਬਾ ਜੀ ਉੱਤੇ ਅਜੇ ਅਟੁੱਟ ਵਿਸ਼ਵਾਸ਼ ਕਾਇਮ ਸੀ। ਕਈ ਦਿਨ੍ਹਾਂ ਬਾਦ ਉਧਰੋਂ ਲੰਘਦਾ ਮੈਂ ਫਿਰ ਉਨ੍ਹਾਂ ਦੇ ਘਰ ਗਿਆ ਤਾਂ ਪੁੱਛਣ ਤੇ ਨੂੰਹ ਨੇ ਦੱਸਿਆ ਕਿ ਬਾਬੇ—ਬੂਬੇ ਬੱਸ ਐਵੇਂ ਹੀ ਹੁੰਦੇ ਹਨ। ਉਨ੍ਹਾਂ ਦੀ ਸੋਚ ‘ਚ ਆਈ ਅਚਾਨਕ ਤਬਦੀਲੀ ਤੋਂ ਹੈਰਾਨ ਪ੍ਰੇਸ਼ਾਨ ਹੋਏ ਨੇ ਮੈਂ ਪੱੁਛਿਆ ਕਿ ਕੀ ਹੋ ਗਿਆ ਹੁਣ? ਗਏ ਨੀ ਉਸ ਕੋਲ ?
ਗਏ ਸਾਂ, ਉਹ ਤਾਂ ਕੁਝ ਹੋਰ ਹੀ ਕਹਿੰਦਾ ਸੀ ਉਸਨੇ ਨੀਵੀਂ ਪਾਉਂਦੇ ਹੋਏ ਜਵਾਬ ਦਿੱਤਾ।
ਕੀ ? ਮੈਂ ਉਤਸੁਕਤਾ ਨਾਲ ਪੁੱਛਿਆ।
ਕੀ ਦੱਸਾਂ ਜੀ? ਉਸਨੇ ਮੂੰਹ ਹੋਰ ਨੀਵਾਂ ਕਰਦੇ ਹੋਏ ਆਪਣੀਆਂ ਨਜਰਾਂ ਪੈਰਾਂ ‘ਚ ਗੱਡ ਲਈਆਂ।
ਉਸਦੇ ਬਿਨ੍ਹਾਂ ਕੁਝ ਦੱਸੇ ਹੀ ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਸੀ ਤੇ ਮੈਂ ਖੁਦ ਨੂੰ ਧਰਤੀ ‘ਚ ਗੱਡਿਆ ਮਹਿਸੂਸ ਕਰ ਰਿਹਾ ਸਾਂ।

ਸੰਪਰਕ:— 94172—07477
————————————————————————————————————————————————————————————————
ਕੋਠੀ ਨੰ: 898—ਜੀ, ਸ਼ਹੀਦ ਭਗਤ ਸਿੰਘ ਨਗਰ, ਲੁਧਿਆਣਾ—141013

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin