Articles

ਅਕਾਲੀਓ, ਆਪਣਾ ਮੂਲ ਪਛਾਣੋ !          

ਲੇਖਕ: ਸੁਖਵਿੰਦਰ ਸਿੰਘ ਮੁੱਲਾਂਪੁਰ, ਮੈਲਬੌਰਨ

ਜੇਕਰ ਅਸੀਂ ਅਕਾਲੀ ਦਲ ਬਾਰੇ ਜਾਨਣਾ ਚਾਹੁੰਦੇ ਹਾਂ ਤਾਂ ਸਾਨੂੰ ਪਿਛੋਕੜ ਵੱਲ ਝਾਤ ਮਾਰਨੀ ਪਵੇਗੀ। ਅੰਗਰੇਜ਼ੀ ਰਾਜ ਵੇਲੇ ਗੁਰਦੁਵਾਰਿਆਂ ਉੱਪਰ ਮਹੰਤਾ (ਮਸੰਦਾ)ਦਾ ਕਬਜ਼ਾ ਸੀ ਜੋ ਗੁਰਦੁਵਾਰਿਆਂ ਵਿਚ ਐਸ਼-ਅੱਯਾਸ਼ੀ ਕਰਦੇ ਸਨ ਗੁਰਦੁਵਾਰਿਆਂ ਦੀ ਪੂਜਾ ਦਾ ਧੰਨ ਹੜੱਪ ਕਰ ਜਾਂਦੇ। ਜਿਸ ਤਰਾਂ ਮੱਸਾ ਰੰਗੜ ਵਰਗਾ ਦਰਬਾਰ ਸਾਹਿਬ ਤੇ ਕਬਜ਼ਾ ਕਰੀ ਬੈਠਾ ਸੀ ਨਰੈਣ ਦਾਸ ਵਰਗਾ ਨਨਕਾਣਾ ਸਾਹਿਬ ਤੇ ਕਬਜ਼ਾ ਕਰੀ ਬੈਠਾ ਸੀ ਇਸ ਤਰਾਂ ਅੰਗਰੇਜ਼ਾਂ ਦੇ ਪਾਲਤੂ ਕੁੱਤੇ ਵੱਖ ਵੱਖ ਗੁਰਦੁਵਾਰਿਆਂ ਵਿਚ ਬੈਠੇ ਸਨ।ਸਿੱਖ ਕਿੰਨਾ ਕੁ ਚਿਰ ਬਰਦਾਸ਼ਤ ਕਰ ਲੈਂਦੇ? ਉਹਨਾਂ ਸ਼ਹੀਦੀਆਂ ਦੇ ਕੇ ਗੁਰਦੁਆਰੇ ਆਜ਼ਾਦ ਕਰਵਾਉਣੇ ਸ਼ੁਰੂ ਕਰ ਦਿੱਤੇ ਸਿੱਖਾਂ ਦਾ ਰੋਹ ਦੇਖ ਕੇ ਅੰਗਰੇਜ਼ਾਂ ਨੂੰ ਸਿੱਖਾਂ ਮੂਹਰੇ ਝੁਕਣਾ ਪਿਆ।

ਸਿੱਟੇ ਵਜੋਂ15-16 ਨਵੰਬਰ 1920 ਨੂੰ ਸਿੱਖ ਆਗੂਆਂ ਨੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਇਕੱਠ ਕੀਤਾ। ਉਸ ਵਿਚ ਗੁਰਦੁਆਰਿਆਂ ਦੇ ਪ੍ਰਬੰਧ ਲਈ 175 ਮੈਂਬਰਾਂ ਦੀ ਕਮੇਟੀ ਬਣਾਈ। ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਦਿੱਤਾ ਗਿਆ। ਸਰਬਸੰਮਤੀ ਨਾਲ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਪ੍ਰਧਾਨ, ਸਰਦਾਰ ਹਰਬੰਸ ਸਿੰਘ ਅਟਾਰੀ ਨੂੰ ਮੀਤ ਪ੍ਰਧਾਨ ਅਤੇ ਸਰਦਾਰ ਸੁੰਦਰ ਸਿੰਘ ਰਾਮਗੜ੍ਹੀਆ ਨੂੰ ਸਕੱਤਰ ਬਣਾਇਆ ਗਿਆ।
ਗੁਰਦੁਆਰਿਆਂ ਦੇ ਕਬਜ਼ੇ ਲੈਣ ਵੇਲੇ ਅੰਗਰੇਜ਼ ਸਿੱਖਾਂ ਤੇ ਅੰਨ੍ਹਾ ਤਸ਼ੱਦਦ ਕਰਦੇ ਜੇਲ੍ਹਾਂ ਵਿਚ ਸੁਟ ਦਿੰਦੇ। ਇਹਨਾਂ ਮਸਲਿਆਂ ਵਿਚ ਉਲਝੇ ਸਿੱਖਾਂ ਨੂੰ ਕੋਰਟ ਕਚਿਹਰੀ ਤੱਕ ਜਾਣਾ ਪੈਂਦਾ ਅਜਿਹੇ ਧਾਰਮਿਕ ਅਤੇ ਰਾਜਨੀਤਕ ਮਸਲਿਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਕ ਵੱਖਰੀ ਪੰਥਕ ਜੱਥੇਬੰਦੀ (ਕਮੇਟੀ) ਬਣਾਉਣੀ ਪਈ। ਇਹ ਜੱਥੇਬੰਦੀ 14 ਦਸੰਬਰ 1920 ਨੂੰ ‘ਸ਼੍ਰੋਮਣੀ ਅਕਾਲੀ ਦਲ’ ਦੇ ਨਾਮ ਹੇਠ ਹੋਂਦ ਵਿਚ ਆਈ। ਸਰਬਸੰਮਤੀ ਨਾਲ ਇਸ ਦੇ ਪਹਿਲੇ ਜੱਥੇਦਾਰ ਸਰਦਾਰ ਬਲਵੰਤ ਸਿੰਘ ਅਤੇ ਪਹਿਲੇ ਸਕੱਤਰ ਜੱਥੇਦਾਰ ਤੇਜਾ ਸਿੰਘ ਭੁੱਚਰ ਨਿਯੁਕਤ ਹੋਏ। ਇਹ ਦਿਨਾਂ ਵਿਚ ਹੀ ਜੱਥੇਬੰਦੀ ਮਜਬੂਤ ਹੁੰਦੀ ਗਈ ਤੇ ਸਾਰੇ ਸਰਗਰਮ ਪੰਥ ਸੇਵਕ ਇਸ ਵਿਚ ਸ਼ਾਮਲ ਹੁੰਦੇ ਗਏ। ਇਹ ਜੱਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਕ ਕਮੇਟੀ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਰਹੀ।
1947 ਵਿਚ ਦੇਸ਼ ਆਜ਼ਾਦ ਹੋ ਗਿਆ।ਇਸ ਸ਼ੋਮਣੀ ਅਕਾਲੀ ਦਲ ਨੇ ਸੰਵਿਧਾਨਿਕ ਹੱਕ ਪ੍ਰਾਪਤ ਕਰਨ ਲਈ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲੜਨੀਆਂ ਸ਼ੁਰੂ ਕਰ ਦਿੱਤੀਆਂ। ਇਹ ਸ਼ੋਮਣੀ ਅਕਾਲੀ ਦਲ ਦੇ ਨਾਮ ਹੇਠ ਜਾਣੀ ਜਾਣ ਵਾਲੀ ਜੱਥੇਬੰਦੀ ਹੌਲੀ ਹੌਲੀ ਹਕੂਮਤ ਦੇ ਨਸ਼ੇ ਹੇਠ ਆਉਂਦੀ ਗਈ ਅਤੇ ਆਪਣੀ ਹੋਂਦ ਨੂੰ ਭੁੱਲਦੀ ਗਈ। ਜਿਂਵੇ ਜਿਂਵੇ ਸਮਾਂ ਲੰਘਦਾ ਗਿਆ ਇਹ ਸ਼੍ਰੋਮਣੀ ਅਕਾਲੀ ਦਲ ਵਲੋ ਲਾਏ ਮੋਰਚਿਆਂ ਵਿਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਜਾਂ ਜਿੰਨਾਂ ਸਿੰਘਾਂ ਨੇ ਜੇਲ੍ਹਾਂ ਕੱਟੀਆਂ (ਅਤੇ ਜੇਲ੍ਹਾਂ ਕੱਟ ਰਹੇ ਹਨ) ਨੂੰ ਭੁੱਲ ਕੇ ਪੰਜ ਵਾਰ ਮੁੱਖ ਮੰਤਰੀ ਬਣਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਲਾਂਭੇ ਕਰਨਾਂ ਸ਼ੁਰੂ ਕਰ ਦਿੱਤਾ ਆਪਣਾ ਭਾਈ ਭਤੀਜਾ ਰਿਸ਼ਤੇਦਾਰਾਂ ਨੂੰ ਮੁੱਖ ਕਰ ਲਿਆ ਜਿੰਨਾ ਦੀ ਸਿੱਖ ਕੌਮ ਨੂੰ ਕੋਈ ਦੇਣ ਨਹੀਂ ਸੀ ਤੇ ਅੱਜ ਵੀ ਉਹ ਆਪਣੇ ਰਿਸ਼ਤੇਦਾਰਾਂ ਸਮੇਤ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਹਨ।ਪਾਰਟੀ ਦੀ ਵਾਂਗਡੋਰ ਨੂੰ ਆਪਣੀ ਜਾਇਦਾਦ ਸਮਝਣ ਵਾਲਾ ਲੀਡਰ ਇਹ ਦੱਸ ਸਕਦਾ ਹੈ ਸਿੱਖ ਕੌਮ ਲਈ ਕੁਰਬਾਨੀਆਂ ਦੇਣ ਵਾਲੇ ਪਰੀਵਾਰ ਕਿੱਧਰ ਜਾਣ? ਇਕ ਦਿਨ ਉਹ ਵੀ ਆਇਆ ਜਦ ਬਾਦਲ ਪਰੀਵਾਰ ਦੀ ਚਾਰ ਦਿਵਾਰੀ ਵਿਚੋਂ ਹੀ ਸ੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦਾ ਮੁੱਖ ਮੰਤਰੀ ਬਣਿਆ,ਉਪ ਮੁੱਖ ਮੰਤਰੀ ਬਣਿਆ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਿਆ, ਲੋਕ ਸਭਾ ਵਿਚ ਵੀ ਮੰਤਰੀ ਬਣਿਆ।
ਅਕਾਲੀ ਦਲ ਸਿੱਖ ਕੌਮ ਦੀ ਪਾਰਟੀ ਹੈ ਇਸ ਤੇ ਸਭ ਦਾ ਹੱਕ ਹੈ ਇਹ ਸਿੰਘ ਸਿੰਘਣੀਆਂ ਦੇ ਖੂਨ ਵਿਚੋਂ ਉਪਜੀਆਂ ਹੋਈਆਂ ਦੋ ਜੱਥੇਬੰਦੀਆ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੈ। ਤੱਕੜੀ ਚੋਣ ਨਿਸ਼ਾਨ ਸਿੱਖ ਪੰਥ ਦਾ ਚੋਣ ਨਿਸ਼ਾਨ ਸੀ ਇਸ ਚੋਣ ਨਿਸ਼ਾਨ ਤੇ ਵੋਟ ਪਾ ਕੇ ਹਰ ਸਿੱਖ ਹਰ ਸਿੱਖ ਬੀਬੀ ਭੈਣ ਫਖ਼ਰ ਮਹਿਸੂਸ ਕਰਦੀ ਸੀ ‘ਮੈਂ ਪੰਥ ਨੂੰ ਵੋਟ ਪਾ ਆਈ ਹਾਂ ਮੈਂ ਪੰਥ ਦੀ ਚੜ੍ਹਦੀ ਕਲਾ ਕਰ ਆਈ ਹਾਂ!’ ਪਰ ਅਫ਼ਸੋਸ ਸਿੱਖ ਕੌਮ ਦੇ ਅੱਖੀ ਘੱਟਾ ਪਾ ਕੇ ਅੱਜ ਇਹ ਚੋਣ ਨਿਸ਼ਾਨ ਨੂੰ ਇਕ ਪਰੀਵਾਰ ਆਪਣੇ ਘਰ ਦੀ ਪ੍ਰਾਪਰਟੀ ਬਣਾ ਕੇ ਬੈਠ ਗਿਆ!
ਜਿਹੜੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ  ਅਕਾਲੀ ਦਲ ਨੂੰ ਜਨਮ ਦਿੱਤਾ ਸੀ। ਇਹ ਅਕਾਲੀ ਦਲ ਹੌਲੀ=ਹੌਲੀ ਜਨਮ ਦੇਣ ਵਾਲੀ ਪਾਰਟੀ ‘ਤੇ ਕਾਬਜ਼ ਹੋਣਾ ਸ਼ੁਰੂ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਗੁਰਦੁਵਾਰਾ ਕਮੇਟੀ ਦਾ ਉਹ ਪ੍ਰਧਾਨ ਬਣਾਉਣਾ ਸ਼ੁਰੂ ਕਰ ਦਿੱਤਾ ਜੋ ਇਸ ਦੇ ਪੈਰਾਂ ਵਿਚ ਬੈਠਦਾ ਸੀ। ਕੋਈ ਯੋਗਤਾ ਵਾਲਾ ਜਾਂ ਸਾਡੇ ਸਿੱਖ ਧਰਮ ਦੀਆਂ ਮੁਸ਼ਕਲਾਂ ਜਾਨਣ ਵਾਲਾ ਜਾ ਕੋਈ ਸ਼ਹੀਦ ਪਰੀਵਾਰ ਦਾ ਮੈਂਬਰ ਜਿੰਨਾਂ ਨੇ ਗੁਰਦੁਵਾਰਿਆਂ ਦੀ ਆਜ਼ਾਦੀ ਲਈ ਹੜ ਵਾਂਗ ਖੂਨ ਵਹਾਇਆ ਹੋਵੇ! ਇਸ ਨੂੰ ਕੋਈ ਨਹੀਂ ਲੱਭਦਾ ਸੀ ਆਪਣੇ ਵਲੋਂ ਭੇਜੇ ਲਫ਼ਾਫੇ ਵਿਚੋਂ ਪ੍ਰਧਾਨ ਨਿਕਲਣਾ ਸ਼ੁਰੂ ਹੋ ਗਿਆ ਜੋ ਸਿੱਖ ਕੌਮ ਲਈ ਖ਼ਤਰੇ ਦੀ ਘੰਟੀ ਸਾਬਤ ਹੋਇਆ।
ਸਿੱਖਾਂ ਦੇ ਸਰਵਉੱਚ ਅਸਥਾਨ ਸ਼ੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਅਕਾਲੀ ਫੂਲਾ ਸਿੰਘ ਨੇ ਜਦ ਮਹਾਰਾਜਾ ਰਣਜੀਤ ਸਿੰਘ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੋਇਆ ਸੀ। ਮਹਾਰਾਜਾ ਦਰਬਾਰ ਸਾਹਿਬ ਵੱਲ ਆ ਰਿਹਾ ਸੀ ਅੱਗੋ ਮੂਹਰੇ ਤੋਂ ਜੱਥੇਦਾਰ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜੇ ਨੂੰ ਰੋਕ ਕੇ ਕਿਹਾ ਸੀ ‘ਉਏ ਤੂੰ ਕਿੱਧਰ ਨੂੰ ਮੂੰਹ ਚੁੱਕਿਆ?’ ਇਹੋ ਜਿਹੇ ਜੁਅੱਰਤ ਵਾਲੇ ਜੱਥੇਦਾਰਾਂ ਦੀ ਕੌਮ ਨੂੰ ਲੋੜ ਹੈ ਜੋ ਕੌਮ ਦੀ ਅਗਵਾਹੀ ਕਰ ਸਕਣ।
ਵਿਧਾਨ ਸਭਾ ਚੋਣਾਂ ਵਿਚ ਬਾਦਲ ਪਰੀਵਾਰ ਨੂੰ ਮਿਲੀ ਕਰਾਰੀ ਹਾਰ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ  ਬਾਦਲ ਪਰੀਵਾਰ ਦੀ ਬੋਲੀ ਬੋਲਦੇ ਆਖਦੇ ਹਨ ਕੇ ‘ਸ਼੍ਰੋਮਣੀ ਅਕਾਲੀ ਦਲ ਦਾ ਖ਼ਤਮ ਹੋਣਾ ਸਿੱਖਾਂ ਲਈ ਘਾਤਕ ਹੈ।’
ਜੱਥੇਦਾਰ ਜੀ! ਸਿੱਖ ਹਜੇ ਵੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਹਨ ਜੁੜੇ ਹੀ ਰਹਿਣਗੇ ਇਹ ਉਹਨਾਂ ਦੀ ਆਪਣੀ ਪੰਥਕ ਪਾਰਟੀ ਹੈ। ਜਦ ਵੀ ਸਿੱਖਾਂ ਤੇ ਕਦੇ ਸੰਕਟ ਪਿਆ ਜਿਸ ਤਰਾਂ ਐਮਰਜੰਸੀ ਦਾ ਮੋਰਚਾ, ਧਰਮਯੁੱਧ ਮੋਰਚਾ ਆਦਿ ਲਾਏ ਗਏ ਲੋਕਾਂ ਦਾ ਖੂਨ ਡੁੱਲਿਆ ਅਤੇ ਜੇਲ੍ਹਾਂ ਕੱਟੀਆਂ ਇਹ ਕਦੇ ਵੀ ਪਿਛੇ ਨਹੀ ਹਟੇ। ਤੁਸੀਂ ਸਿੱਖ ਕੌਮ ਨੂੰ ਬਾਦਲ ਪਰੀਵਾਰ ਦੇ ਹਾਰਨ ਦਾ ਕਸੂਰ ਕੱਢਣ ਦੀ ਬਜਾਏ ਬਾਦਲ ਪਰੀਵਾਰ ਨੂੰ ਉਹਨਾਂ ਦੇ ਰਿਸ਼ਤੇਦਾਰਾਂ ਸਮੇਤ ਪਾਸੇ ਹਟਣ ਲਈ ਕਿਉਂ ਨਹੀ ਕਹਿ ਦਿੰਦੇ ਤਾਂ ਕੇ ਪਾਰਟੀ ਦੁਬਾਰਾ ਚੜ੍ਹਦੀ ਕਲਾ ਵਿਚ ਹੋ ਸਕੇ।ਕੀ ਤੁਹਾਨੂੰ ਸੱਚ ਕਹਿਣ ਨਾਲ ਤੁਹਾਡੀ ਜੱਥੇਦਾਰੀ ਖ਼ਤਰੇ ਵਿਚ ਪੈਂਦੀ ਹੈ? ਕੀ ਤੁਹਾਨੂੰ ਸਿੱਖ ਕੌਮ ਪਿਆਰੀ ਨਹੀ ? ਬਾਦਲਾਂ ਵਲੋਂ ਗਲਤ ਲਏ ਹੋਏ ਫ਼ੈਸਲੇ ਜਿਵੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦਾ ਪਤਾ ਨਾ ਲੱਗਣਾ, ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਕੇ  ਗੋਲਕਾਂ ਦੀ ਲੱਟ ਗੁਰਦੁਆਰਿਆਂ ਵਿਚ ਬੇਲੋੜੀ ਦਖ਼ਲ ਅੰਦਾਜੀ ਕਰਕੇ ਸਿੱਖ ਮਰਿਯਾਦਾ ਦਾ ਘਾਣ ਕਰਨਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣੇ ਸੁਅਰਥ ਲਈ ਗਲਤ ਹੁਕਮਨਾਮੇ ਜਾਰੀ ਕਰਵਾਉਣਾ। ਬਾਦਲ ਪਰੀਵਾਰ ਨੂੰ ਕਰਾਰੀ ਹਾਰ ਦੇ ਬੈਠਾ ਇਸ ਨਾਲ ਸਿੱਖ ਪੰਥ ਦੀ ਹਾਰ ਨਹੀ ਬਾਦਲ ਪਰੀਵਾਰ ਦੀ ਹਾਰ ਹੋਈ ਹੈ। ਬਾਦਲ ਪਰੀਵਾਰ ਤੋਂ ਦੁੱਖੀ ਲੋਕ ਕਿੰਨਾ ਕੁ ਚਿਰ ਇੰਤਜ਼ਾਰ ਕਰ ਲੈਂਦੇ ਜਿਹੜੇ ਵੋਟਰ ਸਾਰੀ ਉਮਰ ਤੱਕੜੀ ਤੇ ਮੋਹਰ ਲਾਉਂਦੇ ਰਹੇ। ਉਹਨਾਂ ਦਾ ਹੱਥ ਕਦੇ ਵੀ ਸਿੱਖ ਪੰਥ ਦੇ ਚੋਣ ਨਿਸ਼ਾਨ (ਤੱਕੜੀ) ਤੋਂ ਪਰੇ ਨਹੀਂ ਗਿਆ ਸੀ। ਜੱਥੇਦਾਰ ਜੀ! ਉਹਨਾਂ ਸਿੱਖ ਕੌਮ ਦੇ ਵੋਟਰਾਂ ਨੂੰ ਪੁੱਛੋ? ਉਹਨਾਂ ਦੇ ਦਿਲ ਤੇ ਕੀ ਬੀਤੀ ਹੋਵੇਗੀ ਜਦ ਮਜ਼ਬੂਰ ਹੋ ਕੇ ਬਾਦਲ ਪਰੀਵਾਰ ਦਾ ਖਾਤਾ ਖ਼ਾਲੀ ਕਰਨ ਲਈ ਹੋਰ ਪਾਸੇ ਬਟਨ ਦਬਾਉਣਾ ਪੈ ਗਿਆ। ਜੱਥੇਦਾਰ ਜੀ ! ਆਪਣਾ ਫ਼ਰਜ ਪਛਾਣਦੇ ਹੋਏ ਸਿੱਖ ਕੌਮ ਦੇ ਭਲੇ ਲਈ ਕੰਮ ਕਰੋ ! ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਦੁਬਾਰਾ ਜੱਥੇਦਾਰ ਅਕਾਲੀ ਫੂਲਾ ਸਿੰਘ ਦੇ ਪਦ ਚਿੰਨ੍ਹਾ ਤੇ ਚੱਲ ਕੇ ਵਿਖਾਉ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin

ਭਾਰਤ ’ਤੇ ਲਾਏ ਬੇਬੁਨਿਆਦ ਦੋਸ਼ ਟਰੂਡੋ ਸਰਕਾਰ ਦੇ ਸਿਆਸੀ ਏਜੰਡੇ ਦਾ ਹਿੱਸਾ !

admin