Articles

ਰਾਜਨੀਤਿਕ ਪਾਰਟੀਆਂ ਅਤੇ ਨੇਤਾਵਾਂ ਵਿੱਚ ਕਿੰਨੀ ਕੁ ਨੈਤਿਕਤਾ?

ਲੇਖਕ: ਗੋਬਿੰਦਰ ਸਿੰਘ ਢੀਂਡਸਾ. ਬਰੜ੍ਹਵਾਲ (ਸੰਗਰੂਰ)

ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਲੋਕਤੰਤਰ ਦੀ ਰੀੜ ਹੈ। ਇਸਦਾ ਆਪਣੀ ਸਮਾਜਿਕ ਆਦਰਸ਼ਵਾਦ ਅਤੇ ਨੈਤਿਕਤਾ ਦਾ ਅਕਸ ਬਣਾਏ ਰੱਖਣਾ ਅਤਿ ਜ਼ਰੂਰੀ ਹੈ ਤਾਂ ਜੋ ਲੋਕਾਂ ਦਾ ਲੋਕਤੰਤਰੀ ਵਿਵਸਥਾ ਵਿੱਚ ਯਕੀਨ ਬੱਝਾ ਰਹੇ। ਲੋਕਤੰਤਰ ਵਿੱਚ ਵੱਖੋ ਵੱਖਰੀਆਂ ਵਿਚਾਰਧਾਰਾਵਾਂ ਦੀਆਂ ਪਾਰਟੀਆਂ ਇਸਦੀ ਖੂਬਸੂਰਤੀ ਹੈ ਅਤੇ ਇਹਨਾਂ ਪਾਰਟੀਆਂ ਦੇ ਸੰਵਿਧਾਨ ਲੋਕਤੰਤਰ ਵਿੱਚ ਵਿਸ਼ਵਾਸ ਪ੍ਰਗਟਾਉਂਦੇ ਦੇਸ ਨੂੰ ਹੋਰ ਅੱਗੇ ਤਰੱਕੀ ਦੇ ਰਾਹ ਤੇ ਲਿਜਾਣ ਲਈ ਉਤਸਕ ਹਨ। ਆਦਰਸ਼ ਅਤੇ ਨੈਤਿਕਤਾ ਪੱਖੋਂ ਮਜ਼ਬੂਤ ਨੇਤਾ ਹੀ ਚੰਗੇ ਸਮਾਜ ਦੀ ਸਿਰਜਣਾ ਅਤੇ ਅਗਵਾਈ ਲਈ ਯੋਗ ਹੁੰਦਾ ਹੈ।

ਜੇਕਰ ਮੌਜੂਦਾ ਪਾਰਟੀਆਂ ਅਤੇ ਨੇਤਾਵਾਂ ਨੂੰ ਵੇਖਿਆ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਨੈਤਿਕਤਾ ਇਹਨਾਂ ਦੇ ਲਾਗੇ-ਤਾਗੇ ਵੀ ਨਹੀਂ। ਨੈਤਿਕਤਾ ਸਿਰਫ਼ ਕਾਗਜ਼ੀ ਬਣ ਕੇ ਰਹਿ ਗਈ ਹੈ ਅਤੇ ਆਪਣੇ ਮੁਫ਼ਾਦ ਲਈ ਵਿਰੋਧੀ ਆਗੂ/ਪਾਰਟੀ ਤੋਂ ਨੈਤਿਕਤਾ ਦੇ ਆਧਾਰ ਤੇ ਅਸਤੀਫ਼ੇ ਦੀ ਮੰਗ ਕਰਨ ਦੀ ਸ਼ਬਦਾਵਲੀ ਦੇ ਬਿਆਨ ਤੱਕ ਸਿਮਟ ਗਈ ਹੈ। ਇਹ ਦੇਸ ਦਾ ਦੁਖਾਂਤ ਹੈ ਕਿ ਰਾਜਨੀਤੀਵਾਨਾਂ ਨੇ ਆਦਰਸ਼ਵਾਦ ਅਤੇ ਨੈਤਿਕਤਾ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਛੱਡੀ ਹੈ। ਇਹ ਕੁਰਸੀ ਦੀ ਅੰਨ੍ਹੀ ਦੌੜ ਵਿੱਚ ਹਨ ਅਤੇ ਹਰ ਹੀਲ੍ਹੇ ਵਸੀਲੇ ਇਹਨਾਂ ਨੂੰ ਸੱਤਾ ਦੀ ਚਾਬੀ ਤੱਕ ਮਤਲਬ ਹੈ। ਜਿਵੇਂ ਕਿਹਾ ਜਾਂਦਾ ਹੈ ਕਿ ਪਿਆਰ ਅਤੇ ਯੁੱਧ ਵਿੱਚ ਸਭ ਜਾਇਜ਼ ਹੈ ਉਦਾਂ ਹੀ ਨੇਤਾਵਾਂ ਨੇ ਚੋਣਾਂ ਜਿੱਤਣ ਲਈ ਵੀ ਸਭ ਕੁਝ ਜਾਇਜ਼ ਤੇ ਅਮਲ ਸ਼ੁਰੂ ਕਰ ਦਿੱਤਾ ਹੈ। ਪਾਰਟੀਆਂ ਲੋਕ ਮੁੱਦਿਆਂ, ਵਿਕਾਸ ਦੀ ਥਾਂ ਜਿਸ ਤਰ੍ਹਾਂ ਦੇ ਮੁੱਦੇ ਚੋਣਾਂ ਜਿੱਤਣ ਲਈ ਉਛਾਲਦੀਆਂ ਹਨ ਜੋ ਕਿ ਸਮਾਜਿਕ ਵੰਡ ਕਰਦਾ ਹੈ ਕਿਸ ਤਰ੍ਹਾਂ ਨੈਤਿਕ ਤੌਰ ਤੇ ਸਹੀ ਕਿਹਾ ਜਾ ਸਕਦਾ ਹੈ? ਕਿਵੇਂ ਸੱਤਾ ਧਿਰ ਚੋਣਾਂ ਜਿੱਤਣ ਲਈ ਸਿੱਧੇ-ਅਸਿੱਧੇ ਹਥਕੰਡਾ ਅਪਣਾਉਂਦੀ ਹੈ, ਤਾਕਤ ਅਤੇ ਸੰਸਥਾਵਾਂ ਦਾ ਦੁਰਉਪਯੋਗ ਕਰਦੀ ਹੈ, ਕਿਸੇ ਇੱਕ ਪਾਰਟੀ ਨੂੰ ਬਹੁਮਤ ਨਾ ਮਿਲਣ ਤੇ ਕਿਵੇਂ ਅੰਦਰਖਾਤੇ ਇੱਕ-ਦੂਜੀਆਂ ਪਾਰਟੀਆਂ ਵਿੱਚ ਪਾੜ ਲਾਏ ਜਾਂਦੇ ਹਨ, ਕਿਵੇਂ ਵਿਰੋਧੀ ਲੀਡਰਾਂ ਨੂੰ ਪੈਸੇ ਨਾਲ ਖਰੀਦ ਕੇ ਜਾਂ ਡਰਾ ਕੇ ਪਾਲਾ ਬਦਲਾਇਆ ਜਾਂਦਾ ਹੈ, ਕਿਵੇਂ ਇੱਕ ਘੱਟ ਸੀਟਾਂ ਜਿੱਤਣ ਵਾਲੀ ਪਾਰਟੀ ਰਾਤੋਂ ਰਾਤ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਕਿਸੇ ਤੋਂ ਨਹੀਂ ਲੁਕਿਆ। ਰਾਜਨੀਤਿਕ ਪਾਰਟੀਆਂ ਚੋਣਾਂ ਵਿੱਚ ਬਲਾਤਕਾਰ, ਕਤਲ ਵਰਗੇ ਘਿਨੋਣੇ ਜ਼ੁਰਮ ਦੇ ਦਾਗੀਆਂ ਨੂੰ ਵੀ ਟਿਕਟਾਂ ਦੇ ਛੱਡਦੀਆਂ ਹਨ।

ਨੇਤਾਵਾਂ ਨੇ ਆਪਣੇ ਇਖਲਾਕ ਨੂੰ ਲਾਹ ਕੇ ਕਿੱਲੀ ਤੇ ਟੰਗ ਦਿੱਤਾ ਹੈ। ਕਿਵੇਂ ਟਿਕਟਾਂ ਅਤੇ ਆਹੁਦਿਆਂ ਲਈ ਵਫ਼ਾਦਾਰੀਆਂ ਬਦਲ ਜਾਂਦੀਆਂ ਹਨ, ਨਿੱਜੀ ਹਿੱਤਾਂ ਅਨੁਸਾਰ ਇੱਕ-ਦੂਜੀਆਂ ਪਾਰਟੀਆਂ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਚੋਣਾਂ ਦੌਰਾਨ ਕਿਸ ਕਿਸ ਤਰ੍ਹਾਂ ਦੇ ਨਿਚਲੇ ਪੱਧਰ ਤੇ ਭਾਸ਼ਣ ਅਤੇ ਦੂਸ਼ਣਬਾਜ਼ੀ ਕੀਤੀ ਜਾਂਦੀ ਹੈ। ਚੋਣਾਂ ਜਿੱਤਣ ਲਈ ਮੁੱਦਿਆਂ ਦੀ ਥਾਂ ਪੈਸਾ, ਨਸ਼ਾ ਅਤੇ ਹੋਰ ਅਥਕੰਡੇ ਅਪਣਾਏ ਜਾਂਦੇ ਆਮ ਦੇਖੇ ਜਾ ਸਕਦੇ ਹਨ। ਨੇਤਾਵਾਂ ਹੱਥ ਤਾਕਤ ਆਉਣ ਤੇ ਲੋਕਾਂ ਦਾ ਵਿਕਾਸ ਭਾਵੇਂ ਨਾ ਹੋਵੇ ਪਰੰਤੂ ਆਪਣੀਆਂ ਜਾਇਦਾਦਾਂ ਬਿਜਲੀ ਤੋਂ ਤੇਜ ਗਤੀ ਨਾਲ ਵੱਧ ਜਾਂਦੀਆਂ ਹਨ। ਨੇਤਾ ਲੋਕਾਂ ਵਿੱਚ ਪਾਰਟੀ ਅਧਾਰਿਤ ਐਨੀ ਜ਼ਹਿਰ ਘੋਲ ਦਿੰਦੇ ਹਨ, ਸਮਾਜੀ ਵੰਡ ਕਰ ਦਿੰਦੇ ਹਨ ਕਿ ਵਰਕਰ ਪਿੰਡਾਂ, ਮੁਹੱਲਿਆਂ ਵਿੱਚ ਆਪਸੀ ਰਿਸ਼ਤੇ, ਭਾਈਚਾਕ ਸਾਂਝ ਖ਼ਤਮ ਕਰ ਬੈਠਦੇ ਹਨ ਪਰੰਤੂ ਨੇਤਾਵਾਂ ਦੀ ਸਿਹਤ ਤੇ ਕੋਈ ਅਸਰ ਨਹੀਂ ਹੁੰਦਾ ਤੇ ਉਹ ਆਪਣੇ ਹਿੱਤਾਂ ਲਈ ਸਿਆਸਤ ਕਰੀ ਜਾਂਦੇ ਹਨ।

ਹਾਰਵਾਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਡੈਨਿਸ ਥਾਮਸਨ ਨੇ ਰਾਜਨੀਤੀ ਵਿੱਚ ਨੈਤਿਕਤਾ ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ “ਉਹ ਵੋਟਰ ਵੀ ਬੁਹਤ ਵੱਡੇ ਗੁਨਾਹਗਾਰ ਹਨ ਜਿਹੜੇ ਕਿ ਭ੍ਰਿਸ਼ਟ ਲੋਕਾਂ ਨੂੰ ਵੋਟਾਂ ਪਾ ਕੇ ਰਾਜਨੀਤਿਕ ਲੀਡਰ ਬਣਾਉਂਦੇ ਹਨ ਜਿਹੜੇ ਕਿ ਆਪਣੀ ਨਿੱਜੀ ਹਿੱਤਾਂ ਲਈ ਲੋਕਾਂ ਨਾਲ ਹਰ ਤਰ੍ਹਾਂ ਦਾ ਧੋਖਾ ਕਰਦੇ ਹਨ। ” ਸਮੇਂ ਦੀ ਜ਼ਰੂਰਤ ਹੈ ਕਿ ਵੋਟਰ ਚੋਣਾਂ ਦੌਰਾਨ ਸੋਚ ਸਮਝ ਕੇ ਆਪਣੇ ਉੱਜਵਲ ਭਵਿੱਖ ਲਈ ਵੋਟ ਕਰਨ ਅਤੇ ਆਪਣੀ ਭਾਈਚਾਰਕ ਸਾਂਝ ਨੂੰ ਨੇਤਾਵਾਂ ਪਿੱਛੇ ਲੱਗ ਕੇ ਖੋਰ੍ਹਾ ਨਾ ਲਾਉਣ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin