ਚੰਡੀਗੜ੍ਹ – ਪੰਜਾਬ ਰਾਜ ਭਵਨ ਵਿਚ ਨਵੇਂ ਬਣੇ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਚ ਐਤਵਾਰ ਸ਼ਾਮ ਨੂੰ ਦ ਕਸ਼ਮੀਰ ਫਾਈਲਜ਼ ਫਿਲਮ ਦਾ ਖ਼ਾਸ ਸ਼ੋਅ ਰੱਖਿਆ ਗਿਆ। ਸੂਬੇ ਦੇ ਰਾਜਪਾਲ ਤੇ ਯੂਟੀ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਰਾਜ ਭਵਨ ਦੇ ਅਧਿਕਾਰੀਆਂ, ਸਟਾਫ ਤੇ ਸ਼ਹਿਰ ਦੇ ਕਈ ਹੋਰ ਵਿਅਕਤੀਆਂ ਨੇ ਇਹ ਸ਼ੋਅ ਵੇਖਿਆ। ਫਿਲਮ ਵੇਖਣ ਪਿੱਛੋਂ ਪ੍ਰਸ਼ਾਸਕ ਨੇ ਇਸ ਨੂੰ ਚੰਡੀਗੜ੍ਹ ਵਿਚ ਟੈਕਸ ਫ੍ਰੀ ਕਰਨ ਦਾ ਐਲਾਨ ਕੀਤਾ। ਇਹ ਫ਼ੈਸਲਾ ਸੋਮਵਾਰ ਤੋਂ ਲਾਗੂ ਹੋਵੇਗਾ।
ਇਸ ਤੋਂ ਪਹਿਲਾਂ ਹਰਿਆਣਾ ਸਮੇਤ ਕਈ ਸੂਬੇ ਇਸ ਫਿਲਮ ਨੂੰ ਟੈਕਸ ਫ੍ਰੀ ਕਰ ਚੁੱਕੇ ਹਨ। ਫਿਲਮ ਦੀ ਕਹਾਣੀ ਨੇ ਸਾਰਿਆਂ ਨੂੰ ਹਲੂਣਾ ਦੇ ਦਿੱਤਾ। ਫਿਲਮ ਵੇਖਣ ਮਗਰੋਂ ਹਰ ਕੋਈ ਅਵਾਕ ਰਹਿ ਗਿਆ ਸੀ। ਫਿਲਮ ਦੇ ਸੀਨ ਵੇਖ ਕੇ ਦਰਸ਼ਕ ਜਜ਼ਬਾਤੀ ਹੋ ਗਏ। ਇਹ ਫਿਲਮ ਕਸ਼ਮੀਰ ਵਿਚ ਵਾਪਰੀਆਂ ਅਸਲੀ ਘਟਨਾਵਾਂ ‘ਤੇ ਕੇਂਦਰਤ ਹੈ। ਫਿਲਮ ਮੁਕੰਮਲ ਹੋਣ ਮਗਰੋਂ ਪ੍ਰਸ਼ਾਸਕ ਤੇ ਹੋਰਨਾਂ ਨੇ ਫਿਲਮ ਦੇ ਸਾਰੇ ਕਲਾਕਾਰਾਂ ਦੇ ਕੰਮ ਦੀ ਤਾਰੀਫ਼ ਕੀਤੀ। ਵਧੀਕ ਸਾਲਿਸਟਰ ਜਨਰਲ ਤੇ ਸਾਬਕਾ ਸੰਸਦ ਮੈਂਬਰ ਸੱਤਪਾਲ ਜੈਨ ਵੀ ਦਰਸ਼ਕਾਂ ਵਿਚ ਸ਼ਾਮਲ ਸਨ।