1789 ਦੀ ਫਰਾਂਸ ਦੀ ਕ੍ਰਾਂਤੀ ਦਾ ਮੁੱਖ ਮਾਟੋ ਲਿਬਰਟੀ,ਬਰਾਬਰੀ ਅਤੇ ਸਦਭਾਵਨਾ ਸੀ। ਇਸ ਤੋ ਪਹਿਲਾਂ ਸਭ ਕੁਝ ਧਰਮ ਦੇ ਨਜਰੀਏ ਤੋ ਵੇਖਿਆ ਜਾਂਦਾ ਸੀ। ਜੋ ਧਰਮ ਦੇ ਨਜਰੀਏ ਤੇ ਪੂਰਾ ਨਹੀ ਉਤਰਦਾ ਸੀ,ਉਸ ਨੂੰ ਨਕਾਰ ਦਿੱਤਾ ਜਾਂਦਾ ਸੀ।ਗੈਲੀਲੀਓ ਅਤੇ ਸੁਕਰਾਤ ਵਰਗਿਆਂ ਨੂੰ ਸੱਚ ਬੋਲਣ ਦੀ ਸਜਾ ਮਿਲੀ।ਕ੍ਰਾਂਤੀ ਦੇ ਸੰਕਲਪ ਨੇ ਸੰਸਾਰ ਭਰ ਵਿੱਚ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਖੇਤਰਾਂ ਨੂੰ ਪ੍ਰਭਾਵਿਤ ਕੀਤਾ। ਮਾਰਕਸ ਦੀ ਆਰਥਿਕ ਬਰਾਬਰੀ ਦੀ ਗੱਲ ਨੇ ਸੰਸਾਰ ਦੇ ਹਰ ਬੰਦੇ ਨੂੰ ਵੱਖਰੇ ਢੰਗ ਨਾਲ ਸੋਚਣ ਲਈ ਮਜ਼ਬੂਰ ਕਰ ਦਿੱਤਾ। ਇਹ ਗੱਲਾਂ ਲੋਕਤੰਤਰ ਦੀ ਸਥਾਪਨਾ ਦਾ ਆਧਾਰ ਬਣੀਆਂ। ਹੁਣ ਰਾਜਿਆਂ ਨੂੰ ਰੱਬ ਦੇ ਦੂਤ ਵਜੋ ਨਾ ਜਾਣਿਆ ਲੱਗਾ। ਅਨੇਕਾਂ ਦੇਸ਼ਾ ਵਿੱਚ ਰਾਜ ਪਲਟੇ ਹੋਏ। ਪੂਰਾ ਸਮਾਜ ਦੋ ਵਰਗਾ ਵਿੱਚ ਵੰਡਿਆ ਗਿਆ। ਪੁਰਾਤਨ ਸੋਚ ਵਾਲੇ ਆਪਣੀ ਸਮਝ ਨੂੰ ਸ੍ਰੇਸ਼ਟ ਮੰਨਦੇ ਸਨ। ਨਵੀ ਸੋਚ ਕ੍ਰਾਂਤੀਆਂ ਦੇ ਰਾਹ ਪਈ ਹੋਈ ਸੀ। ਪੁਰਾਤਿਨ ਸੋਚ ਨੇ ਲੋਕਾਂ ਨੁੰ ਧਰਮ,ਭਾਸ਼ਾ,ਜਾਤ ਅਤੇ ਇਲਾਕੇ ਦੇ ਅਧਾਰ ਤੇ ਲੋਕਾਂ ਨੂੰ ਵੰਡਣਾ ਸ਼ੁਰੂ ਕਰ ਦਿੱਤਾ। ਨਵੀ ਸੋਚ ਵਧੀਆ ਸਿਖਿਆ ਰਾਹੀ ਉਕਤ ਸਭ ਨੂੰ ਵਧਣ ਫੁਲਣ ਦਾ ਮੌਕਾ ਦੇਣਾ ਚਾਹੁੰਦੀ ਸੀ। ਬਸਤੀਵਾਦੀ ਕਾਰਪੋਰੇਟ ਸੋਚ ਨੇ ਵੀ ਪੁਰਾਤਨ ਸੋਚ ਅਪਣਾਕੇ ਆਪਣੀਆਂ ਬਸਤੀਆਂ ਵਿੱਚ ਵਾਧਾ ਕੀਤਾ ਇਸ ਕਾਰਨ ਲੋਕਤੰਤਰ ਅਤੇ ਬਰਾਬਰੀ ਵਾਲੀ ਗੱਲ ਖਾਸ ਕਰਕੇ ਗਰੀਬ ਦੇਸ਼ਾ ਵਿੱਚ ਲਾਗੂ ਨਾ ਹੋ ਸਕੀ। ਬਰਾਬਰੀ ਦੇ ਸੰਕਲਪ ਨੂੰ ਸਿਰਫ ਵੋਟ ਦੇਣ ਦੇ ਹੱਕ ਤੱਕ ਸੀਮਤ ਕਰ ਦਿੱਤਾ ਗਿਆ। ਲੋਕਤੰਤਰ ਤੇ ਉਗਲ ਉਠਣ ਲੱਗੀ। ਵਿਕਸਿਤ ਦੇਸ਼ਾ ਨੇ ਆਪਣੀ ਵਧੀਆ ਸਿਖਿਆ ਪ੍ਰਣਾਲੀ ਰਾਹੀ ਲੋਕਾਂ ਨੂੰ ਲੋਕਤੰਤਰ ਦੇ ਅਸਲ ਸੰਕਲਪ ਨੂੰ ਸਮਝਾਉਣ ਵਿਚ ਸਫ਼ਲਤਾ ਪ੍ਰਾਪਤ ਕਰ ਲਈ। ਇਹ ਦੇਸ਼ ਸਕੂਲ ਪੱਧਰ ਤੇ ਹੀ ਬੱਚਿਆ ਨੂੰ ਸਮਾਜਿਕ ਬਰਾਬਰੀ,ਸੱਚ ਬੋਲਣ ਅਤੇ ਇਮਾਨਦਾਰੀ ਅਤੇ ਦੂਜਿਆ ਦੇ ਹਿੱਤਾ ਦਾ ਖਿਆਲ ਰੱਖਣ ਵਰਗੀਆਂ ਸਮਾਜਿਕ ਭਲਾਈ ਵਾਲੀਆਂ ਗੱਲਾਂ ਨੂੰ ਮਨਾਂ ਵਿੱਚ ਦ੍ਰਿੜ ਕਰਾਉਣ ਲੱਗੇ। ਇਸ ਤਰਾਂ ਉਹ ਆਪਣੇ ਦੇਸ਼ਾ ਵਿੱਚ ਭਰਿਸ਼ਟਾਚਾਰ ਰਹਿਤ ਪ੍ਰਸ਼ਾਸ਼ਨ ਸਿਰਜਣ ਵਿੱਚ ਸਫਲ ਹੋ ਗਏ। ਅੱਜ ਵੀ ਕਈ ਵਾਰ ਬਜੁਰਗ ਗੋਰਿਆਂ ਦੇ ਵਧੀਆ ਰਾਜ ਪ੍ਰਬੰਧ ਦੀਆਂ ਗੱਲਾ ਕਰਦੇ ਹਨ। ਵਿਦੇਸ਼ਾ ਵੱਲ ਜਾਣ ਦੀ ਦੋੜ ਵਿੱਚ ਉਥੋ ਦਾ ਵਧੀਆ ਸਿਸਟਮ ਵੀ ਇਕ ਫੈਕਟਰ ਹੁੰਦਾ ਹੈ। ਇਹ ਸਭ ਕੁਝ ਸਾਨੂੰ ਆਜਾਦ ਭਾਰਤ ਵਿਚ ਸਾਇਦ ਜਲਦੀ ਨਾ ਮਿਲ ਸਕੇ। ਇਸ ਕੰਮ ਦੀ ਸਫਲਤਾ ਲਈ ਵਧੀਆ ਸਿਖਿਆ ਪ੍ਰਣਾਲੀ ਰਾਹੀ ਸਮਾਜ ਵਿਚ ਮਨੁੱਖਤਾ ਦੀ ਭਲਾਈ ਵਾਲੀ ਸੋਚ ਵਿਕਸਤ ਕੀਤੀ ਜਾਣੀ ਸੀ ਜੋ ਕੰਮ ਨਹੀ ਕੀਤਾ ਗਿਆ। ਸਾਨੂੰ ਇਸ ਹਾਲਾਤ ਵਿੱਚ ਆਪਣੀਆਂ ਜਿਮੈਵਾਰੀਆਂ ਦੀ ਪਛਾਣ ਕਰਨੀ ਪਵੇਗੀ ।
ਲੋਕਤੰਤਰ ਨੂੰ ਬਚਾਉਣ ਲਈ ਸਾਡੀ ਜਿੰਮੇਵਾਰੀ !
ਹਜਾਰਾਂ ਸਾਲਾਂ ਦੀ ਗੁਲਾਮੀ ਨੇ ਸਾਡੀ ਮਾਨਸਿਕਤਾ ਨੂੰ ਗੁਲਾਮ ਬਣਾ ਦਿੱਤਾ। ਅਸੀ ਲੋਕਤੰਤਰੀ ਪ੍ਰਕਿਰਿਆ ਨੂੰ ਨਾ ਸਮਝਿਆ , ਨਾ ਹੀ ਅਸੀ ਉਸ ਅਨੁਸਾਰ ਢਲਣ ਦਾ ਯਤਨ ਕੀਤਾ ਅਤੇ ਨਾ ਹੀ ਸਰਕਾਰਾਂ ਨੇ ਯੋਗ ਸਿਖਿਆ ਦੇ ਕੇ ਸਾਨੂੰ ਇਸ ਦੀ ਅਸਲ ਭਾਵਨਾ ਸਮਝਾਈ।ਜਿਥੇ ਵੀ ਚਾਰ ਜੁੜਦੇ ਹਨ,ਭਾਰਤੀ ਸਿਸਟਮ ਨੂੰ ਭੰਡਦੇ ਹਨ ਅਤੇ ਵਿਦੇਸ਼ੀ ਸਿਸਟਮ ਨੂੰ ਸਲਾਹਦੇ ਹਨ। ਅਸਲ ਵਿੱਚ ਲੋਕਤੰਤਰ ਵਿੱਚ ਕੁੱਝ ਜਿੰਮੇਵਾਰੀਆਂ ਲੋਕਾਂ ਦੀਆਂ ਅਤੇ ਜਿਆਦਾ ਸਰਕਾਰਾਂ ਦੀਆਂ ਹੁੰਦੀਆਂ ਹਨ। ਬਿਨਾ ਸ਼ੱਕ ਸਰਕਾਰਾਂ ਨੇ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਵਿੱਚ ਕੁਤਾਹੀਆਂ ਕੀਤੀਆ ਹਨ। ਜਦੋ ਰਾਜਨੀਤਿਕਾ ਨਾਲ ਗੱਲ ਕਰੀਏ ਤਾਂ ਉਹ ਆਪਣੀ ਮਜਬੂਰੀ ਦੱਸਦੇ ਹਨ ਕਿ ਉਹੀ ਲੋਕ ਉਹਨਾ ਦੇ ਪੱਕੇ ਸਮਰਥਕ ਬਣਦੇ ਹਨ ਜਿੰਨਾ ਦੇ ਉਹ ਨਾਜਾਇਜ ਕੰਮ ਕਰਾਉਂਦੇ ਹਾਂ,ਜਾਇਜ ਅਤੇ ਰੁਟੀਨ ਕੰਮਾਂ ਦੀ ਕੋਈ ਗਿਣਤੀ ਨਹੀ ਕਰਦਾ। ਜਿੰਨਾ ਚਿਰ ਸਾਡੀ ਮਾਨਸਿਕਤਾ ਇਸ ਤਰਾਂ ਦੀ ਰਹੇਗੀ, ਲੋਕਤੰਤਰ ਕਦੀ ਪੱਕੇ ਪੈਰੀਂ ਨਹੀ ਹੋ ਸਕਦਾ। ਅਸੀ ਫਿਰ ਰਾਜਿਆਂ ਦੇ ਜੁਲਮੀ ਅਤੇ ਬੇਦਰਦ ਪਰਬੰਧ ਹੇਠ ਆ ਸਕਦੇ ਹਾਂ। ਸਾਨੂੰ ਲੋਕਤੰਤਰ ਨੂੰ ਪੱਕਿਆ ਕਰਨ ਵਾਲੀਆਂ ਪ੍ਰਕਿਰਿਆਵਾਂ ਜਿਵੇਂ ਭਰਿਸ਼ਟਾਚਾਰ ਵਿਰੁੱਧ ਲੜਾਈ, ਜਮਹੂਰੀ ਹੱਕਾਂ ਦੀ ਲੜਾਈ ਅਤੇ ਦੂਜਿਆ ਦੀਆਂ ਹੱਕੀ ਮੰਗਾਂ ਦੀ ਲੜਾਈ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।ਰਾਜਨੀਤਿਕਾ ਤੋ ਹੱਕੀ ਗੱਲਾਂ ਮਨਵਾਉਣ ਲਈ ਸਾਨੂੰ ਸੰਵਿਧਾਨ ਵਿੱਚ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਯੋਗਦਾਨ ਪਾਇਆ ਜਾਣਾਂ ਚਾਹੀਦਾ ਹੈ। ਇਸ ਤੋਂ ਵੀ ਵੱਡੀ ਜਿਮੈਵਾਰੀ,ਚੋਣਾਂ ਸਮੇ ਯੋਗ ਉਮੀਦਵਾਰ ਦੀ ਚੋਣ ਕਰਨ ਦੀ ਹੈ। ਜੇਕਰ ਨਿੱਜੀ ਹਿੱਤਾਂ ਨੂੰ ਮੁੱਖ ਰੱਖ ਕੇ ਅਸੀ ਭਰਿਸਟ ,ਫਿਰਕੂ,ਮੁਜਰਮ,ਜਰਵਾਣੇ ,ਨਸ਼ਾ ਤਸਕਰਾਂਅਤੇ ਬੇਅਦਬੀਆਂ ਨੂੰ ਸ਼ਹਿ ਦੇਣ ਵੇਲੇ ਉਮੀਦਵਾਰ ਚੁਣਦੇ ਰਹੇ ਤਾਂ ਕਿਸ ਤੋਂ ਸੁਧਾਰ ਦੀ ਉਮੀਦ ਰੱਖਾਗੇ। ਸਿਸਟਮ ਨੂੰ ਸੁਧਾਰਨ ਲਈ ਉਮੀਦਵਾਰ,ਵੱਡੇ ਧਾਰਮਿਕ ਅਤੇ ਸਮਾਜਿਕ ਸੰਗਠਨਾ ਦੇ ਯੋਗਦਾਨ ਨੂੰ ਬਾਰੀਕੀ ਨਾਲ ਵੇਖਣਾ ਬਣਦਾ ਹੈ।ਇਸ ਤਰਾਂ ਦੇ ਕੁੱਝ ਸੰਗਠਨ ਲੋਕਾਂ ਵਿੱਚ ਧਾਰਮਿਕ ਵੰਡੀਆਂ ਪਾ ਕੇ ਉਹਨਾਂ ਨੂੰ ਆਪਸ ਵਿੱਚ ਲੜਾਉਦੇ ਰਹਿੰਦੇ ਹਨ।ਅਸਲ ਵਿੱਚ ਇਹ ਸਾਨੂੰ ਤਾਨਾਸ਼ਾਹੀ ਦੀ ਅੰਧੇਰੀ ਖੱਡ ਵਿੱਚ ਸੁੱਟਣ ਦੀ ਤਿਆਰੀ ਕਰ ਰਹੇ ਹਨ।
ਦਿੱਲੀ ਅਸੈਂਬਲੀ ਚੋਣਾਂ ਨੇ ਸਿੱਧ ਕਰ ਦਿੱਤਾ ਕਿ ਕਿਵੇਂ ਲੋਕ ਜਰਵਾਣਿਆਂ ਅਤੇ ਪੈਸੇ ਦੇ ਜੋਰ ਵਾਲਿਆਂ ਨੂੰ ਮਾਤ ਪਾ ਸਕਦੇ ਹਾਂ। ਕਿਸਾਨ ਮੋਰਚੇ ਦੀ ਜਿੱਤ ਨੇ ਸਾਬਤ ਕਰ ਦਿੱਤਾ ਕਿ ਸਬਰ ਰੱਖਦੇ ਹੋਏ, ਸੰਵਿਧਾਨ ਵਿੱਚ ਮਿਲੇ ਅਧਿਕਾਰਾਂ ਦੀ ਵਰਤੋ ਕਰਕੇ ਲੋਕ ਸ਼ਕਤੀ ਨਾਲ ਵੱਡੇ ਹੈਕੜਬਾਜਾਂ ਨੂੰ ਹਰਾਇਆ ਜਾ ਸਕਦਾ ਹੈ।ਮੈ ਕਈ ਪ੍ਰਸ਼ਾਸਨਿਕ ਅਧਿਕਾਰੀਆ ਨੂੰ ਜਾਣਦਾ ਹਾਂ ਜਿੰਨਾ ਨੇ ਅਪਣੇ ਅਧੀਨ ਵਿਭਾਗਾਂ ਵਿੱਚ ਭਰਿਸ਼ਟਾਚਾਰ ਰਹਿਤ ਅਤੇ ਚੁਸਤ ਦਰੁਸਤ ਪ੍ਰਸ਼ਾਸ਼ਨ ਦਿੱਤਾ, ਪਰ ਉਹਨਾ ਆਧੀਨ ਕਰਮਚਾਰੀਆਂ ਅਤੇ ਆਮ ਲੋਕਾਂ ਨੇ ਉਹਨਾ ਨੂੰ ਬਣਦਾ ਮਾਣ ਸਤਿਕਾਰ ਨਹੀ ਦਿੱਤਾ ਜਿਸ ਦੇ ਉਹ ਹੱਕਦਾਰ ਸਨ।