
ਪੰਜਾਬ ਵਿਧਾਨ ਸਭਾ ਦੀਆੰ ਚੋਣਾਂ ਦਾ ਨਤੀਜਾ ਸਭ ਦੇ ਸਾਹਮਣੇ ਹੈ, 117 ‘ਚੋਂ 92 ਸੀਟਾਂ ਉੱਤੇ ਬਹੁਤ ਹੀ ਇਤਿਹਾਸਕ ਜਿੱਤ ਦਰਜ ਕਰਕੇ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਵਾਂਗ ਹੀ ਪੰਜਾਬ ਦੀ ਵਾਗਡੋਰ ਸੰਭਾਲਣ ਦੇ ਵੀ ਕਮਰਕੱਸੇ ਕਰ ਲਏ ਹਨ । ਇਹਨਾਂ ਚੋਣਾ ਦੌਰਾਨ ਪੰਜਾਬੀਆ ਨੇ ਦੱਸ ਦਿੱਤਾ ਹੈ ਕਿ ਜਦ ਉਹ ਇਨਕਲਾਬ ਜਾਂ ਪਰਿਵਰਤਨ ਲਿਆਉਣਾ ਚਾਹੁੰਦੇ ਹਨ ਤਾਂ ਫਿਰ ਲਿਆ ਕੇ ਹੀ ਸਾਹ ਲੈਂਦੇ ਹਨ । ਏਹੀ ਕਾਰਨ ਹੈ ਕਿ ਇਸ ਵਾਰ ਨਿਜਾਮ ਇਸ ਤਰਾਂ ਬਦਲਿਆ ਹੈ ਕਿ ਪੰਜਾਬ ਦੀਆ ਦੋ ਵੱਡੀਆ ਪਾਰਟੀਆ ਰਾਂਗਰਸ ਅਤੇ ਅਕਾਲੀ ਦਲ ਨੇ ਤਾਂ ਸੁਪਨੇ ਵਿਚ ਵੀ ਕਦੇ ਅਜਿਹਾ ਸੋਚਿਆ ਨਹੀਂ ਹੋਣਾ ਕਿ ਇਸ ਤਰਾਂ ਬਾਜੀ ਪੁੱਠੀ ਪੈ ਜਾਵੇਗੀ ਤੇ ਲੋਕ ਆਪਣੀ ਵੋਟ ਤਾਕਤ ਦਾ ਇਸਤੇਮਾਲ ਕਰਕੇ ਉਸ ਪਾਰਟੀ ਨੂੰ ਪੰਜਾਬ ਦੀ ਵਾਗਡੋਰ ਸੰਭਾਲ ਦੇਣਗੇ ਜਿਸ ਨੂੰ ਇਹ ਉਕਤ ਦੋਵੇਂ ਪਾਰਟੀਆ ਪਾਣੀ ਪੀ ਪੀ ਕੋਸਦੀਆਂ ਹੋਈਆ ਕਦੀ ਅੱਤਵਾਦੀ, ਖਾਲਿਸਤਾਨੀ, ਪਾਕਿਸਤਾਨੀ, ਬਈਏ, ਬਾਹਰਲੇ, ਪੂਰਬੀਏ, ਮਫਲਰ ਤੇ ਦਮੇ ਵਾਲੇ ਕਹਿ ਕੇ ਭੰਨਦੀਆਂ ਹੋਣਗੀਆਂ । ਇਹਨਾਂ ਚੋਣਾ ਦੇ ਨਤੀਜੇ ਦਰਅਸਲ ਇਹਨਾ ਉਕਤ ਦੋ ਪਾਰਟੀਆ ਹੱਥੋਂ ਲੋਕਾਂ ਦੇ ਸਤਾਏ ਹੋਣ ਦਾ ਗੁੱਸਾ ਅਤੇ ਦਰਦ ਬਿਆਨਦੇ ਹਨ । ਪਰਕਾਸ਼ ਸਿੰਘ ਬਾਦਲ ਵਰਗੇ ਪੰਜ ਵਾਰ ਮੁੱਖ ਮੰਤਰੀ ਰਹਿਣ ਵਾਲੇ ਦਾ ਵੋਟਾਂ ਚ ਬੁਰੀ ਤਰਾ ਹਾਰਨਾ, ਅਮਰਿੰਦਰ ਸਿੰਘ, ਸੁਖਬੀਰ ਬਾਦਲ, ਸੁਖਦੇਵ ਢੀਂਡਸਾ ਤੇ ਨਵਜੋਤ ਸਿੱਧ ਆਦਿ ਦਾ ਬਹੁਤ ਬੁਰੀ ਤਰਾਂ ਧੋਬੀ ਪਟੜਾ ਵੱਜਣਾ ਹੈਰਾਨੀਜਨਕ ਤਾਂ ਜਰੂਰ ਹੈ ਪਰ ਇਸ ਦੇ ਨਾਲ ਹੀ ਇਹ ਵੀ ਸੱਚ ਹੈ ਕਿ ਇਹਨਾ ਨੇ ਪੰਜਾਬ ਦਾ ਅਜ ਤੱਕ ਬਣਾਇਆ ਸਵਾਰਿਆ ਕੁੱਜ ਵੀ ਨਹੀ ਸਿਰਫ ਵਿਗਾੜਿਆ ਹੀ ਹੈ । ਸਹੀ ਮਾਨਿਆ ਚ ਮੇਰੀ ਜਾਚੇ ਪੰਜਾਬ ਵਾਸੀਆ ਨੇ ਪਹਿਲੀਵਾਰ ਜੋਸ਼ ਦੇ ਨਾਲ ਹੋਸ਼ ਦੀ ਵਰਤੋ ਕਰਦਿਆ ਆਪਣੀ ਵੋਟ ਤਾਕਤ ਦਾ ਇਸਤੇਮਾਲ ਕੀਤਾ ਹੈ । ਇਸ ਵਾਰ ਆਮ ਆਦਮੀ ਪਾਰਟੀ ਨੂੰ ਬਹੁਮੱਤ ਹੀ ਨਹੀਂ ਬਲਕਿ ਇਸ ਪਾਰਟੀ ‘ਤੇ ਪੂਰਾ ਭਰੋਸ਼ਾ ਵੀ ਜਿਤਾਇਆ ਹੈ ਤੇ ਇਸ ਦੇ ਨਾਲ ਹੀ ਵਿਰੋਧੀ ਪਾਰਟੀਆ ਵਿਚੋ ਵੀ ਬਹੁਤੇ ਸਾਫ ਦਾਮਨ ਵਾਲੇ ਨੇਤਾਵਾ ਨੂੰ ਵਿਧਾਇਕਾਂ ਵਜੋਂ ਚੁਣਕੇ ਇਕ ਸਾਫਸੁਥਰੀ ਵਿਰੋਧੀ ਧਿਰ ਖੜ੍ਹੀ ਕੀਤੀ ਹੈ ।
ਚੋਣਾ ਦੇ ਨਤੀਜਿਆ ਤੋਂ ਬਾਦ ਪੰਜਾਬ ਚ ਇਸ ਸਮੇਂ ਹਰ ਪਾਸੇ ਬੜਾ ਦਿਲਚਸਪ ਮਾਹੌਲ ਹੈ, ਕਈ ਜਿੱਤ ਦੇ ਹਾਰ ਪਵਾ ਰਹੇ ਹਨ ਤੇ ਕਈ ਆਪਣੀ ਹਾਰ ਕਬੂਲ ਰਹੇ ਹਨ, ਕਈ ਮੰਨ ਰਹੇ ਹਨ ਕਿ ਨਤੀਜੇ ਬਿਲਕੁਲ ਅਣਕਿਆਸੇ ਹਨ ਤੇ ਕਈ ਕਹਿ ਰਹੇ ਹਨ ਕਿ ਇਹ ਪੰਜਾਬ ਦੇ ਲੋਕਾਂ ਦੀ ਮਾਨਸਿਕ ਫ਼ਿਤਰਤ ਦੇ ਮੁਤਾਬਿਕ ਹਨ । ਫੇਸ ਬੁੱਕੀ ਸ਼ੋਸ਼ਲ ਮੀਡੀਏ ‘ਤੇ ਆਪਸੀ ਬਹਿਸਬਾਜੀ ਦੀ ਤੀਰ ਅੰਦਾਜੀ ਬੇਸ਼ੱਕ ਪਹਿਲਾ ਜਿੰਨੀ ਤਾਂ ਨਹੀਂ ਪਰ ਫੇਰ ਵੀ ਬਦਲੇ ਹੋਏ ਰੂਪ ਵਿੱਚ ਜਾਰੀ ਹੈ । ਗਿਲੇ, ਸ਼ਿਕਵੇ, ਸ਼ਿਕਇਤਾੰ ਤੇ ਗਾਲਾੰ ਦੇ ਗੱਫੇ ਸ਼ਬਦੀ ਜੰਗ ਦੇ ਰੂਪ ਵਿੱਚ ਬਦਸਤੂਰ ਜਾਰੀ ਹਨ ।
ਆਮ ਆਦਮੀ ਪਾਰਟੀ ਜਿਥੇ ਜਿੱਤ ਦੇ ਜਸ਼ਨ ਮਨਾ ਰਹੀ ਹੈ , ਉਥੇ ਇਸ ਦੇ ਨਾਲ ਹੀ ਭਗਵੰਤ ਮਾਨ ਦੀ ਅਗਵਾਈ ਹੇਠ 16 ਮਾਰਚ ਨੂੰ ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਸਹੁੰ ਚੁੱਕ ਸਮਾਗਮ ਸ਼ਹੀਦ ਏ ਆਜਮ ਸ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਚ ਕਰਾਉਣ ਦੀ ਤਿਆਰੀ ਵੀ ਕਰ ਰਹੀ ਹੈ ਜੋ ਕਿ ਆਪਣੇ ਆਪ ਚ ਇਕ ਵੱਡੀ ਇਤਿਹਾਸ ਸ਼ੁਰੂਆਤ ਹੈ । ਸਰਕਾਰੀ ਦਫਤਰਾਂ ਚੋ ਮੁੱਖ ਮੰਤਰੀ ਦੀਆਂ ਤਸਵੀਰਾ ਉਤਾਰ ਕੇ ਸ ਭਗਤ ਸਿੰਘ ਤੇ ਡਾ ਭੀਮ ਰਾਓ ਅੰਬੇਦਕਰ ਦੀਆਂ ਤਸਵੀਰਾਂ ਲਗਾਉਣ ਦੀ ਨਵੀ ਕਵਾਇਦ ਸ਼ੁਰੂ ਕੀਤੀ ਜਾ ਰਹੀ ਹੈ । ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਤੇ ਸਰਕਾਰੀ ਉਚ ਅਧਿਕਾਰੀਆ ਨਾਲ ਮੀਟਿੰਗਾ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ, ਗਲ ਕੀ ਸੰਹੁ ਚੁਕ ਸਮਾਗਮ ਤੋ ਪਹਿਲਾ ਹੀ ਭਗਵੰਤ ਸਰਕਾਰ ਐਕਸਨ ਮੋਡ ਚ ਆ ਗਈ ਹੈ ਤੇ ਇਸ ਤਰਾਂ ਜਾਪ ਰਿਹਾ ਹੈ ਕਿ ਜਿਵੇਂ ਸੰਹੁ ਚੁੱਕ ਸਮਾਗਮ ਵਾਲੇ ਦਿਨ ਕੋਈ ਵੱਡੇ ਐਲਾਨ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੋਵੇ ।
ਇਸ ਸਮੇੰ ਕੁਝ ਮਤਲਬੀ ਸੱਜਣ ਜੋ ਪਹਿਲਾੰ ਆਮ ਆਦਮੀ ਨੂੰ ਬੁਰਾ ਭਲਾ ਬੋਲਦੇ ਸਨ ਤੇ ਇਸ ਪਾਰਟੀ ਦੇ ਕੱਟੜ ਵਿਰੋਧੀ ਸਨ, ਪਰ ਹੁਣ ਨਰਮ ਸੁਰ ਵਿੱਚ ਨੇੜੇ ਹੋਣ ਦੇ ਯਤਨ ਵਿੱਚ ਜੋ ਹੋ ਗਿਆ ਉਸ ‘ਤੇ ਮਿੱਟੀ ਪਾਓ ਵਾਲੀ ਰਣਨੀਤੀ ‘ਤੇ ਚੱਲ ਰਹੇ ਜਾਪਦੇ ਹਨ । ਕੁਝ ਵੀ ਹੈ, ਇਹ ਗੱਲ ਤਾੰ ਮੱਨਣੀ ਹੀ ਪਵੇਗੀ ਕਿ ਪੰਜਾਬ ਦੇ ਲੋਕਾਂ ਨੇ ਆਪਣੀ ਸੂਝ ਮੁਤਾਬਿਕ ਇਸ ਵਾਰ ਬਹੁਤ ਹੀ ਢੁਕਵਾਂ ਤੇ ਲਾ ਜਵਾਬ ਫ਼ਤਵਾ ਦਿੱਤਾ ਹੈ ।
2017 ਦੀ ਤਰਾਂ ਬੇਸ਼ਕ ਇਸ ਵਾਰ ਪਰਵਾਸੀ ਪੰਜਾਬੀ ਆਮ ਆਦਮੀ ਪਾਰਟੀ ਦੇ ਸਮਰਥਨ ਚ ਇਹਨਾ ਚੋਣਾ ਦੌਰਾਨ ਕੋਈ ਬਹੁਤੇ ਸਰਗਰਮ ਨਜਰ ਨਹੀਂ ਆਏ, ਪਰ ਫਿਰ ਵੀ ਜੇਕਰ ਦੇਖਿਆ ਜਾਵੇ ਤਾਂ ਪਰਵਾਸੀ ਪੰਜਾਬੀਆ ਦੇ ਯੋਗਦਾਨ ਤੋ ਕਦਾਚਿਤ ਵੀ ਮੁਨਕਰ ਨਹੀ ਹੋਇਆ ਜਾ ਕਿਉਂਕਿ ਇਹ ਇਹ ਪਰਵਾਸੀ ਪੰਜਾਬੀ ਹੀ ਸਨ ਜਿਹਨਾ ਨੇ 2017 ਚ ਆਮ ਆਦਮੀ ਪਾਰਟੀ ਦਾ ਪੰਜਾਬ ਚ ਖਾਤਾ ਖੋਹਲਣ ਚ ਉਸ ਸਮੇਂ ਵੱਡਾ ਯੋਗਦਾਨ ਪਾਇਆ ਸੀ । ਇਸ ਕਰਕੇ ਪੰਜਾਬ ਵਾਸੀਆੰ ਦੇ ਇਸ ਤਾਜੇ ਫ਼ਤਵੇ ਨਾਲ ਪਰਵਾਸੀਆੰ ਪੰਜਾਬੀਆਂ ਦੇ ਮਾਣ ਚ ਵੀ ਚੋਖਾ ਵਾਧਾ ਹੋਇਆ ਹੈ ।
ਆਮ ਆਦਮੀ ਪਾਰਟੀ ਵਲੋਂ ਚੋਣਾ ਵੇਲੇ ਵੱਡੇ ਵੱਡੇ ਦਾਅਵੇ ਤੇ ਐਲਾਨਨਾਮੇ ਕੀਤੇ ਗਏ । ਦਸ ਕੁ ਗਰੰਟੀਆ ਵੀ ਦਿੱਤੀਆ ਗਈਆਂ ਜਿਹਨਾ ਵਿਚੋਂ ਤਿੰਨ ਸੌ ਯੂਨਿਟ ਚੌਵੀ ਘੰਟੇ ਬਿਜਲੀ ਦੇਣੀ, ਨਵੇਂ ਹਸਪਤਾਲ ਤੱ ਸਕੂਲ ਉਸਾਰਨੇ , ਬੇਰੁਜਗਾਰੀ ਦਾ ਹੱਲ ਲੱਭਣਾ, ਭਿ੍ਰਸਟਾਚਾਰ ਦਾ ਖਾਤਮਾ, ਅਧਿਆਪਕੀਂ ਨੂੰ ਪੱਕੀਆ ਨੌਕਰੀਆਂ, ਪੰਜਾਬ ਦੀ ਹਰ ਮਹਿਲਾ ਨੂੰ ਇਕ ਹਜਾਰ ਰੁਪਇਆ ਮਹੀਨਾ ਭੱਤਾ ਤੇ 24 ਲੱਖ ਗਰੀਬ ਬੱਚਿਆ ਨੂੰ ਮੁਫਤ ਉਚ ਸਿੱਖਿਆ ਪ੍ਰਦਾਨ ਕਰਨਾ ਆਦਿ ਮੁੱਖ ਹਨ । ਇਗਨਾ ਗਰੰਟੀਆ ਨੂੰ ਛੇਤੀਂ ਤੋ ਛੇਤੀ ਅਮਲੀ ਜਾਮਾ ਪਹਿਨਾਉਣਾ ਭਗਵੰਤ ਸਰਕਾਰ ਵਾਸਤੇ ਪਹਿਲ ਵੀ ਹੋਵੇਗੀ ਤੇ ਮਜਬੂਰੀ ਵੀ । ਪਹਿਲ ਇਸ ਕਰਕੇ ਕਿ ਲੋਕਾਂ ਵਲੋ ਜਿਤਾਏ ਭਰੋਸੇ ਨੁੰ ਹੋਰ ਪੱਕਾ ਕਰਨਾ ਤੇ ਮਜਬੂਰੀ ਇਸ ਕਰਕੇ ਕਿ ਪਹਿਲੀਆ ਅਕਾਲੀ ਤੇ ਕਾਂਗਰਸੀ ਸਰਕਾਰਾ ਵਾਂਗ ਇਹ ਸਭ ਫੋਕੇ ਐਲਾਨ ਨਹੀਂ ਬਲਕਿ ਗਰੰਟੀਆ ਦੇ ਰੂਪ ਚ ਹਨ ।
ਆਖਿਰ ਚ ਕਹਿਣਾ ਬਣਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਜੋ ਇਸ ਵਾਰ ਫਤਵਾ ਦਿੱਤਾ ਹੈ, ਉਹ ਜਾਵਦਾਰ ਵੀ ਹੈ ਤੇ ਸ਼ਾਨਦਾਰ ਵੀ ਹੈ । ਇਸ ਫਤਵੇ ਨੇ ਵੋਟਾਂ ਲੈ ਕੇ ਧੋਖਾ ਕਰਨ ਵਾਲਿਆ ਨੂੰ ਮੂਧੇ ਮੂੰਹ ਸੁੱਟਿਆ ਹੈ, ਬਦਕਲਾਮੀ ਤੇ ਜਾਤੀ ਸੂਚਕ ਸ਼ਬਦ ਬੋਲਕੇ ਜਾਂ ਫਿਰਕੂ ਪੱਤਾ ਵਰਤਣ ਵਾਲਿਆਂ ਨੂੰ ਸਿਆਸਤ ਚੋ ਬਾਹਰ ਦਾ ਰਸਤਾ ਦਿਖਾ ਕੇ ਢੁਕਵੀ ਸਜਾ ਦਿੱਤੀ ਹੈ ਤੇ ਪੰਜਾਬ ਦੀ ਵਾਗਡੋਰ ਨਵੀ ਸੋਚ ਤੇ ਮਾਡਲ ਦੀ ਧਾਰਨੀ ਪਾਰਟੀ ਦੇ ਹੱਥ ਫੜਾ ਕੇ ਪੰਜਾਬ ਨੂੰ ਮੰਝਧਾਰ ‘ਚੋਂ ਬਾਹਰ ਕੱਢਣ ਤੇ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁਕਣ ਦੀ ਆਸ ਤੇ ਵਿਸ਼ਵਾਸ਼ ਪਰਗਟ ਕੀਤਾ ਹੈ।
ਆਖਿਰ ਚ ਆਮ ਆਦਮੀ ਪਾਰਟੀ ਨੁੰ ਇਸ ਜਿੱਤ ਦੀ ਬਹੁਤ ਬਹੁਤ ਵਧਾਈ, ਪੰਜਾਬ ਦੇ ਲੋਕਾ ਦਾ ਇਸ ਵਧੀਆ ਫਤਵੇ ਵਾਸਤੇ ਦਿਲੀ ਧੰਨਵਾਦ ਤੇ ਪੰਜਾਬ ਦੇ ਉਜਲੇ ਭਵਿੱਖ ਵਾਸਤੇ ਸੱਚੇ ਦਿਲੋ ਅਰਦਾਸ । ਪੂਰੀ ਆਸ ਹੈ ਕਿ ਭਗਵੰਤ ਲਿੰਘ ਮਾਨ ਦੀ ਅਗਵਾਈ ਹੇਠ ਬਣਨ ਵਾਲੀ ਨਵੀ ਸਰਕਾਰ ਪੰਜਾਬ ਦੇ ਹਰ ਮਸਲੇ ਦਾ ਹੱਲ ਆਪਣੀ ਸੂਝ ਨਾਲ ਕੱਢਕੇ ਪੰਜਾਬ ਦਾ ਸੋਨ ਸੁਨਿਹਰੀ ਤੇ ਉੱਜਲ ਭਵਿੱਖ ਸਿਰਜੇਗੀ ਤੇ ਲੋਕਾਂ ਵੱਲੋਂ ਪਾਰਟੀ ਚ ਪ੍ਰਗਟਾਏ ਗਏ ਵਿਸ਼ਵਾਸ ਨੂੰ ਪੱਕਿਓਂ ਦਰ ਪਕੇਰਾ ਕਰਨ ਚ ਸਫਲ ਹੋਏਗੀ ।