
ਵਿਧਾਨ ਸਭਾ ਹਲਕਾ ਮਲੇਰਕੋਟਲਾ ਵਿੱਚ 15 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ ਅੱਠ ਉਮੀਦਵਾਰ ਪਾਰਟੀਆਂ ਦੇ ਚੋਣ ਨਿਸ਼ਾਨ ਅਤੇ ਸੱਤ ਉਮੀਦਵਾਰ ਅਜ਼ਾਦ ਤੌਰ ਤੇ ਚੋਣ ਲੜ ਰਹੇ ਹਨ । ਇੰਡੀਅਨ ਨੈਸ਼ਨਲ ਕਾਂਗਰਸ ਤੋਂ ਰਜ਼ੀਆ ਸੁਲਤਾਨਾ, ਪੰਜਾਬ ਲੋਕ ਕਾਂਗਰਸ ਤੋਂ ਐਫ. ਨਿਸਾਰਾ ਖਾਤੂਨ, ਸ੍ਰੋਮਣੀ ਅਕਾਲੀ ਦਲ (ਬ) ਤੋਂ ਨੁਸਰਤ ਅਲੀ ਖਾਨ, ਆਮ ਆਦਮੀ ਪਾਰਟੀ ਤੋਂ ਡਾ. ਮੁਹੰਮਦ ਜਮੀਲ ਉਰ ਰਹਿਮਾਨ, ਲੋਕ ਇਨਸਾਫ ਪਾਰਟੀ ਤੋਂ ਮੁਹੰਮਦ ਅਨਵਰ, ਪੰਜਾਬ ਨੈਸ਼ਨਲ ਪਾਰਟੀ ਤੋਂ ਸੱਯਦ ਮਨਜ਼ੂਰ ਗਿਲਾਨੀ, ਆਪਣੀ ਏਕਤਾ ਪਾਰਟੀ ਤੋਂ ਹਸਨ ਮੁਹੰਮਦ ਇਸ ਤੋਂ ਇਲਾਵਾ ਮਹਿੰਦਰ ਸਿੰਘ, ਸੈਫ ਉਰ ਇਸਮਾਈਲ, ਮੁਹੰਮਦ ਜ਼ੁਬੈਰੀ, ਧਰਮਿੰਦਰ ਸਿੰਘ, ਮੁਹੰਮਦ ਯਾਸੀਨ ਉਰਫ ਘੁੱਗੀ, ਮੁਹੰਮਦ ਸ਼ਕੀਲ, ਮੁਹੰਮਦ ਮੁਨੀਰ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ । ਹਲਕਾ ਮਲੇਰਕੋਟਲਾ ਦਾ ਚੋਣ ਸਰਵੇਖਣ ਦੇਖੀਏ ਤਾਂ ਤਿਕੋਣਾ ਮੁਕਾਬਲਾ ਰਜ਼ੀਆ ਸੁਲਤਾਨਾ, ਨੁਸਰਤ ਇਕਰਾਮ ਖਾਨ ਅਤੇ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦਰਮਿਆਨ ਹੋ ਰਿਹਾ ਹੈ । ਹਲਕੇ ਦੀ ਸਥਿਤੀ ਜਾਨਣ ਲਈ ਪਹਿਲਾਂ ਜਰੂਰੀ ਹੈ ਕਿ ਮੁਕਾਬਲੇ ‘ਚ ਆਏ ਉਮੀਦਵਾਰਾਂ ਦਾ ਪਿਛੋਕੜ ਅਤੇ ਉਨਾਂ ਦੀਆਂ ਪ੍ਰਾਪਤੀਆਂ ਤੇ ਝਾਤ ਮਾਰੀ ਜਾਵੇ ।
ਵਿਧਾਇਕਾ ਰਜ਼ੀਆ ਸੁਲਤਾਨਾ
ਰਜ਼ੀਆ ਸੁਲਤਾਨਾ ਨੇ ਆਪਣਾ ਸਿਆਸੀ ਸਫਰ 2002 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਸ਼ੁਰੂ ਕੀਤਾ ਸੀ । ਕਾਂਗਰਸ ਪਾਰਟੀ ਦੇ ਟਿਕਟ ਤੇ ਚੋਣ ਲੜ 37557 ਵੋਟਾਂ ਹਾਸਲ ਕਰਕੇ ਅਜੀਤ ਸਿੰਘ ਚੰਦੂਰਾਈਆਂ ਆਜ਼ਾਦ ਉਮੀਦਵਾਰ ਨੂੰ ਹਰਾ ਕੇ ਵਿਧਾਇਕਾ ਚੁਣੇ ਗਏ । ਇਸ ਤੋਂ ਬਾਦ ਉਨਾਂ ਨੇ ਆਪਣੇ ਪਰੀਵਾਰ ਨਾਲ ਆਪਣੀ ਰਿਹਾਇਸ਼ ਹਥੋਆ ਰੋਡ ਤੇ ਸਥਿਤ ਮਲੇਰਕੋਟਲਾ ਹਾਊਸ ਵਿਖੇ ਕਰ ਲਈ । 2007 ਵਿੱਚ ਫਿਰ ਤੋਂ ਕਾਂਗਰਸ ਪਾਰਟੀ ਦੇ ਟਿਕਟ ਤੇ ਚੋਣ ਲੜ 72187 ਵੋਟ ਹਾਸਲ ਕਰਕੇ ਆਪਣੇ ਵਿਰੋਧੀ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੌਧਰੀ ਅਬਦੁਲ ਗਫਾਰ ਨੂੰ ਹਰਾ ਕੇ ਵਿਧਾਇਕਾ ਬਣੇ ਅਤੇ 2012 ਵਿੱਚ ਤੀਸਰੀ ਵਾਰ ਕਾਂਗਰਸ ਪਾਰਟੀ ਤੋਂ ਹੀ ਚੋਣ ਲੜੀ ਅਤੇ 51418 ਵੋਟ ਹਾਸਲ ਕਰ ਕੇ ਅਤੇ ਆਪਣੇ ਵਿਰੋਧੀ ਉਮੀਦਵਾਰ ਬੀਬੀ ਫਰਜਾਨਾ ਆਲਮ ਤੋਂ ਚੋਣ ਹਾਰ ਗਏ ਸੀ ਯਾਦ ਰਹੇ ਕਿ ਬੀਬੀ ਫਰਜ਼ਾਨਾ ਆਲਮ ਦੇ ਪਤੀ ਵੀ ਸਾਬਕਾ ਡੀਜੀਪੀ ਸਨ । 2017 ਵਿੱਚ ਚੌਥੀ ਵਾਰ ਕਾਂਗਰਸ ਪਾਰਟੀ ਵੱਲੋਂ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਜਿਸ ਵਿੱਚ ਉਨਾਂ 58982 ਵੋਟ ਹਾਸਲ ਕਰ ਕੇ ਆਪਣੇ ਵਿਰੋਧੀ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮੁਹੰਮਦ ਉਵੈਸ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਅਤੇ ਤੀਜੀ ਵਾਰ ਵਿਧਾਇਕਾ ਚੁਣੇ ਗਏ ਅਤੇ ਪੰਜਾਬ ਮੰਤਰੀ ਮੰਡਲ ਵਿੱਚ ਸਥਾਨ ਹਾਸਲ ਕੀਤਾ । ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਪੰਜਵੀਂ ਵਾਰ ਕਾਂਗਰਸ ਪਾਰਟੀ ਵੱਲੋਂ ਰਜ਼ੀਆ ਸੁਲਤਾਨਾ ਨੂੰ ਹੀ ਟਿਕਟ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ । ਮਲੇਰਕੋਟਲਾ ਦੀ ਜੰਮਪਲ ਰਜ਼ੀਆ ਸੁਲਤਾਨਾ ਦੀ ਵਿਦਿਅਕ ਯੋਗਤਾ ਮੈਟ੍ਰਿਕ ਹੈ, ਆਪਣੇ ਪਤੀ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਅਸਰ ਰਸੂਖ ਕਾਰਣ ਸਿਆਸਤ ‘ਚ ਆਈ, ਕਹਿਣ ਨੂੰ ਤਾਂ ਚੋਣ ਰਜ਼ੀਆ ਸੁਲਤਾਨਾ ਲੜਦੇ ਸਨ ਪਰੰਤੂ ਚੋਣ ਦੀ ਸਾਰੀ ਕਮਾਂਡ ਮੁਹੰਮਦ ਮੁਸਤਫਾ ਮਲੇਰਕੋਟਲਾ ਹਾਊਸ ਤੋਂ ਚਲਾਉਂਦੇ ਰਹੇ, ਆਪਣੇ ਸਖਤ ਮਿਜ਼ਾਜ ਕਾਰਣ ਹਲਕੇ ਦੇ ਵੋਟਰਾਂ ਅਤੇ ਲੀਡਰਾਂ ਅੰਦਰ ਪੁਲਿਸ ਅਫਸਰੀ ਦਾ ਖੌਫ ਪੈਦਾ ਕਰ ਰੱਖਿਆ ਸੀ । ਇਸ ਵਾਰ ਹਾਲਾਤ ਕੁਝ ਬਦਲ ਗਏ ਹਨ ਕਿਉਂਕਿ ਮੁਹੰਮਦ ਮੁਸਤਫਾ ਡੀਜੀਪੀ ਅਹੁੱਦੇ ਤੋਂ ਰਿਟਾਇਰ ਹੋ ਚੁੱਕੇ ਹਨ ਅਤੇ ਸਿੱਧੇ ਤੌਰ ਤੇ ਸਟੇਜਾਂ ਤੋਂ ਚੋਣ ਪ੍ਰਚਾਰ ਕਰਨ ਲੱਗੇ । ਨਗਰ ਕੌਂਸਲ ਦੇ ਛੇ ਸਾਬਕਾ ਪ੍ਰਧਾਨਾਂ, ਰਜ਼ੀਆ ਸੁਲਤਾਨਾ ਦੇ ਸਾਬਕਾ ਪੀ.ਏ., ਇੱਥੋ ਤੱਕ ਕਿ ਉਨਾਂ ਦੇ ਖਾਸਮ-ਖਾਸ ਅਬਦੁਲ ਸਕੂਰ ਪ੍ਰਧਾਨ ਸਮੇਤ 2002 ਤੋਂ ਮਲੇਰਕੋਟਲਾ ਹਾਊਸ ਨਾਲ ਜੁੜੇ ਟਕਸਾਲੀ ਵਰਕਰਾਂ ਸਨੇ ਸਾਰਾ ਹਲਕਾ ਉਨਾਂ ਨਾਲ ਨਾਰਾਜ਼ ਚੱਲ ਰਿਹਾ ਹੈ । ਪੰਜਾਬ ਅੰਦਰ ਇੱਕ ਗੱਲ ਆਮ ਪ੍ਰਚੱਲਿਤ ਹੈ ਕਿ ਉਹ ਵਿਆਹ ਜਾਂ ਸਮਾਗਮ ਹੀ ਕੀ ਜਿਸ ਵਿੱਚ ‘ਜੀਜਾ ਜਾਂ ਫੁੱਫੜ ਨਾ ਰੁੱਸੇ’ । ਪਰੰਤੂ ਇਸ ਵਾਰ ਹਵਾ ਉਲਟੀ ਦਿਸ਼ਾ ਨੂੰ ਚੱਲ ਰਹੀ ਹੈ ਕਿ ਫੁੱਫੜ ਜੀ ਸਹੁਰੇ ਪਰਿਵਾਰ ਦੇ ਲੋਕਾਂ ਨੂੰ ਮਨਾਉਂਦੇ ਨਜ਼ਰ ਆ ਰਹੇ ਹਨ । ਮੁਹੰਮਦ ਮੁਸਤਫਾ ਦੇ ਵਿਵਾਦਿਤ ਬਿਆਨਾਂ ਕਾਰਣ ਉਹ ਚਰਚਾ ਦਾ ਵਿਸ਼ਾ ਵੀ ਬਣੇ ਰਹੇ ।
ਸਾਬਕਾ ਵਿਧਾਇਕ ਨੁਸਰਤ ਅਲੀ ਖਾਨ
ਨੁਸਰਤ ਅਲੀ ਖਾਨ 1997 ਵਿੱਚ ਪਹਿਲੀ ਵਾਰ ਆਪਣੀ ਜੇਲ ਸੁਪਰਡੈਂਟ ਦੀ ਨੌਕਰੀ ਛੱਡ ਕੇ ਹਲਕਾ ਮਲੇਰਕੋਟਲਾ ਤੋਂ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਚੋਣ ਲੜੇ ਅਤੇ ਜਿੱਤ ਪ੍ਰਾਪਤ ਕੀਤੀ । ਉਨਾਂ ਦੇ ਪਿਤਾ ਮਰਹੂਮ ਇਕਰਾਮ ਖਾਨ ਪ੍ਰਸਿੱਧ ਸਮਾਜ ਸੇਵੀ ਸਨ ਜਿਸ ਦਾ ਨੁਸਰਤ ਅਲੀ ਖਾਨ ਨੂੰ ਚੋਖਾ ਫਲ ਮਿਲਿਆ । ਇਸ ਵਾਰ ਵੀ ਨੁਸਰਤ ਅਲੀ ਖਾਨ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਟਿਕਟ ਦੇ ਚੋਣ ਲੜ ਰਹੇ ਹਨ । ਉਨਾਂ ਦੀ ਵਿਦਿਅਕ ਯੋਗਤਾ ਬੀ.ਏ. ਹੈ ।
ਡਾ. ਮੁਹੰਮਦ ਜਮੀਲ ਉਰ ਰਹਿਮਾਨ
ਮੁਹੰਮਦ ਜਮੀਲ ਉਰ ਰਹਿਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਉਨਾਂ ਦੀ ਵਿੱਦਿਅਕ ਯੋਗਤਾ ਪੀ.ਐਚ.ਡੀ. (ਡਾਕਟਰ ਆਫ ਫਿਲਾਸਫੀ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਹੈ ਉਨਾਂ ਗੁਰੁ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੇ ਆਪਣੀ ਡਿਗਰੀ ਮੁਕੰਮਲ ਕੀਤੀ ਹੈ । ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹਾਮੀ ਹਨ । ਇਸ ਤੋਂ ਪਹਿਲਾਂ ਉਹ ਵੱਖ-ਵੱਖ ਪਾਰਟੀਆਂ ਤੋਂ ਵਿਧਾਨ ਸਭਾ ਅਤੇ ਲੋਕ ਸਭਾ ਦੀ ਚੋਣ ਲੜ ਚੁੱਕੇ ਹਨ ਪਰੰਤੂ ਸਫਲ ਨਹੀਂ ਹੋ ਸਕੇ । ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਪੰਜਾਬ ਦੇ 117 ਹਲਕਿਆਂ ਵਿੱਚੋਂ ਚੋਣ ਲੜ ਰਹੇ ਕਰੀਬ 6 ਹਜ਼ਾਰ ਉਮੀਦਵਾਰਾਂ ਵਿਚੋਂ ਸਿਰਫ 3 ਉਮੀਦਵਾਰ ਪੀ.ਐਚ.ਡੀ. ਹਨ ਜਿਨ੍ਹਾਂ ਵਿੱਚ ਹਲਕਾ ਮਲੇਰਕੋਟਲਾ ਤੋਂ ਉਮੀਦਵਾਰ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦਾ ਨਾਮ ਸ਼ਾਮਲ ਹੈ । ਜੇਕਰ ਇਹ ਕਹਿ ਲਿਆ ਜਾਵੇ ਕਿ ਅਜ਼ਾਦੀ ਤੋਂ ਅੱਜ ਤੱਕ ਮਲੇਰਕੋਟਲਾ ਹਲਕੇ ਅੰਦਰ ਏਨਾ ਪੜਿਆ ਲਿਖਿਆ ਉਮੀਦਵਾਰ ਮੈਦਾਨ ਵਿੱਚ ਨਹੀਂ ਆਇਆ । ਜਿਸ ਨੂੰ ਇਲਾਕੇ ਦੀ ਜਨਤਾ ਬਦਲਾਅ ਦੇ ਰੂਪ ਵਿੱਚ ਦੇਖ ਰਹੀ ਹੈ ।
ਜਨਤਾ ਦਾ ਮਿਜ਼ਾਜ ਕੀ ਹੈ?
2022 ਦੀ ਵਿਧਾਨ ਸਭਾ ਚੋਣ ਪਿਛਲੀਆਂ ਸਾਰੀਆਂ ਚੋਣਾਂ ਨਾਲ ਵੱਖ ਹੈ । ਹਲਕੇ ਤੋਂ ਇੱਕੋ ਪਾਰਟੀ ਦੀ ਤਿੰਨ ਵਾਰ ਵਿਧਾਇਕਾ ਰਹੀ ਰਜ਼ੀਆ ਸੁਲਤਾਨਾ ਦੀ ਪੁਜ਼ੀਸ਼ਨ ਇਸ ਵਾਰ ਕਾਫੀ ਪਤਲੀ ਨਜ਼ਰ ਆ ਰਹੀ ਹੈ । ਰਾਸ਼ਟਰੀ ਪੱਧਰ ਦੇ ਸਟਾਰ ਪ੍ਰਚਾਰਕ ਬੁਲਾ ਕੇ ਵੀ ਕੁਝ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਜਿਸ ਦਾ ਇੱਕ ਵੱਡਾ ਕਾਰਣ ਉਨਾਂ ਦੇ ਪਤੀ ਮੁਹੰਮਦ ਮੁਸਤਫਾ ਵੱਲੋਂ ਵੱਖ-ਵੱਖ ਜਲਸਿਆਂ ਵਿੱਚ ਦਿੱਤੇ ਵਿਵਾਦਿਤ ਬਿਆਨ ਅਤੇ ਲੋਕਾਂ ਨੂੰ ਬੋਲੇ ਸਖਤ ਬੋਲ ਵੀ ਹਨ, ਸਾਰੇ ਸ਼ਹਿਰ ਅੰਦਰ ਪੁੱਟੀਆਂ ਸੜਕਾਂ, ਥੰਮੀਆਂ ਦੇ ਸਹਾਰੇ ਖੜਾ ਜਰਗ ਚੌਂਕ ਵਾਲਾ ਪੁਲ, ਵਿਵਾਦਾਂ ‘ਚ ਘਿਰਿਆ ਮੈਡੀਕਲ ਕਾਲਜ, ਬਹੁਤ ਹੀ ਮਾੜੀ ਹਾਲਤ ‘ਚ ਚੱਲ ਰਹੇ ਸਕੂਲ ਅਤੇ ਹਸਪਤਾਲ, ਘਰ ‘ਚ ਰੱਖੀ ਪੰਜਾਬ ਵਕਫ ਬੋਰਡ ਦੀ ਚੇਅਰਮੈਨੀ, ਬਦਲਾਖੋਰੀ ਦੀ ਨੀਤੀ ਨਾਲ ਕੀਤੀਆਂ ਮੁਲਾਜ਼ਮਾਂ ਦੀਆਂ ਬਦਲੀਆਂ, ਹਲਕੇ ਅੰਦਰ ਬੇਕਾਬੂ ਹੋਇਆ ਨਸ਼ਿਆਂ ਦਾ ਦੈਂਤ, ਵਕਫ ਬੋਰਡ ‘ਚ ਅਨੇਕਾਂ ਭ੍ਰਿਸ਼ਟਾਚਾਰ ਦੇ ਮਾਮਲੇ ਠੰਡੇ ਬਸਤੇ ‘ਚ, ਸਰਕਾਰੀ ਗਰਲਜ਼ ਕਾਲਜ ਤਿੰਨ ਸਾਲਾਂ ਤੋਂ ਬਿਨਾਂ ਇਮਾਰਤ ਤੋਂ ਚੱਲਣਾ, ਹਲਕੇ ਦੇ ਲੋਕਾਂ ਅਤੇ ਸ਼ਹਿਰ ਨੂੰ ਪੀ.ਏ. ਦੇ ਸਹਾਰੇ ਛੱਡਣਾ, ਲਾਕਡਾਊਨ ਦੌਰਾਨ ਸਬਜ਼ੀ ਮੰਡੀ ਵਿੱਚ ਲੋਕਾਂ ਦੀ ਹੋਈ ਅੰਨ੍ਹੀ ਕੁੱਟਮਾਰ, ਕਰੋਨਾ ਕਾਲ ‘ਚ ਹਲਕੇ ਨੂੰ ਛੱਡ ਕੇ ਪੰਚਕੂਲੇ ਬੈਠੇ ਰਹਿਣਾ, ਸੇਵਾ ਕੇਂਦਰਾਂ ਦੀ ਗਿਣਤੀ ਘਟਾ ਕੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧਾਉਣਾ, ਰਜਿਸਟਰੀਆਂ ਅਤੇ ਹਿਬਾਨਾਮਾ ਵਿੱਚ ਮੋਟਾ ਭ੍ਰਿਸ਼ਟਾਚਾਰ ਬੰਦ ਨਾ ਕਰਨਾ ਜਿਹੇ ਮੁਦਿਆਂ ਕਾਰਣ ਕਾਂਗਰਸ ਪਾਾਰਟੀ ਦੇ ਹਜ਼ਾਰਾਂ ਵਰਕਰ, ਆਗੂ, ਕੌਂਸਲਰ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਚੁੱਕੇ ਹਨ ਜਿਸ ਨਾਲ ‘ਆਪ’ ਦਾ ਕਾਫਲ਼ਾ ਕਾਫੀ ਵੱਡਾ ਨਜ਼ਰ ਆ ਰਿਹਾ ਹੈ । ਬਾਕੀ ਭਵਿੱਖ ਦੇ ਗਰਭ ਵਿੱਚ ਕੀ ਹੈ ਇਹ ਤਾਂ ਖੁਦਾ ਬਿਹਤਰ ਜਾਣਦੇ ਹਨ । ਹਲਕੇ ਦੀ ਜਨਤਾ 10 ਮਾਰਚ ਦਾ ਇੰਤਜ਼ਾਰ ਕਰੇਗੀ ਕਿ ਉਹ ਮਲੇਰਕੋਟਲਾ ਕੀ ਬਦਲਾਅ ਲਿਆਉਂਦੀ ਹੈ।