ਇਸੇ ਸਿਸਟਮ ਆਧੀਨ ਕੇਰਲਾ,ਉੜੀਸਾ ਅਤੇ ਬੰਗਾਲ ਦੀ ਸਰਕਾਰਾਂ ਨੇ ਵੱਡੀਆਂ ਪ੍ਰਾਪਤੀਆ ਕੀਤੀਆਂ। ਕੀ ਅਸੀ ਆਪਣੇ ਸੂਬੇ ਵਿੱਚ ਉਸ ਤਰਾਂ ਦੀਆਂ ਸਰਕਾਰਾ ਨਹੀ ਚੁਣ ਸਕਦੇ ? ਸਾਡੇ ਦੇਸ਼ ਦੀ ਕਿਸੇ ਵੀ ਸਮੱਸਿਆ ਨੂੰ ਲੋਕਸਕਤੀ ਨਾਲ ਸੌਖਿਆਂ ਹੱਲ ਕੀਤਾ ਜਾ ਸਕਦਾ ਹੈ।ਸਿਆਸਤਦਾਨ ਆਪਣੇ ਅਧੀਨ ਕਰਮਚਾਰੀਆਂ ਅਤੇ ਅਧਿਕਾਰੀਆ ਨੂੰ ਰਿਸ਼ਵਤਖੋਰੀ ਅਤੇ ਗਲਤ ਕੰਮਾਂ ਲਈ ਮਜਬੂਰ ਨਹੀ ਕਰ ਸਕਦੇ । ਇਹ ਲੋਕ ਆਪਣੇ ਹਿੱਤਾ ਲਈ ਸੰਗਠਨ ਬਣਾ ਕਿ ਆਪਣੀਆ ਮੰਗਾਂ ਮੰਨਵਾ ਸਕਦੇ ਹਨ ਤਾਂ ਇਹਨਾ ਸੰਗਠਨਾ ਰਾਹੀ ਲੋਕ ਹਿੱਤ ਵਾਲੀਆਂ ਗੱਲਾ ਕਿਉ ਨਹੀ ਮੰਨਵਾਈਆਂ ਜਾ ਸਕਦੀਆਂ । ਅਸਲ ਵਿੱਚ ਅਧਿਕਾਰੀ,ਕਰਮਚਾਰੀ ਅਤੇ ਸਿਆਸਤਦਾਨ ਲਾਲਚ ਹਿੱਤ ਆਪਸ ਵਿੱਚ ਮਿਲ ਜਾਂਦੇ ਹਨ। ਇਸ ਤਰਾਂ ਪ੍ਰਸ਼ਾਸਨ ਵਿੱਚ ਖੁੱਲ੍ਹਾ ਭਰਿਸ਼ਟਾਚਾਰ ਚਲਦਾ ਹੈ। ਲੋਕ ਹਿੱਤਾ ਦਾ ਘਾਣ ਹੁੰਦਾ ਹੈ। ਲੋਕਾਂ ਦਾ ਲੋਕਤੰਤਰ ਤੋਂ ਵਿਸ਼ਵਾਸ ਉਠਦਾ ਹੈ। ਜੇਕਰ ਇਹ ਲੋਕ ਆਪਣੀਆਂ ਜਿਮੈਵਾਰੀਆਂ ਤੋ ਭੱਜਦੇ ਹਨ ਤਾਂ ਲੋਕ ਸੰਘਰਸ਼ ਉਸਾਰ ਕੇ ਇਹਨਾ ਨੂੰ ਟਿਕਾਣੇ ਲਿਆਂਦਾ ਜਾ ਸਕਦਾ ਹੈ। ਜਦੋ ਅਸੀ ਆਪਣੇ ਹਿੱਤਾ ਲਈ ਆਪਣੇ ਸੰਗਠਨਾ ਰਾਹੀ ਵੱਡੇ ਕੰਮ ਕਰਨ ਦੇ ਸਮਰੱਥ ਹਾਂ ਤਾਂ ਲੋਕਤੰਤਰ ਨੂੰ ਬਚਾਉਣ ਲਈ ਉਕਤ ਅਨੁਸਾਰ ਕਾਰਵਾਈ ਕਰਕੇ ਆਪਣਾ ਯੋਗਦਾਨ ਕਿਉ ਨਹੀ ਪਾ ਸਕਦੇ ।