Articles Food

ਬਹੁਤ ਸੰਤੁਲਿਤ ਸਵਾਦ ਅਹਾਰ ਹੈ “ਢੋਡਾ” ਕੋਟ ਕਪੂਰੇ ਦਾ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਬੇਸ਼ਕ ਹੁਣ ਮੈਂ ਮਿੱਠਾ ਤੇ ਮਿਠਿਆਈਆਂ ਖਾਣ ਤੋਂ ਬਹੁਤ ਪਰਹੇਜ਼ੀ ਹਾਂ ਪਰ ਆਪਣੇ ਬਚਪਨ ਵਿੱਚ ਮੈਂ ਮਿੱਠੇ ਤੇ ਮਠਿਆਈਆਂ ਦਾ ਬਹੁਤ ਸ਼ੌਕੀਨ ਰਿਹਾ ਹਾਂ ਤੇ ਇਸ ਸੰਬੰਧੀ ਮੇਰੀਆਂ ਕਈ ਅਭੁੱਲ ਯਾਦਾਂ ਵੀ ਹਨ, ਜਿਹਨਾਂ ਵਿੱਚੋਂ ਰਾਤੋ ਰਾਤ ਚੋਰੀ ਚੋਰੀ ਬੇਬੇ ਦੇ ਸੰਦੂਕ ਚ ਪਏ ਚਾਰ ਕੁ ਕਿੱਲੋ ਲੱਡੂਆ ਦਾ ਭਰਿਆ ਝੋਲਾ ਖਾ ਜਾਣਾ ਤੇ ਅਗਲੀ ਸਵੇਰ ਖੱਟੇ ਡਕਾਰ ਤੇ ਉਲਟੀਆਂ ਟੱਟੀਆ ਦਾ ਸ਼ਿਕਾਰ ਹੋਣਾਂ, ਇਕ ਦੀਵਾਲੀ ਦੇ ਤਿਓਂਹਾਰ ਦੇ ਸ਼ੁਭ ਮੌਕੇ ‘ਤੇ ਬੀਜੀ ਨੇ ਸਭਨਾ ਪਰਿਵਾਰਕ ਮੈਂਬਰਾਂ ਵਾਸਤੇ ਬੜੇ ਚਾਓ ਤੇ ਮਿਹਨਤ ਨਾਲ ਤਿਆਰ ਕੀਤੀ ਬੇਸਣ ਦੀ ਬਰਫ਼ੀ ਸੁੱਕਣ ਤੋਂ ਪਹਿਲਾ ਹੀ ਚੋਰੀ ਚੋਰੀ ਅੱਧ ਪਚੱਧੀ ਖਾ ਜਾਣੀ ਤੇ ਬਾਕੀ ਇਕੱਠੀ ਕਰਕੇ ਕਿਤਾਬਾਂ ਵਾਲੀ ਅਲਮਾਰੀ ਚ ਕਿਤਾਬਾਂ ਦੇ ਪਿੱਛੇ ਲੁਕੋ ਦੇਣੀ ਜਿੱਥੇ ਸ਼ਤੀਰਾਂ ਨਾਲ ਲਟਕੀਆਂ ਕਿਰਲੀਆਂ ਵਲੋਂ ਅਲਮਾਰੀ ਚ ਵੜਕੇ ਉਸ ਨੂੰ ਖਾ ਜਾਣਾ ਜਾਂ ਫੇਰ ਘਰ ਆਏ ਮਹਿਮਾਨਾਂ ਦੇ ਵਾਪਸੀ ਉਪਰੰਤ ਮਿਠਿਆਈ ਵਾਲੀਆਂ ਪਲੇਟਾਂ ਚ ਪਈ ਬਚਦੀ ਮਿਠਿਆਈ ਨੂੰ ਸਭ ਤੋਂ ਪਹਿਲਾਂ ਸਫ਼ਾਚੱਟ ਕਰਨਾ ਆਦਿ । ਗੱਲ ਕੀ ਕਿ ਭਾਂਤ ਸੁਭਾਂਤੀ ਮਿੱਠਿਆਈ ਬਚਪਨ ਚ ਖਾਧੀ, ਜੇਕਰ ਮਿਠਿਆਈ ਕਦੇ ਕਦਾ ਨਾ ਵੀ ਮਿਲਦੀ ਤਾਂ ਫਿਰ ਦੇਸੀ ਖੰਡ ਹੀ ਕਾਗ਼ਜ਼ ਦੇ ਲਿਫ਼ਾਫ਼ੇ ਚ ਪਾ ਕੇ ਬਾਹਰ ਲੈ ਜਾਂਦਾ ਤੇ ਕਿਧਰੇ ਲਵੇ ਜਿਹੇ ਬੈਠਕੇ ਇਤਮਿਨਾਨ ਨਾਲ ਖਾ ਲੈਂਦਾ ਸੀ ।
ਪੰਜਾਬ ਆਮ ਤੌਰ ‘ਤੇ ਲੱਡੂ, ਜਲੇਬੀ, ਬਰਫ਼ੀ, ਗੁਲਾਬ ਜਾਮੁਣ, ਰਸਗੁੱਲਾ, ਪਿੰਨੀ ਤੇ ਬੇਸਣ ਬਰਫ਼ੀ ਆਦਿ ਮਿਠਿਆਈਆਂ ਲਈ ਬਹੁਤ ਮਸ਼ਹੂਰ ਹੈ, ਪਰ ਹਥਲੀ ਚਰਚਾ ਵਿਚ ਮੈਂ ਪੰਜਾਬ ਦੀ ਜਿਸ ਮਿਠਿਆਈ ਦਾ ਜਿਕਰ ਕਰਨ ਜਾ ਰਿਹਾ ਹਾਂ, ਉਹ ਪੰਜਾਬ ਦੀ ਇਕ ਅਜਿਹੀ ਮਿਠਿਆਈ ਹੈ ਜੋ ਸਿਹਤ ਅਤੇ ਤੰਦਰੁਸਤੀ ਨੂੰ ਮੁੱਖ ਰੱਖ ਕੇ ਚਵਨ ਪਰਾਸ਼ ਤਿਆਰ ਕਰਨ ਵਾਲੇ ਰਿਸ਼ੀ ਚਵਨ ਦੁਆਰਾ ਚਵਨ ਪਰਾਸ਼ ਨੂੰ ਤਿਆਰ ਕਰਨ ਵਾਂਗ ਹੀ ਪੰਜਾਬ ਦੇ ਪਹਿਲਵਾਨਾਂ ਦੀ ਇਕ ਤਾਕਤਵਰ ਖ਼ੁਰਾਕ ਵਜੋਂ ਤਿਆਰ ਕੀਤੀ ਗਈ ਸੀ ਤੇ ਅਜ ਦੇਸ ਵਿਦੇਸ ਚ “ਢੋਡਾ ਬਰਫੀ” ਦੇ ਨਾਮ ‘ਤੇ ਬਹੁਤ ਮਸ਼ਹੂਰ ਹੈ ।
“ਢੋਡਾ” ਨਾਮ ਦੀ ਇਹ ਮਿਠਿਆਈ ਜੋ ਕਿ ਫਰੀਦਕੋਟ ਜ਼ਿਲ੍ਹੇ ਦੇ ਕਸਬਾ ਕੋਟ ਕਪੂਰਾ ਤੇ ਆਸ ਪਾਸ ਦੇ ਖੇਤਰਾਂ ਚ ਅੱਜਕਲ ਬਹੁਤ ਮਸ਼ਹੂਰ ਹੈ ਤੇ ਉੱਥੇ ਪੰਜਾਬ ਦੀਆਂ ਬਾਕੀ ਮਿਠਿਆਈਆਂ ਨਾਲ਼ੋਂ ਇਸ ਦਾ ਦਰਜਾ ਬਹੁਤ ਉੱਪਰ ਹੈ । ਉੱਥੋਂ ਦੇ ਲੋਕ ਇਸ ਮਿੱਠਿਆਈ ਨੂੰ ਖ਼ੂਬ ਆਨੰਦ ਨਾਲ ਖਾਂਦੇ ਵੀ ਹਨ ਤੇ ਖ਼ਾਸ ਤਿਓਹਾਰਾਂ ਵੇਲੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਇਸ ਦਾ ਅਦਾਨ ਪ੍ਰਦਾਨ ਵੀ ਕਰਦੇ ਹਨ ।
ਮੈ ਆਪਣੀ ਹੁਣਵੀ ਪੰਜਾਬ ਫੇਰੀ ਤੋਂ ਪਹਿਲਾਂ ਕਦੇ ਵੀ ਇਸ ਮਿੱਠਿਆਈ ਦਾ ਨਾਮ ਨਹੀਂ ਸੀ ਸੁਣਿਆ ਤੇ ਨਾ ਹੀ ਕਦੇ ਖਾਧੀ ਹੀ ਸੀ । ਇਸ ਵਾਰ ਇਸ ਮਿੱਠਿਆਈ ਨੂੰ ਖਾਣ ਦਾ ਮੌਕਾ ਮਿਲਿਆ । ਇਸ ਦਾ ਸੁਆਦ ਅਤੇ ਟੈਕਸਟਰ ਬਾਕੀ ਮਿਠਿਆਈਆਂ ਨਾਲ਼ੋਂ ਬਿਲਕੁਲ ਹਟਵਾਂ ਹੈ ।
1912 ਚ ਪਾਕਿਸਤਾਨ ਦੇ ਜਿਹਲਮ ਦਰਿਆ ਦੇ ਕੰਢੇ ਵਸੇ ਇਕ “ਖ਼ੁਸ਼ਾਬ” ਨਾਮ ਦੇ ਸ਼ਹਿਰ ਦੇ ਵਸਨੀਕ ਪਹਿਲਵਾਨ ਹੰਸ ਰਾਜ ਨੇ ਪਹਿਲਵਾਨੀ ਦੇ ਖੇਤਰ ਚ ਆਪਣਾ ਨਾਮ ਉੱਚਾ ਕਰਨ ਤੇ ਰੱਖਣ ਦੇ ਮਨੋਰਥ ਨਾਲ ਆਪਣੀ ਸਿਹਤ ਨੂੰ ਸ਼ੇਰ ਵਰਗੀ ਮਜ਼ਬੂਤ, ਚੀਤੇ ਵਰਗੀ ਫੁਰਤੀਲੀ ਤੇ ਹਾਥੀ ਵਰਗੀ ਦਿਓ ਕੱਦ ਬਣਾਉਣ ਵਾਸਤੇ ਬਹੁਤ ਸਾਰੀਆਂ ਤਾਕਤਵਰ ਚੀਜਾਂ ਦੇ ਇਕ ਖ਼ਾਸ ਅਨੁਪਾਤ ਦੇ ਮਿਸ਼ਰਣ ਨਾਲ ਤਿਆਰ ਕਰਕੇ ਬਣਾਈ । ਪਹਿਲਵਾਨ ਹੰਸ ਰਾਜ ਦਾ ਇਹ ਦਾਅਵਾ ਸੀ ਜੋ ਵੀ ਸ਼ਖਸ਼ ਉਹਨਾਂ ਦੁਆਰਾ ਕੀਤੀ ਉਸ ਮਿਠਿਆਈ ਨੂੰ ਖਾਵੇਗਾ, ਉਹ ਆਪਣੇ ਜੀਵਨ ਚ ਹਮੇਸ਼ਾ ਨਿਰੋਗ ਤੇ ਤੰਦਰੁਸਤ ਰਹੇਗਾ । ਦੂਜੇ ਸ਼ਬਦਾਂ ਚ ਕਹਿ ਸਕਦੇ ਹਾਂ ਕਿ ਬੇਸ਼ੱਕ ਅੱਜਕਲ “ਧੋਡਾ ਮਿਠਿਆਈ” ਦੇ ਨਾਮ ‘ਤੇ ਮਸ਼ਹੂਰ ਹੈ ਪਰ ਇਸ ਦੀ ਅਸਲ ਰੂਪ ਚ ਖੋਜ ਮਿਠਿਆਈ ਦੀ ਬਜਾਏ ਊਰਜਾ ਭੋਜਨ ਵਜੋਂ ਕੀਤੀ ਗਈ ਸੀ ।
ਇਸ ਨੂੰ ਖੋਜਣ ਵਾਲੇ ਪਹਿਲਵਾਨ ਹੰਸਰਾਜ ਆਪਣੀ ਸਿਹਤ ਤੇ ਤੰਦਰੁਸਤੀ ਨੂੰ ਲੈ ਕੇ ਖ਼ੁਰਾਕ ਬਾਰੇ ਬਹੁਤ ਚੇਤੰਨ ਸਨ ਤੇ ਉਸ ਦੀ ਇਹ ਇੱਛਾ ਸੀ ਕਿ ਉਹ ਕੋਈ ਅਜਿਹੀ ਖ਼ੁਰਾਕ ਤਿਆਰ ਕਰੇ ਜੋ ਆਪਣੇ ਨਾਲ ਦੂਰ ਨੇੜੇ ਲੈ ਕੇ ਜਾਣ ਚ ਵੀ ਅਸਾਨ ਹੋਵੇ ਤੇ ਸਿਹਤ ਨੂੰ ਲੋੜੀਂਦੀ ਤਾਕਤ ਹੀ ਨਹੀਂ ਬਲਕਿ ਫ਼ੌਲਾਦੀ ਸੰਤੁਲਿਤ ਤੇ ਪੌਸਟਿਕ ਤਾਕਤ ਵੀ ਪ੍ਰਦਾਨ ਕਰੇ । ਇਸ ਉਕਤ ਆਸ਼ੇ ਨੂੰ ਮੁੱਖ ਰੱਖਕੇ ਉਸ ਨੇ ਕਣਕ, ਜੌਂ, ਦੁੱਧ, ਸੁੱਕੇ ਮੇਵੇ ਵਰਗੇ ਵੱਖ ਵੱਖ ਮਿਸ਼ਰਣ ਦਾ ਪਹਿਲਾਂ ਪ੍ਰਯੋਗ ਕੀਤਾ ਤੇ ਉਹਨਾ ਕੀਤੇ ਗਏ ਪ੍ਰਯੋਗਾਂ ਨੂੰ ਵਾਰ ਵਾਰ ਸੋਧ ਕੇ ਢੋਡਾ ਅਹਾਰ ਪੇਸ਼ ਕੀਤਾ ਜੋ ਉਸ ਕਿ ਦੇ ਜੱਦੀ ਸ਼ਹਿਰ “ਖੁਸ਼ਾਬ” ਵਿਚ ਬਹੁਤ ਮਸ਼ਹੂਰ ਹੋਣ ਤੋ ਬਾਅਦ ਜਲਦੀ ਹੀ ਸਾਂਝੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਵੀ ਬਹੁਤ ਮਸ਼ਹੂਰ ਹੋ ਗਿਆ ।
ਜਿਥੋਂ ਤੱਕ ਢੋਡਾ ਬਣਾਉਣ ਨਾਲ ਸੰਬੰਧਿਤ ਸਮੰਗਰੀ ਦੀ ਗੱਲ ਹੈ, ਉਸ ਸੰਬੰਧ ਚ ਕੁੱਜ ਕੁ ਜਾਣਕਾਰੀ ਹੱਥ ਲੱਗੀ ਹੈ ਜੋ ਆਪ ਸਭ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਾਂਗਾ ਪਰ ਇਸ ਗੱਲ ਦੀ ਕੋਈ ਗਰੰਟੀ ਜਾਂ ਜ਼ੁੰਮੇਵਾਰੀ ਨਹੀਂ ਕਿ ਇਹ ਕੋਈ ਆਖਿਰੀ ਫ਼ਾਰਮੂਲਾ ਹੈ ਕਿਉਂਕਿ ਬਹੁਤ ਸਾਰੇ ਦੁਕਾਨਦਾਰ ਅੱਜਕਲ ਢੋਡਾ ਬਣਾਉਂਦੇ ਹਨ ਤੇ ਹਰ ਕੋਈ ਆਪਣੇ ਦੁਆਰਾ ਤਿਆਰ ਕੀਤੇ ਢੋਡਾ ਅਹਾਰ ਨੂੰ ਹੀ ਅਸਲੀ ਦੱਸ ਰਿਹਾ ਹੈ । ਸੋ ਪੇਸ਼ ਹੈ ਢੋਡਾ ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ, ਉਸ ਦੀ ਮਿਕਦਾਰ ਤੇ ਤਿਆਰ ਕਰਨ ਦਾ ਢੰਗ : – ਦੁੱਧ 4 ਕੱਪ, ਭਾਰੀ ਕਰੀਮ 1 ਕੱਪ, ਖੰਡ 2 ਕੱਪ, ਤਿੜਕੀ ਹੋਈ ਕਣਕ 4 ਚਮਚੇ, ਸ਼ੁੱਧ ਮੱਖਣ , 1 ਤੇਜਪੱਤਾ, ਕਾਜੂ ¼ ਕੱਪ, ਬਦਾਮ ¼ ਕੱਪ, ਕੋਕੋ ਪਾਊਡਰ 2 ਚਮਚ, ਇਲਾਇਚੀ ਪਾਊਡਰ 1 ਚੱਮਚ, ਗਾਰਨਿਸ਼, ਸਜਾਵਟ ਲਈ ਨਾਰੀਅਲ ਪੀਸਿਆ ਹੋਇਆ ਹੈ
ਢੰਗ: – ਇੱਕ ਮੋਟੇ ਥੱਲੇ ਵਾਲੀ ਕੜਾਹੀ ਵਿੱਚ, ਤਿੜਕੀ ਹੋਈ ਕਣਕ ਨੂੰ ਮੱਧਮ ਗਰਮੀ ‘ਤੇ ਉਸ ਦੇ ਭੂਰੇ ਰੰਗ ਦੀ ਹੋ ਜਾਣ ਤੱਕ ਭੁੰਨੋ ।
ਇੱਕ ਮੋਟੇ ਥੱਲੇ ਵਾਲੀ ਕੜਾਹੀ ਚ ਲੋੜੀਂਦਾ ਮਿਕਦਾਰ ਵਿੱਚ, ਦੁੱਧ ਨੂੰ ਉਬਾਲੋ ਤੇ ਉਬਾਲੇ ਉਪਰੰਤ ਭਾਰੀ ਕਰੀਮ ਪਾਓ, ਜਲਣ ਤੋਂ ਬਚਾਉਣ ਲਈ ਦੁੱਧ ਨੂੰ ਕੁਰੀਬ 40 ਕੁ ਮਿੰਟ ਉਸ ਦੇ ਗਾੜ੍ਹੇ ਹੋਣ ਤੱਕ ਹਿਲਾਓਂਦੇ ਰਹੋ । ਫਿਰ ਫਟੀ ਹੋਈ ਤੇ ਭੁੰਨੀ ਹੋਈ ਕਣਕ ਅਤੇ ਚੀਨੀ ਪਾਓ, ਚੰਗੀ ਤਰ੍ਹਾਂ ਮਿਲਾਓ ਅਤੇ 20-25 ਮਿੰਟਾਂ ਲਈ ਹੌਲੀ ਗਰਮੀ ‘ਤੇ ਪਕਾਉਂਦੇ ਰਹੋ। ਕੋਕੋ ਪਾਊਡਰ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ, ਕੱਟੇ ਹੋਏ ਕਾਜੂ ਤੇ ਬਦਾਮ ਪਾਓ ਅਤੇ ਲਗਾਤਾਰ ਹਿਲਾਓ ਜਦੋਂ ਤੱਕ ਮਿਸ਼ਰਣ ਨਰਮ ਆਟੇ ਦੀ ਤਰ੍ਹਾਂ ਨਾ ਹੋ ਜਾਵੇ। ਢੋਡਾ ਬਣਕੇ ਤਿਆਰ ਹੈ । ਇਸ ਨੂੰ ਇੱਕ ਪਲੇਟ ਵਿੱਚ ਪਾ ਲ਼ਓ ਅਤੇ ਸਪੈਟੁਲਾ ਦੀ ਵਰਤੋਂ ਕਰਕੇ ਸਮਤਲ ਕਰੋ 30 ਮਿੰਟ ਵਾਸਤੇ ਸੈੱਟ ਹੋਣ ਦਿਓ ਅਤੇ ਲਗਭਗ 3 ਇੰਚ ਜਾਂ ਲੋੜੀਂਦੇ ਆਕਾਰ ਵਿੱਚ ਵਰਗ ਜਾਂ ਆਇਤਾਕਾਰ ਟੁਕੜੀਆਂ ਵਿੱਚ ਕੱਟ ਲਓ । ਯਾਦ ਰੱਖੋ ਕਿ ਤਿਆਰ ਢੋਡਾ ਦੇ ਠੰਢੇ ਹੋਣ ਤੋਂ ਪਹਿਲਾਂ ਇਸ ‘ਤੇ ਕੁਝ ਕੱਟਿਆ ਹੋਇਆ ਪਿਸਤਾ ਅਤੇ ਪੀਸਿਆ ਹੋਇਆ ਨਾਰੀਅਲ ਜ਼ਰੂਰ ਛਿੜਕ ਦਿਓ ਅਤੇ ਖ਼ਾਸ ਤੌਕ ‘ਤੇ ਪਿਸਤਾ ਨੂੰ ਢੋਡਾ ਬਰਫੀ ‘ਤੇ ਚਿਪਕ ਜਾਣ ਲਈ ਹੌਲੀ-ਹੌਲੀ ਦਬਾਓ। ਜਦੋਂ ਇਹ ਕਮਰੇ ਦੇ ਤਾਪਮਾਨ ‘ਤੇ ਹੋਵੇ ਤਾਂ ਢੋਡਾ ਸਰਵ ਕਰਨ ਲਈ ਤਿਆਰ ਹੈ। ਢੋਡਾ ਕਮਰੇ ਦੇ ਤਾਪਮਾਨ ‘ਤੇ ਲਗਭਗ ਦੋ ਹਫ਼ਤਿਆਂ ਤੱਕ ਚੰਗਾ ਰਹੇਗਾ, ਏਅਰ ਟਾਈਟ ਕੰਟੇਨਰ ਵਿੱਚ ਇੱਕ ਤੋਂ ਦੋ ਮਹੀਨਿਆਂ ਲਈ ਜਾਂ ਫਰਿੱਜ ਵਿੱਚ ਰੱਖੋ। ਢੋਡੇ ਨੂੰ ਕੁਝ ਚਾਕਲੇਟੀ ਸਵਾਦ ਅਤੇ ਰੰਗ ਦੇਣ ਲਈ ਕੋਕੋ ਪਾਊਡਰ ਦੀ ਵਰਤੋਂ ਕਰੋ ਜੀਂ ਫਿਰ ਇਸ ਦੀ ਬਜਾਏ ਖੰਡ ਨੂੰ ਕੈਰੇਮੇਲਾਈਜ਼ ਕਰ ਸਕਦੇ ਹੋ ਅਤੇ ਭੂਰੇ ਰੰਗ ਲਈ ਮਿਸ਼ਰਣ ਵਿੱਚ ਸ਼ਾਮਲ ਕਰ ਸਕਦੇ ਹੋ।
ਇੱਥੇ ਜਿਕਰਯੋਗ ਹੈ ਕਿ ਖੁਸ਼ਾਬ ਫ਼ਾਰਸੀ ਦੇ ਦੋ ਸ਼ਬਦਾਂ ਦੇ ਸੁਮੇਲ ਖੁਸ਼ + ਆਬ ਤੋਂ ਬਣਿਆ ਹੋਇਆ ਸ਼ਬਦ ਹੈ, ਖੁਸ਼ = ਮਿੱਠਾ ਤੇ ਆਬ = ਪਾਣੀ,ਜਿਸ ਦਾ ਸੰਪੂਰਨ ਭਾਵ ਅਰਥ “ਮਿੱਠਾ ਪਾਣੀ” ਬਣਦਾ ਹੈ । ਇਕ ਪੁਰਾਤਨ ਕਥਾ ਮੁਤਾਬਿਕ ਦੇਰ ਪਹਿਲਾਂ ਤੋਂ ਇਸ ਸ਼ਬਦ ਦਾ ਸੰਬੰਧ ਪੱਛਮ ਤੋ ਆਏ ਹਮਲਾਵਰਾਂ ਨਾਲ ਹੈ ਜੋ ਜਿਹਲਮ ਨਦੀ ਦੇ ਕੰਢੇ ਵਸੇ ਇਸ ਸ਼ਹਿਰ ਦੇ ਮਿੱਠੇ ਪਾਣੀ ਦਾ ਜ਼ਿਕਰ ਕਰਨ ਵਾਸਤੇ ਵਰਤਦੇ ਸਨ ਤੇ ਬਾਅਦ ਚ ਏਹੀ ਸ਼ਹਿਰ “ਖੁਸ਼ਾਬ ਧੋਡਾ” ਦੇ ਨਾਮ ਨਾਲ ਮਸ਼ਹੂਰ ਹੋ ਗਿਆ ।
1947 ਦੀ ਖੂਨੀ ਹਨੇਰੀ ਝੁੱਲੀ, ਪਹਿਲਵਾਨ ਹੰਸਰਾਜ ਆਪਣੀ ਜਾਨ ਬਚਾਅ ਕੇ ਕਿਲੇ ਤਰਾਂ ਪਰਿਵਾਰ ਸਮੇਤ ਕੋਟ ਕਪੂਰੇ ਆਣ ਵਸਿਆ ਜਿਥੇ ਉਸ ਨੇ ਆਪਣੇ “ਢੋਡਾ” ਨਾਮ ਦੇ ਉੱਕਮ ਅਹਾਰ ਦਾ ਵਪਾਰੀਕਰਨ ਕੀਤਾ ਤੇ ਉਸ ਦਾ ਵਪਾਰ ਦਿਨਾ ਚ ਹੀ ਚੱਲ ਨਿਕਲਿਆ । ਬੇਸ਼ੱਕ ਅਜਕਲ “ਢੋਡਾ” ਦਾ ਨਾਮ ਕੋਟਕਪੂਰੇ ਨਾਲ ਜੁੜਿਆ ਹੋਇਆ ਹੈ ਪਰ ਪਾਕਿਸਤਾਨ ਦਾ ਸ਼ਹਿਰ ਖੁਸ਼ਾਬ ਇਸ ਅਹਾਰ/ਮਿਠਿਆਈ ਦੇ ਮੂਲ ਤੇ ਮਾਣ ਨਾਲ ਜੁੜੀ ਹੋਈ ਧਰਤੀ ਹੈ । ਦੱਸਿਆ ਜਾਂਦਾ ਹੈ ਕਿ ਪਹਿਲਵਾਨ ਹੰਸਰਾਜ ਤਾਂ ਦੇਰ ਸਮਾਂ ਪਹਿਲਾਂ ਦਾ ਗੁਜਰ ਚੁੱਕਾ ਹੈ ਪਰ ਉਸ ਦੇ ਪਰਿਵਾਰਕ ਮੈਂਬਰ ਤੇ ਉਸ ਦੇ ਹੋਰ ਸਿਖਾਂਦਰੂ ਢੋਡਾ ਦਾ ਵਪਾਰ ਕਰਕੇ ਚੰਗੀ ਚੋਖੀ ਕਮਾਈ ਕਰ ਰਹੇ ਹਨ ।
ਹੁਣਵੀ ਪੰਜਾਬ ਫੇਰੀ ਦੌਰਾਨ ਮੈ ਪਹਿਲੀਵਾਰ “ਢੋਡਾ” ਖਾਧਾ ਤਾਂ ਮੈਨੂੰ ਇਹ ਕਿਸੇ ਵੀ ਤਰਾਂ ਦੀ ਮਿਠਿਆਈ ਲੱਗਣ ਦੀ ਬਜਾਏ ਸਵਾਦ ਵਜੋ ਇਕ ਖਾਸ ਪਰਕਾਰ ਦੇ ਐਨਰਜੀ ਅਹਾਰ ਵਜੋਂ ਸਾਹਮਣੇ ਆਇਆ । ਇਸ ਦੀ ਬਣਤਰ ਸੱਚਮੁੱਚ ਹੀ ਭੂਰੇ ਰੰਗ ਦੀ ਬਰਫੀ ਵਰਗੀ ਹੈ, ਪਰ ਟੈਸਟਰ ਤੇ ਸੁਆਦ ਦੋਵੇਂ ਲਾ ਜਵਾਬ ਹਨ, ਇਸ ਵਿਚ ਰਲਾਏ ਗਏ ਸੁੱਕੇ ਮੇਵਿਆ ਦਾ ਸਵਾਦ ਤਾਂ ਖਾਧਿਆ ਹੀ ਮਹਿਲੂਸ ਕੀਤਾ ਜਾ ਸਕਦਾ ਹੈ । ਦੱਸਿਆ ਜਾਂਦਾ ਹੈ ਇਸ ਅਹਾਰ ਦਾ ਇਕ ਸੀਮਾ ਤਹਿਤ ਨਿਯਮਤ ਰੂਪ ਚ ਸੇਵਨ ਕਰਨ ਨਾਲ ਜਿਥੇ ਮਨੁੱਖੀ ਸਰੀਰ ਨਿਰੋਗ ਰਹਿੰਦਾ ਹੈ ਉਥੇ ਘੋੜੇ ਵਾਂਗ ਮਜਬੂਤ ਤੇ ਚੁਸਤ ਦਰੁਸਤ ਵੀ ਰਹਿੰਦਾ ਹੈ ।
ਇਸ ਸਮੇਂ ਖੁਸ਼ਾਬ ਚ ਖੋਜਿਆ ਢੋਡਾ ਕੋਟਕਪੂਰੇ ਤੋਂ ਹੁੰਦਾ ਹੋਇਆ ਜਿਥੇ ਪੰਜਾਬ ਚ ਬਹੁਤ ਮਸ਼ਹੂਰ ਹੋ ਗਿਆ, ਬਜੁਰਗਾਂ ਤੇ ਨੌਜਵਾਨਾ ਦੀ ਖਾਸ ਖੁਰਾਕ ਬਣ ਗਿਆ ਹੈ, ਮਿੱਤਰਾ ਤੇ ਰਿਸ਼ਤੇਦਾਰਾਂ ਵਾਸਤੇ ਵੱਖ ਵੱਖ ਮੌਕਿਆ ‘ਤੇ ਅਦਾਨ ਪਰਦਾਨ ਦਾ ਤੋਹਫਾ ਬਣ ਗਿਆ ਹੈ ਤੇ ਸਕੂਲੀ ਬੱਚਿਆ ਦੇ ਟਿਫਨ ਦਾ ਖਾਸ ਹਿੱਸਾ ਬਣ ਗਿਆ ਹੈ ਉਥੇ ਦੇਸ਼ ਵਿਦੇਸ਼ ਚ ਵੀ ਬਹੁਤ ਮਸ਼ਹੂਰ ਹੋ ਗਿਆ ਹੈ ਤੇ ਇਸ ਦੀ ਮੰਗ ਦਿਨੋ ਦਿਨ ਤੇਜੀ ਨਾਲ ਲਹਾਤਾਰ ਵਧਦੀ ਜਾ ਰਹੀ ਹੈ ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਕਾਨ੍ਹ  ਸਿੰਘ ਨਾਭਾ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin