Articles

ਚਿੰਤਾ ਦੀਆਂ ਲਕੀਰਾਂ ਪੰਜਾਬ ਦੇ ਮੱਥੇ `ਤੇ !

ਲੇਖਕ: ਗੁਰਮੀਤ ਸਿੰਘ ਪਲਾਹੀ

ਪੰਜਾਬ ‘ਚ ਵਿਧਾਨ ਸਭਾ ਲਈ ਵੋਟਾਂ ਪੈ ਕੇ ਹਟੀਆਂ ਹਨ। ਪੰਜਾਬ ਦੇ ਸਰਕਾਰੀ ਹਲਕਿਆਂ ਦੀ ਘਬਰਾਹਟ ਹੈ ਕਿ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਨਾਲੋਂ, ਇਸ ਵਾਰ 2022 `, 5.41 ਫ਼ੀਸਦੀ ਘੱਟ ਵੋਟ ਪੋਲ ਹੋਏ ਹਨ। ਸਿਆਸੀ ਧਿਰਾਂ’ਚ ਘਬਰਾਹਟ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਖ਼ਾਸ ਕਰਕੇ ਮਾਲਵਾ ਖਿੱਤੇ `ਚ ਵੱਧ ਵੋਟਰਾਂ ਨੇ ਵੋਟ ਪਾਈ ਹੈ।

ਹੋਰ ਚਿੰਤਾਵਾਂ ਦੇ ਨਾਲ ਪੰਜਾਬ ਹਿਤੈਸ਼ੀ ਚਿੰਤਕਾਂ ਦੀ ਚਿੰਤਾ ਵਧੀ ਹੈ ਕਿ ਪੰਜਾਬ ਚੋਣਾਂ `ਚ ਨਸ਼ਿਆਂ ਖ਼ਾਸ ਕਰਕੇ ਮੁਫ਼ਤ ਸ਼ਰਾਬ ਵੰਡ ਵੱਡੀ ਪੱਧਰ ‘ਤੇ ਕੀਤੀ ਗਈ ਹੈ ਅਤੇ ਹੋਰ ਸੈਂਥੈਟਿਕ ਨਸ਼ੇ ਵੀ ਸ਼ਰੇਆਮ ਵੰਡੇ ਗਏ ਹਨ ਭਾਵੇਂ ਕਿ ਚੋਣ ਕਮਿਸ਼ਨ ਦੇ ਅਧਿਕਾਰੀ ਵੱਡੀ ਮਾਤਰਾ `ਚ ਸ਼ਰਾਬ,ਪੈਸਾ, ਜ਼ਬਤ ਕਰਨ ਦਾ ਦਾਅਵਾ ਕਰਦੇ ਹਨ।ਇਸ ਤੋਂ ਵੀ ਵੱਡੀ ਚਿੰਤਾ ਇਹ ਵੀ ਵਧੀ ਹੈ ਕਿ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਆਪਣੇ ਉਮੀਦਵਾਰ,ਵੱਡੇ ਧਨਾਢ ਅਤੇ ਉਹ ਲੋਕ ਜਿਹੜੇ ਖੱਬੀਖਾਂਨ ਹਨ ਅਤੇ ਜਿਹਨਾ ਵਿਰੁੱਧ ਅਦਾਲਤਾਂ ਵਿੱਚ ਅਪਰਾਧਿਕ ਮਾਮਲੇ ਦਰਜ਼ ਹਨ, ਨੂੰ ਬਨਾਉਣ ਲਈ ਤਰਜ਼ੀਹ ਦਿੱਤੀ ਹੈ। ਕੁਲ ਮਿਲਾਕੇ ਵੱਖੋ-ਵੱਖਰੀਆਂ ਪਾਰਟੀਆਂ ਦੇ 1304 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਅਤੇ 315 ਉਮੀਦਵਾਰਾਂ (ਜੋ ਕੁਲ ਦਾ 25 ਫ਼ੀਸਦੀ ਹੈ) ਉਤੇ ਅਪਰਾਧਿਕ ਮਾਮਲੇ ਜਿਹਨਾ ਵਿੱਚ ਕਤਲ, ਬਲਾਤਕਾਰ, ਕੁੱਟਮਾਰ, ਧੋਖਾਧੜੀ ਆਦਿ ਦੇ ਕੇਸ ਦਰਜ਼ ਹਨ। ਸਾਲ 2017 ‘ਚ ਇਹਨਾ ਦੀ ਗਿਣਤੀ 9 ਫ਼ੀਸਦੀ ਸੀ। ਇਹਨਾ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਵਿੱਚ ਏ.ਡੀ.ਆਰ. ਦੀ ਰਿਪੋਰਟ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ 65, ਆਮ ਆਦਮੀ ਪਾਰਟੀ ਦੇ 58, ਭਾਰਤੀ ਜਨਤਾ ਪਾਰਟੀ ਦੇ 27, ਕਾਂਗਰਸ ਦੇ 16, ਸੰਯੁਕਤ ਅਕਾਲੀ ਦਲ ਦੇ ਚਾਰ, ਬੀਐਸਪੀ ਦੇ ਤਿੰਨ ਅਤੇ ਪੰਜਾਬ ਲੋਕ ਦਲ ਦੇ ਤਿੰਨ ਉਮੀਦਵਾਰ ਹਨ। ਇਹਨਾ ਵਿੱਚ 218 ਉਤੇ ਬਹੁਤ ਗੰਭੀਰ ਦੋਸ਼ ਹਨ।

ਚਿੰਤਾ ਇਸ ਗੱਲ ਦੀ ਵੀ ਵੱਧ ਹੈ ਕਿ ਵਿਧਾਨ ਸਭਾ ਉਮੀਦਵਾਰਾਂ ਵਿੱਚ 521 ਕਰੋੜਪਤੀ ਹਨ, ਜਿਹਨਾ ਵਿੱਚ 89 ਸ਼੍ਰੋਮਣੀ ਅਕਾਲੀ ਦਲ , 107 ਕਾਂਗਰਸ, 81 ਆਮ ਆਦਮੀ ਪਾਰਟੀ, 60 ਬਹੁਜਨ ਸਮਾਜ ਪਾਰਟੀ, 16 ਬੀਐਸਪੀ ਅਤੇ 11 ਸੰਯੁਕਤ ਅਕਾਲੀ ਦਲ ਅਤੇ ਪੰਜਾਬ ਲੋਕ ਕਾਂਗਰਸ ਨਾਲ ਸਬੰਧਤ ਹਨ।

ਇਸ ਤੋਂ ਵੀ ਵੱਡੀ ਚਿੰਤਾ ਵਾਲੀ ਗੱਲ ਪੰਜਾਬੀਆਂ ਦੇ ਮੱਥੇ  ਉਤੇ ਤੀਊੜੀਆਂ ਪਾਉਂਦੀ ਹੈ ਕਿ 49 ਉਮੀਦਵਾਰ ਪੂਰੀ ਤਰ੍ਹਾਂ ਅਨਪੜ੍ਹ ਹਨ।  21 ਸਿਰਫ ਅਖੱਰ ਗਿਆਨ ਰੱਖਦੇ ਹਨ, 75 ਸਿਰਫ਼ ਪੰਜਵੀਂ ਪਾਸ, 118 ਅੱਠਵੀ ਪਾਸ, 263 ਦਸਵੀਂ ਪਾਸ ਅਤੇ 239 ਬਾਹਰਵੀਂ ਪਾਸ ਹਨ।

ਬਾਵਜੂਦ ਇਸ ਗੱਲ ਦੇ ਕਿ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਔਰਤਾਂ ਨੂੰ ਵੱਧ ਅਧਿਕਾਰ, ਵੱਧ ਸੀਟਾਂ ਦੇਣ ਦਾ ਦਾਅਵਾ ਕਰਦੀਆਂ ਹਨ,ਪਰ ਕੁਲ ਮਿਲਾਕੇ 117 ਸੀਟਾਂ ਤੇ 1304 ਉਮੀਦਵਾਰਾਂ ਵਿਚੋਂ ਸਿਰਫ਼ 93 ਔਰਤਾਂ ਚੋਣ ਲੜ ਰਹੀਆਂ ਹਨ, (ਕੁਲ ਦਾ ਸਿਰਫ਼ 7.13 ਫ਼ੀਸਦੀ) ਜਿਹਨਾ ਵਿੱਚ ਵੀ 29 ਆਜ਼ਾਦ ਉਮੀਦਵਾਰ ਹਨ ਹਾਲਾਂਕਿ ਪੰਜਾਬ ‘ਚ ਕੁੱਲ  2,14,99,804 ਵੋਟਰਾਂ ਵਿੱਚੋਂ 47.44 ਫ਼ੀਸਦੀ ਔਰਤ ਵੋਟਰਾਂ ਹਨ।

ਪ੍ਰੇਸ਼ਾਨੀ  ਵਾਲੀ ਗੱਲ ਇਹ ਵੀ ਹੈ ਕਿ ਮੁੱਖ ਪਾਰਟੀਆਂ ਨੇ ਸਿਰਫ਼ 37 ਅਤੇ ਛੋਟੀਆਂ ਪਾਰਟੀਆਂ ਨੇ 28 ਔਰਤਾਂ ਨੂੰ ਉਮੀਦਵਾਰ ਬਣਾਇਆ ਹੈ। ਇਹਨਾ ਵਿੱਚ ਕਾਂਗਰਸ ਨੇ 11ਆਪ ਨੇ 12ਸ਼੍ਰੋਮਣੀ ਅਕਾਲੀ ਦਲ-ਬਸਪਾ ਨੇ 6ਅਤੇ ਬੀ ਜੇ ਪੀ ਗੱਠਜੋੜ 8 ਸੀਟਾਂ ‘ਤੇ ਅੋਰਤ ਉਮੀਦਵਾਰਾਂ ਨੂੰ ਮੌਕਾ ਦਿੱਤਾ ।

ਪੰਜਾਬ ਦੇ ਚਿੰਤਾਵਾਨ ਲੋਕ ਸਿਆਸੀ ਧਿਰਾਂ ਤੋਂ ਮੰਗ ਕਰਦੇ ਰਹੇ ਨੇ ਉਹ ਮੁੱਦਿਆਂ ਦੀ ਸਿਆਸਤ ਕਰਨ। ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨ ਦੇਣ । ਪਰ ਲਗਭਗ ਸਾਰੀਆਂ ਸਿਆਸੀ ਧਿਰਾਂ ਨੇ ਆਖਰੀ ਦਿਨਾਂ ਚ ਆਪਣੇ ਚੋਣ ਮਨੋਰਥ ਪੱਤਰ ਜਾਰੀ ਕੀਤੇ । ਬਹੁਤੀਆਂ ਪਾਰਟੀਆਂ ਨੇ ਲੋਕਾਂ ਨੂੰ ਰਿਐਤਾਂ ਦੇਣ ਦੀ ਰਾਜਨੀਤੀ ਕੀਤੀ ਲੋਕ ਲੁਭਾਊ ਨਾਅਰੇ ਲਾਏ । ਲੋਕਾਂ ਨੂੰ ਵੋਟਾਂ ਲਈ ਭਰਮਾਉਣ ਵਾਸਤੇ ਅਤੇ ਉਹਨਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਸਾਮ-ਦਾਮ-ਦੰਡ ਦੀ ਵਰਤੋਂ ਕੀਤੀ। ਇਸ ਤੋਂ ਵੀ ਵੱਡੀ ਗੱਲ ਪੰਜਾਬ ‘ਚ ਇਹ ਵੇਖਣ ਨੂੰ ਮਿਲੀ ਕਿ ਪੰਜਾਬ ਦੀਆਂ ਮੁੱਖ ਪਾਰਟੀਆਂ ਨੇ ਦੂਜੀਆਂ  ਪਾਰਟੀਆਂ ‘ਚੋਂ “ਥੋਕ ਦੇ ਭਾਅ” ਨੇਤਾ ਲੋਕ ਪੁੱਟੇ, ਆਪਣੀਆਂ ਪਾਰਟੀਆਂ ‘ਚ ਸ਼ਾਮਲ ਕੀਤੇ ਧਰਮ, ਜਾਤ ਬਰਾਦਰੀ ਦੇ ਨਾਮ ਤੇ ਸਿਆਸਤ ਕੀਤੀ ਅਤੇ ਵੱਡੇ ਨੇਤਾਵਾਂ ਇੱਕ ਦੂਜੇ ਦੇ ਪੋਤੜੇ ਫੋਲੇ, ਬਾਹਵਾਂ ਟੁੱਗੀਆਂ, ਲਲਕਾਰੇ ਮਾਰੇ, ਸੋਸ਼ਲ ਮੀਡੀਆ ਦੀ ਬੇਹੱਦ ਵਰਤੋਂ ਕੀਤੀ। ਇਵੇਂ ਜਾਪਿਆ ਜਿਵੇਂ ਸੂਬਾ ਪੰਜਾਬ ਬੀਮਾਰ ਲੋਕਤੰਤਰ ਦੀ ਇੱਕ ਤਸਵੀਰ ਪੇਸ਼ ਕਰ ਰਿਹਾ ਹੋਵੇ।

ਵਿਧਾਨ ਸਭਾ ਚੋਣਾਂ ਹੋਈਆਂ ਬੀਤੀਆਂ ਹਨ। ਅੰਦਾਜ਼ੇ ਲੱਗ ਰਹੇ ਹਨ ਕਿ ਕਿਸੇ ਵੀ ਧਿਰ ਨੂੰ ਬਹੁਮਤ ਹਾਸਲ ਨਹੀਂ ਹੋਏਗਾ? ਕੋਈ ਵੀ ਧਿਰ ਪੰਜਾਬ ‘ਚ ਸਰਕਾਰ ਨਹੀਂ ਬਣਾ ਸਕੇਗੀ। ਹੁਣੇ ਤੋਂ ਹੀ ਜੋੜ-ਤੋੜ ਜਾਰੀ ਹੋ ਗਿਆ ਹੈ। ਡਾਹਢਾ ਕੇਂਦਰੀ ਹਾਕਮ, ਜਿਹਨਾ ਨੇ ਪਹਿਲਾਂ ਹੀ ਪੰਜਾਬ ‘ਚ ਨੇਤਾਵਾਂ ਦੀ ਵੱਡੀ ਖਰੀਦੋ-ਫ਼ਰੋਖਤ ਕੀਤੀ, ਉਹ ਹੁਣੇ ਤੋਂ ਹੀ ਹੋਰ ਪਾਰਟੀਆਂ ਨੂੰ ਆਪਣੇ ਪਾਲੇ ਕਰਕੇ ਪੰਜਾਬ ਨੂੰ ਹਥਿਆਉਣ ਦੇ ਰਾਹ ਹੈ। ਇਸ ‘ਕਾਰਨਾਮੇ’ ਲਈ ਉਹ “ਆਇਆ ਰਾਮ, ਗਿਆ ਰਾਮ” ਦੀ ਰਾਜਨੀਤੀ ਨੂੰ ਉਤਸ਼ਾਹਤ ਕਰੇਗਾ। ਅਤੇ ਹਰ ਹੀਲੇ ਆਪਣਾ ਰਾਜ-ਭਾਗ ਸਥਾਪਿਤ ਕਰਕੇ “ਪੰਜਾਬ” ਨੂੰ ਕਾਬੂ ਕਰਨ ਦਾ ਯਤਨ ਕਰੇਗਾ। ਕੀ ਇਹ ਪੰਜਾਬੀਆਂ ਲਈ ਖ਼ਾਸ ਕਰਕੇ ਪੰਜਾਬ ਹਿਤੈਸ਼ੀ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਨਹੀਂ ਹੈ?

ਸ਼ਾਇਦ ਪੰਜਾਬ ਨੇ 15 ਵਿਧਾਨ ਸਭਾ ਚੋਣਾਂ ਤੇ ਦੇਸ਼ ਦੀਆਂ ਲੋਕ ਸਭਾ ਚੋਣਾਂ ‘ਚ ਇਹੋ ਜਿਹਾ ਚੋਣ ਦੰਗਲ ਨਹੀਂ ਦੇਖਿਆ ਹੋਏਗਾ। ਲੋਕ ਭੌਚੱਕੇ ਰਹਿ ਗਏ ਕਿ ਪੰਜਾਬ ‘ਚ ਇਹ ਕੀ ਹੋ ਰਿਹਾ ਹੈ? ਪੰਜ ਕੋਨੇ ਮੁਕਾਬਲੇ ਸ਼ੁਰੂ ਹੋਏ, ਵੱਖੋ-ਵੱਖਰੇ ਹਲਕਿਆਂ ‘ਚ ਤਿੰਨ ਕੋਨੇ ਮੁਕਾਬਲਿਆਂ ਤੱਕ ਸਿਮਟ ਗਏ। ਖੱਬੀਆਂ ਧਿਰਾਂ ਅਤੇ ਸੰਯੁਕਤ ਸਮਾਜ ਮੋਰਚੇ ਨੇ ਆਪਣਾ ਪੱਖ ਰੱਖਣ ਅਤੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ, ਉਹਨਾ ਦੀਆਂ ਸਮੱਸਿਆਵਾਂ ਨੂੰ ਚਿਤਾਰਿਆ, ਮੁੱਦਿਆਂ ਦੀ ਗੱਲ ਕੀਤੀ, ਕਿਸਾਨਾਂ ਮਜ਼ਦੂਰਾਂ ਦੀ ਗੱਲ ਕੀਤੀ, ਕੁਝ ਹੋਰ ਸਮਾਜੀ ਧਿਰਾਂ ਨੇ ਵਾਤਾਵਰਨ, ਸਿਖਿਆ, ਸਿਹਤ, ਰੁਜ਼ਗਾਰ, ਪ੍ਰਵਾਸ ਪੰਜਾਬ ਦੇ ਪਾਣੀ, ਪੰਜਾਬੀ ਬੋਲੀ ਦੀ ਗੱਲ ਕੀਤੀ। ਪਰ ਚਿੰਤਾ ਇਸ ਗੱਲ ਦੀ  ਰਹੀ ਕਿ ਰਾਸ਼ਟਰੀ ਨੇਤਾਵਾਂ ਨੇ ਜੋ ਲਗਾਤਾਰ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਤ ਕਰਨ ਲਈ ਪੰਜਾਬ ਫੇਰੀਆਂ ਪਾਉਂਦੇ ਰਹੇ, ਇਹ ਵਾਇਦਾ ਹੀ ਨਾ ਕਰ ਸਕੇ ਕਿ ਪੰਜਾਬੀ ਨੌਜਵਾਨਾਂ ਨੂੰ ਕਿਹੜੇ ਰਾਹ ਪਾਉਣਾ ਹੈ? ਪੰਜਾਬ ਦੇ ਕਰਜ਼ੇ ਦਾ, ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ ਦੇ ਕਰਜ਼ੇ ਦਾ ਕੀ ਕਰਨਾ ਹੈ? ਖੁਰੀ ਹੋਈ ਪੰਜਾਬ ਦੀ ਆਰਥਿਕਤਾ  ਨੂੰ ਕਿਵੇਂ ਠੁੰਮਣਾ  ਦੇਣਾ ਹੈ। ਉਹਨਾ ਸਿਰ ਚੜ੍ਹਿਆ 5 ਲੱਖ ਕਰੋੜ ਦਾ ਕਰਜ਼ਾ ਕਿਵੇਂ ਲਾਹੁਣਾ ਹੈ? ਪੰਜਾਬ ਦੀ ਘਾਟੇ ਦੀ ਖਾਤੇ ਦੀ ਖੇਤੀ ਦਾ ਕੀ ਹੱਲ ਕਰਨਾ ਹੈ? ਪੰਜਾਬ ‘ਚ ਕਿਹੜੇ ਉਦਯੋਗ ਲਗਾਉਣੇ ਹਨ?

ਚਿੰਤਾ ਦੀਆਂ ਲਕੀਰਾਂ ਪੰਜਾਬ ਦੇ ਮੱਥੇ ਤੇ ਡੂੰਘੀਆਂ ਹੋ ਰਹੀਆਂ ਹਨ। ਪੰਜਾਬ ਦੇ ਮੱਥੇ ਉਤੇ ਨਸ਼ੇ ਦਾ ਇੱਕ ਵੱਟ ਹੈ, ਪੰਜਾਬ ਦੇ 20 ਲੱਖ ਤੋਂ ਵੱਧ ਲੋਕ ਨਸ਼ੇ ਦੀ ਵਰਤੋਂ ਕਰਦੇ ਹਨ ਅਤੇ 15 ਲੱਖ ਤੋਂ ਵੱਧ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ। ਹੋਰ ਨਸ਼ੇ ਕਰਨ ਵਾਲਿਆਂ ਦੀ ਗਿਣਤੀ ਕੁਲ ਮਿਲਾਕੇ ਪੰਜਾਬ ਦੀ ਕੁਲ ਆਬਾਦੀ ਦਾ 15.4 ਫ਼ੀਸਦੀ ਹੈ, ਜਿਹਨਾ ‘ਚ ਮੁੱਖ ਤੌਰ ‘ਤੇ ਪੰਜਾਬ ਦੇ ਪੁਰਖ ਸ਼ਾਮਲ ਹਨ,ਉਹ ਕੋਈ ਨਾ ਕੋਈ ਨਸ਼ਾ ਕਰਦੇ ਹਨ। ਨਸ਼ਿਆਂ ਵਿੱਚ ਫਾਰਮਾਕੋਲੋਜੀ ਦੇ ਫਾਰਮੂਲਿਆਂ ਤੋਂ ਇਲਾਵਾ ਓਪੀਔਡਜ ਕੈਨਾਬਿਨੋਓਇਡਜ, ਸੈਡੇਟਿਵ-ਇਨਹੇਲੈਂਟ-ਸਟਿਊਲੈਟਸ ਦਾ ਪ੍ਰਯੋਗ ਕਰਨ ਵਾਲੇ (ਭਾਵ ਚਿੱਟਾ ਅਤੇ ਹੋਰ ਨਸ਼ੇ) ਕਰਨ ਵਾਲਿਆਂ ਦੀ ਗਿਣਤੀ 1.7 ਫ਼ੀਸਦੀ ਹੈ। ਇਹ ਰਿਪੋਰਟ ਪੀਜੀਆਈ ਦੇ ਕਮਿਊਨਿਟੀ ਮੈਡੀਕਲ ਵਿਭਾਗ ਵਲੋਂ ਗਵਰਨਰ ਪੰਜਾਬ ਨੂੰ ਹੁਣੇ ਜਿਹੇ ਪੇਸ਼ ਕੀਤੀ ਗਈ ਹੈ।

ਦੂਜਾ ਵੱਟ ਬੇਰੁਜ਼ਗਾਰੀ ਦਾ ਹੈ।ਪੰਜਾਬ ‘ਚ ਬੇਰੁਜ਼ਗਾਰੀ ਦੀ ਦਰ ਭਾਰਤ ਭਰ ‘ਚ ਸਭ ਤੋਂ ਵੱਧ ਹੈ। ਬੇਰੁਜ਼ਗਾਰੀ ਵਸੋਂ ਦੀ ਦਰ 7.3 ਫ਼ੀਸਦੀ ਹੈ। । ਤੀਜਾ ਵੱਟ ਪ੍ਰਵਾਸ ਦਾ ਹੈ।ਪਿਛਲੇ  ਭਾਰਤੀ ਲੋਕ ਸਭਾ ਸੈਸ਼ਨ ਵਿੱਚ ਦੱਸਿਆ ਗਿਆ ਕਿ ਸਾਲ 2016 ਤੋਂ 26 ਮਾਰਚ 2021 ਤੱਕ 4.7 ਲੱਖ ਪੰਜਾਬ ਦੇ ਵਸਨੀਕ ਦੇਸ਼ ਛੱਡਕੇ ਵਿਦੇਸ਼ਾਂ ਨੂੰ ਚਲੇ ਗਏ। ਹਰ ਸਾਲ ਡੇਢ ਲੱਖ ਤੋਂ ਦੋ ਲੱਖ ਪੰਜਾਬੀ ਵਿਦਿਆਰਥੀ ਆਇਲਿਟਸ ਕਰਕੇ ਕੈਨੇਡਾ, ਅਮਰੀਕਾ, ਬਰਤਾਨੀਆ ਪੰਜਾਬ ਤੋਂ  ਜਾ ਰਹੇ ਹਨ।  ਪੰਜਾਬ ਇਸ ਵੇਲੇ ਆਰਥਿਕ ਪੱਖੋ ਕੰਮਜ਼ੋਰ ਸੂਬਾ ਬਣਿਆ ਹੈ। ਦੇਸ਼ ‘ਚ ਇਹ ਆਰਥਿਕ ਪੱਖੋ 16 ਵੇਂ ਥਾਂ ‘ਤੇ ਹੈ।

ਪੰਜਾਬ ਦਾ ਮੱਥਾ  ਵੱਟਾਂ ਅਤੇ ਡੂੰਘੀਆਂ ਲਕੀਰਾਂ ਨਾਲ  ਭਰਿਆ ਪਿਆ ਹੈ। ਇਹ ਵੱਟ ਅਤੇ ਲਕੀਰਾਂ ਝੁਰੜੀਆਂ ਬਣ ਰਹੀਆਂ ਹਨ। ਇਹੋ ਪੰਜਾਬ ਹਿਤੈਸ਼ੀਆਂ ਲਈ ਵੱਡੀ ਚਿੰਤਾ ਹੈ। ਕੀ ਨਵੀਂ ਸਰਕਾਰ ਪੰਜਾਬ ਦੀਆਂ ਚਿੰਤਾਵਾਂ ਨੂੰ ਆਪਣੀ ਚਿੰਤਾ ਬਣਾਏਗੀ?

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin