Articles

ਚੋਣਾਂ, ਭ੍ਰਿਸ਼ਟਾਚਾਰ ਅਤੇ ਸਰਕਾਰੀ ਬੇਰੁਖੀ !

ਲੇਖਕ: ਗੁਰਮੀਤ ਸਿੰਘ ਪਲਾਹੀ

ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ, ਵਿਧਾਨ ਸਭਾ ਚੋਣਾਂ ਲਈ ਪ੍ਰਤੀ ਉਮੀਦਵਾਰ ਖ਼ਰਚੇ ਦੀ ਹੱਦ ਲੋਕ ਸਭਾ ਲਈ 70 ਲੱਖ ਤੋਂ 95 ਲੱਖ ਅਤੇ ਰਾਜਾਂ ਦੀਆਂ ਚੋਣਾਂ ਲਈ ਹੱਦ 28 ਲੱਖ ਤੋਂ 40 ਲੱਖ ਕਰ ਦਿੱਤੀ ਹੈ। ਇਹ ਹੱਦ ਪੰਜਾਬ ਸਮੇਤ ਦੇਸ਼ ‘ਚ ਹੋ ਰਹੀਆਂ ਪੰਜ ਸੂਬਿਆਂ ਦੀਆਂ ਚੋਣਾਂ ਤੇ ਲਾਗੂ ਹੋਏਗੀ।

ਪਰ ਚੋਣਾਂ ਵਿੱਚ ਭ੍ਰਿਸ਼ਟਾਚਾਰ ਦਾ ਇੰਨਾ ਬੋਲਬਾਲਾ ਵੇਖਣ ਨੂੰ ਮਿਲਦਾ ਹੈ ਕਿ ਸ਼ਰਾਬ, ਪੈਸੇ ਦੀ ਚੋਣਾਂ ‘ਚ ਅੰਤਾਂ ਦੀ ਵਰਤੋਂ ਹੁੰਦੀ ਹੈ। ਕਾਲੇ  ਧੰਨ  ਦੀ ਸ਼ਰੇਆਮ ਵਰਤੋਂ ਹੁੰਦੀ ਹੈ। ਭਾਵੇਂ ਚੋਣਾਂ ਉਤੇ ਖ਼ਰਚੇ ਜਾਣ ਵਾਲੀ ਰਕਮ ਦੀ ਹੱਦ ਲਗਭਗ ਹਰੇਕ ਉਮੀਦਵਾਰ ਪੂਰੀ ਰੱਖਦਾ ਹੈ, ਪਰ ਅਸਲ ਮਾਅਨਿਆਂ ‘ਚ ਖ਼ਰਚਾ ਉਸ ਹੱਦ ਤੋਂ ਕਿਧਰੇ ਵੱਧ ਵੇਖਣ ਨੂੰ ਮਿਲਦਾ ਹੈ।

ਸਾਰੇ ਜਾਣਦੇ ਹਨ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਤਿੰਨ ਐਮ ਭਾਰੂ ਰਹੇ। ਪਹਿਲਾ ਐਮ- ਮਨੀ (ਧੰਨ) ਦੂਜਾ ਐਮ-ਮਸ਼ੀਨ ਅਤੇ ਤੀਜਾ ਐਮ- ਮੀਡੀਆ। ਚੌਥਾ ਐਮ- ਮਾਡਲ ਕੋਡ ਆਫ ਕੰਡਕਟ (ਚੋਣ ਜਾਬਤਾ) ਕਿਧਰੇ ਨਹੀਂ ਦਿਸਿਆ। ਅੰਦਾਜ਼ਨ 60,000 ਕਰੋੜ ਲੋਕ ਸਭਾ 2019 ‘ਚ ਖ਼ਰਚੇ ਗਏ , ਜਿਸ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ 27,000 ਕਰੋੜ (45 ਫੀਸਦੀ) ਖ਼ਰਚੇ, ਮੀਡੀਆ ਦਾ ਰੋਲ ਇਹਨਾ ਚੋਣਾਂ ‘ਚ ਬਹੁਤ ਧਾਕੜ  ਰਿਹਾ, ਜਿਸਨੇ ਨਰੇਂਦਰ ਮੋਦੀ ਪ੍ਰਧਾਨ ਮੰਤਰੀ ਅਤੇ ਉਸਦੀ ਪਾਰਟੀ ਦਾ ਪ੍ਰਚਾਰ ਪ੍ਰਮੁੱਖਤਾ ਨਾਲ ਕੀਤਾ। ਅਸਲ ‘ਚ ਤਿੰਨ ਐਮ, ਮਨੀ ਮਸ਼ੀਨ ਅਤੇ ਮੀਡੀਆ ਨੇ ਇਹਨਾ ਚੋਣਾਂ ‘ਚ ਲੋਕਤੰਤਰ ਨੂੰ ਹਾਈਜੈਕ (ਜ਼ਬਰਦਸਤੀ ਹਥਿਆ ਲਿਆ) ਕਰ ਲਿਆ। ਚੋਣਾਂ ਹੀ ਹਨ, ਜਿਹੜੀਆਂ ਕਾਰਪੋਰੇਟ ਸੈਕਟਰਾਂ ਨੂੰ ਸਿਆਸਤਦਾਨਾਂ ਉਤੇ ਪ੍ਰਭਾਵ ਪਾਉਣ ਅਤੇ ਆਪਣੀ ਸ਼ਕਤੀਆਂ ਵਧਾਉਣ ਦਾ ਮੌਕਾ ਦਿੰਦੀਆਂ ਹਨ, ਕਿਉਂਕਿ ਸਿਆਸੀ ਪਾਰਟੀਆਂ ਕਾਰਪੋਰੇਟ ਸੈਕਟਰ ਦੇ ਬਲਬੂਤੇ ‘ਤੇ ਚੋਣਾਂ ਲੜਦੀਆਂ ਤੇ ਜਿੱਤਦੀਆਂ ਹਨ। ਇਹ ਵਰਤਾਰਾ ਹੀ ਅਸਲ ‘ਚ ਭ੍ਰਿਸ਼ਟਾਚਾਰ ਦਾ ਮੁੱਢ ਬੰਨਦਾ ਹੈ।

ਪਿਛਲੇ ਚਾਰ ਦਹਾਕਿਆਂ ਤੋਂ ਭ੍ਰਿਸ਼ਟਾਚਾਰ ਦਾ ਕੇਂਦਰ ਬਿੰਦੂ ਸਿਰਫ਼ ਸਿਆਸੀ ਖੇਤਰ ਹੀ ਨਹੀਂ ਰਿਹਾ, ਬਲਕਿ ਪ੍ਰਸ਼ਾਸਨ, ਪੁਲਿਸ, ਬਿਜਲੀ, ਕਚਿਹਰੀ, ਉਦਯੋਗ, ਨਿਵੇਸ਼, ਬੈਂਕਿੰਗ, ਜਹਾਜ਼ਰਾਨੀ, ਸੈਨਾ, ਸਿੱਖਿਆ, ਸਿਹਤ, ਨਿਆਪਾਲਿਕਾ, ਸੰਚਾਰ ਮਾਧਿਆਮ, ਨਗਰਪਾਲਿਕਾ, ਨੌਕਰਸ਼ਾਹੀ ਸੇਵਾ ਦੇ ਸਾਰੇ ਖੇਤਰ  ਇਸਦੀ ਪਕੜ ਵਿੱਚ ਹਨ। ਘੱਟ ਕਾਰਪੋਰੇਟ ਖੇਤਰ ਅਤੇ ਖੇਤੀ ਮੰਡੀਆਂ ਵੀ ਨਹੀਂ, ਜਿਥੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਨਾ ਹੋਵੇ।

ਪਿਛਲੇ ਸੱਤ ਵਰ੍ਹਿਆਂ ਤੋਂ ਸਰਕਾਰ ਕਹਿੰਦੀ ਹੈ  “ਭ੍ਰਿਸ਼ਟਾਚਾਰ ਖ਼ਤਮ ਕਰ ਦਿਆਂਗੇ।” ਪਰ ਭ੍ਰਿਸ਼ਟਾਚਾਰ ਹਰ ਖੇਮੇ ‘ਚ ਵਧਦਾ ਹੀ ਜਾ ਰਿਹਾ ਹੈ। ਭ੍ਰਿਸ਼ਟਾਚਾਰ ਦਾ ਖ਼ਾਤਮਾ ਕਰਨਾ ਹੁਣ ਝੂਠੀ ਜਿਹੀ ਗੱਲ ਵਾਂਗਰ ਲੱਗਦਾ ਹੈ, ਸੱਚਾਈ ਤੋਂ ਕੋਹਾਂ ਦੂਰ।

25 ਜਨਵਰੀ 2022 ਨੂੰ ਟ੍ਰਾਂਸਪੇਰੇਂਸੀ ਇੰਟਰਨੈਸ਼ਨਲ ਨੇ ਇੱਕ ਰਿਪੋਰਟ ਛਾਪੀ ਹੈ। ਸਾਲ 2021 ਦਾ “ਕਾਰਡ ਪਰਸੈਪਸ਼ਨ ਇੰਡੈਕਸ ਜਾਰੀ ਕੀਤਾ ਹੈ। ਭਾਰਤ ਨੇ 100 ਅੰਕਾਂ ਵਿੱਚੋਂ ਪਹਿਲਾਂ ਦੀ ਤਰ੍ਹਾਂ 40 ਅੰਕ ਪ੍ਰਾਪਤ ਕੀਤੇ। ਸਾਲ 2013 ਵਿੱਚ ਭਾਰਤ ਦਾ ਭ੍ਰਿਸ਼ਟਾਚਾਰ ਅੰਕ 36 ਸੀ, ਸਾਲ 2014-15 ‘ਚ 38 ਹੋ ਗਿਆ। ਹੁਣ ਇਹ ਅੰਕ 40 ਹੋ ਗਿਆ। ਭਾਵ ਭ੍ਰਿਸ਼ਟਾਚਾਰ ‘ਚ ਪਿਛਲੇ ਸਾਲਾਂ ‘ਚ ਮਾਮੂਲੀ ਕਮੀ ਵੇਖਣ ਨੂੰ ਮਿਲੀ, ਪਰ ਇਹ ਇੰਨੀ ਨਹੀਂ ਸੀ, ਜਿੰਨੀ 2014 ਦੀ ਸਰਕਾਰ ਬਨਣ ‘ਤੇ ਦਮਗਜੇ ਮਾਰਦੀ ਸੀ, ਆਂਹਦੀ ਸੀ ਕਾਲਾ  ਧੰਨ  ਖ਼ਤਮ ਕਰ ਦਿਆਂਗੇ, ਭ੍ਰਿਸ਼ਟਾਚਾਰ ਨੂੰ ਨੱਥ ਪਾ ਦਿਆਂਗੇ।

ਦੁਨੀਆ ਦੇ ਸਭ ਤੋਂ ਭ੍ਰਿਸ਼ਟ ਦੇਸ਼ਾਂ ‘ਚ ਦੱਖਣੀ ਸੁਡਾਨ ਹੈ ਅਤੇ ਡੈਨਮਾਰਕ ਸਭ ਤੋਂ ਬੇਹਤਰ ਹੈ। ਅਮਰੀਕਾ ਦੀ ਸਥਿਤੀ 100 ਵਿੱਚੋਂ 27 ਨੰਬਰਾਂ ਤੇ ਟਿਕੀ  ਹੋਈ ਹੈ। ਅਸਲ ‘ਚ ਭ੍ਰਿਸ਼ਟਾਚਾਰ ਵਿਸ਼ਵ ਵਿਆਪੀ ਵਰਤਾਰਾ ਹੈ। ਰਿਪੋਰਟ ਅਨੁਸਾਰ ਦੁਨੀਆ ਦੇ ਇੱਕ ਸੌ ਇਕੱਤੀ ਦੇਸ਼ਾਂ ਨੇ ਇੱਕ ਦਹਾਕੇ ‘ਚ ਭ੍ਰਿਸ਼ਟਾਚਾਰ ਨੂੰ ਕਾਬੂ ਕਰਨ ‘ਚ ਕੋਈ  ਖ਼ਾਸ ਪ੍ਰਾਪਤੀ ਨਹੀਂ ਕੀਤੀ। ਭਾਰਤ ਵੀ ਉਹਨਾ ‘ਚੋਂ ਇੱਕ ਹੈ।

ਦੇਸ਼ ਭਾਰਤ ‘ਚ ਬੈਂਕ ਘੁਟਾਲਿਆਂ ਨੇ ਮੌਜੂਦਾ ਸਰਕਾਰ ਵੇਲੇ ਵੱਡੀ ਬਦਨਾਮੀ ਖੱਟੀ ਹੈ। ਬਹੁਤ ਸਾਰੇ ਹੋਰ ਘਮਲੇ, ਘੁਟਾਲੇ ਵੀ ਸਾਹਮਣੇ ਆਏ ਹਨ, ਪਰ ਘੁਟਾਲਿਆਂ ਦੇ ਉਜਾਗਰ ਨਾ ਹੋਣ ਦਾ ਕਾਰਨ ਇਹ ਨਹੀਂ ਹੈ ਕਿ ਭ੍ਰਿਸ਼ਟਾਚਾਰੀ ਕਾਰਵਾਈਆਂ ਉਤੇ ਕਾਬੂ ਪਾ ਲਿਆ ਗਿਆ ਹੈ। ਅਸਲ ‘ਚ ਤਾਂ ਭ੍ਰਿਸ਼ਟਾਚਾਰ ਇੱਕ ਨਾਸੂਰ ਦੀ ਤਰ੍ਹਾਂ ਵਧਦਾ ਹੀ ਜਾ ਰਾਹ ਹੈ।

ਭ੍ਰਿਸ਼ਟਾਚਾਰ ਦਾ ਇਤਿਹਾਸ ਭਾਰਤ ਵਿੱਚ ਅੰਗਰੇਜ਼ ਸਾਮਰਾਜ ਵੇਲੇ ਹੀ ਸ਼ੁਰੂ ਹੋ ਡਿਆ ਸੀ। ਅੰਗਰੇਜ਼ਾਂ ਦੀ ਭ੍ਰਿਸ਼ਟਾਚਾਰ  ਬਾਰੇ ਜੋ ਨੀਤੀ ਸੀ, ਆਜ਼ਾਦ ਭਾਰਤ ‘ਚ ਵੀ ਉਵੇਂ ਹੀ ਅਪਨਾਈ ਗਈ। ਹੁਣ ਤਾਂ ਦੇਸ਼ ਵਿੱਚ ਭ੍ਰਿਸ਼ਟਾਚਾਰ ਨੂੰ ਲਾ ਇਲਾਜ ਬੀਮਾਰੀ ਦੀ ਤਰ੍ਹਾਂ ਵੇਖਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਭ੍ਰਿਸ਼ਟਾਚਾਰ ਸਬੰਧੀ ਚਰਚਾ ਨਹੀਂ ਹੁੰਦੀ, ਇਸਦਾ ਵਿਰੋਧ ਸਾਰੇ ਕਰਦੇ ਹਨ। ਇਸ ਤੋਂ ਕਿਵੇਂ ਛੁਟਕਾਰਾ ਪਾਉਣਾ ਹੈ, ਇਸ ਸਬੰਧੀ ਸੱਚੇ ਮਨ ਨਾਲ ਕੋਈ ਵੀ ਧਿਰ ਅੱਗੇ ਨਹੀਂ ਆ ਰਹੀ, ਉਵੇਂ  ਹੀ ਜਿਵੇਂ ਦੇਸ਼ ਦੀ ਕਾਨੂੰਨ ਘੜਨੀ ਸਭਾ ‘ਚ ਅਪਰਾਧਿਕ ਮਾਮਲਿਆਂ ਵਾਲੇ ਲੋਕ ਮੈਂਬਰ ਬਣ ਰਹੇ ਹਨ, ਇਸਦੀ ਨਿੰਦਾ ਤਾਂ ਸਾਰੇ ਕਰਦੇ ਹਨ, ਪਰ ਕੋਈ ਵੀ ਇਸਦੇ ਖ਼ਾਤਮੇ ਦੀ ਚਰਚਾ ਨਹੀਨ ਕਰਦਾ। ਨਾ ਕੋਈ  ਸਿਆਸੀ ਸਬੰਧੀ ਗਾਹੇ-ਵਗਾਹੇ ਆਦੇਸ਼ ਤਾਂ ਜਾਰੀ ਕਰਦੀ ਹੈ, ਪਰ ਸਰਕਾਰ ਇਸ ਸਬੰਧੀ ਆਮ ਤੌਰ ‘ਤੇ ਚੁੱਪੀ ਵੱਟੀ ਰੱਖਦੀ ਹੈ।

ਦੇਸ਼ ਵਿੱਚ ਆਜ਼ਾਦੀ ਤੋਂ ਬਾਅਦ 1948 ‘ਚ ਜੀਪ ਘੁਟਾਲਾ ਹੋਇਆ, 1951 ‘ਚ ਮੁਦਲ ਮਾਮਲਾ ਸਾਹਮਣੇ ਆਇਆ। ਦੇਸ਼ ‘ਚ ਬਹੁਤ ਦਰਜ ਹੋਈ। ਕਾਂਗਰਸ ਰਾਜ ਵੇਲੇ ਘਟਾਲਿਆਂ , ਘੁਟਾਲਿਆਂ ਦਾ ਬੋਲ ਬਾਲਾ ਰਿਹਾ। ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸ਼ਤਰੀ ਨੇ 1962 ‘ਚ ਭ੍ਰਿਸ਼ਟਾਚਾਰ ਮਿਟਾਉਣ ਲਈ ਇੱਕ ਸੰਮਤੀ ਦਾ ਗਠਨ ਕੀਤਾ। ਇਸ ਸੰਮਤੀ ਨੇ ਸਪਸ਼ਟ ਤੌਰ ਤੇ ਰਿਪੋਰਟ ਜਾਰੀ ਕੀਤੀ ਕਿ ਪਿਛਲੇ 16 ਵਰ੍ਹਿਆਂ ‘ਚ ਮੰਤਰੀਆਂ ਨੇ ਨਜਾਇਜ਼ ਰੂਪ ‘ਚ ਧੰਨ ਹਾਸਲ ਕੀਤਾ ਹੈ ਅਤੇ ਆਪਣੀ ਵੱਡੀ ਜਾਇਦਾਦ ਬਣਾਈ ਹੈ।

1971 ਵਿੱਚ ਨਾਗਰਵਾਲਾ ਘੁਟਾਲਾ ਅਤੇ ਫਿਰ 1986 ‘ਚ ਬੋਫ਼ਰਸ ਘੁਟਾਲਾ ਸਾਹਮਣੇ ਆਇਆ ਜਿਸ ਵਿੱਚ ਤਤਕਾਲੀਨ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਉਤੇ ਦਲਾਲੀ ਦਾ ਦੋਸ਼ ਲੱਗਿਆ। ਇਸ ਤੋਂ ਬਾਅਦ ਕੇਂਦਰ ਸਰਕਾਰ  ਦੇ ਮੰਤਰੀਆਂ ਉਤੇ ਘੁਟਾਲਿਆਂ, ਘਪਲਿਆਂ ਤੇ ਨਜਾਇਜ਼ ਸੰਪਤੀ ਬਨਾਉਣ ਦੇ ਦੋਸ਼ ਲਗਦੇ ਰਹੇ। ਕੇਂਦਰ ਹੀ ਕਿਉਂ ਸੂਬਿਆਂ ਦੇ ਮੂੱਖ ਮੰਤਰੀ ਅਤੇ ਮੰਤਰੀ ਵੀ ਇਹਨਾ  ਦੋਸ਼ਾਂ ਤੋਂ ਬਚ ਨਹੀਂ ਸਕੇ। ਚਾਰਾ ਘੁਟਾਲਾ ‘ਚ ਬਿਹਾਰ ਦਾ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਹਾਲੇ ਤੱਕ ਫਸਿਆ ਹੈ।

ਮੌਜੂਦਾ ਸਰਕਾਰ ਨੇ  ਸਵਿੱਸ ਬੈਂਕ ‘ਚ ਪਏ ਭਾਰਤੀ ਨੇਤਾਵਾਂ, ਨੌਕਰਸ਼ਾਹਾਂ ਦੇ ਕਾਲੇ ਧੰਨ ਨੂੰ ਵਾਪਸ ਲਿਆਉਣ ਦਾ ਵਾਅਦਾ ਕੀਤਾ ਸੀ। ਪਰ ਇਹ ਵਾਅਦਾ ਕਦੇ ਵੀ ਵਫ਼ਾ ਨਾ ਹੋ ਸਕਿਆ। ਇੱਕ ਰਹੱਸ ਹੀ ਬਣਿਆ ਹੋਇਆ ਹੈ।

ਸਵਿੱਜ ਬੈਂਕ ਦੇ ਨਿਰਦੇਸ਼ਕ ਦਾ ਕਹਿਣਾ ਹੈ ਕਿ ਭਾਰਤ ਦੇ ਅੱਸੀ ਲੱਖ ਕਰੋੜ ਰੁਪਏ ਉਹਨਾ ਦੇ ਬੈਂਕ ‘ਚ ਜਮ੍ਹਾਂ ਹਨ। ਜੇਕਰ ਇਹ ਕਾਲਾ  ਧੰਨ  ਵਾਪਿਸ ਆ ਜਾਏ ਤਾਂ ਭਾਰਤ ਨੇ ਜਿਹੜਾ ਕਰਜ਼ਾ ਵਿਸ਼ਵ ਬੈਂਕ ਤੋਂ ਲਿਆ ਹੈ, ਉਹ ਅਸਾਨੀ ਨਾਲ ਵਾਪਿਸ ਕੀਤਾ ਜਾ ਸਕਦਾ ਹੈ।

ਭ੍ਰਿਸ਼ਟਾਚਾਰ ਦਾ ਦੇਸ਼ ਅਤੇ ਸਮਾਜ ਦੀ ਆਰਥਿਕ, ਸਿੱਖਿਆ ਸਥਿਤੀ, ਰੁਜ਼ਗਾਰ ਅਤੇ ਸਿਹਤ ਉਤੇ ਡੂੰਘਾ ਅਸਰ ਪੈਂਦਾ ਹੈ। ਅਸਰ ਤਾਂ ਇਸਦਾ ਨਿਆ ਵਿਵਸਥਾ, ਸਮਾਜਿਕ ਸੁਰੱਖਿਆ ਖੁਸ਼ਹਾਲੀ ਦੇ ਪੈਮਾਨਿਆਂ ਅਤੇ ਕਲਿਆਣਕਾਰੀ ਯੋਜਨਾਵਾਂ ਉਤੇ ਵੀ ਹੈ, ਲੇਕਿਨ ਆਰਥਿਕ ਖੇਤਰ, ਸਿਹਤ ਪ੍ਰਸ਼ਾਸਨ ਅਤੇ ਨਿਆ ਵਿਵਸਥਾ ਉਤੇ ਪੈਣ ਵਾਲਾ ਅਸਰ ਸਮਾਜ ਨੂੰ ਝੰਜੋੜ ਰਿਹਾ ਹੈ। ਮੁਸ਼ਕਿਲ ‘ਚ ਪਾ ਰਿਹਾ ਹੈ।

ਵਿਡੰਬਨਾ ਵੇਖੋ ਕੇਂਦਰ ਸਰਕਾਰ ਕਹਿੰਦੀ ਹੈ ਕਿ  ਉਹ ਦੇਸ਼ ਨੂੰ ਆਰਥਿਕ ਖੇਤਰ ‘ਚ ਦੁਨੀਆ ਦੀ ਮਹਾਂਸ਼ਕਤੀ ਬਣਾਏਗੀ। ਪਰ ਅਮਰੀਕਾ ਵਾਂਗਰ ਮਹਾਂਸ਼ਕਤੀ ਬਨਣ ਲਈ ਉਕੱਤ ਤਕਨੀਕ ਵਿਕਸਤ ਹੋਣੀ ਜ਼ਰੂਰੀ ਹੈ ਅਤੇ ਇਹ ਵੀ ਜ਼ਰੂਰੀ ਹੈ ਕਿ ਵਿਦੇਸ਼ਾਂ ਤੋਂ ਕੋਈ ਚੀਜ਼ ਨਾ ਮੰਗਵਾਉਣੀ ਪਵੇ। ਦੂਜਾ ਮਹਾਂਸ਼ਕਤੀ ਬਨਣ ਲਈ ਉਪਭੋਗਤਾ ਵਸਤੂਆਂ ਦਾ ਅਧਿਕ ਉਤਪਾਦਨ ਹੋਣਾ ਜ਼ਰੂਰੀ ਹੈ, ਜੋ ਭਾਰਤ ਨਾਲੋਂ ਚੀਨ ਕੋਲ ਜ਼ਿਆਦਾ ਹੈ। ਜਿਸ ਢੰਗ ਨਾਲ ਭਾਰਤ ਵਿੱਚ ਅਸਮਾਨਤਾ ਹੈ, ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਉਸ ਅਨੁਸਾਰ ਭਾਰਤ ਮਹਾਂਸ਼ਕਤੀ  ਬਨਣ ਦੇ ਨੇੜੇ ਤੇੜੇ ਨਹੀਂ ਪੁੱਜ ਰਿਹਾ।

ਬੋਫ਼ਰਸ਼ ਘੁਟਾਲਾ, ਅਗਸਤਾ ਵੇਸਟਲੈਂਡ ਹੈਲੀਕਾਪਟਰ ਘੁਟਾਲਾ, ਆਦਰਸ਼ ਸੁਸਾਇਟੀ ਘੁਟਾਲਾ ਕੀ ਮਿਲਟਰੀ ‘ਚ ਘੁਟਾਲੇ ਦਾ ਸੰਕੇਤ ਨਹੀਂ? ਮੀਡੀਆ ‘ਚ ਪੇਡ ਨਿਊਜ਼ ਅਤੇ ਗਲਤ ਖ਼ਬਰਾਂ ਪ੍ਰਮੁੱਖਤਾ ਨਾਲ ਛਾਪਣਾ ਭ੍ਰਿਸ਼ਟਾਚਾਰ ਨਹੀਂ? ਨੌਕਰਸ਼ਾਹੀ ਵੀ ਭ੍ਰਿਸ਼ਟਾਚਾਰ ਤੋਂ ਬਚੀ ਨਹੀਂ।

ਭ੍ਰਿਸ਼ਟਾਚਾਰ ਰੋਕਣ ਲਈ ਕੇਂਦਰ ਸਰਕਾਰ ਦੇ ਕਈ ਕਾਨੂੰਨ ਹਨ, ਜਿਸ ਵਿੱਚ ਭਾਰਤੀ ਦੰਡ ਸੰਹਿਤਾ ਕਾਨੂੰਨ 1860, ਭ੍ਰਿਸ਼ਟਾਚਾਰ ਕਾਨੂੰਨ 1988, ਬੇਨਾਮੀ ਲੈਣ ਦੇਣ ਅਧਿਨਿਯਮ ਨਿਵਾਰਤ ਕਾਨੂੰਨ 2002, ਆਮਦਨ ਕਰਨ ਕਾਨੂੰਨ 1961, ਲੋਕਪਾਲ ਕਾਨੂੰਨ 2013 ਪ੍ਰਮੁੱਖ ਹਨ।

ਕੀ ਸਿਰਫ਼ ਕਾਨੂੰਨ ਬਨਾਉਣ ਨਾਲ ਭ੍ਰਿਸ਼ਟਾਚਾਰ ਰੋਕਿਆ ਜਾ ਸਕਦਾ ਹੈ? ਕਦਾਚਿਤ ਨਹੀਂ। ਭ੍ਰਿਸ਼ਟਾਚਾਰ ਰੋਕਣ ਲਈ ਪਹਿਲਾ ਚੋਣਾਂ ‘ਚ ਭ੍ਰਿਸ਼ਟਾਚਾਰ ਰੋਕਣਾ ਪਵੇਗਾ, ਅਪਰਾਧੀਆਂ ਦਾ ਲੋਕ ਸਭਾ, ਵਿਧਾਨ ਸਭਾਵਾਂ ‘ਚ ਦਾਖ਼ਲਾ ਬੰਦ ਕਰਨਾ ਹੋਏਗਾ। ਭ੍ਰਿਸ਼ਟਾਚਾਰ ਰੋਕਣ ਲਈ ਨਿਆਪਾਲਿਕਾ, ਕਾਰਜਪਾਲਿਕਾ, ਵਿਧਾਇਕਾ ਅਤੇ ਮੀਡੀਆਂ ਨੂੰ ਆਪਣੇ ਕਰੱਤਵ ਈਮਾਨਦਾਰੀ ਨਾਲ ਨਿਭਾਉਣੇ ਹੋਣਗੇ ਨਾਲ ਹੀ ਸਾਸ਼ਨ ਪ੍ਰਸ਼ਾਸ਼ਨ  ਨੂੰ ਵੀ ਆਪਣੀ ਜ਼ੁੰਮੇਵਾਰੀ ਨਿਭਾਉਣੀ ਹੋਵੇਗੀ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin