ਸਮਾਂ ਇੱਕ ਤਾਕਤ ਹੈ। ਇਹ ਕਦੇ ਕਿਸੇ ਲਈ ਨਹੀਂ ਰੁਕਿਆ। ਇਹ ਚੱਲਦਾ ਆਇਆ ਹੈ ਅਤੇ ਚੱਲਦਾ ਰਹੇਗਾ।ਸਮੇਂ ਦੀ ਤਾਣੀ ਏਨੀ ਉਲਝੀ ਹੈ ਕਿ ਲੋਕਾਂ ਕੋਲ ਸਿਰ ਖੁਰਕਣ ਦਾ ਵੇਹਲ ਨਹੀਂ ਹੈ। ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਜੱਦੋਜਹਿਦ ਵਿੱਚ ਮਨੁੱਖ ਸਾਰਾ ਸਮਾਂ ਆਪਣੇ ਕੰਮਾਂ ਧੰਦਿਆਂ ਨੂੰ ਦੇਣ ਲੱਗ ਗਿਆ ਹੈ। ਜਿਸ ਦੇ ਚੱਲਦਿਆਂ ਜਿੱਥੇ ਮਨੁੱਖੀ ਰਿਸ਼ਤਿਆਂ ਵਿੱਚ ਫਿਕ ਪੈ ਗਈ ਉੱਥੇ ਨਾਲ ਦੀ ਨਾਲ ਮਨੁੱਖ ਆਪਣੇ ਆਪ ਤੋਂ ਵੀ ਦੂਰ ਹੋ ਗਿਆ। ਜਿੰਦਗੀ ਦਾ ਭਾਰ ਮੋਢਿਆਂ ਤੇ ਢਾਉਂਦੇ ਮਨੁੱਖ ਨੂੰ ਆਪਣੇ ਸ਼ੌਕ ਭੁੱਲ ਗਏ, ਜੀਵਨ ਦਾ ਮਨੋਰਥ ਭੁੱਲ ਗਿਆ। ਬਸ ਜਿੰਮੇਵਾਰੀਆਂ ਤੇ ਹੋਰ ਕੰਮਾਂ ਧੰਦਿਆਂ ਵਿੱਚ ਉਲਝਿਆ ਮਨੁੱਖ ਜਿੰਦਗੀ ਦੇ ਪਈਏ ਰੇੜਦਾ ਆਖਰ ਇਸ ਸੰਸਾਰ ਤੋਂ ਵਿਦਾ ਹੋ ਜਾਂਦਾ ਹੈ।
ਪ੍ਰਮਾਤਮਾ ਨੇ ਸਾਨੂੰ ਜੀਵਨ ਦਿੱਤਾ ਹੈ। ਇਹ ਕੁਦਰਤ ਦੀ ਬਖਸ਼ਿਸ਼ ਹੈ। ਇਸ ਉੱਪਰ ਸਭ ਤੋਂ ਵੱਧ ਅਧਿਕਾਰ ਸਾਡਾ ਆਪਣਾ ਹੈ। ਪਰ ਅਸੀਂ ਸਾਰੀ ਜਿੰਦਗੀ ਇਹ ਗੱਲ ਸਮਝ ਹੀ ਨਹੀਂ ਪਾਉਂਦੇ ਕਿ ਅਸੀਂ ਆਪਣੀ ਕੀਮਤ ਵੀ ਸਮਝਣੀ ਹੈ।ਕੁਦਰਤ ਬਹੁਤ ਖੂਬਸੂਰਤ ਹੈ, ਭੀੜ ਭੜੱਕੇ , ਸ਼ੋਰ ਸ਼ਰਾਬੇ , ਭੱਜ ਦੌੜ, ਪੱਥਰਾਂ ਦੇ ਸ਼ਹਿਰਾਂ, ਮੋਬਾਇਲ ਫੋਨਾਂ ਤੋ ਬਾਹਰ ਨਿਕਲ ਕਦੇ ਕੁਦਰਤ ਸੰਗ ਆਪਨਾ ਆਪ ਲੈਕੇ ਬੈਠੋ । ਕਦੇ ਆਪਣੀ ਸੰਗਤ ਮਾਣ ਕੇ ਵੇਖੋ।