ਹਿੰਦੁਸਤਾਨ ਵਿੱਚ ਬਰਤਾਨਵੀ ਹਕੂਮਤ ਸਮੇਂ ਨਾਭਾ ਰਿਆਸਤ ਦੇ ਰਾਜੇ ਰਿਪੁਦਮਨ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਰਿਆਸਤ ਤੋਂ ਲਾਂਭੇ ਕਰਨ ਦੇ ਵਿਰੋਧ ਵਿੱਚ ਲੱਗਿਆ ਮੋਰਚਾ ‘ਜੈਤੋ ਦੇ ਮੋਰਚੇ’ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ । ਇਸ ਮੋਰਚੇ ਨੇ ਹਿੰਦੁਸਤਾਨ ਦੀ ਅਜ਼ਾਦੀ ਦੀ ਲਹਿਰ ਦਾ ਅਸਲ ਰੂਪ ਚ ਵਿੱਚ ਮੁੱਢ ਬੰਨਿ੍ਹਆਂ । ਮੌਜੂਦਾ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਇਸੇ ਮੋਰਚੇ ਦੀ ਹੀ ਦੇਣ ਹੈ। ਇਸ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਪੰਡਿਤ ਜਵਾਹਰ ਲਾਲ ਨਹਿਰੂ ਮੋਰਚੇ ਦੀ ਹਿਮਾਇਤ ਕਰਨ ਵਾਸਤੇ ਜੈਤੋ ਪਹੁੰਚੇ ਤਾਂ ਉਹਨਾਂ ‘ਤੇ ਐਫ ਆਈ ਆਰ ਦਰਜ ਕਰਕੇ ਉਹਨਾ ਨੂੰ ਗਰਿਫਤਾਰ ਕਰਕੇ ਜੈਤੋ ਦੇ ਜਿਸ ਪੁਲਿਸ ਥਾਣੇ ਦੀ ਹਵਾਲਾਟ ਚ ਬੰਦ ਕੀਤਾ ਗਿਆ, ਉਸ ਪੁਲਿਸ ਥਾਣੇ ਚ ਜਾਣ ਦਾ ਮੌਕਾ ਮਿਲਿਆ । ਰਾਤ ਦਾ ਕਾਫੀ ਹਨੇਰਾ ਹੋਣ ਕਾਰਨ ਬਹੁਤ ਕੋਸ਼ਿਸ਼ ਕਰਨ ‘ਤੇ ਉਸ ਹਵਾਲਾਟ ਦੇ ਦਰਵਾਜੇ ਦੀ ਇਕ ਹੀ ਤਸਵੀਰ ਖਿਚੀ ਜਾ ਸਕੀ, ਜਿਸ ਨੂੰ ਆਪ ਸਭ ਦੋਸਤਾਂ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਿਹਾ ਹਾਂ । ਇਸ ਦੇ ਨਾਲ ਹੀ ਮੇਰੀ ਬੇਨਤੀ ਨੂੰ ਪਰਵਾਨ ਕਰਦਿਆ ਥਾਣਾ ਇੰਚਾਰਜ ਸ ਗੁਰਮੀਤ ਸਿਂਘ ਨੇ ਮੈਨੂੰ ਨਹਿਰੂ ‘ਤੇ ਦਰਜ ਕੀਤੀ ਐਫ ਆਈ ਆਰ ਦੀ ਫੋਟੋ ਕਾਪੀ ਤੇ ਹੋਰ ਜਾਣਕਾਰੀ ਵੀ ਥਾਣੇ ਦੇ ਰਿਕਾਰਡ ਵਿਚੋ ਮੁਹੱਈਆ ਕਰਵਾਈ ।
ਇਸ ਡੇਢ ਕੁ ਸਾਲ ਲੰਮਾ ਚੱਲੇ ਮੋਰਚੇ ਦੋਰਾਨ ਬਰਤਾਨੀਆ ਸਾਮਰਾਜ ਵਲੋ ਗੋਲੀ ਮਾਰਕੇ ਸ਼ਹੀਦ ਕੀਤੇ ਸ਼ਹੀਦਾਂ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਟਿੱਬੀ ਸਾਹਿਬ ਵੀ ਦੇਖਿਆ । ਜੈਤੋ ਦਾ ਮੋਰਚਾ ਸਿੱਖ ਇਤਿਹਾਸ ਦਾ ਸਭ ਤੋ ਲੰਮਾ ਸ਼ਾਂਤਮਈ ਮੋਰਚਾ ਸੀ । ਗੁਰਦੱਆਰਾ ਐਕਟ ਇਸੇ ਮੋਰਚੇ ਦੀ ਦੇਣ ਹੈ ।
1923 ਵਿੱਚ ਅੰਗਰੇਜ ਸਾਮਰਾਜ ਵਿਰੁੱਧ ਲਗਾਏ ਇਸ ਮੋਰਚੇ ਵਾਲੇ ਸਥਾਨ ਨੂੰ ਪਹਿਲੀ ਵਾਰ ਨਤਮਸਤਕ ਹੋ ਕੇ ਸੱਚੀ ਸ਼ਰਧਾਂਜਲੀ ਭੇਂਟ ਕਰਕੇ ਮੈ ਆਪਣੇ ਆਪ ਨੂੰ ਬਹੁਤ ਵੱਡਭਾਗਾ ਮਹਿਸੂਸ ਕੀਤਾ । ਇੱਥੇ ਇਹ ਦੱਸਣਾ ਜ਼ਰੂਰੀ ਬਣਦਾ ਹੈ ਕਿ ਇਹ ਮੋਰਚਾ ਉਸ ਵੇਲੇ ਦੇ ਖੂਨੀ ਕਾਂਡ ਦੀ ਦਰਦਨਾਕ ਦਾਸਤਾਂ ਹੈ ਤੇ ਮੋਰਚਾ ਅੰਗਰੇਜ਼ੀ ਹਕੂਮਤ ਵੱਲੋਂ ਝੂਠੇ ਅਤੇ ਮਨਘੜਤ ਦੋਸ਼ਾਂ ਤਹਿਤ 9 ਜੁਲਾਈ 1923 ਨੂੰ ਗੁਰਦੁਆਰਾ ਸੁਧਾਰ ਅੰਦੋਲਨ ਤੇ ਅਕਾਲੀ ਲਹਿਰ ਨਾਲ ਹਮਦਰਦੀ ਰੱਖਣ ਵਾਲੇ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਨ ਸਿੰਘ ਨੂੰ ਜਬਰੀ ਗੱਦੀ ਤੋਂ ਲਾਹ ਕੇ ਦੇਹਰਾਦੂਨ ਭੇਜ ਦਿੱਤੇ ਜਾਣ ਨਾਲ ਸ਼ੁਰੂ ਹੋਇਆ । ਨਵੀਂ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 5 ਅਗਸਤ 1923 ਨੂੰ ਇਸ ਕਾਰਵਾਈ ਖ਼ਿਲਾਫ਼ ਸਖਤ ਮਤਾ ਪਾਸ ਕਰਕੇ 9 ਸਤੰਬਰ 1923 ਨੂੰ ਰੋਸ ਵਜੋਂ ‘ਨਾਭਾ ਡੇ’ ਮਨਾਉਣ ਦਾ ਐਲਾਨ ਕਰ ਦਿੱਤਾ। ਇਸ ਦਿਨ ਥਾਂ-ਥਾਂ ਰੋਸ ਮਾਰਚ ਕੱਢਣ, ਦੀਵਾਨ ਲਾਉਣ ਅਤੇ ਇਸ ਬੇਇਨਸਾਫੀ ਵਿਰੁੱਧ ਅਰਦਾਸ ਅਤੇ ਮਤੇ ਪਾਸ ਕਰਨ ਦਾ ਸੱਦਾ ਦਿੱਤਾ ਸੀ। ਇਸ ਸੱਦੇ ਤਹਿਤ ਹੀ ਜੈਤੋ ਦੀ ਸੰਗਤ ਨੇ 25 ਤੋਂ 27 ਅਗਸਤ ਤੱਕ ਗੁਰਦੁਆਰਾ ਗੰਗਸਰ ਜੈਤੋ ਵਿਚ ਅਖੰਡ ਪਾਠ ਸ਼ੁਰੂ ਕਰ ਦਿੱਤਾ, ਪਰ ਪੁਲੀਸ ਨੇ 27 ਅਗਸਤ ਨੂੰ ਅਖੰਡ ਪਾਠ ਰੋਕਣ ਲਈ ਪਾਠ ਕਰ ਰਹੇ ਪਾਠੀ ਨੂੰ ਗ੍ਰਿਫਤਾਰ ਕਰ ਲਿਆ। ਸਿੱਖਾਂ ਨੇ ਫੈਸਲਾ ਕੀਤਾ ਕਿ ਜਦੋਂ ਤੱਕ ਸਰਕਾਰ ਆਪਣੀ ਗਲਤੀ ਨਹੀਂ ਮੰਨਦੀ, ਉਦੋਂ ਤੱਕ ਗੁਰਦੁਆਰੇ ਵਿਚ ਅਖੰਡ ਪਾਠ ਤੇ ਦੀਵਾਨਾਂ ਦਾ ਸਿਲਸਿਲਾ ਲੜੀਵਾਰ ਜਾਰੀ ਰਹੇਗਾ, ਪਰ ਉਸ ਵੇਲੇ ਅੰਗਰੇਜ਼ ਸਰਕਾਰ ਵੱਲੋਂ ਲਾਏ ਗਏ ਪ੍ਰਬੰਧਕ ਅਫਸਰ ਵਿਲਸਨ ਜਾਨਸਨ ਨੇ ਉੱਥੇ ਇੱਕਠੇ ਪਾਠ ਜਾਂ ਅਰਦਾਸ ਕਰਨ ’ਤੇ ਪਾਬੰਦੀ ਲਾ ਦਿੱਤੀ ਅਤੇ ਉੱਥੇ ਪਹੁੰਚਣ ਵਾਲੇ ਆਗੂਆਂ ਤੇ ਸੰਗਤ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਧੱਕੇਸ਼ਾਹੀ ਖ਼ਿਲਾਫ਼ ਸ਼੍ਰੋਮਣੀ ਕਮੇਟੀ ਨੇ 15 ਸਤੰਬਰ 1923 ਤੋਂ 25-25 ਸਿੰਘਾਂ ਦੇ ਜਥੇ ਜੈਤੋ ਭੇਜਣੇ ਸ਼ੁਰੂ ਕਰ ਦਿੱਤੇ। ਸਰਕਾਰ ਦੇ ਅੜੀਅਲ ਵਤੀਰੇ ਕਾਰਨ ਮੋਰਚਾ ਜਾਰੀ ਰਿਹਾ ਤੇ ਇਸ ਨੂੰ ਫੇਲ੍ਹ ਕਰਨ ਲਈ ਅੰਗਰੇਜ਼ੀ ਹਕੂਮਤ ਨੇ ਅਕਾਲੀ ਦਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੈਰ ਕਾਨੂੰਨੀ ਕਰਾਰ ਦੇ ਦਿੱਤਾ। ਜਵਾਬ ਵਿੱਚ 9 ਫਰਵਰੀ 1924 ਤੋਂ ਅਕਾਲੀ ਦਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 500-500 ਵਲੰਟੀਅਰਾਂ ਦੇ ਜਥੇ ਭੇਜਣ ਦਾ ਫੈਸਲਾ ਕਰ ਲਿਆ। 1 ਮਾਰਚ 1925 ਤੱਕ ਅਜਿਹੇ 15 ਜਥੇ ਪੂਰੇ ਪੰਜਾਬ ਵਿਚ ਸਰਕਾਰ ਖ਼ਿਲਾਫ਼ ਪ੍ਰਚਾਰ ਤੇ ਲਾਮਬੰਦੀ ਕਰਦੇ ਹੋਏ ਜੈਤੋ ਜਾਂਦੇ ਰਹੇ। ਇਨ੍ਹਾਂ ਜੱਥਿਆਂ ਉੱਤੇ ਪੁਲੀਸ ਵੱਲੋਂ ਫਾਇਰਿੰਗ ਕੀਤੀ ਗਈ ਅਤੇ ਗ੍ਰਿਫਤਾਰ ਕੀਤੇ ਅੰਦੋਲਨਕਾਰੀਆਂ ’ਤੇ ਤਸ਼ੱਦਦ ਢਾਹਿਆ ਗਿਆ।
ਇਸੇ ਸਮੇਂ ਜੂਨ 2015 ‘ਚ ਬਾਦਲ ਅਕਾਲੀ ਸਰਕਾਰ ਸਮੇਂ ਬਰਗਾੜੀ ਤੇ ਬਹਿਬਲਕਲਾਂ ‘ਚ ਵਾਪਰੇ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਾਂਡਾਂ ਦੇ ਸਥਾਨਾਂ ਦੇ ਦਰਸ਼ਨ ਵੀ ਕੀਤੇ । ਇਹਨਾ ਸਥਾਨਾਂ ਦੇ ਦਰਸ਼ਨ ਕਰਾਉਣ ਵਾਸਤੇ ਮੈ ਆਪਣੇ ਪਰਮ ਦੋਸਤ ਸਰ ਜਗਦੀਪ ਸਿੰਘ, ਐਸ ਐਚ ਓ ਸ ਗੁਰਮੀਤ ਸਿੰਘ ਤੇ ਉਹਨਾਂ ਦੇ ਸਮੂਹ ਸਟਾਫ ਦਾ ਹਮੇਸ਼ਾ ਵਾਸਤੇ ਰਿਣੀ ਰਹਾਂਗਾ ।