ਬਲਾਚੌਰ – ਸੰਗੀਤ ਜਗਤ ‘ਚ ਆਪਣੇ ਗੀਤਾਂ ਨਾਲ ਟਰੈਂਡ ਸੈੱਟ ਕਰਨ ਵਾਲੇ ਪੰਜਾਬੀ ਗਾਇਕ ਪ੍ਰੇਮ ਢਿੱਲੋਂ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਦਰਅਸਲ, ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ ‘ਚ ਲਾਈਵ ਸ਼ੋਅ ਦੌਰਾਨ ਪ੍ਰੇਮ ਢਿੱਲੋਂ ‘ਤੇ ਇੱਕ ਵਿਅਕਤੀ ਹਮਲਾ ਕਰਦੇ ਹੋਏ ਨਜ਼ਰ ਆ ਰਿਹਾ ਹੈ।
ਹਮਲਾਵਰ ਦੀ ਪਛਾਣ ਮਸ਼ਹੂਰ ਬੀਬਾ ਬੁਆਏਜ਼ ਗਰੁੱਪ ਦੇ ਮੈਂਬਰ ਗੁਰ ਚਾਹਲ ਵਜੋਂ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ, ਇਹ ਘਟਨਾ ਬਲਾਚੌਰ ਪਿੰਡ ਦੀ ਹੈ। ਕਬੱਡੀ ਦੇ ਮੈਚ ਤੋਂ ਬਾਅਦ ਗਾਇਕ ਪ੍ਰੇਮ ਢਿੱਲੋਂ, ਸਿੱਪੀ ਗਿੱਲ ਤੇ ਸੁਲਤਾਨ ਨੂੰ ਪਿੰਡ ‘ਚ ਸ਼ੋਅ ਕਰਨ ਲਈ ਬੁਲਾਇਆ ਗਿਆ ਸੀ। ਜਦੋਂ ਇਹ ਘਟਨਾ ਵਾਪਰੀ ਤਾਂ ਪ੍ਰੇਮ ਢਿੱਲੋਂ ਨੂੰ ਆਏ ਹਾਲੇ 10 ਮਿੰਟ ਹੀ ਹੋਏ ਸਨ।
ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਪ੍ਰੇਮ ਢਿੱਲੋਂ ਆਪਣੀ ਪਰਫਾਰਮੈਂਸ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਿਹਾ ਹੈ ਜਦੋਂਕਿ ਗੁਰ ਚਾਹਲ ਹੋਣ ਦਾ ਦਾਅਵਾ ਕਰਨ ਵਾਲਾ ਵਿਅਕਤੀ ਪਿੱਛੇ ਤੋਂ ਉਸ ਕੋਲ ਆਉਂਦਾ ਹੈ। ਉਹ ਪ੍ਰੇਮ ਢਿੱਲੋਂ ਦਾ ਮੂੰਹ ਆਪਣੇ ਵੱਲ ਕਰਨ ਦੀ ਕੋਸ਼ਿਸ਼ ‘ਚ ਉਸ ਨੂੰ ਖਿੱਚਦਾ ਹੈ ਅਤੇ ਫਿਰ ਉਸ ਨੂੰ ਥੱਪੜ ਮਾਰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੌਰਾਨ ਸਿੱਪੀ ਗਿੱਲ ਵੀ ਸਟੇਜ ‘ਤੇ ਮੌਜੂਦ ਸਨ। ਹਮਲੇ ਦੀ ਕੋਸ਼ਿਸ਼ ਤੋਂ ਬਾਅਦ, ਹਮਲਾਵਰ ਨੂੰ ਤੁਰੰਤ ਸਟੇਜ ‘ਤੇ ਭੀੜ ਨੇ ਪਿੱਛੇ ਲਿਆਂਦਾ ਗਿਆ ਅਤੇ ਸ਼ੋਅ ਨੂੰ ਰੋਕ ਦਿੱਤਾ ਗਿਆ।
ਇਸ ਘਟਨਾ ਤੋਂ ਬਾਅਦ ਹਮਲਾਵਰ ਆਪਣੇ ਪੂਰੇ ਚਿਹਰੇ ‘ਤੇ ਖੂਨ ਨਾਲ ਲਥਪਥ ਹੋ ਕੇ ਸ਼ੋਅ ਤੋਂ ਬਾਹਰ ਨਿਕਲਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਉਸ ਨੂੰ ਲੋਕਾਂ ਵਲੋਂ ਧੱਕੇ ਮਾਰ ਕੇ ਸ਼ੋਅ ਤੋਂ ਬਾਹਰ ਕੱਢਦੇ ਦੇਖਿਆ ਜਾ ਸਕਦਾ ਹੈ। ਹਮਲਾ ਕਿਉਂ ਕੀਤਾ ਗਿਆ, ਇਸ ਦਾ ਹਾਲੇ ਤੱਕ ਕੋਈ ਖ਼ੁਲਾਸਾ ਨਹੀਂ ਹੋਇਆ।