Articles

ਪੰਜਾਬੀਓ ਜਾਗਦੇ ਰਹੋ ! ਆਪਣੀ ਹੋਂਦ, ਆਣ ਅਤੇ ਸ਼ਾਨ ਸਰਕਾਰਾਂ ਦੇ ਭਰੋਸੇ ਨਾ ਛੱਡੋ !

ਲੇਖਕ: ਮੁਹੰਮਦ ਜਮੀਲ ਜੌੜਾ ਐਡਵੋਕੇਟ, ਕਿਲਾ ਰਹਿਮਤਗੜ੍ਹ, ਸੰਗਰੂਰ

ਪੰਜਾਬ ਭਾਵੇਂ ਅਨੇਕਾਂ ਵਾਰ ਟੁੱਟਿਆ ਪਰੰਤੂ ਪੰਜਾਬੀਆਂ ਦੀ ਹਿੰਮਤ ਅਤੇ ਹੌਸਲਾ ਨਹੀਂ ਟੁੱਟਾ । ਇਸੇ ਗੱਲ ਨੇ ਕੇਂਦਰ ਸਰਕਾਰ ਦੀ ਪ੍ਰੇਸ਼ਾਨੀ ਵਧਾਈ ਹੋਈ ਹੈ ਜੋ ਆਏ ਦਿਨ ਸਾਜ਼ਿਸ਼ਾਂ ਰਚ ਕੇ ਪੰਜਾਬੀਆਂ ਦੇ ਜਜ਼ਬੇ ਅਤੇ ਹੌਸਲੇ ਨੂੰ ਤੋੜਣਾ ਚਾਹੁੰਦੀ ਹੈ । ਕੇਂਦਰ ਸਰਕਾਰ ਨੇ ਤਿੰਨ ਕਾਲੇ ਖੇਤੀ ਕਾਨੂੰਨ ਬਣਾ ਕੇ ਦੇਸ਼ ਭਰ ‘ਚ ਹੋ ਰਹੇ ਵਿਰੋਧ ਦੇ ਬਾਵਜੂਦ ਵੀ ਇੱਕ ਸਾਲ ਤੱਕ ਰੱਦ ਨਾ ਕੀਤੇ ਆਖਰ! ਇੱਕ ਸਾਲ ਦੇ ਲੰਬੇ ਸੰਘਰਸ਼ ਤੋਂ ਬਾਦ  ਕੇਂਦਰ ਨੂੰ ਪੰਜਾਬ ਦੇ ਲੋਕਾਂ ਦੇ ਹੌਸਲੇ ਅੱਗੇ ਗੋਡੇ ਟੇਕਣੇ ਪਏ । ਆਪਣੀ ਹਾਰ ਦਾ ਬਦਲਾ ਲੈਣ ਅਤੇ ਦੇਸ਼ ਭਰ ਤੇ ਆਪਣੀ ਚੌਧਰ ਸਥਾਪਤ ਕਰਨ ਦੇ ਮਨਸੂਬੇ ਨਾਲ ਬੀਜੇਪੀ ਸਰਕਾਰ ਨੇ ਪਾਕਿਸਤਾਨ ਦੀ ਸੀਮਾ ਨਾਲ ਲੱਗਦਾ 50 ਕਿਲੋਮੀਟਰ ਦਾ ਏਰੀਆ ਸਿੱਧੇ ਤੌਰ ਤੇ ਕੇਂਦਰ ਦੇ ਅਧੀਨ ਕਰ ਲਿਆ ਜਿਸ ਵਿੱਚ ਲੱਗਭਗ 25 ਫੀਸਦੀ ਪੰਜਾਬ ਆ ਚੁੱਕਾ ਹੈ, ਸਿਰਫ ਜੰਮੂ ਨੂੰ ਦੋਬਾਰਾ ਸੂਬਾ ਬਣਾਉਣ ਦੀਆਂ ਵਿਉਂਤਾਂ, ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਵਿੱਚੋਂ ਇੱਕਦਮ ਪੰਜਾਬ ਦੀ ਹਿੱਸੇਦਾਰੀ ਖਤਮ ਕਰ ਦੇਣਾ ਅਤੇ ਪੰਜਾਬ ਪੁਲਿਸ ਨੂੰ ਹਟਾ ਕੇ ਸੈਂਟਰਲ ਇੰਡਸਟਰੀਅਲ ਸਕਿਉਰਿਟੀ ਫੋਰਸ (ਸੀ.ਆਈ.ਐਸ.ਐਫ.) ਦੀ ਤੈਨਾਤੀ, ਚੰਡੀਗੜ੍ਹ ‘ਚ ਵਿਧਾਨ ਸਭਾ ਸਥਾਪਤ ਕਰਨ ਜਿਹੇ ਬਿਆਨ, ਜਿਸ ਨਾਲ ਪੰਜਾਬ ਦੀ ਹੋਂਦ ਖਤਰੇ ਵਿੱਚ ਪੈ ਗਈ ਹੈ । ਕੇਂਦਰ ਸਰਕਾਰ ਦੇ ਅਜਿਹੇ ਫੈਸਲਿਆਂ ਤੋਂ ਲੱਗ ਰਿਹਾ ਹੈ ਕਿ ਪੰਜਾਬ ਨੂੰ ਸਾਰੇ ਪਾਸਿਓਂ ਛਾਂਗ ਕੇ ਬੌਨਾ ਕੀਤਾ ਜਾਵੇਗਾ ਅਤੇ ਬਚੇ ਖੁਚੇ ਹਿੱਸੇ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾ ਕੇ ਕੇਂਦਰ ਵੱਲੋਂ ਸੰਚਾਲਿਤ ਕੀਤਾ ਜਾਵੇਗਾ ।

ਦੁਨੀਆ ਦੇ ਸਭ ਤੋਂ ਵੱਧ ਤਾਕਤਵਰ ਅਤੇ ਹੌਸਲੇਵਾਲੇ ਦਰਿਆ ਦਿਲ ਲੋਕਾਂ ਦੀ ਧਰਤੀ ਪੰਜਾਬ ਨੇ ਵੰਡ ਦਾ ਦਰਦ ਸਭ ਤੋਂ ਵੱਧ ਹੰਢਾਇਆ ਹੈ । ਕੋਈ ਸਮਾਂ ਸੀ ਜਦੋਂ ਖਾਲਸਾ ਰਾਜ ਸਮੇਂ ਪੰਜਾਬ ਦੀਆਂ ਸੀਮਾਵਾਂ ਚੀਨ, ਪਾਕਿਸਤਾਨ, ਅਫਗਾਨਿਸਤਾਨ, ਤਿੱਬਤ ਨਾਲ ਲੱਗਦੀਆਂ ਸਨ, ਜੰਮੂ ਕਸ਼ਮੀਰ, ਲਾਹੌਰ, ਮੁਲਤਾਨ ਅਤੇ ਪਿਸ਼ਾਵਰ ਪੰਜਾਬ ਦਾ ਹਿੱਸਾ ਸਨ । ਸਮਾਂ ਬੀਤਦਾ ਗਿਆ ਅਤੇ ਬੇਬਸ ਪੰਜਾਬ ਹੌਲੀ-ਹੌਲੀ ਤੂਤ ਦੀਆਂ ਛਟੀਆਂ ਵਾਂਗ ਛਾਂਗਿਆਂ ਜਾਂਦਾ ਰਿਹਾ । ਦੇਸ਼ ਅਜ਼ਾਦ ਹੋਇਆ ਤਾਂ ਉਸ ਦਾ ਸਭ ਤੋਂ ਵੱਧ ਨੁਕਸਾਨ ਅਤੇ ਦਰਦ ਪੰਜਾਬ ਨੂੰ ਹੀ ਝੱਲਣਾ ਪਿਆ । ਪੰਜਾਬ ਦੇ ਦੋ ਟੁਕੱੜੇ ਹੋਏ ‘ਚੜ੍ਹਦਾ’ ਅਤੇ ‘ਲਹਿੰਦਾ’ ਪੰਜਾਬ । ਪੰਜਾਬ ਦੇ ਲੋਕਾਂ ਨੇ ਹਿੰਮਤ ਨਹੀਂ ਹਾਰੀ, ਹਾਲਾਤਾਂ ਨਾਲ ਜੂਝਦੇ ਰਹੇ, ਪੰਜਾਬੀਆਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ  ਦੇਖਿਆ ਸਗੋਂ ਅਗਾਂਹ ਵਧਦੇ ਗਏ, ਫਿਰ ਤੋਂ ਰੰਗਲਾ ਪੰਜਾਬ ਨਜ਼ਰ ਆਉਣ ਲੱਗਾ ਸੀ ਕਿ 1966 ਵਿੱਚ ਹਰਿਆਣਾ ਅਲੱਗ ਕਰ ਦਿੱਤਾ ਗਿਆ ਅਤੇ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਪੰਜਾਬ ਦੇ ਪੁਆਧ ਇਲਾਕੇ ਦੇ ਦਰਜਨਾਂ ਪਿੰਡਾਂ ਨੂੰ ਉਜਾੜ ਕੇ ਬਣਾਈ ਗਈ । 1971 ਵਿੱਚ ਫਿਰ ਹਿਮਾਚਲ ਪ੍ਰਦੇਸ਼ ਨਵਾਂ ਸੂਬਾ ਬਣਾ ਦਿੱਤਾ ਗਿਆ । ਪੰਜਾਬ ਇੱਕ ਵਾਰ ਨਹੀਂ ਬਲਿਕ ਅਨੇਕਾਂ ਵਾਰ ਛਾਂਗਿਆ ਗਿਆ ।

6 ਅਗਸਤ 2019 ਨੂੰ ਜੰਮੂ ਕਸ਼ਮੀਰ ਵਿੱਚੋਂ ਆਰਟੀਕਲ 370 ਹਟਾ ਦਿੱਤਾ ਗਿਆ ਜੋ ਉਸ ਨੂੰ ਬਾਕੀ ਰਾਜਾਂ ਨਾਲੋਂ ਵੱਧ ਅਧਿਕਾਰ ਦਿੰਦਾ ਸੀ । ਜੰਮੂ, ਕਸ਼ਮੀਰ ਅਤੇ ਲੱਦਾਖ ਤਿੰਨ ਕੇਂਦਰੀ ਸ਼ਾਸਤ ਪ੍ਰਦੇਸ ਬਣਾ ਦਿੱਤੇ ਗਏ । ਕੇਂਦਰ ‘ਚ ਸੱਤਾ ਚਲਾ ਰਹੀ ਬੀਜੇਪੀ ਸਰਕਾਰ ਉਦੋਂ ਤੋਂ ਹੀ ਇਸ ਕੋਸ਼ਿਸ਼ ਵਿੱਚ ਹੈ ਕਿ ਕੁਝ ਹਾਲਾਤ ਠੀਕ ਹੋਣ ਅਤੇ ਜੰਮੂ ਨੂੰ ਪੰਜਾਬ ਦਾ ਨਾਲ ਲੱਗਦਾ ਇਲਾਕਾ ਸ਼ਾਮਲ ਕਰਕੇ ਪੂਰਨ ਰਾਜ ਬਣਾ ਦਿੱਤਾ ਜਾਵੇ ਜਿਸ ਨਾਲ ਪੰਜਾਬ ਅਤੇ ਕਸ਼ਮੀਰ ਦੋਵੇਂ ਕਮਜ਼ੋਰ ਹੋ ਜਾਣਗੇ ਅਤੇ ਬੀਜੇਪੀ ਆਸਾਨੀ ਨਾਲ ਜੰਮੂ ਸੂਬੇ ਵਿੱਚ ਆਪਣੀ ਸਰਕਾਰ ਬਣਾ ਸਕਦੀ ਹੈ । ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਹੀ ਰੱਖਿਆ ਜਾਵੇ ਜਿਸ ਨੂੰ ਦਿੱਲੀ ਤੋਂ ਗ੍ਰਹਿ ਵਿਭਾਗ ਵੱਲੋਂ ਚਲਾਇਆ ਜਾਵੇਗਾ । ਕੇਂਦਰ ਸਰਕਾਰ ਪਾਕਿਸਤਾਨ ਦੀਆਂ ਸੀਮਾਵਾਂ ਨਾਲ ਲੱਗਦਾ 50 ਕਿਲੋਮੀਟਰ ਦਾ ਇਲਾਕਾ ਪਹਿਲਾਂ ਹੀ ਬੀ.ਐਸ.ਐਫ. ਦੇ ਅਧੀਨ ਕਰ ਚੁੱਕੀ ਹੈ ਜੋ ਕਿ ਸਿੱਧੇ ਤੌਰ ਤੇ ਕੇਂਦਰ ਦੇ ਕੰਟਰੋਲ ਵਿੱਚ ਆਉਂਦਾ ਹੈ । ਪਿਛਲੇ ਕਈ ਦਿਨਾਂ ਤੋਂ ਚਰਚਾਵਾਂ ਚੱਲ ਰਹੀਆਂ ਹਨ ਕਿ ਚੰਡੀਗੜ੍ਹ ‘ਚ ਦਿੱਲੀ ਵਾਂਗ ਵਿਧਾਨ ਸਭਾ ਕਾਇਮ ਕੀਤੀ ਜਾਵੇਗੀ ਜੋ ਕਿ ਚੰਡੀਗੜ੍ਹ ਦੇ ਪੰਜਾਬ ਨਾਲ ਲੱਗਦੇ ਇਲਾਕੇ ਵਿੱਚ ਸ਼ਾਮਲ ਕਰਕੇ ਹੀ ਸੰਭਵ ਹੈ । ਚੰਡੀਗੜ੍ਹ ਦੀ ਅਬਾਦੀ 10 ਲੱਖ ਦੇ ਕਰੀਬ ਹੈ ਜਿੱਥੇ ਸਿਰਫ ਇੱਕ ਐਮ.ਪੀ. ਹੀ ਬਣਦਾ ਹੈ । ਪਿਛਲੇ ਦਿਨੀਂ ਪੰਜਾਬ ਅੰਦਰ ਵੱਡੀ ਗਿਣਤੀ ‘ਚ ਸੀਟਾਂ ਜਿੱਤ ਕੇ ਸੱਤਾ ‘ਚ ਆਈ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਲਈ ਭੇਜੇ 5 ਮੈਂਬਰ ਵੀ ਪੰਜਾਬ ਲਈ ਚੰਗਾ ਸੰਕੇਤ ਨਹੀਂ ਜਾਪਦੇ ।

ਕਹਾਵਤ ਹੈ ਕਿ ਸੋਚ ਚੰਗੀ ਹੋਵੇ ਜਾਂ ਮਾੜੀ ਇਸ ‘ਤੇ ਕਿਸੇ ਦਾ ਵਸ਼ ਨਹੀਂ ਹੁੰਦਾ । ਉਪਰੋਕਤ ਸਭ ਸਾਜ਼ਿਸ਼ਾਂ ਬਾਰੇ ਬੀਜੇਪੀ ਸਰਕਾਰ ਸੋਚ ਤਾਂ ਸਕਦੀ ਹੈ ਪਰੰਤੂ ਉਨਾਂ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ ਜਦੋਂ ਪੰਜਾਬ ਦੀ ਹੋਂਦ ਦੀ ਗੱਲ ਆ ਗਈ ਤਾਂ ਹਕੂਮਤਾਂ ਦੇ ਸਭ ਮਨਸੂਬੇ ਫੇਲ ਹੋ ਜਾਣਗੇ । ਪੰਜਾਬ ਦੇ ਅਣਖੀ ਲੋਕ ਕਦੇ ਵੀ ਕਸ਼ਮੀਰ ਦੀ ਤਰ੍ਹਾਂ ਕੇਂਦਰ ਦੇ ਗੁਲਾਮ ਬਣਕੇ ਜੀਵਨ ਨਹੀਂ ਗੁਜਾਰਣਗੇ । ਇਤਿਹਾਸ ਗਵਾਹ ਹੈ ਕਿ ਅੰਗਰੇਜਾਂ ਨੇ ਸਾਰੇ ਭਾਰਤ ਤੇ ਕਬਜ਼ਾ ਕਰ ਲਿਆ ਪਰੰਤੂ ਪੰਜਾਬ ਦਾ ਨਾਮ ਸੁਣਕੇ ਹੀ ਡਰ ਜਾਂਦੇ ਸਨ । ਫਿਰ ਜਦੋਂ ਪੂਰੀ ਤਾਕਤ ਲਗਾ ਕੇ 1849 ਵਿੱਚ ਪੰਜਾਬ ਵੀ ਅੰਗਰੇਜੀ ਹਕੂਮਤ ਦੇ ਅਧੀਨ ਹੋ ਗਿਆ ਉਸੇ ਸਮੇਂ ਤੋਂ ਦੇਸ਼ ਦੀ ਆਜ਼ਾਦੀ ਲਈ ਵਿਦਰੋਹ ਤੇਜ਼ ਹੋ ਗਏ । ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ । ਭਾਰਤੀਆਂ ਤੇ ਜ਼ੁਲਮ ਕਰਨ ਵਾਲੇ ਅੰਗਰੇਜ਼ਾਂ ਨੂੰ ਉਨ੍ਹਾਂ ਦੇ ਘਰ ‘ਚ ਜਾ ਕੇ ਮਾਰਿਆ । ਪੰਜਾਬੀਆਂ ਵਿੱਚ ਭਾਵੇਂ ਲੱਖ ਆਪਸੀ ਵੱਖਰੇਵੇਂ ਅਤੇ ਵਿਚਾਰਕ ਮੱਤਭੇਦ ਹੋਣ ਪਰੰਤੂ ਜਦੋਂ ਗੱਲ ਪੰਜਾਬ ਦੀ ਆਣ. ਸ਼ਾਨ ਅਤੇ ਹੋਂਦ ਦੀ ਆਵੇਗੀ ਤਾਂ ਸਾਰੇ ਪੰਜਾਬੀ ਇੱਕਜੁੱਟ ਹੋ ਕੇ ਕਿਸੇ ਵੀ ਵੱਡੀ ਤੋਂ ਵੱਡੀ ਤਾਕਤ ਖਿਲਾਫ ਡਟ ਜਾਣਗੇ ਅਤੇ ਕੇਂਦਰ ਦੇ ਨਾਦਰਸ਼ਾਹੀ ਫਰਮਾਨਾਂ ਨੂੰ ਠੁਕਰਾ ਦੇਣਗੇ ।

Related posts

ਚੰਡੀਗੜ੍ਹ ਵਿਵਾਦ ਵੇਲੇ ਦੀ ਵੰਗਾਰ ਹੈ !

admin

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin

ਭਾਰਤ ’ਤੇ ਲਾਏ ਬੇਬੁਨਿਆਦ ਦੋਸ਼ ਟਰੂਡੋ ਸਰਕਾਰ ਦੇ ਸਿਆਸੀ ਏਜੰਡੇ ਦਾ ਹਿੱਸਾ !

admin