ਆਸਟ੍ਰੇਲੀਆ ਵਿਚ ਵੱਧ ਰਹੀ ਮਹਿੰਗਾਈ ਦੇ ਕਾਰਨ ਆਮ ਲੋਕਾਂ ਲਈ ਇੱਥੇ ਰਹਿਣਾ ਹੁਣ ਮਹਿੰਗਾ ਹੁੰਦਾ ਜਾ ਰਿਹਾ ਹੈ। ਰੋਜ਼ਾਨਾ ਲੋੜ ਦੀਆਂ ਚੀਜ਼ਾਂ, ਤੇਲ, ਪੈਟਰੋਲ, ਗਰੌਸਰੀ, ਹਵਾਈ ਜਹਾਜ਼ ਦੀਆਂ ਟਿਕਟਾਂ ਮਹਿੰਗੀਆਂ ਹੋਣ ਕਾਰਣ ਲੋਕਾਂ ਨੂੰ ਜ਼ਿਆਦਾ ਪੈਸੇ ਖਰਚ ਕਰਨੇ ਪੈ ਰਹੇ ਹਨ। ਮਹਾਂਮਾਰੀ ਦੇ ਫੈਲਣ ਤੋਂ ਬਾਅਦ ਹੀ ਲੋਕਾਂ ਦੀ ਜੇਬ ‘ਤੇ ਜ਼ਿਆਦਾ ਭਾਰ ਪੈਣਾ ਆਰੰਭ ਹੋ ਗਿਆ ਸੀ। ਹਾਲਾਂਕਿ ਇਹ ਸਮੱਸਿਆ ਸਿਰਫ ਆਸਟ੍ਰੇਲੀਆ ਵਿੱਚ ਹੀ ਨਹੀਂ ਬਲਕਿ ਦੁਨੀਆਂ ਦੇ ਬਹੁਤ ਸਾਰੇ ਮੁਲਕ ਮਹਿੰਗਾਈ ਦੀ ਮਾਰ ਸਹਿਣ ਕਰ ਰਹੇ ਹਨ।
ਹੁਣ ਜਦੋਂ ਆਸਟ੍ਰੇਲੀਆ ਮਹਾਂਮਾਰੀ ਵਿਚੋਂ ਨਿਕਲ ਰਿਹਾ ਹੈ ਤਾਂ ਨਾਲ ਹੀ ਸੋਕਾ ਅਤੇ ਹੜ੍ਹ ਆਦਿ ਵਰਗੀਆਂ ਸਮੱਸਿਆਵਾਂ ਤਾਂ ਹਾਲੇ ਵੀ ਕਾਇਮ ਹਨ। ਆਸਟ੍ਰੇਲੀਆ ਵਿਚ ਜੀਵਨ ਜਿਊਣ ਦੀ ਕੁਆਲਟੀ ਬਾਰੇ ਕਈ ਕਿਸਮ ਦੇ ਸਵਾਲ ਉਠਣੇ ਆਰੰਭ ਹੋ ਗਏ ਹਨ। ਲੋਕਾਂ ਦੇ ਮਨ ਵਿਚ ਸਭ ਤੋਂ ਜ਼ਿਆਦਾ ਦਬਾਅ ਵਾਲਾ ਸਵਾਲ ਇਹੀ ਹੈ ਕਿ ਸਭ ਕੁਝ ਇੰਨਾ ਮਹਿੰਗਾ ਕਿਉਂ ਹੋ ਗਿਆ ਹੈ?