ਜਾਨਣ ਦਾ ਯਤਨ ਕਰੋ ਕਿ ਤੁਸੀਂ ਕੌਣ ਹੋ ? ਕਿਉਂ ਹੋ ? ਤੇ ਤੁਹਾਨੂੰ ਕਿਵੇ ਹੋਣਾ ਚਾਹੀਦਾ ਹੈ? ਕਦੇ ਬੈਠ ਕੇ ਵਿਚਾਰੋ ਕਿ ਜਿਸ ਕਾਸੇ ਵਿੱਚ ਮੈਂ ਆਪਣੀ ਜਿੰਦਗੀ ਦਾ ਅੱਧਾ, ਅੱਧੇ ਤੋਂ ਜਿਆਦਾ ਸਮਾਂ ਬਤੀਤ ਕਰ ਦਿੱਤਾ ਕੀ ਮੈਂ ਏਦਾਂ ਦਾ ਜੀਵਨ ਹੀ ਚਾਹੁੰਦਾ ਸੀ ਜਾਂ ਚਾਹੁੰਦੀ ਸੀ। ਜੇਕਰ ਹਾਂ ਦਾ ਜਵਾਬ ਮਿਲੇ ਤਾਂ ਪਰਮਾਤਮਾ ਦਾ ਸ਼ੁਕਰ ਕਰੋ ਜੇ ਇਹ ਵਿਚਾਰਨ ਤੋਂ ਬਾਅਦ ਨਿਰਾਸ਼ਤਾ ਜਿਹੀ ਪੱਲੇ ਪਵੇ ਤਾਂ ਆਪਣੇ ਰੁਝਾਨ ਨੂੰ ਹੌਲੀ ਹੌਲੀ ਬਦਲਣ ਬਾਰੇ ਸੋਚੀਏ।
ਅਸੀਂ ਸਾਰੇ ਆਪਣੇ ਲਈ ਘੱਟ ਤੇ ਦੂਸਰਿਆਂ ਲਈ ਜਿਆਦਾ ਜਿਊਂਦੇ ਹਾਂ। ਦੂਸਰਿਆਂ ਨੂੰ ਖੁਸ਼ ਕਰਨ ਵਿੱਚ ਸਾਰੀ ਉਮਰ ਲਗਾ ਦਿੰਦੇ ਹਾਂ ਕਿ ਆਪਣਾ ਵਜੂਦ ਹੀ ਗਵਾ ਦਿੰਦੇ ਹਾਂ, ਆਪਣੇ ਆਪ ਨੂੰ ਹੀ ਭੁਲਾ ਦਿੰਦੇ ਹਾਂ। ਜਿੰਮੇਵਾਰੀਆਂ ਨਿਭਾਓ, ਪਰਿਵਾਰ ਪਾਲੋ ਉਹਨਾਂ ਦੀਆਂ ਜਰੂਰਤਾਂ ਦਾ ਖਿਆਲ ਰੱਖੋ ਉਹਨਾਂ ਦੀ ਖੁਸ਼ੀ ਦਾ ਵੀ ਖਿਆਲ ਰੱਖੋ। ਪਰ ਇਸ ਸਭ ਦੇ ਚੱਲਦੇ ਚੱਲਦੇ ਆਪਣੇ ਆਪ ਨੂੰ ਵੀ ਯਾਦ ਰੱਖੋ ਕਿ ਤੁਹਾਡੀ ਵੀ ਕੋਈ ਪਛਾਣ ਹੈ।
ਸਾਡੀ ਖੁਸ਼ੀ ਸਾਡੀ ਜਿੰਮੇਵਾਰੀ ਹੈ ਕੋਈ ਦੂਸਰਾ ਇਸਦਾ ਕਾਰਣ ਜਰੂਰ ਬਣ ਸਕਦਾ ਹੈ ਪਰ ਇਸ ਨੂੰ ਸਦੀਵੀਂ ਬਨਾਉਣ ਦੀ ਜਿੰਮੇਵਾਰੀ ਸਾਡੀ ਹੀ ਰਹੇਗੀ। ਅਸੀਂ ਆਪਣੇ ਆਪ ਨੂੰ ਖੁਸ਼ ਉਦੋਂ ਹੀ ਰੱਖ ਸਕਦੇ ਹਾਂ ਜਦੋਂ ਸਾਡੇ ਚਿਹਰੇ ਦੀ ਮੁਸਕਾਨ ਕਿਸੇ ਦੂਸਰੇ ਕਰਕੇ ਨਹੀਂ ਬਲਕਿ ਸਾਡੀ ਆਪਣੀ ਸੰਗਤ ਕਰਕੇ ਆਉਂਦੀ ਹੋਵੇ।
ਪਰ ਇਹ ਖੁਸ਼ੀ ਅਸੀਂ ਤਾਂ ਹੀ ਮਾਣ ਸਕਦੇ ਹਾਂ ਜੇਕਰ ਅਸੀਂ ਹਰ ਰੋਜ਼ ਕੁਝ ਸਮਾਂ ਆਪਣੇ ਆਪ ਨੂੰ ਦਿੰਦੇ ਹੋਈਏ। ਸਾਡੇ ਨਿੱਤ ਦੇ ਕਾਰ ਵਿਹਾਰ ਦੀ ਸੂਚੀ ਵਿੱਚ ਆਪਣੇ ਆਪ ਲਈ ਕੁਝ ਸਮਾਂ ਰਾਖਵਾਂ ਹੋਣਾ ਵੀ ਸ਼ਾਮਿਲ ਹੋਣਾ ਚਾਹੀਦਾ ਹੈ।
ਕੁਦਰਤ ਦੇ ਸੰਗ ਕੁਝ ਘੜੀਆਂ ਬਿਤਾਓ, ਆਪਣੇ ਆਪੇ ਨੂੰ ਜਾਨਣ ਦਾ ਯਤਨ ਕਰੋ। ਕੁਝ ਪਲਾਂ ਲਈ ਆਪਣੇ ਚਿੱਤ ਵਿੱਚ ਆਉਣ ਵਾਲੇ ਸਾਰੇ ਖਿਆਲਾਂ ਨੂੰ ਰੋਕਣ ਦਾ ਯਤਨ ਕਰੋ। ਇਹ ਖਿਆਲ ਘੜੀ ਮੁੜ ਤੁਹਾਨੂੰ ਤੰਗ ਕਰਨਗੇ, ਪਰ ਜਦੋਂ ਤੁਸੀਂ ਸ਼ਾਤ ਚਿੱਤ ਆਪਣੇ ਆਪ ਨਾਲ ਬੈਠਣਾ ਸਿੱਖ ਜਾਵੋਂਗੇ ਤਾਂ ਤੁਹਾਡੇ ਵਿੱਚ ਨਿਰੋਲ ਸਹਿਜਤਾ ਆ ਜਾਵੇਗੀ। ਹਰ ਪ੍ਰਸਿਥਤੀ ਨੂੰ ਸ਼ਾਂਤੀ ਨਾਲ ਨਿੱਜਠਣ ਦੀ ਤਾਕਤ ਆ ਜਾਵੇਗੀ । ਤੁਹਾਡੇ ਚਿਹਰੇ ਤੇ ਆਉਣ ਵਾਲੀ ਮੁਸਕਰਾਹਟ ਸਦੀਵੀਂ ਹੋ ਜਾਵੇਗੀ ਜਿਸ ਨੂੰ ਉੱਚੇ ਨੀਵੇਂ ਹਲਾਤ ਪ੍ਭਾਵਿਤ ਨਹੀਂ ਕਰ ਸਕਣ। ਇਸ ਲਈ ਜਰੂਰੀ ਹੈ ਆਪਣੇ ਆਪ ਨੂੰ ਸਮਾਂ ਦੇਣਾ, ਆਪਣੀ ਸੰਗਤ ਨੂੰ ਮਾਨਣਾ।