
ਖੂਈ ਖੇੜਾ, ਫਾਜ਼ਿਲਕਾ
ਅੱਜਕੱਲ੍ਹ ਹਰ ਪਾਸੇ ਵੱਡਾ ਸ਼ੋਰ ਏ, ਹਰ ਕੋਈ ਕਹਿ ਰਿਹਾ ਏ ਕਿ ਵੱਡੀਆਂ ਰਾਜਨੀਤਿਕ ਪਾਰਟੀਆਂ, ਵੱਡੇ-ਵੱਡੇ ਸਿਆਸਤਦਾਨ, ਵੱਡੇ-ਵੱਡੇ ਉਦਯੋਗਪਤੀ, ਨੌਕਰਸ਼ਾਹ, ਪੁਲਿਸ, ਹੋਰ ਸਰਕਾਰੀ ਮੁਲਾਜ਼ਮ, ਸਭ ਭ੍ਰਿਸ਼ਟਾਚਾਰੀ ਨੇਂ ਤੇ ਇਹ ਗੱਲ ਹਰੇਕ ਲਈ ਤਾਂ ਨਹੀਂ ਪਰ ਸਾਡੇ ਵਿੱਚੋਂ ਜਿਆਦਾਤਰ ਲਈ ਠੀਕ ਵੀ ਜਾਪਦੀ ਏ । ਭ੍ਰਿਸ਼ਟਾਚਾਰ ਦਾ ਅਰਥ ਏ, ਕਿਸੇ ਵੀ ਤਰਾਂ ਦਾ ਅਨੈਤਿਕ ਜਾਂ ਅਨੁਚਿਤ ਆਚਰਣ, ਤਾਂ ਫੇਰ ਇਸ ਸਭ ਦੇ ਵਿਚਾਲੇ, ਸਾਡੇ ਸਭ ਲਈ ਵੀ ਇਕ ਬਹੁਤ ਈ ਵੱਡਾ ਸਵਾਲ ਪੈਦਾ ਹੋ ਜਾਂਦਾ ਏ, ਜਿਸਦਾ ਜਵਾਬ ਮਿਲਣਾ ਬੇਹੱਦ ਜਰੂਰੀ ਏ, ਉਹ ਅਹਿਮ ਸਵਾਲ ਏ ਕਿ, ਕੀ ਅਸੀਂ ਸਾਰੇ ਇਮਾਨਦਾਰ ਹਾਂ, ਕੀ ਅਸੀਂ ਭ੍ਰਿਸ਼ਟ ਨਹੀਂ ਹਾਂ ? ਪਿਛਲੇ ਮਹੀਨੇ ਈ ਇੱਕ ਵਿਦਿਆਰਥੀ ਬੱਚੇ ਦਾ ਪਿਤਾ ਉਸ ਨੂੰ ਸਕੂਲ ‘ਚ ਮੇਰੇ ਕੋਲ ਲੈ ਕੇ ਆਇਆ ਤੇ ਮੈਨੂੰ ਕਹਿੰਦਾ “ਮਾਸਟਰ ਜੀ, ਇਹਦੇ ਦੋ ਲਾਓ, ਕੰਨਾਂ ਹੇਠ, ਮੇਰੀ ਤਾਂ ਮੰਨਦਾ ਨਹੀਂ ਜੇ, ਇਹ ਨਹਿਰ ‘ਚ ਨਹਾਉਂਦਾ ਏ”। ਮੈਂ ਸੋਚਾਂ ‘ਚ ਪੈ ਗਿਆ ਤੇ ਫੇਰ ਬੱਚੇ ਨੂੰ ਚੁੱਪਚਾਪ ਕਲਾਸ ਵਿੱਚ ਭੇਜ ਦਿੱਤਾ। “ਮਾਸਟਰ ਜੀ, ਥੋੜਾ ਝਿੜਕ ਤਾਂ ਦਿੰਦੇ” ਬੱਚੇ ਦੇ ਪਿਤਾ ਨੇ ਕਿਹਾ ਤਾਂ ਮੈਂ ਜਵਾਬ ਦਿੱਤਾ, “ਮਾਫ ਕਰਨਾ ਜੀ, ਮੈਂ ਤਾਂ ਆਪ ਵੀ ਹਜੇ ਨਹਿਰ ‘ਚ ਨਹਾਉਂਦਾ ਹਾਂ, ਜਦੋਂ ਮੈਂ ਆਪ ਛੱਡਾਂਗਾ ਤਾਂ ਹੀ ਮੈਂ ਬੱਚੇ ਨੂੰ ਰੋਕ ਸਕਾਂਗਾ”।
ਅਸਲ ‘ਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਾਡੀ ਸਿੱਖਿਆ ਪ੍ਰਣਾਲੀ ਨੂੰ ਬਦਲਣ ਦੀ ਜ਼ਰੂਰਤ ਹੈ। ਭ੍ਰਿਸ਼ਟਾਚਾਰ ਦੇਸ਼ ਨੂੰ ਦੀਮਕ ਵਾਂਗ ਲਗਾਤਾਰ ਚੱਟਦਾ ਜਾ ਰਿਹਾ ਏ, ਜੋ ਆਉਣ ਵਾਲੇ ਸਮੇਂ ਲਈ ਬਹੁਤ ਖਤਰਨਾਕ ਰੁਝਾਨ ਏ। ਸਾਨੂੰ ਤੁਰੰਤ, ਨੈਤਿਕ ਸਿੱਖਿਆ ਨੂੰ ਪਾਠਕ੍ਰਮ ਵਿੱਚ ਲਾਜ਼ਮੀ ਵਿਸ਼ੇ ਵਜੋਂ ਸ਼ਾਮਲ ਕਰਕੇ, ਪ੍ਰਾਇਮਰੀ ਪੱਧਰ ਤੋਂ ਈ ਪੜ੍ਹਾਇਆ ਜਾਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਆਪਣੀ ਸੋਚ, ਵਿਵਹਾਰ ਅਤੇ ਆਪਣੇ ਦਾਇਰੇ ਨੂੰ ਬਦਲਣਾ ਪਵੇਗਾ। ਮੇਰੇ ਇੱਕ ਅਧਿਆਪਕ ਮਿੱਤਰ ਨੇਂ, ਆਪਣੇ ਵੱਡੇ ਭਰਾ ਵੱਲੋਂ ਗਲੀਆਂ ਦੇ ਠੇਕੇਦਾਰ ਦਾ ਚੋਰੀ ਨਾਲ ਨੱਪਿਆ ਪਾਇਪ ਦਾ ਟੁਕੜਾ ਠੇਕੇਦਾਰ ਨੂੰ, ਵਾਪਸ ਮੋੜਤਾ, ਇਸ ਚੋਰੀ ‘ਤੇ ਸ਼ਰਮਿੰਦਾ ਹੋਣ ਦੀ ਬਜਾਏ, ਮਾਸਟਰ ਦੇ ਭਰਾ ਦਾ ਕਹਿਣਾ ਸੀ, “ਤੂੰ ਮੇਰੀ ਬੇਇਜ਼ਤੀ ਕੀਤੀ ਏ, ਤੈਨੂੰ ਚੜੇ ਮਹੀਨੇ 50 ਹਜ਼ਾਰ ਆਉਂਦਾ ਤਾਂ ਇਮਾਨਦਾਰੀ ਜਿਆਦਾ ਆਉਂਦੀ ਏ, ਠੇਕੇਦਾਰ ਨੂੰ ਬੜਾ ਫਰਕ ਪੈਣਾ ਸੀ”। ਇਸ ਗੱਲ ਤੋਂ ਬਾਅਦ ਵੱਡੇ ਭਰਾ ਵੱਲੋਂ, ਮਾਸਟਰ ਨਾਲ ਬੋਲਚਾਲ ਨਾਮਾਤਰ ਦੀ ਈ ਰਹਿ ਗਈ ਏ। ਭ੍ਰਿਸ਼ਟਾਚਾਰ ਨੂੰ ਗਰੀਬੀ ਦੇ ਬਹਾਨੇ ਨਾਲ ਜਾਂ ਕਿਸੇ ਦੂਜੇ ਦੀ ਅਮੀਰੀ ਦੀ ਔਹਲੇ ਨਾਲ, ਕਿਸੇ ਵੀ ਤਰਾਂ ਨਾਲ ਜਾਇਜ ਨ੍ਹੀਂ ਠਹਿਰਾਇਆ ਜਾ ਸਕਦਾ। ਜੇਕਰ ਤੁਸੀਂ ਉੱਪਰਲੇ ਸਿਖਰ ਤੱਕ ਵਿਵਸਥਾ ਨੂੰ ਸਾਫ਼ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਹੇਠਾਂ ਤੋਂ ਈ ਸਫਾਈ ਸ਼ੁਰੂ ਕਰਨੀ ਪਵੇਗੀ । ਸਾਡੇ ਬੱਚੇ ਹਮੇਸ਼ਾਂ ਸਾਡਾ ਹੀ ਅਨੁਸਰਣ ਕਰਦੇ ਨੇਂ, ਜਿਹਾ ਵੇਖਣਗੇ, ਉਹੀ ਕਰਨਗੇ, ਉਹੀ ਬਣਨਗੇ, ਹੁਣ ਅਸੀਂ ਤੈਅ ਕਰਨਾ ਏ ਕਿ ਭਵਿੱਖ ਚ ਕਿਹੋ ਜਿਹੇ ਸਮਾਜ ਦਾ ਨਿਰਮਾਣ ਕਰਨਾ ਏ।