Articles

ਵਿਸ਼ਵ ਵਿੱਚ ਹਰ ਸਾਲ ਕਰੋੜਾਂ ਟਨ ਖਾਧ-ਪਦਾਰਥ ਬਰਬਾਦ ਕਰ ਦਿੱਤੇ ਜਾਂਦੇ ਹਨ !

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਸੰਨ 2020 ਦੌਰਾਨ ਪੂਰੀ ਦੁਨੀਆਂ ਵਿੱਚ ਕਰੀਬ 98 ਕਰੋੜ ਟਨ ਖਾਧ ਪਦਾਰਥ ਬਰਬਾਦ ਕੀਤੇ ਗਏ ਸਨ ਜਿਨ੍ਹਾਂ ਨਾਲ ਧਰਤੀ ਦੁਆਲੇ ਦੋ ਇੰਚ ਚੌੜੀ ਤੇ ਦੋ ਇੰਚ ਉੱਚੀ ਪੱਟੀ ਸੱਤ ਵਾਰ ਬਣਾਈ ਜਾ ਸਕਦੀ ਹੈ। ਇਸ ਬਰਬਾਦੀ ਵਿੱਚ ਭਾਰਤ ਵਰਗੇ ਗਰੀਬ ਦੇਸ਼ ਦਾ ਵੀ ਵੱਡਾ ਹਿੱਸਾ ਹੈ ਜੋ ਕਰੀਬ 7 ਕਰੋੜ ਟਨ ਬਣਦਾ ਹੈ। ਖਾਧ ਪਦਾਰਥਾਂ ਦੀ ਬਰਬਾਦੀ ਵਿੱਚ ਘਰਾਂ ਦੀ ਰਸੋਈ 61%, ਹੋਟਲ, ਢਾਬੇ ਅਤੇ ਮੈਰਿਜ ਪੈਲੇਸ 26% ਅਤੇ ਥੋਕ ਤੇ ਪ੍ਰਚੂਨ ਦੀਆਂ ਦੁਕਾਨਾਂ 13% ਹਿੱਸਾ ਪਾਉਂਦੀਆਂ ਹਨ। ਦੁਨੀਆਂ ਵਿੱਚ ਪੈਦਾ ਕੀਤੇ ਜਾਂਦੇ ਕੁੱਲ ਅਨਾਜ ਤੇ ਸਬਜ਼ੀਆਂ ਵਿੱਚੋਂ 18% ਬਰਬਾਦ ਹੋ ਜਾਂਦੇ ਹਨ ਜਿਸ ਨਾਲ 40 ਟਨ ਭਾਰ ਚੁੱਕਣ ਦੀ ਸਮਰਥਾ ਵਾਲੇ 2 ਕਰੋੜ 30 ਲੱਖ ਟਰੱਕ ਭਰੇ ਜਾ ਸਕਦੇ ਹਨ। ਸੰਸਾਰ ਦੇ ਖਾਧ ਪਦਾਰਥ ਬਰਬਾਦ ਕਰਨ ਵਾਲੇ ਚੋਟੀ ਦੇ ਦਸ ਦੇਸ਼ਾਂ ਵਿੱਚੋਂ ਚੀਨ (10 ਕਰੋੜ ਟਨ) ਪਹਿਲੇ ਅਤੇ ਭਾਰਤ (7 ਕਰੋੜ ਟਨ) ਦੂਸਰੇ ਸਥਾਨ ‘ਤੇ ਹੈ। ਇਸ ਤੋਂ ਬਾਅਦ ਕ੍ਰਮਵਾਰ ਅਮਰੀਕਾ (2 ਕਰੋੜ ਟਨ), ਜਪਾਨ (82 ਲੱਖ ਟਨ), ਜਰਮਨੀ (64 ਲੱਖ ਟਨ), ਫਰਾਂਸ (57 ਲੱਖ ਟਨ), ਇੰਗਲੈਂਡ (52 ਲੱਖ ਟਨ), ਰੂਸ (50 ਲੱਖ ਟਨ), ਸਪੇਨ (40 ਲੱਖ ਟਨ) ਅਤੇ ਆਸਟਰੇਲੀਆ (30 ਲੱਖ ਟਨ) ਆਉਂਦੇ ਹਨ। ਇਹ ਅੰਕੜੇ ਘੋਖਣ ਤੋਂ ਬਾਅਦ ਇਹ ਹੈਰਾਨੀਜਨਕ ਤੱਥ ਸਾਹਮਣੇ ਆਉਂਦਾ ਹੈ ਕਿ ਜਿਸ ਦੇਸ਼ ਦੀ ਜਿੰਨੀ ਵੱਧ ਅਬਾਦੀ ਹੈ, ਉਸ ਦੀ ਖਾਧ ਪਦਾਰਥਾਂ ਦੀ ਬਰਬਾਦੀ ਵੀ ਉਨੀ ਹੀ ਜਿਆਦਾ ਹੈ। ਯੁਨਾਈਟੇਡ ਨੇਸ਼ਨਜ਼ ਵੱਲੋਂ ਕੀਤੇ ਗਏ ਇੱਕ ਸਰਵੇ ਮੁਤਾਬਕ ਸੰਸਾਰ ਵਿੱਚੋਂ ਭੁੱਖਮਰੀ ਮਿਟਾਉਣ ਲਈ ਹੋਰ ਅਨਾਜ਼ ਪੈਦਾ ਕਰਨ ਦੀ ਬਜਾਏ ਜੇ ਸਿਰਫ ਖਾਧ ਪਦਾਰਥਾਂ ਦੀ ਬਰਬਾਦੀ ਨੂੰ ਹੀ ਰੋਕ ਲਿਆ ਜਾਵੇ ਤਾਂ ਸੰਸਾਰ ਦਾ ਕੋਈ ਵੀ ਵਿਅਕਤੀ ਭੁੱਖਾ ਨਹੀਂ ਸੌਵੇਂਗਾ।
ਯੂ.ਐਨ.ਈ.ਪੀ (ਯੁਨਾਈਟਿਡ ਨੇਸ਼ਨਜ਼ ਐਨਵਾਇਰਮੈਂਟ ਪ੍ਰੋਗਰਾਮ) ਮੁਤਾਬਕ ਖਾਣੇ ਦੀ ਬਰਬਾਦੀ ਨਾਲ ਸਿਰਫ ਭੁੱਖਮਰੀ ਹੀ ਨਹੀਂ ਵਧਦੀ, ਸਗੋਂ ਇਸ ਦੇ ਦੂਰਰਸ ਵਾਤਾਵਰਣ ਸਬੰਧੀ, ਆਰਥਿਕ ਅਤੇ ਸਮਾਜਿਕ ਪ੍ਰਭਾਵ ਵੀ ਪੈਂਦੇ ਹਨ। ਸਾਡੀ ਧਰਤੀ ਹਰ ਸਾਲ ਗਰਮ ਹੁੰਦੀ ਜਾ ਰਹੀ ਹੈ। ਇਸ ਤਾਪਮਾਨ ਨੂੰ ਵਧਾਉਣ ਵਾਲੀਆਂ ਗਰੀਨ ਹਾਊਸ ਗੈਸਾਂ (ਕਾਰਬਨ ਡਾਇਆਕਸਾਈਡ, ਮੀਥੇਨ ਅਤੇ ਨਾਈਟਰਸ ਆਕਸਾਈਡ ਆਦਿ) ਦਾ 10 ਤੋਂ 12% ਉਤਪਾਦਨ ਗੰਦਗੀ ਦੇ ਢੇਰਾਂ ‘ਤੇ ਪਏ ਸੜਦੇ ਗਲਦੇ ਖਾਧ ਪਦਾਰਥਾਂ ਤੋਂ ਹੁੰਦਾ ਹੈ। ਖਾਧ ਪਦਾਰਥਾਂ ਦੀ ਬਰਬਾਦੀ ਰੋਕਣ ਨਾਲ ਗਰੀਨ ਹਾਊਸ ਗੈਸਾਂ ਦੇ ਉਤਪਾਦਨ ਵਿੱਚ ਕਮੀ ਹੋਵੇਗੀ, ਕੁਦਰਤ ਦੀ ਬਰਬਾਦੀ ਧੀਮੀ ਹੋ ਜਾਵੇਗੀ, ਭੁੱਖਮਰੀ ਖਤਮ ਹੋਵੇਗੀ ਅਤੇ ਅਰਬਾਂ ਡਾਲਰ ਦੀ ਬਚਤ ਅਲੱਗ ਤੋਂ ਹੋਵੇਗੀ। 2019 ਦੌਰਾਨ ਸੰਸਾਰ ਵਿੱਚ 269 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹੋਏ ਸਨ ਤੇ ਕਰੋਨਾ ਦੇ ਵਾਰ ਵਾਰ ਹੋ ਰਹੇ ਪ੍ਰਕੋਪ ਕਾਰਨ ਇਹ ਗਿਣਤੀ 2022 ਵਿੱਚ ਕਈ ਗੁਣਾ ਵਧ ਜਾਣ ਦੀ ਆਸ਼ੰਕਾ ਹੈ। ਜੇ ਸਿਰਫ ਖਾਧ ਪਦਾਰਥਾਂ ਦੀ ਬਰਬਾਦੀ ਨੂੰ ਹੀ ਰੋਕ ਲਿਆ ਜਾਵੇ ਤਾਂ ਇਨ੍ਹਾਂ ਲੋਕਾਂ ਨੂੰ ਘੱਟੋ ਘੱਟ ਦੋ ਵਕਤ ਦਾ ਭਰ ਪੇਟ ਭੋਜਨ ਰੋਜ਼ਾਨਾ ਦਿੱਤਾ ਜਾ ਸਕਦਾ ਹੈ। ਲੰਬੇ ਸਮੇਂ ਤੱਕ ਇਹ ਹੀ ਸਮਝਿਆ ਜਾਂਦਾ ਰਿਹਾ ਸੀ ਕਿ ਖਾਧ ਪਦਾਰਥਾਂ ਦੀ ਬਰਬਾਦੀ ਸਿਰਫ ਅਮੀਰ ਦੇਸ਼ਾਂ ਦੀ ਸਮੱਸਿਆ ਹੈ। ਪਰ ਇਸ ਕੰਮ ਵਿੱਚ ਹੁਣ ਭਾਰਤ ਵਰਗੇ ਗਰੀਬ ਦੇਸ਼ ਕਿਤੇ ਅੱਗੇ ਲੰਘ ਗਏ ਹਨ। ਭਾਰਤ ਵਿੱਚ ਸਭ ਤੋਂ ਜਿਆਦਾ ਬਰਬਾਦੀ ਵਿਆਹਾਂ ਦੇ ਸੀਜ਼ਨ ਦੌਰਾਨ ਹੁੰਦੀ ਹੈ। ਰੋਜ਼ਾਨਾਂ ਲੱਖਾਂ ਟਨ ਬਚਿਆ ਹੋਇਆ ਖਾਣਾ ਗਰੀਬਾਂ ਵਿੱਚ ਵੰਡਣ ਦੀ ਬਜਾਏ ਕੂੜੇ ਦੇ ਢੇਰਾਂ ‘ਤੇ ਸੁੱਟ ਦਿੱਤਾ ਜਾਂਦਾ ਹੈ।
ਭਾਰਤ ਵਿੱਚ ਵਿਆਹਾਂ ਦੌਰਾਨ 20 ਤੋਂ 30% ਖਾਣਾ ਬਰਬਾਦ ਹੁੰਦਾ ਹੈ। ਇੱਕ ਔਸਤ ਭਾਰਤੀ ਪਰਿਵਾਰ ਆਪਣੀ ਜ਼ਿੰਦਗੀ ਭਰ ਦੀ ਕਮਾਈ ਦਾ ਪੰਜਵਾਂ ਹਿੱਸਾ ਇੱਕ ਵਿਆਹ ‘ਤੇ ਖਰਚ ਕਰ ਦਿੰਦਾ ਹੈ। ਕੈਟਰਿੰਗ ਕੰਪਨੀਆਂ ਨੇ ਪਿਛਲੇ ਵੀਹ ਸਾਲਾਂ ਵਿੱਚ ਪ੍ਰਤੀ ਪਲੇਟ ਖਾਣੇ ਦਾ ਰੇਟ 50 ਤੋਂ 60 ਗੁਣਾ ਤੱਕ ਵਧਾ ਦਿੱਤਾ ਹੈ। ਭਾਰਤ ਵਿੱਚ ਔਸਤਨ ਸਲਾਨਾ ਇੱਕ ਕਰੋੜ ਵਿਆਹ ਹੁੰਦੇ ਹਨ ਜਿਨ੍ਹਾਂ ਦੌਰਾਨ ਅਰਬਾਂ ਰੁਪਏ ਦਾ ਖਾਣਾ ਬਰਬਾਦ ਹੁੰਦਾ ਹੈ। ਬੰਗਲੌਰ ਐਗਰੀਕਲਚਰ ਯੂਨੀਵਰਸਿਟੀ ਨੇ 2020 ਵਿੱਚ ਇਸ ਸਬੰਧੀ ਇੱਕ ਸਰਵੇ ਕਰਵਾਇਆ ਤਾਂ ਚੌਂਕਾਉਣ ਵਾਲੇ ਅੰਕੜੇ ਸਾਹਮਣੇ ਆਏ। ਸਿਰਫ ਬੰਗਲੌਰ ਸ਼ਹਿਰ ਵਿੱਚ ਹੋਏ 85000 ਵਿਆਹਾਂ ਵਿੱਚ ਹੀ 943 ਮੀਟਰਿਕ ਟਨ ਖਾਣਾ ਕੂੜੇ ਵਿੱਚ ਸੁਟਿਆ ਗਿਆ। ਇਹ ਖਾਣਾ ਢਾਈ ਕਰੋੜ ਗਰੀਬਾਂ ਨੂੰ ਇੱਕ ਸਾਲ ਲਈ ਦੋ ਵਕਤ ਦਾ ਖਾਣਾ ਦੇਣ ਲਈ ਕਾਫੀ ਸੀ। ਵਿਆਹਾਂ ਵਿੱਚ ਅੱਠ ਦਸ ਡਿੱਸ਼ਾਂ ਨਾਲ ਵੀ ਸਰ ਸਕਦਾ ਹੈ, ਪਰ ਫੋਕੀ ਸ਼ਾਨ ਵਿਖਾਉਣ ਲਈ ਪੰਜਾਹ-ਪੰਜਾਹ ਡਿਸ਼ਾਂ ਤਿਆਰ ਕੀਤੀਆਂ ਜਾਂਦੀਆਂ ਹਨ। ਖਾਣੇ ਦੀ ਰੱਜ ਕੇ ਬਰਬਾਦੀ ਕੀਤੀ ਜਾਂਦੀ ਹੈ। ਜਿਹੜਾ ਸੌ ਗ੍ਰਾਮ ਨਹੀਂ ਖਾ ਸਕਦਾ, ਉਹ ਕਿੱਲੋ ਪਾ ਲੈਂਦਾ ਹੈ। ਜਦੋਂ ਖਾਧਾ ਨਹੀਂ ਜਾਂਦਾ ਤਾਂ ਪਲੇਟ ਸਮੇਤ ਡਸਟ ਬਿਨ ਵਿੱਚ ਸੁੱਟ ਦਿੱਤਾ ਜਾਂਦਾ ਹੈ।
ਖਾਣੇ ਦੀ ਬਰਬਾਦੀ ਵਿੱਚ ਅਮੀਰ ਦੇਸ਼ ਵੀ ਪਿੱਛੇ ਨਹੀਂ ਹਨ। ਅਮਰੀਕਾ ਵਿੱਚ ਹਰ ਸਾਲ ਕਰੀਬ 40 ਅਰਬ ਡਾਲਰ ਦੇ ਖਾਧ ਪਦਾਰਥ ਬਰਬਾਦ ਕੀਤੇ ਜਾਂਦੇ ਹਨ ਜੋ ਕੁੱਲ ਉਤਪਾਦਨ ਦਾ 30% ਬਣਦਾ ਹੈ। ਇਸ ਕਾਰਨ ਵਾਤਾਵਰਣ ਦੀ ਬਰਬਾਦੀ ਤਾਂ ਹੁੰਦੀ ਹੀ ਹੈ ਸਗੋਂ ਇਸ ਨੂੰ ਪੈਦਾ ਕਰਨ ਲਈ ਵਰਤਿਆ ਗਿਆ ਖਰਬਾਂ ਲੀਟਰ ਪਾਣੀ ਵੀ ਜਾਇਆ ਹੋ ਜਾਂਦਾ ਹੈ। ਉੱਤਰੀ ਅਤੇ ਦੱਖਣੀ ਅਮਰੀਕਾ ਵਿੱਚ ਜਿੰਨੇ ਖਾਧ ਪਦਾਰਥ ਬਰਬਾਦ ਹੁੰਦੇ ਹਨ, ਉਨ੍ਹਾਂ ਨਾਲ 30 ਕਰੋੜ ਲੋਕਾਂ ਦੀ ਭੁੱਖ ਮਿਟਾਈ ਜਾ ਸਕਦੀ ਹੈ। ਇੰਗਲੈਂਡ ਵਿੱਚ ਖਾਣੇ ਦੀ ਸਭ ਤੋਂ ਵੱਧ ਬਰਬਾਦੀ ਘਰਾਂ ਵਿੱਚ ਕੀਤੀ ਜਾਂਦੀ ਹੈ। ਖਰੀਦੇ ਗਏ ਕੁੱਲ 217 ਲੱਖ ਟਨ ਖਾਧ ਪਦਾਰਥਾਂ ਵਿੱਚੋਂ 67 ਲੱਖ ਟਨ ( 32%) ਸਿਰਫ ਇਸ ਲਈ ਖਰਾਬ ਹੋ ਜਾਂਦਾ ਹੈ ਕਿਉਂਕਿ ਜਰੂਰਤ ਤੋਂ ਵੱਧ ਖਰੀਦ ਲਿਆ ਜਾਂਦਾ ਹੈ ਤੇ ਚੰਗੀ ਤਰਾਂ ਸੰਭਾਲਿਆ ਨਹੀਂ ਜਾਂਦਾ। ਇੰਗਲੈਂਡ ਅਤੇ ਯੂਰਪ ਵਿੱਚ ਬਰਬਾਦ ਕੀਤੇ ਜਾ ਰਹੇ ਖਾਧ ਪਦਾਰਥਾਂ ਨਾਲ 20 ਕਰੋੜ ਲੋਕਾਂ ਨੂੰ ਖਾਣਾ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਆਸਟਰੇਲੀਆ ਵਿੱਚ 75 ਅਰਬ ਅਤੇ ਏਸ਼ੀਆ ਵਿੱਚ 112 ਖਰਬ ਡਾਲਰ ਦੇ ਖਾਧ ਪਦਾਰਥ ਹਰ ਸਾਲ ਬਰਬਾਦ ਹੋ ਜਾਂਦੇ ਹਨ। ਸਭ ਤੋਂ ਹੈਰਾਨੀਜਨਕ ਸਥਿੱਤੀ ਅਫਰੀਕਾ ਦੀ ਹੈ ਜਿੱਥੇ ਸੋਮਾਲੀਆ, ਚਾਡ, ਸੁਡਾਨ, ਮਾਲੀ, ਨਾਈਜ਼ੀਰੀਆ, ਇਥੋਪੀਆ ਅਤੇ ਸਹਾਰਾ ਰੇਗਸਤਾਨ ਦੇ ਅਨੇਕਾਂ ਦੇਸ਼ਾਂ ਦੀ ਕਰੋੜਾਂ ਅਬਾਦੀ ਭੁੱਖਮਰੀ ਨਾਲ ਜੂਝ ਰਹੀ ਹੈ। ਸਿਰਫ ਕੀਨੀਆਂ ਵਿੱਚ 950 ਲੱਖ ਲੀਟਰ ਅਤੇ ਤਨਜ਼ਾਨੀਆਂ ਵਿੱਚ 595 ਲੱਖ ਲੀਟਰ ਸਲਾਨਾ ਦੁੱਧ ਸੰਭਾਲਣ ਦੀਆਂ ਸਹੂਲਤਾਂ ਨਾ ਹੋਣ ਕਾਰਨ ਖਰਾਬ ਹੋ ਜਾਂਦਾ ਹੈ ਜੋ ਕੁੱਲ ਉਤਪਾਦਨ ਦਾ 30% ਬਣਦਾ ਹੈ। ਇਸੇ ਤਰਾਂ ਅਫਰੀਕਾ ਦਾ ਅਨਾਜ ਵੀ 20% ਦੇ ਕਰੀਬ ਖਰਾਬ ਹੋ ਜਾਂਦਾ ਹੈ ਜਿਸ ਨਾਲ ਉਸ ਦੀ 22% ਅਬਾਦੀ ਨੂੰ ਖਾਣਾ ਦਿੱਤਾ ਜਾ ਸਕਦਾ ਹੈ।
ਖਾਧ ਪਦਾਰਥਾਂ ਵਿੱਚ ਸਭ ਤੋਂ ਵੱਧ ਬਰਬਾਦੀ ਕ੍ਰਮਵਾਰ ਸਬਜ਼ੀਆਂ, ਫਲਾਂ, ਦੁੱਧ ਅਤੇ ਅਨਾਜ਼ ਦੀ ਹੁੰਦੀ ਹੈ। ਸਬਜ਼ੀਆਂ ਤੇ ਫਲ 40 ਤੋਂ 50%, ਦੁੱਧ ਪਦਾਰਥ 36%, ਮੀਟ ਅਤੇ ਮੱਛੀ 32%, ਤੇਲ ਬੀਜ਼ 20% ਅਤੇ ਅਨਾਜ ਅਤੇ ਦਾਲਾਂ 30% ਦੇ ਕਰੀਬ ਬਰਬਾਦ ਹੋ ਜਾਂਦੇ ਹਨ। ਹਰ ਸਾਲ ਜਿੰਨੇ ਖਾਧ ਪਦਾਰਥ ਬਰਬਾਦ ਕੀਤਾ ਜਾ ਰਹੇ ਹਨ, ਉਹ ਅੱਧੇ ਅਫਰੀਕਾ ਮਹਾਂਦੀਪ ਦਾ ਢਿੱਡ ਭਰਨ ਲਈ ਕਾਫੀ ਹਨ। ਗਰੀਬ ਦੇਸ਼ਾਂ ਵਿੱਚ ਸਹੂਲਤਾਂ ਦੀ ਕਮੀ ਹੋਣ ਕਾਰਨ ਖਾਧ ਪਦਾਰਥਾਂ ਦੀ 40% ਬਰਬਾਦੀ ਉਤਪਾਦਨ ਅਤੇ ਪ੍ਰੋਸੈੱਸਿੰਗ ਸਮੇਂ ਹੁੰਦੀ ਹੈ, ਜਦੋਂ ਕਿ ਅਮੀਰ ਦੇਸ਼ਾਂ ਵਿੱਚ ਇਸ ਦੀ 40% ਬਰਬਾਦੀ ਸਟੋਰਾਂ ਅਤੇ ਵਿਕਣ ਤੋਂ ਬਾਅਦ ਘਰਾਂ ਵਿੱਚ ਹੁੰਦੀ ਹੈ। ਗਰੀਬ ਦੇਸ਼ਾਂ ਵਿੱਚ ਭੰਡਾਰਣ, ਡੱਬਾਬੰਦ ਕਰਨ ਅਤੇ ਦੁੱਧ ਸ਼ੀਤਲਕਰਣ ਵਰਗੀਆਂ ਸਹੂਲਤਾਂ ਨਾ ਹੋਣ ਕਾਰਨ ਬਰਬਾਦੀ ਹੋ ਰਹੀ ਹੈ ਤੇ ਅਮੀਰ ਦੇਸ਼ਾਂ ਵਿੱਚ ਲੋੜ ਤੋਂ ਵੱਧ ਖਾਣਾ ਖਰੀਦ ਲੈਣ ਕਾਰਨ।
ਪਾਣੀ, ਵਾਤਾਵਰਣ ਅਤੇ ਮਨੁੱਖੀ ਸਿਹਤ ਨੂੰ ਬਰਕਰਾਰ ਰੱਖਣ ਲਈ ਖਾਧ ਪਦਾਰਥਾਂ ਦੀ ਬਰਬਾਦੀ ਰੋਕਣੀ ਬਹੁਤ ਹੀ ਜਰੂਰੀ ਹੋ ਗਈ ਹੈ। ਕੁਝ ਸਾਲਾਂ ਤੋਂ ਯੂਰਪ, ਅਮਰੀਕਾ ਅਤੇ ਕੈਨੇਡਾ ਵਰਗੇ ਵਿਕਸਿਤ ਦੇਸ਼ਾਂ ਵਿੱਚ ਜਗ੍ਹਾ ਜਗ੍ਹਾ ‘ਤੇ ਫੂਡ ਬੈਂਕ ਬਣ ਗਏ ਹਨ ਜਿੱਥੇ ਸਟੋਰਾਂ – ਹੋਟਲਾਂ ਵਾਲੇ ਅਤੇ ਸਧਾਰਣ ਲੋਕ ਆਪਣੇ ਵਾਧੂ ਖਾਧ ਪਦਾਰਥ ਪਹੁੰਚਾ ਆਉਂਦੇ ਹਨ। ਉਥੋਂ ਇਹ ਖਾਣਾ ਗਰੀਬ ਲੋਕਾਂ ਵਿੱਚ ਵੰਡ ਦਿੱਤਾ ਜਾਂਦਾ ਹੈ। ਕੁਝ ਦੇਰ ਤੋਂ ਭਾਰਤ ਵਿੱਚ ਵੀ ਕਈ ਸਮਾਜ ਸੇਵੀ ਸੰਸਥਾਵਾਂ ਨੇ ਇਹ ਸੇਵਾ ਸ਼ੁਰੂ ਕੀਤੀ ਹੋਈ ਹੈ। ਉਹ ਮੈਰਿਜ ਪੈਲਸਾਂ ਆਦਿ ਤੋਂ ਖਾਣਾ ਇਕੱਠਾ ਕਰ ਕੇ ਗਰੀਬਾਂ ਅਤੇ ਅਨਾਥਾਲਿਆਂ ਤੱਕ ਪਹੁੰਚਾ ਦਿੰਦੇ ਹਨ। ਕੈਟਰਿੰਗ ਵਾਲੇ ਅਤੇ ਅਮੀਰ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਵਿਆਹ ਅਤੇ ਹੋਰ ਸਮਾਗਮਾਂ ਦਾ ਵਧਿਆ ਹੋਇਆ ਖਾਣਾ ਕਿਸੇ ਚੰਗੀ ਸਮਾਜ ਸੇਵੀ ਸੰਸਥਾ ਨੂੰ ਦੇ ਦੇਣ ਤਾਂ ਜੋ ਕਿਸੇ ਗਰੀਬ ਦੇ ਕੰਮ ਆ ਸਕੇ।

Related posts

ਵਿਗਿਆਨ ਦੀ ਤਰੱਕੀ ਵਿੱਚ ਚੂਹਿਆਂ ਦਾ ਅਹਿਮ ਯੋਗਦਾਨ !

admin

ਭਾਰਤ ’ਤੇ ਲਾਏ ਬੇਬੁਨਿਆਦ ਦੋਸ਼ ਟਰੂਡੋ ਸਰਕਾਰ ਦੇ ਸਿਆਸੀ ਏਜੰਡੇ ਦਾ ਹਿੱਸਾ !

admin

ਸ਼ਾਦਮਾਨ ਚੌਕ ਵਿਚੋਂ ਉਪਜੀ ਸੋਚ !

admin