ਮਹਿੰਗਾਈ ਵਧਣ ਦਾ ਸਿੱਧਾ ਜਿਹਾ ਜਵਾਬ ਹੈ ਮੁਦਰਾ ਪਸਾਰ ਦਰ, ਪਰ ਇਹ ਇੰਨਾ ਆਸਾਨ ਨਹੀਂ ਹੈ। ਕੰਜ਼ਿਊਮਰ ਪ੍ਰਾਈਸ ਇੰਡੈਕਸ ਮੁਤਾਬਕ ਦਸੰਬਰ 2021 ਦੀ ਤਿਮਾਹੀ ਵਿਚ ਆਸਟ੍ਰੇਲੀਆ `ਚ ਮਹਿੰਗਾਈ ਦੀ ਦਰ 12 ਮਹੀਨੇ ਵਿਚ 3.5 ਫੀਸਦੀ ਵਧੀ ਹੈ।
ਆਸਟ੍ਰੇਲੀਆ ਵਿਚ ਭੋਜਨ ਅਤੇ ਨੌਨ-ਅਲਕੋਹਲਿਕ ਵਸਤਾਂ ਦੀਆਂ ਕੀਮਤਾਂ ਵਿਚ ਵਾਧਾ ਪ੍ਰਮੁੱਖ ਤੌਰ `ਤੇ ਮਹਿੰਗਾਈ ਵਧਣ ਦਾ ਕਾਰਨ ਹੋ ਸਕਦਾ ਹੈ। ਹਾਊਸਿੰਗ ਤੋਂ ਇਲਾਵਾ ਮਹਿੰਗਾਈ ਦਾ ਇਹੀ ਵੱਡਾ ਕਾਰਨ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਸਟਿਕ ਖਰਚ ਸਰਵੇਖਣ ਦੀ ਰਿਪੋਰਟ ਮੁਤਾਬਕ ਜ਼ਿਆਦਾਤਰ ਮਾਸ ਤੋਂ ਬਣੇ ਪ੍ਰੋਡਕਟਾਂ ਦੀਆਂ ਕੀਮਤਾਂ ਵਿਚ ਜ਼ਿਆਦਾ ਵਾਧਾ ਹੋ ਗਿਆ ਹੈ। ਇਸ ਤੋਂ ਇਲਾਵਾ ਡੇਅਰੀ ਪ੍ਰੋਡਕਟ ਵੀ ਮਹਿੰਗੇ ਹੋ ਗਏ ਹਨ।
ਕੈਫੇ ਦੇ ਮਾਲਕ ਅਤੇ ਬੈਰਿਸਟਾਸ ਐਸੋਸੀਏਸ਼ਨ ਆਫ ਆਸਟ੍ਰੇਲੀਆ ਦੇ ਪ੍ਰਧਾਨ ਡੇਵਿਡ ਪਾਰਨਹਾਮ ਦੇ ਮੁਤਾਬਕ ਇਸ ਸਾਲ ਦੇ ਅਖੀਰ ਤੱਕ ਕੁੱਝ ਆਸਟ੍ਰੇਲੀਅਨ ਨੂੰ ਰੈਗੂਲਰ ਕੌਫ਼ੀ ਲਈ 7 ਡਾਲਰ ਖਰਚ ਕਰਨੇ ਪੈਣਗੇ।
ਮਹਿੰਗਾਈ ਦਾ ਤੀਜਾ ਅਹਿਮ ਕਾਰਨ ਪੈਟਰੋਲ ਦੀਆਂ ਕੀਮਤਾਂ ਵਿਚ ਹੋ ਰਿਹਾ ਵਾਧਾ ਹੈ। ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ ਪ੍ਰਤੀ ਲੀਟਰ 2 ਡਾਲਰ ਤੋਂ ਜ਼ਿਆਦਾ ਵੱਧ ਗਿਆ ਹੈ। ਆਸਟ੍ਰੇਲੀਅਨ ਇੰਸਟੀਚਿਊਟ ਆਫ ਪੈਟਰੋਲੀਅਮ ਮੁਤਾਬਕ ਕੌਮੀ ਪੱਧਰ ‘ਤੇ ਤੇਲ ਦੀਆਂ ਕੀਮਤਾਂ ਪਿਛਲੇ ਕੁੱਝ ਹਫਤਿਆਂ ਵਿਚ 14.9 ਫੀਸਦੀ ਵੱਧ ਗਈਆਂ ਹਨ। ਹਾਲਾਂਕਿ ਖਜ਼ਾਨਾ ਮੰਤਰੀ ਵਲੋਂ ਤੇਲ ‘ਤੇ ਐਕਸਾਈਜ਼ 44 ਸੈਂਟ ਅਸਥਾਈ ਤੌਰ ‘ਤੇ ਘਟਾਉਣ ਕਰਕੇ ਤੇਲ ਦੀਆਂ ਕੀਮਤਾਂ ‘ਚ ਫਿਲਹਾਲ ਕਮੀ ਆਈ ਹੈ। ਪਰ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਹੁੰਦਾ ਜਾ ਰਿਹਾ ਹੈ। ਇਸ ਵਕਤ ਕੱਚਾ ਤੇਲ 135 ਡਾਲਰ ਪ੍ਰਤੀ ਬੈਰਲ ਹੋ ਗਿਆ ਹੈ। ਤੇਲ ਦੀਆਂ ਕੀਮਤਾਂ ਵਧਣ ਦੇ ਕਾਰਨ ਆਮ ਵਸਤਾਂ ਅਤੇ ਸੇਵਾਵਾਂ ਮਹਿੰਗੀਆਂ ਹੋ ਜਾਂਦੀਆਂ ਹਨ। ਯਾਤਰਾ ਦਾ ਖਰਚਾ ਵੀ ਵਧਣਾ ਸੁਭਾਵਿਕ ਹੈ। ਏਅਰਲਾਈਨਜ਼ ਕੰਪਨੀਆਂ ਨੂੰ ਤੇਲ ਮਹਿੰਗਾ ਮਿਲਦਾ ਹੈ, ਜਿਸ ਦਾ ਭਾਰ ਆਮ ਯਾਤਰੀ ‘ਤੇ ਹੀ ਪੈਣਾ ਹੁੰਦਾ ਹੈ। ਹਾਲ ਦੇ ਅੰਕੜਿਆਂ ਮੁਤਾਬਕ ਇਕਾਨਮੀ ਕਲਾਸ ਦੀਆਂ ਕੀਮਤਾਂ ਮਹਾਂਮਾਰੀ ਤੋਂ ਬਾਅਦ 50 ਫੀਸਦੀ ਵੱਧ ਗਈਆਂ ਹਨ।
ਸਪਲਾਈ ਚੇਨ ਸਲਾਹਕਾਰ ਫਰਮ ਟੀ. ਐਮ. ਐਕਸ. ਗਲੋਬਲ ਦੇ ਕਾਰਜਕਾਰੀ ਡਾਇਰੈਕਟਰ ਮਾਰਕਸ ਕਾਰਮੋਂਟ ਦਾ ਕਹਿਣਾ ਹੈ ਕਿ ਭਵਿੱਖ ਵਿਚ ਤੇਲ ਦੀਆਂ ਕੀਮਤਾਂ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਜੇਕਰ ਕੀਮਤਾਂ ਵਿਚ ਕੁੱਝ ਕਮੀ ਆਉਂਦੀ ਹੈ ਤਾਂ ਇਸ ਨਾਲ ਇੰਨੀ ਜਲਦੀ ਕਿਰਾਏ, ਕੌਮਾਂਤਰੀ ਜਹਾਜ਼ਰਾਨੀ ਅਤੇ ਆਵਾਜਾਈ ਦੇ ਖਰਚੇ ਨਹੀਂ ਘਟਣਗੇ। ਇਸ ਵਕਤ ਤਾਂ ਤੇਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਸਕੌਟ ਮੌਰਿਸਨ ਦਾ ਕਹਿਣਾ ਹੈ ਕਿ ਸਰਕਾਰ ਗਹਿਰਾਈ ਨਾਲ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ। ਆਸਟ੍ਰੇਲੀਆ ਵਿਚ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਧਣ ‘ਤੇ ਅਸੀਂ ਨਜ਼ਰ ਰੱਖੀ ਹੋਈ ਹੈ ਅਤੇ ਲੋੜ ਮੁਤਾਬਕ ਕਦਮ ਚੁੱਕੇ ਜਾ ਰਹੇ ਹਨ। ਇਸ ਸਬੰਧੀ ਬਜਟ ਵਿਚ ਵੀ ਅਸੀਂ ਰਾਹਤ ਦੇਣ ਦੀ ਤਿਆਰੀ ਕਰ ਰਹੇ ਹਨ ਪਰ ਸਾਨੂੰ ਮਜ਼ਬੂਤ ਅਰਥਚਾਰੇ ਨੂੰ ਕਾਇਮ ਰੱਖਣ ਲਈ ਕਦਮ ਚੁੱਕਣੇ ਪੈਣਗੇ ਤਾਂ ਅਸੀਂ ਚੁੱਕਾਂਗੇ।
ਇਸ ਸਮੱਸਿਆ ਦੇ ਟਾਕਰੇ ਲਈ ਉਜ਼ਰਤਾਂ ਵਿਚ ਵਾਧੇ ਦਾ ਵੀ ਵਿਚਾਰ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਅਜਿਹੀਆਂ ਨੀਤੀਆਂ ਬਣਾਵੇਗੀ, ਜਿਸ ਨਾਲ ਆਮ ਲੋਕਾਂ ‘ਤੇ ਮਹਿੰਗਾਈ ਦੀ ਜ਼ਿਆਦਾ ਮਾਰ ਨਾ ਪਵੇ।