Articles

“ਇੱਕ ਪਿੰਡ ਇੱਕ ਬੂਥ” ‘ਤੇ ਅਮਲ ਕਰਨ ਦੀ ਅਹਿਮੀਅਤ

ਲੇਖਕ: ਗੋਬਿੰਦਰ ਸਿੰਘ ਢੀਂਡਸਾ. ਬਰੜ੍ਹਵਾਲ (ਸੰਗਰੂਰ)

ਭਾਰਤ ਇੱਕ ਲੋਕਤਾਂਤਰਿਕ ਦੇਸ ਹੈ ਅਤੇ ਇਸ ਦੇ ਵੱਖੋ ਵੱਖਰੇ ਸਥਾਨਾਂ ਤੇ ਸਮੇਂ ਸਮੇਂ ਤੇ ਨਿਰੰਤਰ ਚੋਣਾਂ ਦਾ ਕੰਮ ਚਲਦਾ ਰਹਿੰਦਾ ਹੈ। ਪੰਜਾਬ ਵਿੱਚ ਪੰਚਾਇਤੀ ਚੋਣਾਂ, ਬਲਾਕ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਚੋਣਾਂ, ਨਗਰ ਨਿਗਮ, ਨਗਰ ਕੌਂਸਲ/ਨਗਰ ਪੰਚਾਇਤ, ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਅਹਿਮ ਹਨ ਜੋ ਕਿ ਪੰਜੇ ਸਾਲ ਕਿਸੇ ਨਾ ਕਿਸੇ ਰੂਪ ਵਿੱਚ ਚਲਦੀਆਂ ਰਹਿੰਦੀਆਂ ਹਨ।

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਦਾ ਬਿਗੁਲ ਵੱਜ ਚੁੱਕਾ ਹੈ, ਪੰਜਾਬ ਵਿੱਚ 20 ਫਰਵਰੀ ਨੂੰ ਇੱਕੋ ਗੇੜ ਵਿੱਚ ਮਤਦਾਨ ਹੋਵੇਗਾ ਅਤੇ 10 ਮਾਰਚ ਨੂੰ ਬਾਕੀ ਦੇ ਚਾਰ ਸੂਬਿਆਂ ਗੋਆ, ਉੱਤਰਾਖੰਡ, ਉੱਤਰਪ੍ਰਦੇਸ਼ ਅਤੇ ਮਨੀਪੁਰ ਨਾਲ ਵੋਟਾਂ ਦੀ ਗਿਣਤੀ ਹੋਵੇਗੀ। ਪੰਜਾਬ ਵਿੱਚ ਪਹਿਲੀ ਨਜ਼ਰਸਾਨੀ ਵਿੱਚ ਮੁੱਖ ਤੌਰ ਤੇ ਮੁਕਾਬਲਾ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ-ਬਸਪਾ ਗੱਠਜੋੜ ਵਿਚਕਾਰ ਹੈ, ਹੋਰਨਾਂ ਵਿੱਚ ਆਜ਼ਾਦ ਉਮੀਦਵਾਰਾਂ ਤੋਂ ਸਿਵਾਏ ਸੰਯੁਕਤ ਸਮਾਜ ਮੋਰਚਾ-ਸੰਯੁਕਤ ਸਮਾਜ ਪਾਰਟੀ ਗੱਠਜੋੜ, ਭਾਜਪਾ-ਕੈਪਟਨ-ਢੀਂਡਸਾ ਗੱਠਜੋੜ ਅਤੇ ਲੋਕ ਇਨਸਾਫ਼ ਪਾਰਟੀ ਆਦਿ ਸਰਗਰਮ ਹਨ। ਜਿੱਤ ਕਿਸਦੀ ਝੋਲੀ ਪੈਂਦੀ ਹੈ, ਕੌਣ ਕਿੰਨੀਆਂ ਸੀਟਾਂ ਪ੍ਰਾਪਤ ਕਰਦਾ ਹੈ ਇਹ ਪੰਜਾਬ ਦੇ ਵੋਟਰ ਫੈਸਲਾ ਕਰਨਗੇ।

ਇੱਕੋ ਪਿੰਡ/ਮਹੁੱਲੇ ਵਿੱਚ ਰਹਿੰਦੇ ਹੋਣ ਦੇ ਬਾਵਜੂਦ ਚੋਣਾਂ ਦੌਰਾਨ ਸਮਾਜਿਕ ਤਰੇੜ ਚਿੰਤਾਜਨਕ ਹੈ। ਚੋਣਾਂ ਦੌਰਾਨ ਹਿੰਸਾ ਦੀ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆ ਹਨ ਜੋ ਕਿ ਸਮਾਜਿਕ ਰਿਸ਼ਤਿਆਂ ਦਾ ਘਾਣ ਕਰ ਛੱਡਦੀਆਂ ਹਨ, ਪੀੜੀ ਦਰ ਪੀੜੀ ਦੁਸ਼ਮਣੀ ਦੀ ਪਿਊਂਦ ਲਗਾ ਜਾਂਦੀਆਂ ਹਨ। ਵੋਟਾਂ ਸਮੇਂ ਵੱਖੋ ਵੱਖਰੇ ਧੜਿਆਂ ਨਾਲ ਸੰਬੰਧਤ ਪਿੰਡਾਂ/ਸ਼ਹਿਰਾਂ ਦੇ ਵੋਟਰ ਲੀਡਰਾਂ ਪਿੱਛੇ ਬਹਿਸ ਕਰਦੇ, ਲੜਦੇ-ਝਗੜਦੇ ਆਮ ਦੇਖੇ ਜਾ ਸਕਦੇ ਹਨ, ਉਹਨਾਂ ਦੀ ਆਪਸੀ ਕੜੱਤਣ ਉਹਨਾਂ ਦੇ ਪਰਿਵਾਰਿਕ ਅਤੇ ਸਮਾਜਿਕ ਸੰਬੰਧਾਂ ਨੂੰ ਖੋਰਾ ਲਾ ਛੱਡਦੀ ਹੈ, ਇੱਕ ਦੂਜੇ ਪ੍ਰਤੀ ਵੈਰ ਦੀ ਭਾਵਨਾ ਨੂੰ ਪਾਲ ਛੱਡਦੇ ਹਨ ਜਦਕਿ ਸੰਬੰਧਤ ਵਿਅਕਤੀਆਂ ਦੇ ਲੀਡਰਾਂ ਨੂੰ ਇਹਨਾਂ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਉਹ ਸਿਰਫ਼ ਆਪਣੀ ਕੁਰਸੀ ਲਈ ਇਹਨਾਂ ਦਾ ਫਾਇਦਾ ਉਠਾਉਂਦੇ ਹਨ। ਅਯੋਕੇ ਲੀਡਰ ਤਾਂ ਡੱਡੂ ਟਪੂਸੀ ਲਾਉਣ ਵਿੱਚ ਮਾਹਿਰ ਹਨ ਕਿਉਂਕਿ ਲੀਡਰਾਂ ਨੂੰ ਇੱਕ ਪਾਰਟੀ ਤੋਂ ਉਮੀਦਵਾਰੀ ਦੀ ਟਿਕਟ ਨਾ ਮਿਲਣ ਤੇ ਝੱਟ ਵਿਰੋਧੀ ਪਾਰਟੀ ਵਿੱਚ ਚਲੇ ਜਾਂਦੇ ਹਨ, ਰਾਤੋ ਰਾਤ ਮਨ ਬਦਲਾਅ ਹੋ ਜਾਂਦਾ ਹੈ, ਉਸ ਤੋਂ ਟਿਕਟ ਪ੍ਰਾਪਤ ਕਰਦੇ ਹਨ ਜਿਸ ਪਾਰਟੀ ਨੂੰ ਪਹਿਲਾਂ ਉਹ ਪਾਣੀ ਪੀ ਪੀ ਭੰਡਦੇ ਰਹੇ ਹੋਣ ਤੇ ਲੀਡਰਾਂ ਪਿੱਛੇ ਅੱਖਾਂ ਮੀਟ ਘੁੰਮਦੇ ਵਰਕਰਾਂ ਦੇ ਮੂੰਹ ਅੱਡੇ ਤੇ ਅੱਡੇ ਰਹਿ ਜਾਂਦੇ ਹਨ, ਠੱਗੇ ਹੋਏ ਮਹਿਸੂਸ ਕਰਦੇ ਹਨ।

ਪੋਲਿਗ ਸਟੇਸ਼ਨਾਂ ਦੇ ਬਾਹਰ ਵੱਖੋ ਵੱਖਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਦੇ ਲੱਗੇ ਪੋਲਿੰਗ ਬੂਥ ਆਪਸੀ ਪੇਂਡੂ ਭਾਈਚਾਰਕ ਸਾਂਝ ਵਿੱਚ ਵਿਖਰਾਵ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੋ ਨਿਬੜਦੇ ਹਨ। ਪੰਜਾਬ ਵਿੱਚ ਵਿਰਲੇ ਹੀ ਪਿੰਡ ਹੋਣਗੇ ਜਿੱਥੇ ਚੋਣਾਂ ਦੌਰਾਨ ਆਪਸੀ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ ਅਤੇ ਉਹਨਾਂ ”ਇੱਕ ਪਿੰਡ ਇੱਕ ਬੂਥ” ਦਾ ਨਾਅਰਾ ਲਾ ਕੇ ਇਸ ਨੂੰ ਅਮਲੀ ਰੂਪ ਦਿੱਤਾ ਹੈ ਜੋ ਕਿ ਸ਼ਲਾਘਾਯੋਗ ਹੈ। ਵੋਟ ਪਾਉਣੀ ਹਰ ਬਾਲਗ ਦਾ ਅਪਣਾ ਨਿੱਜੀ ਅਧਿਕਾਰ ਹੈ ਪਰੰਤੂ ਵੋਟਾਂ ਪਿੱਛੇ ਆਪਸੀ ਭਾਈਚਾਰਕ ਸਾਂਝ ਨੂੰ ਸੱਟ ਮਾਰਨਾ ਕਿਸੇ ਵੀ ਪੱਖੋਂ ਸਲਾਹੁਣਯੋਗ ਨਹੀਂ ਕਿਹਾ ਜਾ ਸਕਦਾ। ਚੋਣਾਂ ਦੌਰਾਨ ਆਪਣੀ ਗੱਲ ਦਲੀਲ ਦੇ ਆਧਾਰ ਤੇ ਸਹੀ ਸ਼ਬਦਾਵਲੀ ਵਿੱਚ ਰੱਖੀ ਜਾ ਸਕਦੀ ਹੈ, ਕਿਸੇ ਨੂੰ ਉਕਸਾਉਣ ਅਤੇ ਨੀਚਾ ਵਿਖਾਉਣਾ ਦੀ ਪ੍ਰਵਿਰਤੀ ਆਪ-ਮੁਹਾਰੇ ਰਿਸ਼ਤਿਆਂ ਵਿੱਚ ਪਾਟ ਪਾ ਦਿੰਦੀ ਹੈ, ਚੋਣਾਂ ਤਾਂ ਗੁਜ਼ਰ ਜਾਂਦੀਆਂ ਹਨ ਪਰੰਤੂ ਜ਼ਖਮ ਡੂੰਘੇ ਦੇ ਜਾਂਦੀਆਂ ਹਨ ਸੋ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਨੂੰ ਪਹਿਲ ਦੇਣੀ ਚਾਹੀਦੀ ਹੈ। ਪਿੰਡਾਂ ਅਤੇ ਸ਼ਹਿਰਾਂ ਦੇ ਪਤਵੰਤੇ ਸੱਜਣਾ, ਨੌਜਵਾਨ ਕਲੱਬਾਂ ਨੂੰ ਇੱਕ ਪਿੰਡ ਇੱਕ ਬੂਥ” ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ ਅਤੇ ਪਹਿਲਕਦਮੀ ਕਰਨੀ ਚਾਹੀਦੀ ਹੈ ਕਿ ਕੋਈ ਵੀ ਬਾਲਗ ਵੋਟ ਕਿਸੇ ਨੂੰ ਵੀ ਪਾਵੇ ਪਰੰਤੂ ਪੋਲਿੰਗ ਸ਼ਟੇਸ਼ਨ ਦੇ ਬਾਹਰ ਪੋਲਿੰਗ ਬੂਥ ਇੱਕ ਹੀ ਲੱਗੇਗਾ ਤੇ ਸਾਰੇ ਮਿਲਕੇ ਏਕੇ ਦਾ ਸਬੂਤ ਦੇਣਗੇ ਜਿਸ ਨਾਲ ਚੋਣਾਂ ਦੌਰਾਨ ਆਈ ਆਪਸੀ ਕੜੱਤਣ ਨੂੰ ਵੀ ਕੁਝ ਠੱਲ ਪਵੇਗੀ ਅਤੇ ਭਾਈਚਾਰਕ ਸਾਂਝ ਦੀ ਬੂਟੀ ਦੀ ਮਹਿਕ ਸਾਰੇ ਪਿੰਡ ਅਤੇ ਸ਼ਹਿਰ/ਮੁਹੱਲਿਆਂ ਨੂੰ ਖੁਸ਼ਬੋਆਂ ਵੰਡੇਗੀ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin