Articles

ਬਜ਼ੁਰਗ ਬਾਦਲ ਨੂੰ ਪੈਨਸ਼ਨ ਹੁਣੇ ਈ ਕਿਉਂ ਬੁਰੀ ਲੱਗੀ ?

ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਬਜ਼ੁਰਗ ਆਗੂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾ ਵਿਚ ਹੋਈ ‘ਰਿਕਾਰਡ ਤੋੜ’ ਹਾਰ ਮਗਰੋਂ ਜੋ ਹੁਣ ਪੈਨਸ਼ਨ ਲੈਣ ਤੋਂ ਇਨਕਾਰ ਕੀਤਾ ਹੈ,ਉਸਨੇ ਲੱਦੇ ਊਠ ਤੋਂ ਛਾਨਣੀ ਲਾਹੁਣ ਵਾਲ਼ਾ ਮੁਹਾਵਰਾ ਚੇਤੇ ਕਰਵਾ ਦਿੱਤਾ ਹੈ।

ਚੰਡੀਗੜ੍ਹੋਂ ਛਪਦੀ ਇੱਕ ਅਖਬਾਰ ਦੇ ਵਿੱਚ ਪੰਜਾਬ ਰਾਜ ਦੇ ਵਿਧਾਨਕਾਰਾਂ ਨੂੰ  ਮਿਲਦੀ ਪੈਨਸ਼ਨ ਬਾਰੇ ਛਪੀ ਇੱਕ ਰਿਪੋਰਟ ਵਿਚ ਲਿਖਿਆ ਹੋਇਆ ਹੈ-

‘…ਭਾਵੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸਾਬਕਾ ਵਿਧਾਇਕ ਵਾਲ਼ੀ ਪੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਉਹ 5.26 ਲੱਖ ਪ੍ਰਤੀ ਮਹੀਨਾ ਪੈਨਸ਼ਨ ਲੈਣ ਦੇ ਹੱਕਦਾਰ ਬਣ ਗਏ ਸਨ।’

ਇਸ ਤੋਂ ਇਲਾਵਾ ਐੱਮ.ਐੱਲ.ਏ ਸਾਹਿਬਾਨ ਦੀਆਂ ਪੈਨਸ਼ਨਾਂ ਬਾਰੇ ਇਹ ਜਾਣਕਾਰੀ ਵੀ ਇਸੇ ਖਬਰ ਵਿੱਚ ਦਰਜ ਹੈ-

‘ਨਿਯਮਾਂ ਅਨੁਸਾਰ ਜੋ ਇਕ ਵਾਰ ਵਿਧਾਇਕ ਬਣ ਜਾਂਦਾ ਹੈ ਉਹ ਸਭ ਭੱਤਿਆਂ ਸਮੇਤ 75,150 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਹੱਕਦਾਰ ਬਣ ਜਾਂਦਾ….ਜੇ ਦੋ ਵਾਰ ਵਿਧਾਇਕ ਬਣਦਾ ਤਾਂ ਸਵਾ ਲੱਖ ਰੁਪਏ, ਤਿੰਨ ਵਾਰੀ ਬਣਨ ’ਤੇ ਪੌਣੇ ਦੋ ਲੱਖ ਪ੍ਰਤੀ ਮਹੀਨਾ…!’

ਇਹ ਵੇਰਵੇ ਪੜ੍ਹ ਕੇ ਮਨ ’ਚ ਸਵਾਲ ਉੱਠਦਾ ਹੈ ਕਿ ਸੰਨ ਸਤਵੰਜਾ ਵਿਚ ਪਹਿਲੀ ਵਾਰ ਐੱਮ.ਐੱਲ.ਏ ਬਣ ਕੇ 95-96 ਸਾਲ ਦੀ ਉਮਰ ਤੱਕ ‘ਖੁਸ਼ੀ ਖੁਸ਼ੀ’ ਪੈਨਸ਼ਨਾਂ ਦੀਆਂ ਰਕਮਾਂ ਲੈਣ ਵਾਲ਼ੇ ਕਰੋੜਾਂ ਅਰਬਾਂ ਪਤੀ ਸ੍ਰੀ ਬਾਦਲ ਨੂੰ, ਪੈਨਸ਼ਨ ਰੂਪੀ ‘ਘਰੇ ਆਉਂਦੀ ਲੱਛਮੀਂ’ ਅਚਾਨਕ ਹੁਣੇ ਹੀ ਕਿਉਂ ‘ਬੁਰੀ’ ਲੱਗਣ ਲੱਗ ਪਈ ਹੋਵੇਗੀ ? ਬਾਰਾਂ ਵਾਰ ਚੋਣਾ ਲੜ ਕੇ ਸਦਾ ਜੇਤੂ ਰਹਿਣ ਵਾਲ਼ੇ ਬਜ਼ੁਰਗ ਬਾਦਲ ਨੂੰ ਹੁਣ ਅਖੀਰੀ ਉਮਰੇ ਤੇਰ੍ਹਵੀਂ ਚੋਣ ਵਿਚ ਇਕ ਸਧਾਰਨ ਜਿਹੇ ਕਿਸਾਨ ਹੱਥੋਂ ਬੁਰੀ ਤਰਾਂ ਹਾਰਨ ਬਾਅਦ ਪੈਨਸ਼ਨ ‘ਦਾਨ ਕਰਨ’ ਦਾ ਫੁਰਨਾ ਚਾਣਚੱਕ ਕਿਉਂ ਫੁਰਿਆ ਹੋਊ ? ਇਨ੍ਹਾਂ ਸਵਾਲਾਂ ਦੇ ਜਵਾਬ, ਅਗਲੀਆਂ ਕੁੱਝ ਸਤਰਾਂ ਵਿੱਚ-

ਸੰਨ 70-71 ਵਿਚ ਜਦ ਮੈਂ ਸਕੂਲੇ ਪੜ੍ਹਨ ਲੱਗ ਪਿਆ ਤਾਂ ਸਾਡੇ ਪਿੰਡ ਬੋਹੜ ਥੱਲੇ ਖੇਡ੍ਹਣ ਵੇਲੇ ਉੱਥੇ ਬਹਿਣ ਵਾਲ਼ੇ ਬਜ਼ੁਰਗ ਬਾਪੂਆਂ  ਦੀਆਂ ਗੱਲਾਂ ਸੁਣਨ ਦਾ ਭੁਸ ਵੀ ਪੈ ਗਿਆ ਮੈਨੂੰ ! ਸਾਡੇ ਇਲਾਕੇ ਦੇ ਇੱਕ ਕੰਜੂਸ ਬੰਦੇ ਦੀ ਗੱਲ ਕਰਕੇ ਉਹ ਬੜਾ ਹੱਸਦੇ ! ਕਹਿੰਦੇ ਉਸ ਕੰਜੂਸ ਦੀ ਘਰ ਵਾਲ਼ੀ ਭੱਜ ਗਈ। ਜਦ ਲੋਕ ਉਹਦੇ ਕੋਲ਼ ਅਫਸੋਸ ਕਰਨ ਜਾਣ ਤਾਂ ਉੁਹ ਅੱਗਿੁਉਂ ਅੰਦਰ ਪਏ ਸੰਦੂਕ ਵੱਲ੍ਹ ਹੱਥ ਕਰਕੇ ਕਿਹਾ ਕਰੇ-

“…ਭਰਾਵੋ,ਅੰਦਰ ਵੜਨ ਨੂੰ ਮੇਰੀ ਵੱਢੀ ਰੂਹ ਨ੍ਹੀ ਕਰਦੀ….ਸੰਦੂਕ ਦੇਖ ਕੇ ਸੱਲ ਉੱਭਰਦਾ ਐ ਮੇਰੇ….ਜੇ ‘ਕੰਜਰੀ’ ਨੇ ਜਾਣਾ  ਈ ’ਤੀ, ਤਾਂ ਆਹ ਲੱਕੜੀ (ਸੰਦੂਕ) ਨੂੰ ਤਾਂ ਅੱਗ ਲਾ ਜਾਂਦੀ ਜਾਣ ਲੱਗੀ…..!”

ਠਹਾਕੇ ਮਾਰ ਮਾਰ ਹੱਸਦਿਆਂ ਬੁੜ੍ਹਿਆਂ ਨੇ ਉਸ ਸੰਦੂਕ ਦੀ ਹੋਣੀ ਦੱਸ ਕੇ ਗੱਲ ਨਬੇੜਨੀ, ਅਖੇ ਛੜੇ ਰਹਿ ਗਏ ਉਸ ਕੰਜੂਸ ਨੇ ‘ਸੱਲ ਲਾਉਣਾ ਸੰਦੂਕ’ ਕਿਸੇ ਲਾਂਭ ਦੇ ਪਿੰਡ ਦੇ ਬੰਦੇ ਨੂੰ ਮੁਫਤੋ ਮੁਫਤੀ ਚੁਕਾ ਦਿੱਤਾ ਸੀ !

ਹੁਣ ਜ਼ਰਾ ਬਜ਼ੁਰਗ ਬਾਦਲ ਦੀ ਪੈਨਸ਼ਨ ਬਾਰੇ ਸੋਚੋ- ਜਿਸ ਵਿਧਾਨ ਸਭਾ ਵਿੱਚ ਹੁਣ ਨਾ ਉਹ ਖੁਦ ਆਪ, ਨਾ ਉਨ੍ਹਾਂ ਦੇ ਹੱਥੀਂ ਲਾਏ ਬੂਟਿਆਂ ’ਚੋਂ ਉਨ੍ਹਾਂ ਦਾ ਪੁੱਤ, ਨਾ ਪੁੱਤ ਦਾ ਸਾਲ਼ਾ ਸਾਹਿਬ, ਨਾ ਨੂੰਹ, ਨਾ ਜਵਾਈ ਅਤੇ ਨਾ ਹੀ ਕੋਈ ਹੋਰ ਅੰਗ-ਸਾਕ ਬੈਠਾ ਹੋਵੇ….ਸਾਰਿਆਂ ਨੂੰ ‘ਝਾੜੂ’ ਨੇ ਮੱਖਣ ’ਚੋਂ ਵਾਲ਼ ਵਾਂਗ ਕੱਢ ਮਾਰਿਆ ਹੋਵੇ, ਉਸ ਵਿਧਾਨ ਸਭਾ ਤੋਂ ਆਉਣ ਵਾਲ਼ੀ ਪੈਨਸ਼ਨ ਨੇ, ਉਕਤ ਵਾਰਤਾ ਵਿਚਲੇ ਸੰਦੂਕ ਵਾਂਗ ਸ੍ਰੀ ਬਾਦਲ ਨੂੰ ਸੱਲ ਹੀ ਲਾਉਣਾ ਸੀ ? ਸੋ ਉਨ੍ਹਾਂ ਨੇ ਚੜ੍ਹਦੇ ਮਹੀਨੇ ਆਪਣੇ ਲੱਗਣ ਵਾਲ਼ੇ ਸੱਲ ਦਾ ਇਲਾਜ ਕਰ ਲਿਆ ! ਜਾਂ ਫਿਰ ਉਨ੍ਹਾਂ ਵਲੋਂ ਪੈਨਸ਼ਨ ‘ਦਾਨ ਵਜੋਂ’ ਮੋੜਨ ਦਾ ਇਕ ਕਾਰਨ ਹੋਰ ਇਹ ਵੀ ਹੋ ਸਕਦਾ ਐ-

ਕਹਿੰਦੇ ਦੋ ਦੋਸਤ ਕਿਸੇ ਸੁੰਨਮਸਾਨ ਜਗਾਹ ਇਕੱਠੇ ਤੁਰੇ ਜਾ ਰਹੇ ਸਨ। ਝਾੜੀਆਂ ’ਚ ਲੁਕਿਆ ਬੈਠਾ ਇਕ ਲੁਟੇਰਾ ਅਚਾਨਕ ਉਨ੍ਹਾਂ ਮੋਹਰੇ ਆ ਖੜ੍ਹਾ ਹੋਇਆ! ਕਹਿੰਦਾ ਕੱਢ ਦਿਉ ਜੋ ਜੋ ਕੁੱਝ ਜੇਬ੍ਹਾਂ ਵਿੱਚ ਹੈਗਾ ! ਦੋਹਾਂ ’ਚੋਂ ਇਕ ਜਣਾ ਬਹੁਤ ਚੁਸਤ ਚਲਾਕ ਸੀ। ਉਸਨੇ ਫੁਰਤੀ ਨਾਲ਼ ਆਪਣੀ ਜੇਬ੍ਹ ’ਚੋਂ ਸੌ ਰੁਪਏ ਦਾ ਨੋਟ੍ਹ ਕੱਢ ਕੇ ਆਪਣੇ ਦੋਸਤ ਨੂੰ ਫੜਾਉਂਦਿਆਂ ਕਿਹਾ-

“ਲੈ ਫੜ ਭਰਾਵਾ ਆਪਣਾ ਹੁਧਾਰ !”  ਨਾਲ਼ੇ ਚੋਰ ਨੂੰ ਕਹਿੰਦਾ- “ਜੀ ਮੇਰੇ ਕੋਲ਼ ਤਾਂ ਆਹੀ ਇੱਕੋ ਨੋਟ੍ਹ ਸੀਗਾ… ਉਹ ਵੀ ਮੈਂ ਹੁਧਾਰਾ ਲਿਆ ਫੜਿਆ ਹੋਇਆ ਸੀ ਇਹਤੋਂ…!”

ਦੋਹਾਂ ਮਿਸਾਲਾਂ ’ਚੋਂ ਤੁਹਾਨੂੰ ਜਿਆਦਾ ਕਿਹੜੀ ਢੁਕਵੀਂ ਲੱਗੀ ? ਇਹ ਤੁਹਾਡੀ ਮਰਜ਼ੀ !

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin