Articles

ਪੰਜਾਬੀ ਸਾਹਿਤ ਵਿੱਚ ਵਾਰ-ਵਾਰ ਆਉਣ ਵਾਲਾ ਨਾਮ, ਟੋਭਾ ਟੇਕ ਸਿੰਘ !

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਚੜ੍ਹਦੇ ਪੰਜਾਬ ਦੇ ਸਾਹਿਤਕ ਰੁੱਚੀ ਰੱਖਣ ਵਾਲੇ ਲੋਕਾਂ ਨੇ ਲਹਿੰਦੇ ਪੰਜਾਬ ਦੇ ਲਾਹੌਰ ਅਤੇ ਕਸੂਰ ਤੋਂ ਬਾਅਦ ਜਿਸ ਸ਼ਹਿਰ ਦਾ ਨਾਮ ਸ਼ਾਇਦ ਸਭ ਤੋਂ ਵੱਧ ਸੁਣਿਆ ਜਾਂ ਪੜ੍ਹਿਆ ਹੋਵੇਗਾ, ਉਹ ਹੈ ਟੋਭਾ ਟੇਕ ਸਿੰਘ। ਇਹ ਸ਼ਹਿਰ ਲਾਹੌਰ ਤੋਂ ਵਾਇਆ ਨਨਕਾਣਾ ਸਾਹਿਬ – ਜੜ੍ਹਾਂਵਾਲਾ 219 ਕਿ.ਮੀ. ਦੀ ਦੂਰੀ ‘ਤੇ ਸਥਿੱਤ ਹੈ। ਸੁਆਦਤ ਹਸਨ ਮੰਟੋ ਦੀ ਭਾਰਤ ਪਾਕਿ ਵੰਡ ਬਾਰੇ ਲਿਖੀ ਵਿਅੰਗਾਤਮਿਕ ਕਹਾਣੀ ਟੋਭਾ ਟੇਕ ਸਿੰਘ ਨੇ ਇਸ ਸ਼ਹਿਰ ਨੂੰ ਪੰਜਾਬੀ ਸਾਹਿਤ ਵਿੱਚ ਅਮਰ ਕਰ ਦਿੱਤਾ ਹੈ। ਇਸ ਸ਼ਹਿਰ ਦੇ ਨਾਮ ਬਾਰੇ ਇੱਕ ਕਹਾਣੀ ਪ੍ਰਸਿੱਧ ਹੈ ਕਿ ਸਿੱਖ ਰਾਜ ਸਮੇਂ ਇਥੇ ਟੇਕ ਸਿੰਘ ਨਾਮ ਦਾ ਇੱਕ ਸੰਤ ਰਹਿੰਦਾ ਸੀ ਜਿਸ ਦਾ ਡੇਰਾ ਇੱਕ ਟੋਭੇ ਦੇ ਕੰਢੇ ‘ਤੇ ਸਥਿੱਤ ਸੀ। ਉਹ ਬਿਨਾਂ ਕਿਸੇ ਧਾਰਮਿਕ ਭੇਦ ਭਾਵ ਦੇ ਇਲਾਕੇ ਦੇ ਲੋਕਾਂ ਅਤੇ ਇਥੋਂ ਗੁਜ਼ਰਨ ਵਾਲੇ ਯਾਤਰੀਆਂ ਦੇ ਰਹਿਣ ਸਹਿਣ ਅਤੇ ਲੰਗਰ ਪਾਣੀ ਦੀ ਸੇਵਾ ਬਹੁਤ ਪ੍ਰੇਮ ਭਾਵ ਨਾਲ ਕਰਿਆ ਕਰਦਾ ਸੀ। ਇਸ ਕਾਰਨ ਇਥੇ ਸਥਿੱਤ ਪਿੰਡ ਦਾ ਨਾਮ ਟੋਭਾ ਟੇਕ ਸਿੰਘ ਪ੍ਰਸਿੱਧ ਹੋ ਗਿਆ।
ਟੋਭਾ ਟੇਕ ਸਿੰਘ ਦਾ ਅਸਲ ਵਿਕਾਸ 19ਵੀਂ ਸਦੀ ਵਿੱਚ ਬ੍ਰਿਟਿਸ਼ ਕਾਲ ਦੌਰਾਨ ਹੋਇਆ ਜਦੋਂ ਨਹਿਰਾਂ ਕੱਢੀਆਂ ਗਈਆਂ ਤੇ ਟੋਭਾ ਟੇਕ ਸਿੰਘ ਦੀ ਜ਼ਰਖੇਜ਼ ਜ਼ਮੀਨ ਸੋਨਾ ਉਗਲਣ ਲੱਗ ਪਈ। ਲਾਹੌਰ, ਜਲੰਧਰ, ਹੁਸ਼ਿਆਰਪੁਰ ਅਤੇ ਲੁਧਿਆਣੇ ਆਦਿ ਦੇ ਸਿੱਖ ਕਿਸਾਨਾਂ ਨੂੰ ਇਥੇ ਜ਼ਮੀਨਾ ਅਲਾਟ ਕੀਤੀਆਂ ਗਈਆਂ। ਟੋਭਾ ਟੇਕ ਸਿੰਘ ਨੂੰ ਨਵੇਂ ਵਸਾਏ ਗਏ ਜਿਲ੍ਹੇ ਲਾਇਲਪੁਰ (ਹੁਣ ਫੈਸਲਾਬਾਦ) ਦੀ ਤਹਿਸੀਲ ਦਾ ਦਰਜ਼ਾ ਦਿੱਤਾ ਗਿਆ ਤੇ 342 ਪਿੰਡ ਇਸ ਵਿੱਚ ਸ਼ਾਮਲ ਕੀਤੇ ਗਏ। 1906 ਵਿੱਚ ਇਸ ਕਸਬੇ ਦੀ ਅਬਾਦੀ 1874 ਸੀ ਤੇ ਇਸ ਤਹਿਸੀਲ ਤੋਂ ਕਰੀਬ ਪੌਣੇ ਪੰਜ ਲੱਖ ਰੁਪਏ ਸਲਾਨਾ ਲਗਾਨ ਪ੍ਰਾਪਤ ਹੁੰਦਾ ਸੀ। ਇਸ ਇਲਾਕੇ ਨੂੰ ਝਨਾਬ ਨਹਿਰ ਤੋਂ ਪਾਣੀ ਪ੍ਰਾਪਤ ਹੁੰਦਾ ਹੈ। ਹੁਣ ਇਸ ਸ਼ਹਿਰ ਦੀ ਅਬਾਦੀ ਵਧ ਕੇ 95000 ਦੇ ਕਰੀਬ ਪਹੁੰਚ ਚੁੱਕੀ ਹੈ।
1947 ਤੱਕ ਇਥੇ ਸਿੱਖ ਅਤੇ ਹਿੰਦੂ ਬਹੁਗਿਣਤੀ ਵਿੱਚ ਸਨ ਪਰ ਵੰਡ ਵੇਲੇ ਸਾਰੀ ਹਿੰਦੂ ਸਿੱਖ ਅਬਾਦੀ ਭਾਰਤ ਆ ਗਈ। 1970 ਵੇਲੇ ਪਾਕਿਸਤਾਨ ਵਿੱਚ ਵੀ ਉੱਤਰ ਪ੍ਰਦੇਸ਼ ਵਾਂਗ ਸ਼ਹਿਰਾਂ ਨੇ ਨਾਮ ਬਦਲ ਕੇ ਪੁਰਾਣੇ ਜਾਂ ਇਸਲਾਮੀ ਨਾਮ ਰੱਖਣ ਦੀ ਲਹਿਰ ਚੱਲੀ ਸੀ। ਲਾਇਲਪੁਰ ਫੈਸਲਾਬਾਦ ਬਣ ਗਿਆ ਤੇ ਮਿੰਟਗੁਮਰੀ ਸਾਹੀਵਾਲ। ਪਰ ਸੰਤ ਟੇਕ ਸਿੰਘ ਦੀ ਇਲਾਕੇ ਵਿੱਚ ਅਜੇ ਵੀ ਐਨੀ ਇੱਜ਼ਤ ਹੈ ਕਿ ਕੱਟੜਵਾਦੀਆਂ ਦੇ ਭਾਰੀ ਦਬਾਅ ਦੇ ਬਾਵਜੂਦ ਇਸ ਦਾ ਨਾਮ ਨਹੀਂ ਬਦਲਿਆ ਗਿਆ ਤੇ ਇਹ ਪਾਕਿਸਤਾਨ ਦਾ ਇੱਕੋ ਇੱਕ ਸਿੱਖ ਨਾਮ ਵਾਲਾ ਜਿਲ੍ਹਾ ਹੈ। 1982 ਵਿੱਚ ਟੋਭਾ ਟੇਕ ਸਿੰਘ ਨੂੰ ਫੈਸਲਾਬਾਦ ਤੋਂ ਅਲੱਗ ਕਰ ਕੇ ਵੱਖਰਾ ਜਿਲ੍ਹਾ ਬਣਾ ਦਿੱਤਾ ਗਿਆ। ਮੱਧ ਪੰਜਾਬ ਵਿੱਚ ਸਥਿੱਤ ਟੋਭਾ ਟੇਕ ਸਿੰਘ ਜਿਲ੍ਹੇ ਦਾ ਕੁੱਲ ਰਕਬਾ 3252 ਸੁਕੇਅਰ ਕਿ.ਮੀ. ਹੈ। ਅੱਤ ਦੀ ਉਪਜਾਊ ਮਿੱਟੀ ਹੋਣ ਕਾਰਨ ਇਥੇ ਕਪਾਹ, ਮੱਕੀ, ਦਾਲਾਂ, ਆਲੂ ਬੁਖਾਰਾ, ਅਮਰੂਦ, ਟਮਾਟਰ, ਖਰਬੂਜ਼ੇ, ਤਰਬੂਜ਼, ਅੰਬ, ਤੰਬਾਕੂ ਅਤੇ ਸਬਜ਼ੀਆਂ ਤੋਂ ਇਲਾਵਾ ਖਾਸ ਕਿਸਮ ਦੇ ਬੇਹੱਦ ਲਜ਼ੀਜ਼ ਸੰਤਰੇ ਪੈਦਾ ਹੁੰਦੇ ਹਨ ਜੋ ਬਰਾਮਦ ਕੀਤੇ ਜਾਂਦੇ ਹਨ। ਮੰਟੋ ਦੀ ਕਹਾਣੀ ਟੋਭਾ ਟੇਕ ਸਿੰਘ ਨੇ ਇਸ ਸ਼ਹਿਰ ਨੂੰ ਸੰਸਾਰ ਪੱਧਰ ‘ਤੇ ਪ੍ਰਸਿੱਧ ਕਰ ਦਿੱਤਾ ਹੈ। ਇਸ ਕਹਾਣੀ ‘ਤੇ ਭਾਰਤ ਅਤੇ ਪਾਕਿਸਤਾਨ ਵਿੱਚ ਅਨੇਕਾਂ ਲਘੂ ਫਿਲਮਾਂ ਬਣ ਚੁੱਕੀਆਂ ਹਨ ਤੇ ਡਰਾਮੇ ਖੇਡੇ ਗਏ ਹਨ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin